ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home ਵਿਚਾਰ ਲੇਖ ਸਾਡੇ ਲੋਕ-ਸੇਵਕ...

    ਸਾਡੇ ਲੋਕ-ਸੇਵਕਾਂ ’ਚ ਕਿੰਨੀ ਜ਼ਿਆਦਾ ਭਾਵਨਾ ਹੈ ਜਨਤਾ ਦੀ ਸੇਵਾ ਕਰਨ ਦੀ!

    Public Servants To Serve

    ਸਾਡੇ ਲੋਕ-ਸੇਵਕਾਂ ’ਚ ਕਿੰਨੀ ਜ਼ਿਆਦਾ ਭਾਵਨਾ ਹੈ ਜਨਤਾ ਦੀ ਸੇਵਾ ਕਰਨ ਦੀ!

    ਪੰਜਾਬ ਦੀ ਮੌਜੂਦਾ ਸਰਕਾਰ ਜ਼ੋਰ-ਸ਼ੋਰ ਨਾਲ ਘਪਲੇਬਾਜ਼ਾਂ ਦੇ ਪਿੱਛੇ ਪਈ ਹੋਈ ਹੈ। ਕਈ ਸਾਬਕਾ ਮੰਤਰੀਆਂ ਅਤੇ ਐਮ.ਐਲ.ਏਜ਼ ਸਮੇਤ ਅਨੇਕਾਂ ਵੱਡੇ ਅਫਸਰ ਜੇਲ੍ਹ ਯਾਤਰਾ ’ਤੇ ਚਲੇ ਗਏ ਹਨ ਤੇ ਕਈ ਹੋਰਾਂ ’ਤੇ ਸ਼ਨੀ ਦੀ ਦਸ਼ਾ ਭਾਰੀ ਚੱਲ ਰਹੀ ਹੈ। ਅਜਿਹੇ ਮਾਹੌਲ ਵਿੱਚ ਪੁਰਾਣੀਆਂ ਸਰਕਾਰਾਂ ਵਿੱਚ ਮੰਤਰੀ ਰਹੇ ਦੋ ਜਣਿਆਂ ਦੀਆਂ ਟੋਟਕੇਨੁਮਾ ਕਹਾਣੀਆਂ ਦਾ ਲੋਕ ਸਵਾਦ ਲੈ ਰਹੇ ਹਨ ਜੋ ਕਈ ਦਿਨਾਂ ਤੱਕ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹੀਆਂ ਸਨ।

    ਉਹ ਦੋਵੇਂ ਆਪਣੇ ਸਮੇਂ ਦੀਆਂ ਸਰਕਾਰਾਂ ਵਿੱਚ ਬੇਹੱਦ ਮਲਾਈਦਾਰ ਮਹਿਕਮਿਆਂ ਦੇ ਮਾਲਕ ਰਹੇ ਸਨ ਪਰ ਹੁਣ ਸਵੇਰੇ-ਸਵੇਰ ਹੀ ਅਖਬਾਰਾਂ ਚੈੱਕ ਕਰਨ ਲੱਗ ਜਾਂਦੇ ਹਨ ਕਿ ਹੇ ਰੱਬਾ ਸੁੱਖ ਹੋਵੇ ਸਹੀ। ਉਨ੍ਹਾਂ ਵਿੱਚੋਂ ਇੱਕ ਮੰਤਰੀ ਜੋ ਕਿਸੇ ਸਕੈਂਡਲ ਵਿੱਚ ਫਸ ਜਾਣ ਕਾਰਨ ਪਿਛਲੇ ਕਈ ਸਾਲ ਤੋਂ ਸਿਆਸੀ ਬਣਵਾਸ ਕੱਟ ਰਿਹਾ ਹੈ, ਵਜ਼ਾਰਤ ਸਮੇਂ ਆਪਣੇ ਹਲਕੇ ਦੇ ਇੱਕ ਥਾਣੇਦਾਰ ਦੇ ਪਿੱਛੇ ਪੈ ਗਿਆ। ਅੱਗੋਂ ਥਾਣੇਦਾਰ ਵੀ ਪੂਰਾ ਘੁਰਲੀ ਘੈਂਟ ਸੀ। ਉਹ ਆਪਣੇ ਇੱਕ ਰਿਸ਼ਤੇਦਾਰ ਹੀਰਾ ਸਿੰਘ (ਕਾਲਪਨਿਕ ਨਾਂਅ) ਨੂੰ ਲੈ ਕੇ ਤੜਕੇ ਹੀ ਮੰਤਰੀ ਦੀ ਕੋਠੀ ਜਾ ਵੱਜਾ। ਹੀਰਾ ਸਿੰਘ ਮੰਤਰੀ ਦਾ ਹਲਕੇ ਵਿੱਚ ਸਭ ਤੋਂ ਨਜ਼ਦੀਕੀ ਬੰਦਾ ਸੀ ਤੇ ਉਸ ਦੀ ਇਲੈਕਸ਼ਨ ਵਿੱਚ ਪੈਸੇ ਵੀ ਠੋਕ ਕੇ ਖਰਚਦਾ ਸੀ।

    ਥਾਣੇਦਾਰ ਨੂੰ ਵੇਖਦੇ ਸਾਰ ਮੰਤਰੀ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਚੜ੍ਹ ਗਿਆ ਤੇ ਉਹ ਹੀਰਾ ਸਿੰਘ ਦੀ ਪ੍ਰਵਾਹ ਕੀਤੇ ਬਗੈਰ ਅਵਾ-ਤਤਾ ਬੋਲਣ ਲੱਗ ਪਿਆ। ਮੰਤਰੀ ਕੋਲ ਇਲਾਕੇ ਦੇ ਹੋਰ ਵੀ ਬੰਦੇ ਬੈਠੇ ਹੋਣ ਕਾਰਨ ਹੀਰਾ ਸਿੰਘ ਆਪਣੀ ਬੇਇੱਜ਼ਤੀ ਮੰਨ ਗਿਆ ਕਿਉਂਕਿ ਉਹ ਆਪਣੇ-ਆਪ ਨੂੰ ਮੰਤਰੀ ਦਾ ਸਭ ਤੋਂ ਖਾਸ ਫੀਲ੍ਹਾ ਸਮਝਦਾ ਸੀ।

    ਉਹ ਮੰਤਰੀ ਨੂੰ ਸਿੱਧਾ ਹੋ ਗਿਆ, ਮੰਤਰੀ ਸਾਹਿਬ, ਅਸੀਂ ਇੱਥੇ ਆਪਣੀ ਬੇਇੱਜ਼ਤੀ ਕਰਾਉਣ ਲਈ ਨਹੀਂ ਆਏ। ਪਹਿਲਾਂ ਸਾਡੀ ਗੱਲ ਤਾਂ ਸੁਣ ਲਉ। ਹੀਰਾ ਸਿੰਘ ਨੂੰ ਤੱਤਾ ਹੁੰਦਾ ਵੇਖ ਕੇ ਮੰਤਰੀ ਕੁਝ ਢਿੱਲਾ ਪੈ ਗਿਆ। ਇਲੈਕਸ਼ਨ ਸਿਰ ’ਤੇ ਸੀ ਤੇ ਅਜਿਹੇ ਮੌਕੇ ਹੀਰਾ ਸਿੰਘ ਵਰਗੇ ਮੋਹਤਬਰਾਂ ਨਾਲ ਲਿਆ ਪੰਗਾ ਮਹਿੰਗਾ ਪੈ ਸਕਦਾ ਸੀ। ਉਹ ਖਸਿਆਣੀ ਜਿਹੀ ਹਾਸੀ ਹੱਸ ਕੇ ਬੋਲਿਆ, ਹੀਰਾ ਸਿਆਂ ਪੰਜਾਹ ਸ਼ਕੈਤਾਂ ਨੇ ਇਸ ਬੰਦੇ ਦੀਆਂ ਮੇਰੇ ਕੋਲ। ਇਹ ਤਾਂ ਕੰਮ ਹੀ ਨਹੀਂ ਕਰਦਾ ਕਿਸੇ ਦਾ ਪੈਸੇ ਲਏ ਬਗੈਰ। ਪਰਸੋਂ ਮੇਰੇ ਪੀਏ ਨੇ ਧਾਰੀਪੁਰ ਦੇ ਸਰਪੰਚ ਦੇ ਕਿਸੇ ਕੰਮ ਬਾਰੇ ਇਹਨੂੰ ਫੋਨ ਕੀਤਾ ਸੀ, ਉਹਤੋਂ ਵੀ 20000 ਰੁਪਈਆ ਲੈ ਲਿਆ ਇਨ੍ਹੇ। ਮਾਸਾ ਸ਼ਰਮ ਨਹੀਂ ਕੀਤੀ ਮੇਰੀ।

    ਹੀਰਾ ਸਿੰਘ ਮੰਤਰੀ ਦਾ ਮਾੜੇ ਸਮਿਆਂ ਦਾ ਯਾਰ ਸੀ ਤੇ ਉਸ ਦੀ ਰਗ-ਰਗ ਤੋਂ ਵਾਕਿਫ ਸੀ। ਉਹ ਹਰਖ ਕੇ ਬੋਲਿਆ, ਮੰਤਰੀ ਸਾਹਿਬ ਪੈਸੇ ਕਿਹੜਾ ਨਹੀਂ ਲੈਂਦਾ ਇਸ ਜ਼ਮਾਨੇ ’ਚ? ਤੁਸੀਂ ਦਸ ਸਾਲ ਪਹਿਲਾਂ ਸੈਕਲ ’ਤੇ ਦੁੱਧ ਢੋਂਦੇ ਹੁੰਦੇ ਸੀ। ਅੱਜ 100 ਬੱਸਾਂ, 250 ਕਿੱਲਾ ਜ਼ਮੀਨ, ਚੰਡੀਗੜ੍ਹ ’ਚ ਮਹਿਲ ਵਰਗੀ ਕੋਠੀ ਤੇ ਪਤਾ ਨਹੀਂ ਹੋਰ ਕੀ-ਕੀ ਲੱਲੜ-ਭੱਲੜ ਬਣਾਈ ਬੈਠੇ ਓ।

    ਦਰਿਆ ਦੀ ਸਾਰੀ ਮੰਡ ਵਾਹ ਲਈ ਆ ਤੁਸੀਂ। ਮੈਂ ਆਪ ਵੀਹ-ਵੀਹ ਟਰੈਕਟਰ ਭੇਜਦਾ ਰਿਹਾਂ ਉੱਥੇ ਪੱਲਿਉਂ ਤੇਲ ਪਾ ਕੇ। ਮੰਤਰੀ ਇੱਕਦਮ ਠੰਢਾ ਪੈ ਗਿਆ ਪਰ ਸੀ ਸਿਰੇ ਦਾ ਢੀਠ। ਉਹ ਬੱੁਲ੍ਹਾਂ ’ਤੇ ਸ਼ੈਤਾਨੀ ਭਰੀ ਮੁਸਕਾਨ ਲਿਆ ਕੇ ਬੋਲਿਆ, ਛੱਡ ਪਰ੍ਹਾਂ ਹੀਰਾ ਸਿਆਂ ਪੁਰਾਣੀਆਂ ਗੱਲਾਂ, ਬਹੁਤਾ ਗੁੱਸਾ ਨਹੀਂ ਕਰੀਦਾ ਹੁੰਦਾ। ਹੁਣ ਮੰਤਰੀ ਨੇ ਬੱਸਾਂ ਹੀ ਪਾਉਣੀਆਂ ਹੁੰਦੀਆਂ ਨੇ, ਹੋਰ ਦੱਸ ਮੈਂ ਕੀ ਖੱਚਰ ਰੇਹੜੀਆਂ ਪਾਵਾਂ? ਜਾ ਉਏ ਠਾਣੇਦਾਰਾ, ‘ਗਾਂਹ ਤੋਂ ਧਿਆਨ ਰੱਖੀਂ। ਬੰਦਾ-ਕੁਬੰਦਾ ਵੇਖ ਲਿਆ ਕਰ। ਉਸ ਨੇ ਮਸਾਂ ਹੀਰਾ ਸਿੰਘ ਨੂੰ ਗਲੋਂ ਲਾਹਿਆ।

    ਦੂਸਰੇ ਸਾਬਕਾ ਮੰਤਰੀ ਸਾਹਿਬ ਦੀ ਕਹਾਣੀ ਤਾਂ ਹੋਰ ਵੀ ਦਿਲਚਸਪ ਹੈ। ਉਸ ਨੇ ਆਪਣੇ ਇਲਾਕੇ ਵਿੱਚ ਪੰਚਾਇਤ ਮਹਿਕਮੇ ਨਾਲ ਸਬੰਧਿਤ ਇੱਕ ਮਹਾਂ ਭਿ੍ਰਸ਼ਟ ਅਫਸਰ ਨੂੰ ਤਕੜੀ ਮਲਾਈਦਾਰ ਪੋਸਟ ’ਤੇ ਲਾਇਆ ਹੋਇਆ ਸੀ। ਉੱਪਰੋਂ ਸਿਤਮ ਦੀ ਗੱਲ ਇਹ ਸੀ ਕਿ ਉਸ ਅਫਸਰ ’ਤੇ ਮੋਗੇ ਜਿਲ੍ਹੇ ਦੇ ਕਿਸੇ ਥਾਣੇ ਵਿੱਚ ਪੰਚਾਇਤ ਵਿਭਾਗ ਦੇ ਕਰੋੜਾਂ ਰੁਪਏ ਖੁਰਦ-ਬੁਰਦ ਕਰਨ ਦਾ ਮੁਕੱਦਮਾ ਦਰਜ਼ ਸੀ ਜਿਸ ਵਿੱਚ ਉਸ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਹੋਇਆ ਸੀ।

    ਹੁਣ ਜਿਸ ਦੇ ਸਿਰ ’ਤੇ ਐਨੇ ਸੀਨੀਅਰ ਮੰਤਰੀ ਦੀ ਛਤਰ-ਛਾਇਆ ਹੋਵੇ ਉਸ ਵੱਲ ਕੌਣ ਤੱਕੇ। ਉਸ ਤਜ਼ਰਬੇਕਾਰ ਤੇ ਹੰਢੇ-ਵਰਤੇ ਘਾਗ ਅਫਸਰ ਨੇ ਆਉਂਦੇ ਸਾਰ ਸਰਕਾਰੀ ਫੰਡਾਂ ਨੂੰ ਪਿੰਡਾਂ ਦੇ ਵਿਕਾਸ ਲਈ ਖਰਚਣ ਦੀ ਬਜਾਏ ਇੱਧਰ-ਉੱਧਰ ਐਡਜਸਟ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਨੂੰ ਲਿਆਂਦਾ ਹੀ ਇਸ ਕੰਮ ਲਈ ਗਿਆ ਸੀ। ਜਦੋਂ ਸਰਪੰਚਾਂ ਨੇ ਹਾਲ-ਪਾਹਰਿਆ ਮਚਾਈ ਤਾਂ ਇਹ ਖਬਰ ਪੱਤਰਕਾਰਾਂ ਤੱਕ ਵੀ ਪਹੁੰਚ ਗਈ। ਇੱਕ ਦਿਨ ਮੰਤਰੀ ਇਲਾਕੇ ਦੇ ਦੌਰੇ ’ਤੇ ਸੀ ਤੇ ਉਹ ਅਫਸਰ ਉਸ ਦਾ ਸਕਾ ਬਣ ਕੇ ਗੱਡੀ ਵਿੱਚ ਨਾਲ ਬੈਠਾ ਹੋਇਆ ਸੀ।

    ਐਨਾ ਘੋਰ ਕਲਿਯੁਗ ਵੇਖ ਕੇ ਪੱਤਰਕਾਰਾਂ ਨੇ ਮੰਤਰੀ ਨੂੰ ਘੇਰ ਲਿਆ, ਮੰਤਰੀ ਸਾਹਿਬ ਇਹ ਧਾਡੀ ਕੀ ਲੀਲਾ ਆ? ਹੱਦ ਹੋ ਗਈ, ਮੋਗੇ ਦਾ ਭਗੌੜਾ ਮੁਲਜ਼ਮ ਤੁਸੀਂ ਸਾਰੇ ’ਲਾਕੇ ਦਾ ਮਾਲਕ ਬਣਾਇਆ ਹੋਇਆ ਆ। ਬਜਾਏ ਇਹਨੂੰ ਪੁਲਿਸ ਦੇ ਹਵਾਲੇ ਕਰਨ ਦੇ ਆਪਣੀ ਗੱਡੀ ’ਚ ਬਿਠਾਈ ਫਿਰਦੇ ਉ। ਸਾਰੇ ’ਲਾਕੇ ਵਿੱਚ ਲਾ-ਲਾ ਹੋਈ ਪਈ ਆ ਕਿ ਧਾਡੀ ਇਹਦੇ ਨਾਲ ਹਿੱਸਾ-ਪੱਤੀ ਆ।

    ਹੁਣ ਉਹ ਲੀਡਰ ਹੀ ਕੀ ਹੋਇਆ ਜਿਸ ਕੋਲ ਹਰ ਸਵਾਲ ਦਾ ਜਵਾਬ ਨਾ ਹੋਵੇ? ਪੱਤਰਕਾਰਾਂ ਵੱਲੋਂ ਲਾਏ ਗਏ ਐਨੇ ਵੱਡੇ ਇਲਜ਼ਾਮ ਦੇ ਬਾਵਜੂਦ ਮੰਤਰੀ ਦੇ ਚਿਹਰੇ ’ਤੇ ਸ਼ਿਕਨ ਨਾ ਆਈ, ਉਏ ਗੱਲ ਸੁਣੋ ਮੇਰੀ, ਐਵੇਂ ਅਫਵਾਹਾਂ ਨਹੀਂ ਫੈਲਾਈਦੀਆਂ ਹੁੰਦੀਆਂ। ਸਰਕਾਰ ਦੇ ਕੰਮ-ਕਾਜ ਵਿੱਚ ਨੱਕ ਘਸੋੜਨ ਦੀ ਬਜਾਏ ਆਪਣੀ ਪੱਤਰਕਾਰੀ ਕਰਿਆ ਕਰੋ ’ਰਾਮ ਨਾਲ।

    ਸਭ ਪਤਾ ਮੈਨੂੰ ਇਹਦੀਆਂ ਕਰਤੂਤਾਂ ਬਾਰੇ। ਇਹਨੂੰ ਇੱਥੇ ਇਸ ਲਈ ਲਾਇਆ ਹੋਇਆ ਆ ਤਾਂ ਜੋ ਇਹ ਮੇਰੀ ਨਿਗ੍ਹਾ ਹੇਠ ਰਹੇ ਤੇ ਠੱਗੀਆਂ ਨਾ ਮਾਰ ਸਕੇ। ਮੰਤਰੀ ਦੇ ਦਿਲ ਵਿੱਚ ਗਰੀਬ ਜਨਤਾ ਪ੍ਰਤੀ ਹਿਲੋਰੇ ਮਾਰ ਰਹੇ ਦਰਦ ਨੂੰ ਮਹਿਸੂਸ ਕਰਕੇ ਕਈਆਂ ਦੇ ਨੈਣ ਕਟੋਰੇ ਭਰ ਆਏ, ਕਈ ਮੂਰਖ ਹੱਸ ਪਏ ਪਰ ਸਿਆਣੇ ਰੋਣ ਲੱਗ ਪਏ। ਅੱਜ-ਕੱਲ੍ਹ ਪਤਾ ਨਹੀਂ ਉਹ ਭਗੌੜਾ ਅਫਸਰ ਕਿੱਥੇ ਤਾਇਨਾਤ ਹੈ? ਪਕੜਿਆ ਗਿਆ ਹੈ ਜਾਂ ਅਜੇ ਕਿਤੇ ਤਨ, ਮਨ ਅਤੇ ਧਨ ਨਾਲ ਪੰਜਾਬ ਦੀ ਸੇਵਾ ਨਿਭਾ ਰਿਹਾ ਹੈ।

    ਰੱਬ ਹੈ ਜਾਂ ਨਹੀਂ ਇਹ ਤਾਂ ਪਤਾ ਨਹੀਂ, ਪਰ ਲੁਧਿਆਣੇ ਜਿਲ੍ਹੇ ਦੇ ਇੱਕ ਮੂੰਹ ਫੱਟ ਸਾਬਕਾ ਮੰਤਰੀ ਨੂੰ ਉਹ ਜਰੂਰ ਨੇੜੇ ਹੋ ਕੇ ਮਿਲਿਆ ਹੈ। ਕੁਝ ਸਾਲ ਪਹਿਲਾਂ ਉਸ ਦੀ ਇੱਕ ਡੀ. ਐਸ. ਪੀ. ਨਾਲ ਹੋਈ ਤੂੰ-ਤੂੰ, ਮੈਂ-ਮੈਂ ਦੀ ਆਡੀਉ ਅਤਿਅੰਤ ਵਾਇਰਲ ਹੋਈ ਸੀ। ਪਤਾ ਨਹੀਂ ਉਹ ਆਡੀਉ ਸਹੀ ਸੀ ਜਾਂ ਜਾਅਲੀ, ਪਰ ਉਸ ਵਿੱਚ ਉਹ ਕਿਸੇ ਬਦਮਾਸ਼ ਵਰਗੀ ਭਾਸ਼ਾ ਵਰਤਦੇ ਹੋਏ ਉਸ ਡੀ.ਐਸ.ਪੀ. ਨੂੰ ਪਾਨ ਸੁਪਾਰੀ ਵਾਂਗ ਚਿੱਥ ਦੇਣ ਦੀਆਂ ਧਮਕੀਆਂ ਦੇ ਰਿਹਾ ਸੀ।

    ਜਦੋਂ ਡੀ. ਐਸ. ਪੀ. ਨਿਮਰਤਾ ਨਾਲ ਬੇਨਤੀ ਕਰਦਾ ਹੈ ਕਿ ਉਹ ਇਹ ਕੰਮ ਮਾਣਯੋਗ ਹਾਈਕੋਰਟ ਦੇ ਹੁਕਮਾਂ ਨਾਲ ਕਰ ਰਿਹਾ ਹੈ ਤਾਂ ਅੱਗੋਂ ਤਾਕਤ ਦੇ ਨਸ਼ੇ ਵਿੱਚ ਅੰਨ੍ਹਾ ਹੋਇਆ ਮੰਤਰੀ ਭੜਕਦਾ ਹੈ ਕਿ ਮੈਂ ਨਹੀਂ ਮੰਨਦਾ ਕਿਸੇ ਕੋਰਟ-ਕੂਰਟ ਨੂੰ। ਜਾ, ਜਾ ਕੇ ਹਾਈ ਕੋਰਟ ਨੂੰ ਕਹਿ ਦੇ ਮੰਤਰੀ ਨੇ ਕੰਮ ਬੰਦ ਕਰਨ ਲਈ ਕਿਹਾ ਹੈ। ਮੰਤਰੀ ਦੇ ਖਿਲਾਫ ਕੋਈ ਕਾਰਵਾਈ ਹੋਣ ਦੀ ਬਜਾਏ ਇਸ ਆਡੀਉ ਦਾ ਸਗੋਂ ਉਲਟਾ ਅਸਰ ਹੋਇਆ ਸੀ। ਮਾਣਯੋਗ ਹਾਈ ਕੋਰਟ ਨੂੰ ਚੈਲੇਂਜ ਕਰਨ ਵਾਲਾ ਮੰਤਰੀ ਤਾਂ ਮੰਤਰੀ ਹੀ ਰਿਹਾ, ਪਰ ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨ ਵਾਲੇ ਡੀ. ਐਸ. ਪੀ. ਨੂੰ ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ ਡਿਸਮਿਸ ਕਰ ਦਿੱਤਾ ਗਿਆ ਸੀ।

    ਹੁਣ ਜਦੋਂ ਉਸ ਸਾਬਕਾ ਮੰਤਰੀ ਨੂੰ ਵਿਜ਼ੀਲੈਂਸ ਦਾ ਡਰ ਸਤਾ ਰਿਹਾ ਹੈ ਤਾਂ ਉਹ ਉਸ ਹੀ ਮਾਣਯੋਗ ਹਾਈ ਕੋਰਟ ਦੇ ਚਰਨਾਂ ਵਿੱਚ ਜਾ ਢੇਰੀ ਹੋਇਆ ਹੈ, ਜਿਸ ਨੂੰ ਕੁਝ ਵੀ ਨਾ ਸਮਝਣ ਦੀਆਂ ਉਹ ਬਾਂਦਰ ਭਬਕੀਆਂ ਮਾਰਦਾ ਸੀ।

    ਪੰਡੋਰੀ ਸਿੱਧਵਾਂ
    ਮੋ. 95011-00062

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here