ਬੀਤੀ ਰਾਤ ਤੋਂ ਲਗਾਤਾਰ ਸੇਵਾ ਕਾਰਜਾਂ ਵਿੱਚ ਜੁਟੇ ਵੱਖ ਵੱਖ ਬਲਾਕਾਂ ਦੇ ਸੇਵਾਦਾਰ
ਪ੍ਰਸ਼ਾਸਨ ਤੇ ਸਮਾਜ ਸੇਵੀਆਂ ਵੱਲੋਂ ਡੇਰਾ ਪ੍ਰੇਮੀਆਂ ਦੀ ਸ਼ਲਾਘਾ
ਸੁਨਾਮ ਊਧਮ ਸਿੰਘ ਵਾਲਾ (ਗੁਰਪ੍ਰੀਤ ਸਿੰਘ/ਕਰਮ ਥਿੰਦ) | ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਦੇ ਖੇਤਾਂ ਵਿੱਚ ਪੁੱਟੇ ਬੋਰ ‘ਚ ਡਿੱਗਿਆ 2 ਵਰ੍ਹਿਆਂ ਦਾ ਬਾਲੜਾ ਫ਼ਤਹਿਵੀਰ ਸਿੰਘ 22 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਬਾਹਰ ਬੈਠੇ ਲੋਕ ਫਤਹਿ ਦੇ ਸਹੀ ਸਲਾਮਤ ਮੁੜ ਵਾਪਿਸ ਆਉਣ ਲਈ ਅਰਦਾਸਾਂ ਕਰ ਰਹੇ ਹਨ ਅਤੇ ਵੱਡੀ ਗਿਣਤੀ ਸਮਾਜ ਸੇਵੀ ਵੀ ਫਤਹਿ ਨੂੰ ਹਾਸਲ ਕਰਨ ਲਈ ‘ਜੰਗ’ ਦੇ ਮੈਦਾਨ ਵਿੱਚ ਕੁੱਦੇ ਹੋਏ ਹਨ ਡੇਰਾ ਸੱਚਾ ਸੌਦਾ ਸਰਸਾ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਪ੍ਰੇਮੀ ਲਗਾਤਾਰ 20 ਘੰਟਿਆਂ ਤੋਂ ਰਾਹਤ ਕਾਰਜਾਂ ਵਿੱਚ ਜੁਟੇ ਹੋਏ ਹਨ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵਰਦੀਧਾਰੀ ਪ੍ਰੇਮੀ ਏਨੀ ਭਾਰੀ ਗਰਮੀ ਵਿੱਚ ਭੁੱਖ ਪਿਆਸ ਦੀ ਪਰਵਾਹ ਨਾ ਕਰਦਿਆਂ ਰੈਸਕਿਊ ਟੀਮਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ
ਫਤਹਿਵੀਰ ਨੂੰ ਕੱਢਣ ਦੇ ਮਾਹਿਰਾਂ ਦੇ ਸਾਰੇ ਯਤਨ ਨਾਕਾਮ ਰਹਿਣ ਤੋਂ ਬਾਅਦ ਹੁਣ ਦੇਸੀ ਤਰੀਕੇ ਨਾਲ ਛੋਟੇ ਦਾਇਰੇ ਦੇ ਟੋਏ ਪੁੱਟ ਕੇ ਭੜੋਲੀਆਂ ਸੁੱਟੀਆਂ ਜਾ ਰਹੀਆਂ ਹਨ ਕਿ ਕਿਵੇਂ ਨਾ ਕਿਵੇਂ ਉਨ੍ਹਾਂ ਦੇ ਹੱਥ ਬੱਚੇ ਤੱਕ ਪਹੁੰਚ ਜਾਣ ਡੇਰਾ ਪ੍ਰੇਮੀਆਂ ਵੱਲੋਂ ਇਸ ਕੰਮ ਵਿੱਚ ਵੀ ਜ਼ੋਰ ਸ਼ੋਰ ਨਾਲ ਯੋਗਦਾਨ ਦਿੱਤਾ ਜਾ ਰਿਹਾ ਹੈ ਕੋਈ ਪ੍ਰੇਮੀ ਕਹੀਆਂ ਨਾਲ ਮਿੱਟੀ ਪੁੱਟ ਰਿਹੈ, ਕੋਈ ਰੱਸੀਆਂ ਨਾਲ ਮਿੱਟੀ ਖਿੱਚ ਰਿਹਾ ਹੈ ਅਤੇ ਬੱਠਲਾਂ ਨਾਲ ਚੁੱਕ ਕੇ ਮਿੱਟੀ ਬਾਹਰ ਕੱਢੀ ਜਾ ਰਹੀ ਹੈ
ਇਸ ਸਬੰਧੀ ਸੇਵਾ ਵਿੱਚ ਲੱਗੇ ਡੇਰਾ ਪ੍ਰੇਮੀ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਹਿਲਾ ਕੰਮ ਹੈ ਫਤਹਿਵੀਰ ਨੂੰ ਸਹੀ ਸਲਾਮਤ ਬਾਹਰ ਕੱਢਣਾ ਅਤੇ ਇਸ ਕੰਮ ਵਿੱਚ ਉਹ ਜ਼ਰਾ ਵੀ ਢਿੱਲ ਨਹੀਂ ਦੇ ਸਕਦੇ ਉਨ੍ਹਾਂ ਕਿਹਾ ਕਿ ਸਾਡੀ ਥੋੜ੍ਹੀ ਤਕਲੀਫ਼ ਝੱਲਣ ਨਾਲ ਜੇਕਰ ਬੱਚਾ ਭਾਰੀ ਤਕਲੀਫ਼ ‘ਚੋਂ ਬਾਹਰ ਆਉਂਦਾ ਹੈ ਤਾਂ ਸਾਡੀ ਲਈ ਇਸ ਤੋਂ ਵੱਡੀ ਖੁਸ਼ੀ ਦੀ ਗੱਲ ਕੋਈ ਨਹੀਂ ਹੋਵੇਗੀ
ਜ਼ਿਕਰਯੋਗ ਹੈ ਕਿ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਵੱਡੀ ਗਿਣਤੀ ਮੈਂਬਰ ਕੱਲ੍ਹ ਸ਼ਾਮ ਤੋਂ ਹੀ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ ਅਤੇ ਪੂਰੀ ਰਾਤ ਉਹ ਇਸੇ ਕੰਮ ਕਰਦੇ ਰਹੇ
ਇਸ ਸਬੰਧੀ ਗੱਲਬਾਤ ਕਰਦਿਆਂ ਡੇਰਾ ਸੱਚਾ ਸੌਦਾ ਦੇ ਪੰਤਾਲੀ ਮੈਂਬਰ ਹਰਿੰਦਰ ਇੰਸਾਂ, ਬਲਦੇਵ ਕ੍ਰਿਸ਼ਨ ਇੰਸਾਂ, ਰਿੰਪਨ ਇੰਸਾਂ ਸੰਗਰੂਰ, ਬਲਾਕ ਸੁਨਾਮ ਦੇ ਜ਼ਿੰਮੇਵਾਰਾਂ ਨੇ ਦੱਸਿਆ ਕਿ ਜਿਉਂ ਹੀ ਸੇਵਾਦਾਰਾਂ ਨੂੰ ਘਟਨਾ ਤਾਂ ਪਤਾ ਲੱਗਦਾ ਰਿਹਾ ਉਹ ਆਪ ਮੁਹਾਰੇ ਹੀ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਬਚਾਓ ਕਾਰਜਾਂ ਵਿੱਚ ਜੁਟ ਗਏ ਉਨ੍ਹਾਂ ਕਿਹਾ ਕਿ ਜਿਉਂ ਜਿਉਂ ਸਮਾਂ ਬੀਤਦਾ ਜਾਂਦਾ ਹੈ ਸੇਵਾਦਾਰਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਉਨ੍ਹਾਂ ਪੂਜ਼ਨੀਕ ਹਜ਼ੂਰ ਪਿਤਾ ਜੀ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਕਿ ਸਾਰੇ ਲੋਕਾਂ ਦੀ ਮਿਹਨਤ ਰਾਸ ਆ ਜਾਵੇ ਤੇ ਬੱਚਾ ਸਹੀ ਸਲਾਮਤ ਬਾਹਰ ਆ ਜਾਵੇ
ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਕਾਰਜ ਅਤਿ ਸ਼ਲਾਘਾਯੋਗ : ਡੀਸੀ
ਮੌਕੇ ‘ਤੇ ਮੌਜ਼ੂਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਘਣਸ਼ਾਮ ਥੋਰੀ ਨੈ ਕਿਹਾ ਕਿ ਫਤਹਿਵੀਰ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਵੱਡੀ ਗਿਣਤੀ ਸੇਵਾਦਾਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ, ਉਹ ਆਪਣੇ ਆਪ ਵਿੱਚ ਬੇਸਿਮਾਲ ਹੈ ਉਨ੍ਹਾਂ ਕਿਹਾ ਕਿ ਮੈਂ ਆਪਣੇ ਵੱਲੋਂ ਡੇਰਾ ਪ੍ਰੇਮੀਆਂ ਦੇ ਉੱਦਮ ਦੀ ਸ਼ਲਾਘਾ ਕਰਦਾ ਹਾਂ ਅਤੇ ਹੋਰ ਵੀ ਜਿੰਨੀਆਂ ਸੰਸਥਾਵਾਂ ਦੇ ਮੈਂਬਰ ਰੈਸਕਿਊ ਕਰ ਰਹੇ ਹਨ, ਉਨ੍ਹਾਂ ਦਾ ਵੀ ਧੰਨਵਾਦ ਕਰਦਾ ਹਾਂ
ਡੇਰਾ ਪ੍ਰੇਮੀਆਂ ਦਾ ਯੋਗਦਾਨ ਲਾ ਮਿਸਾਲ : ਘਣਸ਼ਾਮ ਕਾਂਸਲ
ਇਸ ਸਬੰਧੀ ਗੱਲਬਾਤ ਕਰਦਿਆਂ ਸੰਗਰੂਰ ਇੰਡਸਟਰੀਅਲ ਚੈਂਬਰ ਦੇ ਪ੍ਰਧਾਨ ਘਣਸ਼ਾਮ ਕਾਂਸਲ ਨੇ ਕਿਹਾ ਕਿ ਪਿਛਲੇ 22 ਘੰਟਿਆਂ ਤੋਂ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਵੱਲੋਂ ਜਿਸ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ, ਉਹ ਵਾਕਿਆ ਹੀ ਲਾ ਮਿਸਾਲ ਹੈ ਉਨ੍ਹਾਂ ਕਿਹਾ ਕਿ ਡੇਰਾ ਪ੍ਰੇਮੀ ਸਾਰੀ ਰਾਤ ਤੋਂ ਲਗਾਤਾਰ ਫਤਹਿਵੀਰ ਨੂੰ ਬਚਾਉਣ ਦੇ ਯਤਨਾਂ ਵਿੱਚ ਲੱਗੇ ਹੋਏ ਹਨ ਉਨ੍ਹਾਂ ਆਸ ਕੀਤੀ ਕਿ ਸਾਰਿਆਂ ਦੀ ਮਿਹਨਤ ਰੰਗ ਜ਼ਰੂਰ ਕੇ ਆਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।