ਡਰੇਨ ਓਵਰਫਲੋ ਹੋਣ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਡੁੱਬੀ
ਮਨੋਜ/ਬਾਦਸ਼ਾਹਪੁਰ। ਇਲਾਕੇ ਦੇ ਲੋਕਾਂ ਨੂੰ ਘੱਗਰ ਦਰਿਆ ਵਿੱਚ ਆਉਣ ਵਾਲੇ ਹੜ੍ਹਾਂ ਤੋਂ ਬਚਾਉਣ ਦੇ ਮਕਸਦ ਨਾਲ ਬਣਾਈ ਗਈ ਮੋਮੀਆਂ ਡਰੇਨ ਆਫ਼ਤ ਬਣ ਗਈ ਹੈ। ਸੋਮਵਾਰ ਨੂੰ ਇਲਾਕੇ ਵਿੱਚ ਹੋਈ ਭਾਰੀ ਬਰਸਾਤ ਮਗਰੋਂ ਮੀਂਹ ਦਾ ਪਾਣੀ ਮੋਮੀਆਂ ਡਰੇਨ ਦੇ ਓਵਰਫਲੋਅ ਹੋਣ ਕਾਰਨ ਨੀਵੀਂਆਂ ਥਾਵਾਂ ਉੱਤੇ ਭਰ ਜਾਣ ਕਾਰਨ ਪਿੰਡ ਸਧਾਰਨਪੁਰ ਵਿਖੇ ਡੇਢ ਸੌ ਏਕੜ ਦੇ ਕਰੀਬ ਝੋਨੇ ਦੀ ਤਾਜ਼ੀ ਲੱਗੀ ਫਸਲ ਡੁੱਬ ਗਈ ਹੈ।
ਪਿੰਡ ਸਧਾਰਨਪੁਰ ਵਾਸੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਗੁਰਜਿੰਦਰ ਸਿੰਘ ਸਧਾਰਨਪੁਰ, ਖਜ਼ਾਨਚੀ ਗੁਰਜੰਟ ਸਿੰਘ, ਸੁਖਦੀਪ ਸਿੰਘ, ਸਰਪੰਚ ਨਿਰਵੈਰ ਸਿੰਘ, ਅਮਰੀਕ ਸਿੰਘ ਬੀਕਾਨੇਰੀਆ, ਜਰਨੈਲ ਸਿੰਘ, ਸਰਬਜੀਤ ਸਿੰਘ, ਰਣਜੋਧ ਸਿੰਘ, ਗੋਬਿੰਦਪਰੀਤ ਸਿੰਘ, ਮਾਨਵ ਖਹਿਰਾ, ਭਗਵੰਤ ਸਿੰਘ, ਜੱਸਾ ਸਿੰਘ ਅਤੇ ਸਾਹਿਲ ਖਹਿਰਾ ਨੇ ਦੱਸਿਆ ਕਿ ਬਾਦਸ਼ਾਹਪੁਰ ਇਲਾਕੇ ਦੀਆਂ ਉੱਚੀਆਂ ਥਾਵਾਂ ਤੋਂ ਮੀਂਹ ਦਾ ਪਾਣੀ ਮੋਮੀਆਂ ਡਰੇਨ ਰਾਹੀਂ ਘੱਗਰ ਦਰਿਆ ਵਿੱਚ ਪੈਂਦਾ ਹੈ ਪਰ ਡਰੇਨ ਵਿਭਾਗ ਦੇ ਅਧਿਕਾਰੀਆਂ ਵੱਲੋਂ ਡਰੇਨ ਦੀ ਸਫਾਈ ਨਾ ਕਰਨ ਕਰਕੇ ਪਿੰਡ ਸਧਾਰਨਪੁਰ ਦੇ ਨਜ਼ਦੀਕ ਡਰੇਨ ਦਾ ਪਾਣੀ ਓਵਰਫਲੋਅ ਹੋ ਕੇ ਖੇਤਾਂ ਵਿੱਚ ਭਰ ਗਿਆ ਹੈ ਜਿਸ ਕਾਰਨ ਝੋਨੇ ਦੀ ਫਸਲ ਤਬਾਹ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਬਾਦਸ਼ਾਹਪੁਰ ਇਲਾਕੇ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਸੜਕ ਹੇਠਾਂ ਚਾਰ ਪੁਲੀਆਂ ਦੱਬੀਆ ਹੋਈਆਂ ਹਨ ਜਦੋਂਕਿ ਪਿੰਡ ਕਰਤਾਰਪੁਰ ਦੇ ਨਜ਼ਦੀਕ ਸੜਕ ਹੇਠਾਂ ਪਾਣੀ ਦੀ ਨਿਕਾਸੀ ਲਈ ਸਿਰਫ ਇੱਕ ਪੁਲੀ ਹੈ ਜਿਸ ਕਰਕੇ ਨਿਕਾਸੀ ਸਹੀ ਨਹੀਂ ਹੁੰਦੀ। ਇਸੇ ਦੌਰਾਨ ਕਿਸਾਨ ਆਗੂ ਰਘਬੀਰ ਸਿੰਘ ਨਿਆਲ ਨੇ ਮੰਗ ਕੀਤੀ ਹੈ ਕਿ ਪਹਿਲਾਂ ਤੋਂ ਹੀ ਕਰਜੇ ਦੀ ਦਲਦਲ ਵਿਚ ਧਸ ਚੁੱਕੀ ਕਿਸਾਨੀ ਨੂੰ ਕੁਦਰਤ ਦੀ ਮਾਰ ਪਈ ਹੈ ਇਸ ਲਈ ਪੰਜਾਬ ਸਰਕਾਰ ਨੂੰ ਪ੍ਰਭਾਵਿਤ ਕਿਸਾਨਾਂ ਨੂੰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜਾ ਦੇਣ ਦੇ ਨਾਲ ਨਾਲ ਹੜ੍ਹਾਂ ਤੋਂ ਬਚਾਅ ਲਈ ਘੱਗਰ ਦੀਆਂ ਸਹਾਇਕ ਨਦੀਆਂ ਦੀ ਸਫਾਈ ਕਰਵਾਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।