ਇੱਥੇ ਮਿਲੇਗਾ ਮਾਂ ਦਾ ਦੁੱਧ, ਬਾਲ ਮੌਤ ਦਰ ਨੂੰ ਘਟਾਉਣ ਵਿਚ ਹੋਵੇਗਾ ਸਹਾਈ
ਮੋਹਾਲੀ (ਐੱਮ ਕੇ ਸ਼ਾਇਨਾ)। ਬੱਚੇ ਨੂੰ ਜਨਮ ਦੇ ਅੱਧੇ ਘੰਟੇ ਦੇ ਅੰਦਰ ਮਾਂ ਦਾ ਪਹਿਲਾ ਗਾੜ੍ਹਾ ਦੁੱਧ ਪੀਣਾ ਜ਼ਰੂਰੀ ਹੁੰਦਾ ਹੈ ਪਰ ਕਿਸੇ ਕਾਰਨ ਕਈ ਬੱਚਿਆਂ ਨੂੰ ਇਹ ਦੁੱਧ ਨਹੀਂ ਮਿਲਦਾ। ਇਹੀ ਕਾਰਨ ਹੈ ਕਿ ਬੱਚਿਆਂ ਵਿੱਚ ਕੁਪੋਸ਼ਣ ਦੀ ਸ਼ਿਕਾਇਤ ਦੇਖਣ ਨੂੰ ਮਿਲਦੀ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਖਾਸ ਕਰਕੇ ਅਜਿਹੇ ਬੱਚਿਆਂ ਲਈ ਕਈ ਸ਼ਹਿਰਾਂ ਵਿੱਚ ਹਿਊਮਨ ਮਿਲਕ ਬੈਂਕ (Mothers Milk Bank) ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਬੈਂਕਾਂ ਵਿੱਚ ਮਾਂ ਦਾ ਦੁੱਧ ਉਸੇ ਤਰ੍ਹਾਂ ਮਿਲਦਾ ਹੈ ਜਿਵੇਂ ਅਸੀਂ ਬਲੱਡ ਬੈਂਕ ਵਿੱਚ ਜਾ ਕੇ ਖੂਨ ਲੈਂਦੇ ਹਾਂ। ਕੇਂਦਰ ਸਰਕਾਰ ਅਤੇ ਰਾਜ ਸਰਕਾਰ ਅਜਿਹੇ ਬੈਂਕਾਂ ਨੂੰ ਬਣਾਉਣ ਲਈ ਫੰਡਿੰਗ ਕਰਦੀ ਹੈ। ਇਸ ਤਰ੍ਹਾਂ ਦਾ ਪਹਿਲਾ ਮਨੁੱਖੀ ਮਿਲਕ ਬੈਂਕ ਮੁਹਾਲੀ ਜ਼ਿਲ੍ਹੇ ਵਿੱਚ ਵੀ ਖੋਲ੍ਹਿਆ ਜਾ ਰਿਹਾ ਹੈ। ਅਜਿਹਾ ਪਹਿਲਾ ਮਨੁੱਖੀ ਮਿਲਕ ਬੈਂਕ ਫੇਜ਼-6 ਸਥਿਤ ਡਾ.ਬੀਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਵਿਖੇ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਨੂੰ ਆਉਣ ਵਾਲੇ 2 ਮਹੀਨਿਆਂ ਤੱਕ ਸ਼ੁਰੂ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਗਰਮੀ ਦਾ ਕਹਿਰ : ਪੰਜਾਬ ’ਚ ਤਾਪਮਾਨ 44 ਡਿਗਰੀ ਤੋਂ ਪਾਰ
ਮੈਡੀਕਲ ਕਾਲਜ ਵੱਲੋਂ ਇਸ ਮਨੁੱਖੀ ਮਿਲਕ ਬੈਂਕ ਨੂੰ ਅਗਸਤ ਮਹੀਨੇ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਡਾ.ਬੀ.ਆਰ.ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਮੈਡੀਕਲ ਕਾਲਜ ਵੱਲੋਂ ਹਿਊਮਨ ਮਿਲਕ ਬੈਂਕ ਦੀ ਸਥਾਪਨਾ ਲਈ ਇਸ ਨਾਲ ਸਬੰਧਤ ਲੋੜੀਂਦੀ ਮਸ਼ੀਨਰੀ ਅਤੇ ਸਾਜ਼ੋ-ਸਾਮਾਨ ਖਰੀਦਣ ਦੀ ਪ੍ਰਕਿਰਿਆ ਵਿੱਚ ਹੈ। ਇਹ ਮਿਲਕ ਬੈਂਕ ਹਸਪਤਾਲ ਦੇ ਮਦਰ ਐਂਡ ਚਾਈਲਡ ਕੇਅਰ ਯੂਨਿਟ ਵਿੱਚ ਸਥਾਪਿਤ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ ਅਜਿਹਾ ਕੋਈ ਮਿਲਕ ਬੈਂਕ ਨਹੀਂ ਸੀ। ਭਾਵੇਂ ਚੰਡੀਗੜ੍ਹ ਪੀਜੀਆਈ ਵਿੱਚ ਮਨੁੱਖੀ ਮਿਲਕ ਬੈਂਕ ਸਥਾਪਤ ਕੀਤਾ ਗਿਆ ਹੈ। ਪਰ ਟ੍ਰਾਈਸਿਟੀ ਵਿੱਚ ਸ਼ਾਮਲ ਪੰਚਕੂਲਾ ਅਤੇ ਮੁਹਾਲੀ ਵਿੱਚ ਹੁਣ ਤੱਕ ਇਹ ਸਹੂਲਤ ਨਹੀਂ ਹੈ। ਪਰ ਹੁਣ ਮੁਹਾਲੀ ਵਿੱਚ ਵੀ ਅਜਿਹਾ ਮਿਲਕ ਬੈਂਕ ਸਥਾਪਤ ਕੀਤਾ ਜਾ ਰਿਹਾ ਹੈ। ਮਨੁੱਖੀ ਦੁੱਧ ਵਿੱਚ ਪ੍ਰੋਟੀਨ (ਵੇਅ ਪ੍ਰੋਟੀਨ ਅਤੇ ਕੈਸੀਨ ਪ੍ਰੋਟੀਨ), ਚਰਬੀ, ਵਿਟਾਮਿਨ (ਵਿਟਾਮਿਨ ਏ, ਸੀ, ਡੀ, ਈ, ਕੇ ਅਤੇ ਰਿਬੋਫਲੇਵਿਨ, ਪੈਨਥੇਨਿਕ), ਹਾਰਮੋਨਸ (ਪ੍ਰੋਲੈਕਟਿਨ, ਰਿਲੈਕਸਿਨ, ਐਂਡੋਰਫਿਨ, ਕੋਰਟੀਸੋਲ, ਲੇਪਟਿਨ, ਐਸਟ੍ਰੋਜਨ, ਪ੍ਰੋਜੇਸਟ੍ਰੋਨ), ਖਣਿਜ ਹੁੰਦੇ ਹਨ। (ਆਇਰਨ, ਜ਼ਿੰਕ, ਕੈਲਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਸੇਲੇਨੀਅਮ, ਕਲੋਰਾਈਡ) ਅਤੇ ਐਨਜ਼ਾਈਮ ਪਾਏ ਜਾਂਦੇ ਹਨ। ਜੋ ਬੱਚੇ ਨੂੰ ਵਧਣ-ਫੁੱਲਣ ਅਤੇ ਸਿਹਤਮੰਦ ਰੱਖਣ ਵਿੱਚ ਬਹੁਤ ਮੱਦਦਗਾਰ ਹੁੰਦੇ ਹਨ।
ਬਾਲ ਮੌਤ-ਦਰ ਨੂੰ ਘਟਾਉਣਾ ਹੀ ਮੁੱਖ ਉਦੇਸ਼ (Mothers Milk Bank)
ਡਾਕਟਰ ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਭਵਨੀਤ ਭਾਰਤੀ ਨੇ ਕਿਹਾ ਕਿ ਮੈਡੀਕਲ ਕਾਲਜ ਨੂੰ ਬੇਬੀ ਫ੍ਰੈਂਡਲੀ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਮਦਰ ਐਂਡ ਚਾਈਲਡ ਕੇਅਰ ਯੂਨਿਟ ਵਿੱਚ ਬੱਚਿਆਂ ਦੇ ਇਲਾਜ ਲਈ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਹੁਣ ਹਿਊਮਨ ਮਿਲਕ ਬੈਂਕ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਨਾਲ ਹਸਪਤਾਲ ਵਿੱਚ ਨਵਜੰਮੇ ਬੱਚੇ ਨੂੰ ਬਹੁਤ ਫਾਇਦਾ ਹੋਵੇਗਾ।
ਹਿਊਮਨ ਮਿਲਕ ਬੈਂਕ ਦਾ ਮੁੱਖ ਉਦੇਸ਼ ਬਾਲ ਮੌਤ ਦਰ ਨੂੰ ਘਟਾਉਣਾ ਹੈ। ਕਿਉਂਕਿ ਬਹੁਤ ਸਾਰੇ ਮਾਮਲਿਆਂ ਵਿੱਚ, ਬੱਚੇ ਨੂੰ ਜਨਮ ਦੇਣ ਤੋਂ ਬਾਅਦ, ਮਾਂ ਕਿਸੇ ਕਾਰਨ ਕਰਕੇ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਵਿੱਚ ਅਸਮਰੱਥ ਹੁੰਦੀ ਹੈ। ਕਈ ਕੇਸਾਂ ਵਿੱਚ ਜਣੇਪੇ ਸਮੇਂ ਮਾਂ ਦੀ ਮੌਤ ਹੋ ਜਾਂਦੀ ਹੈ। ਇਸ ਲਈ ਅਜਿਹੇ ਹਾਲਾਤ ਵਿੱਚ ਬੱਚੇ ਨੂੰ ਦੁੱਧ ਨਹੀਂ ਮਿਲਦਾ। ਜੇਕਰ ਬੱਚੇ ਨੂੰ ਬਾਜ਼ਾਰ ਦਾ ਦੁੱਧ ਪਿਲਾਇਆ ਜਾਵੇ ਤਾਂ ਬੱਚੇ ਦੇ ਬੀਮਾਰ ਹੋਣ ਦੇ ਆਸਾਰ ਹਨ। (Mothers Milk Bank )
ਇਸੇ ਲਈ ਡਾਕਟਰ ਵੀ ਇਹੀ ਸਲਾਹ ਦਿੰਦੇ ਹਨ ਕਿ ਬੱਚੇ ਨੂੰ ਜਨਮ ਤੋਂ ਬਾਅਦ 6 ਮਹੀਨੇ ਤੱਕ ਸਿਰਫ਼ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ। ਹਿਊਮਨ ਮਿਲਕ ਬੈਂਕ ਇੱਕ ਗੈਰ-ਲਾਭਕਾਰੀ ਸੰਸਥਾ ਹੈ ਜੋ ਨਵਜੰਮੇ ਬੱਚਿਆਂ ਲਈ ਮਾਂ ਦਾ ਦੁੱਧ ਪ੍ਰਦਾਨ ਕਰਦੀ ਹੈ। ਦੁੱਧ ਨੂੰ ਪੈਸਚੁਰਾਈਜ਼ੇਸ਼ਨ ਯੂਨਿਟਾਂ, ਫਰਿੱਜਾਂ, ਡੀਪ ਫ੍ਰੀਜ਼ ਅਤੇ ਐਰੋ ਪਲਾਂਟਾਂ ਵਰਗੀਆਂ ਤਕਨੀਕਾਂ ਦੀ ਵਰਤੋਂ ਕਰਕੇ 6 ਮਹੀਨਿਆਂ ਤੱਕ ਸਟੋਰ ਕੀਤਾ ਜਾਂਦਾ ਹੈ। ਔਰਤਾਂ ਮਿਲਕ ਬੈਂਕ ਵਿੱਚ ਮਨੁੱਖੀ ਦੁੱਧ ਦਾਨ ਕਰ ਸਕਦੀਆਂ ਹਨ।
ਪਹਿਲੇ ਪੜਾਅ ਵਿੱਚ ਹਿਊਮਨ ਮਿਲਕ ਬੈਂਕ (Human milk bank ) ਦਾ ਪੂਰਾ ਸਿਸਟਮ ਹਸਪਤਾਲ ਆਧਾਰਿਤ ਰਹੇਗਾ। ਯਾਨੀ ਹਸਪਤਾਲ ‘ਚ ਔਰਤਾਂ ਦੁੱਧ ਦਾਨ ਕਰਨਗੀਆਂ ਅਤੇ ਇੱਥੋਂ ਇਹ ਲੋੜਵੰਦ ਬੱਚਿਆਂ ਨੂੰ ਦਿੱਤਾ ਜਾਵੇਗਾ। ਮਿਲਕ ਬੈਂਕ ਸ਼ੁਰੂ ਹੋਣ ਤੋਂ ਬਾਅਦ ਮੰਗ ਅਤੇ ਸਮੀਖਿਆ ਨੂੰ ਦੇਖਿਆ ਜਾਵੇਗਾ ਅਤੇ ਉਸ ਤੋਂ ਬਾਅਦ ਇਸ ਸਹੂਲਤ ਨੂੰ ਘਰ-ਘਰ ਤੱਕ ਸ਼ੁਰੂ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।
–ਡਾ. ਭਵਨੀਤ ਭਾਰਤੀ, ਪ੍ਰਿੰਸੀਪਲ ਡਾਇਰੈਕਟਰ ਏਮਜ਼ ਮੋਹਾਲੀ।