ਮੋਤੀ ਮਹਿਲ ਵੱਲ ਕੀਤਾ ਜਾਣ ਵਾਲਾ ਰੋਸ ਮਾਰਚ ਕੀਤਾ ਗਿਆ ਮੁਲਤਵੀ : ਆਗੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਅਤੇ ਪੰਜਾਬ ਐਂਡ ਯੂਟੀ ਇੰਪਲਾਈਜ਼ ਅਤੇ ਪੈਨਸ਼ਨਰਜ਼ ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ ‘ਤੇ ਮੁਲਾਜਮ ਮੰਗਾਂ ਸਬੰਧੀ ਬੱਸ ਸਟੈਂਡ ਪਟਿਆਲਾ ਦੇ ਨੇੜੇ ਸਮੁੱਚੇ ਪੰਜਾਬ ਤੋਂ ਪੁੱਜੇ ਹਜ਼ਾਰਾਂ ਦੀ ਗਿਣਤੀ ਵਿੱਚ ਠਾਠਾਂ ਮਾਰਦੇ ਲਾਮਿਸਾਲ ਇਕੱਠ ਵੱਲੋਂ ਰੋਹ ਭਰਪੂਰ ਵਿਸ਼ਾਲ ਰੈਲੀ ਕੀਤੀ ਗਈ। ਅੱਜ ਦੀ ਇਸ ਵਿਸ਼ਾਲ ਰੈਲੀ ਉਪਰੰਤ ਮੁੱਖ ਮੰਤਰੀ ਪੰਜਾਬ ਦੇ ਨਿਵਾਸ ਮੋਤੀ ਮਹਿਲ ਵੱਲ ਕੀਤਾ ਜਾਣ ਵਾਲਾ ਰੋਸ ਮਾਰਚ ਮੁਲਤਵੀ ਕਰ ਦਿੱਤਾ ਗਿਆ। ਕਿਉਂਕਿ 13 ਅਗਸਤ ਨੂੰ ਦਿਨ ਭਰ ਪ੍ਰਸ਼ਾਸਨ ਤੇ ਮੁੱਖ ਮੰਤਰੀ ਪੰਜਾਬ ਦੇ ਓਐੱਸਡੀ ਨਾਲ ਆਗੂਆਂ ਦੀ ਹੁੰਦੀ ਰਹੀ ਗੱਲਬਾਤ ਦੇ ਨਤੀਜੇ ਵਜੋਂ ਇਹ ਰੋਸ ਮਾਰਚ ਮੁਲਤਵੀ ਕੀਤਾ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ, ਰਣਬੀਰ ਸਿੰਘ ਢਿੱਲੋਂ, ਰਣਜੀਤ ਸਿੰਘ ਰਾਣਵਾ, ਅਸ਼ੀਸ਼ ਜੁਲਾਹਾ, ਹਰਭਜਨ ਸਿੰਘ ਪਿਲਖਣੀ, ਗੁਰਮੇਲ ਸਿੰਘ ਮੈਡਲੇ, ਬਲਕਾਰ ਸਿੰਘ ਵਲਟੋਹਾ ਅਤੇ ਜਸਵੰਤ ਸਿੰਘ ਜੱਸਾ ਨੇ ਦੱਸਿਆ ਕਿ ਸ਼ਾਮ ਦੇ ਸਮੇਂ ਸੀ.ਐਮ. ਸਾਹਿਬ ਦੇ ਓਐੱਸਡੀ ਵੱਲੋਂ ਸੂਚਿਤ ਕੀਤਾ ਗਿਆ ਕਿ 21 ਅਗਸਤ ਨੂੰ ਮੁੱਖ ਮੰਤਰੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਲੈਣਗੇ ਤੇ ਫਿਰ 28 ਅਗਸਤ ਨੂੰ ਮੁਲਾਜਮ ਆਗੂਆਂ ਨਾਲ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਨਿਰਧਾਰਤ ਕਰ ਦਿੱਤੀ ਗਈ ਇਸੇ ਦੌਰਾਨ ਸਰਕਾਰ ਵੱਲੋਂ ਧਰਨੇ-ਮੁਜ਼ਾਹਰੇ ਨਾ ਕਰਨ ਦੀ ਇਸ ਸਭ ਕੁਝ ਦੀ ਰੋਸ਼ਨੀ ‘ਚ ਸੁਖਾਵਾਂ ਔਲ ਸਿਰਜਣ ਲਈ ਤੇ ਮੀਟਿੰਗਾਂ ਦੇ ਸਮਰਥਕ ਨਤੀਜਿਆਂ ਦੀ ਉਮੀਦ ਨਾਲ ਸੰਘਰਸ਼ ਦੇ ਰੁਖ ਨੂੰ ਨਰਮ ਕੀਤਾ ਗਿਆ।
ਇਸ ਮੌਕੇ ਮੁਲਾਜਮਾਂ-ਮਜਦੂਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਆਗੂਆਂ ਸੱਜਣ ਸਿੰਘ, ਨਿਰਮਲ ਸਿੰਘ ਧਾਲੀਵਾਲ, ਦਰਸ਼ਨ ਸਿੰਘ ਲੁਬਾਣਾ ਆਦਿ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਤੋਂ ਧਾਰੀ ਚੁੱਪ ਤੇ ਬੇਰੁਖੀ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਅੱਤ ਦੇ ਪੀੜਤ, ਸ਼ੋਸ਼ਿਤ, ਮਹਿੰਗਾਈ ਤੇ ਖੜੋਤ ਦਾ ਸਾਹਮਣਾ ਕਰ ਰਹੇ ਮੁਲਾਜ਼ਮਾਂ-ਮਜ਼ਦੂਰਾਂ ਪ੍ਰਤੀ ਸੁਹਿਰਦ ਤੇ ਸੰਵੇਦਨਸ਼ੀਲ ਨਹੀਂ ਹੈ। ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ 21 ਅਗਸਤ ਨੂੰ ਮੁੱਖ ਮੰਤਰੀ ਵੱਲੋਂ ਕੈਬਨਿਟ ਸਬ ਕਮੇਟੀ ਨੂੰ ਮੁਲਾਜ਼ਮ ਮੰਗਾਂ ਮੰਨਣ ਦੇ ਸਪੱਸ਼ਟ ਆਦੇਸ਼ ਦੇ ਕੇ 28 ਅਗਸਤ ਦੀ ਮੁਲਾਜ਼ਮ ਆਗੂਆਂ ਨਾਲ ਹੋਣ ਵਾਲੀ ਕੈਬਨਿਟ ਸਬ ਕਮੇਟੀ ਰਾਹੀਂ ਨਿਪਟਾਰਾ ਨਾ ਕੀਤਾ ਗਿਆ।
ਤਾਂ ਸਤੰਬਰ ਦੇ ਪਹਿਲੇ ਹਫਤੇ ਤੋਂ ਹੀ ਕਮੇਟੀ ਰਾਹੀਂ ਨਿਪਟਾਰਾ ਨਾ ਕੀਤਾ ਗਿਆ ਤਾਂ ਸਤੰਬਰ ਦੇ ਪਹਿਲੇ ਹਫਤੇ ਤੋਂ ਹੀ ਵੱਖ-ਵੱਖ ਰੂਪਾਂ ‘ਚ ਕਨਵੈਨਸ਼ਨਾਂ ਰਾਹੀਂ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ ਤੇ ਪੰਜਾਬ ‘ਚ ਹੋਣ ਜਾ ਰਹੀਆਂ ਤਿੰਨ ਅਸੈਂਬਲੀ ਜਿਮਨੀ ਚੋਣਾਂ ਦੌਰਾਨ ਉਨ੍ਹਾਂ ਹਲਕਿਆਂ ‘ਚ ਜੋਰਦਾਰ ਪ੍ਰਦਰਸ਼ਨ ਕੀਤੇ ਜਾਣਗੇ। ਇਸ ਦੌਰਾਨ ਚੱਲਦੀ ਰੈਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਓਐੱਸਡੀ ਰਜੇਸ਼ ਕੁਮਾਰ ਪੀਪੀਐੱਸ ਨੇ ਮੁਲਾਜਮ ਆਗੂਆਂ ਤੋਂ ਮੰਗ ਪੱਤਰ ਵਸੂਲ ਕੀਤਾ ਤੇ ਸਰਕਾਰ ਵੱਲੋਂ ਜਲਦੀ ਹੀ ਹੋਣ ਵਾਲੀਆਂ ਮੀਟਿੰਗਾਂ ਵਿੱਚ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਸ ਮੌਕੇ ਹਰਭਜਨ ਸਿੰਘ ਪਿਲਖਣੀ, ਬਲਕਾਰ ਸਿੰਘ ਵਲਟੋਰਾ, ਜਸਵੰਤ ਸਿੰਘ ਜੱਸਾ, ਕਰਤਾਰ ਸਿੰਘ ਪਾਲ, ਉਤਮ ਸਿੰਘ ਬਾਗੜੀ, ਗੁਰਦੇਵ ਸਿੰਘ, ਜੀਤ ਕੌਰ, ਸਰੋਜ ਛੱਪੜੀਵਾਲਾ, ਅੰਮ੍ਰਿਤਪਾਲ, ਗੁਰਪ੍ਰੀਤ ਸਿੰਘ, ਜਗਮੋਹਨ ਨੋਲੱਖਾ, ਜਸਵਿੰਦਰ ਪਾਲ ਉੱਗੀ, ਸਤਿਆਪਾਲ ਗੁਪਤਾ, ਸੂਰਜ ਪਾਲ ਯਾਦਵ, ਦੀਪ ਚੰਦ ਹੰਸ, ਰਾਮ ਲਾਲ ਰਾਮਾ ਤੇ ਰਜਿੰਦਰ ਸੰਧਾ ਆਦਿ ਨੇ ਵੀ ਸੰਬੋਧਨ ਕੀਤਾ।