ਮੈਨੂੰ ਅੱਜ ਤੱਕ ਵੀ ਨਹੀਂ ਭੁੱਲ ਸਕਿਆ ਉਹ ਸੜਕ ਹਾਦਸਾ…!
ਇੱਕ ਅਜਿਹਾ ਹਾਦਸਾ, ਜਿਸ ਨੇ ਮੇਰਾ ਸਭ ਕੁਝ ਬਦਲ ਕੇ ਰੱਖ ਦਿੱਤਾ ਇੱਥੋਂ ਤੱਕ ਕਿ ਮੇਰੀ ਸੋਚ ਵੀ ਬਦਲ ਦਿੱਤੀ ਇਹ ਹਾਦਸਾ ਹੈ, 22 ਜੂਨ 2019 ਦਾ, ਜਦ ਐਤਵਾਰ ਹੋਣ ਕਾਰਨ ਮੈਂ ਕੁਝ ਰਿਲੈਕਸ ਮਹਿਸੂਸ ਕਰ ਰਿਹਾ ਸੀ ਛੁੱਟੀ ਵਾਲਾ ਦਿਨ ਸੀ ਜਿਸ ਕਰਕੇ ਮੈਂ ਸਵੇਰੇ 10 ਕੁ ਵਜੇ ਆਪਣੀ ਸਵਿਫਟ ਕਾਰ ’ਚ ਆਪਣੇ ਦੋਸਤ ਬਲਜੀਤ ਸਿੰਘ ਮੰਡਿਆਲਾ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਜੋ ਲਾਗਲੇ ਪਿੰਡ ਮੰਡਿਆਲਾ ਕਲਾਂ ਰਹਿੰਦਾ ਹੈ ਮੈਂ ਉਸਦੇ ਪਿੰਡ ਤੋਂ ਥੋੜ੍ਹਾ ਪਹਿਲਾਂ ਪੈਂਦੇ ਕੁਲਾਰ ਹਸਪਤਾਲ ਕੋਲ ਪਹੁੰਚ ਕੇ ਗੱਡੀ ਸਰਵਿਸ ਲਾਈਨ ਤੋਂ ਥੱਲੇ ਲਾਹੀ ਅਤੇ ਗੱਡੀ ਰੋਕ ਕੇ ਆਪਣੇ ਦੋਸਤ ਨੂੰ ਫੋਨ ਕੀਤਾ, ਜਿਸ ਨੂੰ ਮੈਂ ਮਿਲਣ ਗਿਆ ਸੀ
ਕਿਸੇ ਕਾਰਨ ਉਸ ਨੇ ਫੋਨ ਪਿਕ ਨਾ ਕੀਤਾ ਮੈਂ ਖੜ੍ਹ ਕੇ ਉਸਦੀ ਕਾਲ ਵਾਪਸੀ ਦੀ ਉਡੀਕ ਕਰਨ ਲੱਗਾ ਇੰਨੇ ਨੂੰ ਅਚਾਨਕ ਮੇਰੀ ਗੱਡੀ ’ਚ ਠਾਹ ਕਰਦਾ ਟਾਟਾ ਬਲੈਰੋ ਟੈਂਪੂ ਆ ਵੱਜਾ ਜਿਸ ਨੇ ਮੇਰੀ ਕਾਰ ਨੂੰ 50 ਫੁੱਟ ਅੱਗੇ ਚੁੱਕ ਕੇ ਮਾਰਿਆ ਮੈਂ ਘਬਰਾ ਗਿਆ ਮੇਰਾ ਰੰਗ ਉੱਡ ਗਿਆ ਮੈਂ ਡੌਰ-ਭੌਰ ਜਿਹਾ ਹੋ ਗਿਆ ਕਿਉਂਕਿ ਟੱਕਰ ਏਨੀ ਭਿਆਨਕ ਤੇ ਜਬਰਦਸਤ ਸੀ ਕਿ ਮੇਰੀ ਕਾਰ ਦਾ ਬਹੁਤਾ ਹਿੱਸਾ ਡੈਮੇਜ ਹੋ ਗਿਆ ਟੈਂਪੂ ਮੇਰੀਆਂ ਅੱਖਾਂ ਸਾਹਮਣੇ ਜੀ ਟੀ ਰੋਡ ਦੀ ਪੱਥਰ ਵਾਲੀ ਕੰਧ ਨਾਲ ਵੱਜ ਕੇ ਪਲਟਾ ਖਾ ਕੇ ਮੁੜ ਸਿੱਧਾ ਹੋ ਗਿਆ ਜਿਸ ਨਾਲ ਮੈਂ ਹੋਰ ਘਬਰਾ ਗਿਆ ਇਹ ਸਭ ਕੁਝ ਅੱਖ ਦੇ ਫੋਰ ਨਾਲ ਵਾਪਰਿਆ ਕੁਝ ਪਤਾ ਨਾ ਲੱਗਾ
ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਹਾਦਸੇ ਨਾਲ ਮੇਰੇ ਅੰਗ-ਪੈਰ ਨੁਕਸਾਨੇ ਗਏ ਹੋਣ ਕਿਉਂਕਿ ਕਾਰ ਪਿਛਲੇ ਪਾਸਿਓਂ ਬਿਲਕੁਲ ਇਕੱਠੀ ਹੋ ਚੁੱਕੀ ਸੀ ਡੈਸ਼ ਬੋਰਡ ’ਤੇ ਲੱਗਾ ਸਟੀਰੀਓ ਵੀ ਬਾਹਰ ਆ ਗਿਆ ਸੀ ਕਾਰ ਦੇ ਸ਼ੀਸ਼ਿਆਂ ਦਾ ਕੱਚ ਚੂਰ-ਭੂਰ ਹੋ ਕੇ ਮੇਰੇ ਸਾਰੇ ਸਰੀਰ ’ਤੇ ਪੈ ਗਿਆ ਸੀ ਕਾਰ ਦੀ ਛੱਤ ਵੀ ਉੱਡ ਚੁੱਕੀ ਸੀ ਮੈਂ ਘਟਨਾ ਤੋਂ ਤੁਰਤ ਬਾਦ ਡਰੇ ਹੋਏ ਨੇ ਆਪਣੇ ਸਾਰੇ ਸਰੀਰ ’ਤੇ ਹੱਥ ਫੇਰਿਆ ਇਹ ਜਾਣਨ ਲਈ ਕਿ ਮੇਰਾ ਕੋਈ ਅੰਗ-ਪੈਰ ਤਾਂ ਨਹੀਂ ਨੁਕਸਾਨਿਆ ਗਿਆ
ਮੇਰੇ ਸੀਟ ਬੈਲਟ ਲੱਗੀ ਹੋਈ ਹੋਣ ਕਰਕੇ, ਸੱਚੇ ਪਾਤਸ਼ਾਹ ਦੀ ਮਿਹਰ ਨਾਲ ਮੇਰੇ ਝਰੀਟ ਤੱਕ ਨਾ ਆਈ ਮੈਂ ਵਾਹਿਗੁਰੂ ਦਾ ਸ਼ੁਕਰ ਕੀਤਾ ਹਾਦਸੇ ਉਪਰੰਤ ਮੈਂ ਪੂਰਾ ਡਰਿਆ ਹੋਇਆ ਸੀ ਕਾਰ ਦਾ ਡਰਾਇਵਰ ਪਾਸੇ ਵਾਲਾ ਦਰਵਾਜਾ ਡੈਮਿਜ ਹੋਣ ਕਾਰਨ ਟੁੱਟ ਗਿਆ ਜਿਸ ਕਾਰਨ ਉਹ ਖੁੱਲਿ੍ਹਆ ਨਾ ਮੈਂ ਦੂਸਰੇ ਪਾਸਿਓਂ ਹਿੰਮਤ ਕਰਕੇ ਕਾਰ ’ਚੋਂ ਨਿੱਕਲਿਆ ਮੇਰੇ ਹੌਲ ਪੈ ਰਹੇ ਸਨ ਸਰੀਰ ਖੜ੍ਹਨ ਦਾ ਇਕਰਾਰ ਨਹੀਂ ਕਰ ਰਿਹਾ ਸੀ
ਉਹ ਟੈਂਪੂ ਵਾਲਾ ਵੀ ਹਾਦਸੇ ਤੋਂ ਤੁਰੰਤ ਬਾਦ ਮੇਰੇ ਵੱਲ ਆ ਗਿਆ ਤੇ ਪੁੱਛਣ ਲੱਗਾ ਕਿ ਤੁਸੀਂ ਠੀਕ ਹੋ? ਮਗਰ ਵਾਲੀ ਸੀਟ ਦੀਆਂ ਸਵਾਰੀਆਂ ਠੀਕ ਹਨ? ਮੈਂ ਉਸ ਨੂੰ ਦੱਸਿਆ ਕਿ ਕਾਰ ’ਚ ਮੈਂ ਇਕੱਲਾ ਹੀ ਸਾਂ ਕਿਉਂਕਿ ਉਹ ਡਰਿਆ ਹੋਇਆ ਸੀ ਉਸ ਨੂੰ ਲੱਗਾ ਕਿ ਕਾਰ ਦੇ ਪਿੱਛੇ ਬੈਠੀਆਂ ਸਵਾਰੀਆਂ ਤਾਂ ਸ਼ਾਇਦ ਬਚੀਆਂ ਨਹੀਂ ਹੋਣਗੀਆਂ
ਪਰ ਉਦੋਂ ਉਸਦੇ ਸਾਹ ’ਚ ਸਾਹ ਪਿਆ, ਜਦੋਂ ਉਸ ਨੂੰ ਮੈਂ ਦੱਸਿਆ ਕਿ ਕਾਰ ’ਚ ਪਿੱਛੇ ਕੋਈ ਸਵਾਰੀ ਨਹੀਂ ਬੈਠੀ ਸੀ ਟੈਂਪੂ ਵਾਲੇ ਦਾ ਵੀ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਉਸ ਟੈਂਪੂ ’ਚ ਚਾਰ ਬੰਦੇ ਸਨ ਤੇ ਚਾਰੇ ਹੀ ਸਹੀ-ਸਲਾਮਤ ਸਨ ਜਿਸ ਕਰਕੇ ਅਸੀਂ ਇੱਕ-ਦੂਜੇ ਨਾਲ ਲੜਨ ਦੀ ਬਜਾਏ ਰੱਬ ਦਾ ਸ਼ੁਕਰ ਮਨਾਉਣ ਲੱਗੇ ਬੇਸ਼ੱਕ ਗਲਤੀ ਟੈਂਪੂ ਵਾਲੇ ਦੀ ਸੀ ਪਰ ਮੈਂ ਉਸ ਨੂੰ ਕੁੱਝ ਨਾ ਬੋਲਿਆ ਉਸ ਹਾਦਸੇ ਪਿੱਛੋਂ ਮੇਰਾ ਹਾਲ-ਚਾਲ ਪੁੱਛਿਆ ਜਿਸ ਕਰਕੇ ਸ਼ਾਇਦ ਮੈਨੂੰ ਉਸ ’ਤੇ ਗੁੱਸਾ ਨਾ ਆਇਆ ਹਾਲਾਂਕਿ ਹਾਦਸੇ ਵਾਲੀ ਥਾਂ ਇਕੱਠੇ ਹੋਏ ਸਾਰੇ ਲੋਕ ਟੈਂਪੂ ਵਾਲੇ ਦੀ ਗਲਤੀ ਕੱਢ ਰਹੇ ਸਨ ਤੇ ਉਸ ਨੂੰ ਕੁੱਟਣ ਤੱਕ ਤਿਆਰ ਸਨ ਪਰ ਮੈਂ ਹਾਮੀ ਨਾ ਭਰੀ ਮੈਂ ਫੋਨ ਕਰਕੇ ਆਪਣੇ ਦੋ-ਤਿੰਨ ਯਾਰਾਂ-ਦੋਸਤਾਂ ਨੂੰ ਹਾਦਸੇ ਵਾਲੀ ਥਾਂ ਬੁਲਾ ਲਿਆ ਤਾਂ ਜੋ ਮਸਲੇ ਨੂੰ ਮਿਲ ਬੈਠ ਕੇ ਨਿਬੇੜ ਲਿਆ ਜਾਵੇ
ਮੇਰੀ ਕਾਰ ਲਗਭਗ ਸਾਰੀ ਨੁਕਸਾਨੀ ਗਈ ਸੀ ਜਿਸ ਕਰਕੇ ਅਸੀਂ ਚਾਹੁੰਦੇ ਸਾਂ ਕਿ ਉਹ ਕਾਰ ਠੀਕ ਕਰਾ ਕੇ ਦੇਵੇ ਜਾਂ ਫਿਰ ਪੈਸੇ ਦੇਵੇ ਕਿਉਂਕਿ ਕਸੂਰ ਟੈਂਪੂ ਵਾਲੇ ਦਾ ਸੀ ਟੈਂਪੂ ਦਾ ਡਰਾਇਵਰ ਆਪਣੀ ਗਲਤੀ ਤਾਂ ਮੰਨ ਰਿਹਾ ਸੀ ਪਰ ਉਸ ਦਾ ਮਾਲਕ ਪੈਸੇ ਦੇਣ ਵਾਸਤੇ ਤਿਆਰ ਨਹੀਂ ਸੀ, ਜਿਸ ਕਰਕੇ ਮਾਮਲਾ ਪੁਲਿਸ ਦਰਬਾਰ ਪਹੁੰਚ ਗਿਆ
ਉੱਤੇ-ਥੱਲੇ ਕਰਦੇ, ਮੇਰੇ ਦੋਸਤ ਅਰਵਿੰਦਰ ਟੀਟੂ ਤੇ ਗੁਰਪ੍ਰੀਤ ਖਟੱੜਾ, ਜੋ ਹਾਦਸੇ ਵਾਲੀ ਥਾਂ ਪਹੁੰਚ ਗਏ ਸਨ, ਨੇ ਪੁਲਿਸ ਵਾਲਿਆਂ ਨਾਲ ਗੱਲ ਕਰਕੇ 40 ਹਜਾਰ ’ਚ ਗੱਲ ਨਿਬੇੜ ਦਿੱਤੀ, ਹਾਲਾਂਕਿ ਕਾਰ ਦੀ ਕੀਮਤ 3 ਲੱਖ ਦੇ ਕਰੀਬ ਸੀ ਟੈਂਪੂ ਵਾਲਾ ਚਾਲੀ ਹਜਾਰ ਦੇਣਾ ਮੰਨ ਗਿਆ ਮੈਂ ਵੀ ਸੋਚਿਆ ਕਿ ਲੜਾਈ-ਝਗੜੇ ਜਾਂ ਕੋਰਟ ਕੇਸਾਂ ’ਚ ਕੁੱਝ ਨਹੀਂ ਮਿਲਣਾ, ਮੁਫਤ ਦੇ ਧੱਕੇ ਹਨ, ਕਈ ਸਾਲ ਲਟਕੇ ਰਹਾਂਗੇ, ਕਾਰ ਵੀ ਥਾਣੇ ਖੜ੍ਹੀ ਗਲ਼ ਜਾਊ, ਜਾਨ ਬਚ ਗਈ, ਇਹੀ ਰੱਬ ਦਾ ਸ਼ੁਕਰ ਹੈ, ਕਾਰਾਂ ਤਾਂ ਜਿੰਦਗੀ ’ਚ ਬੰਦਾ ਹੋਰ ਬਹੁਤ ਖਰੀਦ ਸਕਦਾ ਹੈ, ਕਿਉਂਕਿ ਸਿਆਣੇ ਆਖਦੇ ਹਨ ਕਿ, ‘ਜੱਗ ਜਿਉਂਦਿਆਂ ਦੇ ਮੇਲੇ’ ਸੱਚ ਜਾਣਿਓ! ਇਸ ਤਰ੍ਹਾਂ ਅਸੀਂ ਦੋਵਾਂ ਧਿਰਾਂ ਨੇ ਸਮਝਦਾਰੀ ਵਿਖਾਉਂਦੇ ਹੋਏ ਗੱਲ ਆਪਸ ’ਚ ਬਹਿ ਕੇ ਨਿਬੇੜ ਲਈ
ਉਸ ਹਾਦਸੇ ਨੂੰ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ ਪਰ ਹਾਦਸੇ ਨੇ ਮੇਰੀ ਸੋਚ ਜਰੂਰ ਬਦਲ ਕੇ ਰੱਖ ਦਿੱਤੀ ਹਾਦਸੇ ਮਗਰੋਂ ਮੇਰਾ ਰੱਬ ’ਚ ਵਿਸ਼ਵਾਸ ਹੋਰ ਪੱਕਾ ਹੋ ਗਿਆ ਤੇ ਮੈਨੂੰ ਸਮਝ ਆ ਗਈ ਕਿ ‘ਜਾ ਕੋ ਰਾਖੈ ਸਾਈਆਂ, ਮਾਰ ਸਕੇ ਨਾ ਕੋਇ’ ਦੂਜਾ ਇਸ ਹਾਦਸੇ ਨਾਲ ਮੈਂ ਮੌਤ ਨੂੰ ਬਹੁਤ ਨੇੜਿਓਂ ਵੇਖਿਆ ਅੱਜ ਵੀ ਜਦ ਕਦੇ ਉਸ ਹਾਦਸੇ ਵਾਲੀ ਥਾਂ ਕੋਲੋਂ ਗੁਜ਼ਰਦਾ ਹਾਂ ਤਾਂ ਉਹ ਭਿਆਨਕ ਸਮਾਂ ਯਾਦ ਆ ਜਾਂਦਾ ਹੈ ਤੇ ਮੇਰੇ ਹੌਲ ਪੈਣ ਲੱਗਦੇ ਹਨ ਤੇ ਰੂਹ ਕੰਬ ਉੱਠਦੀ ਹੈ
ਗੌਰਮਿੰਟ ਗਰਲਜ ਸੀਨੀਅਰ ਸੈਕੰਡਰੀ ਸਕੂਲ,
ਖੰਨਾ, ਲੁਧਿਆਣਾ
ਮੋ. 70065-29004
ਲੈਕਚਰਾਰ ਅਜੀਤ ਖੰਨਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.