ਅੱਜ-ਕੱਲ੍ਹ ਜੇਕਰ ਵੇਖਿਆ ਜਾਵੇ ਤਾਂ ਜ਼ਿਆਦਾਤਰ ਬੱਚੇ ਆਈਲੈੱਟਸ ਕਰਨ ਉਪਰੰਤ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਦੇ ਨਾਲ -ਨਾਲ ਉੱਥੇ ਰੁਜਗਾਰ ਪ੍ਰਾਪਤ ਕਰਨਾ ਪਸੰਦ ਕਰਦੇ ਹਨ । ਜੇਕਰ ਆਸੇ-ਪਾਸੇ ਝਾਤ ਮਾਰੀਏ ਤਾਂ ਪੰਜਾਬ ਭਰ ਦੇ ਹਰੇਕ ਵੱਡੇ ਅਤੇ ਛੋਟੇ ਸ਼ਹਿਰ ਵਿੱਚ ਆਈਲੈੱਟਸ ਸੈਂਟਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਹਾਣੀ ਬਣਾਉਣਾ ਅੱਜ-ਕੱਲ੍ਹ ਹਰੇਕ ਖੇਤਰ ਵਿੱਚ ਬਹੁਤ ਅਹਿਮ ਤੇ ਲਾਜ਼ਮੀ ਹੋ ਗਿਆ ਹੈ।
ਦਸਵੀਂ ਕਲਾਸ ਤੋਂ ਬਾਅਦ ਹੀ ਮਾਪਿਆਂ ਨੂੰ ਇਹ ਫ਼ਿਕਰ ਹੋਣ ਲੱਗ ਜਾਂਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਕਿਸ ਖੇਤਰ ਦੀ ਚੋਣ ਕਰੀਏ ਮੈਡੀਕਲ, ਨਾਨ ਮੈਡੀਕਲ, ਕਾਮਰਸ ,ਆਰਟਸ ਵੱਖ -ਵੱਖ ਵਿਸ਼ਿਆਂ ਦੀ ਚੋਣ ਕਰਦੇ ਕਿਤੇ ਨਾ ਕਿਤੇ ਉਹ ਵਿਦੇਸ਼ਾਂ ਵਿੱਚ ਆਪਣੇ ਬੱਚਿਆਂ ਦੀ ਪੜ੍ਹਾਈ ਵੱਲ ਉਨ੍ਹਾਂ ਦਾ ਭਵਿੱਖ ਵੇਖਣ ਲੱਗਦੇ ਹਨ।
ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਬੱਚਿਆਂ ਨੂੰ ਪ੍ਰਾਇਮਰੀ ਕਾਡਰ ਤੋਂ ਹੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵੱਲ ਪ੍ਰੇਰਿਤ ਕਰਨਾ ਬਣਦਾ ਹੈ ਆਮ ਗਿਆਨ ਦੇ ਸਵਾਲ, ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਆਮ ਬਾਰੇ ਜਾਣਕਾਰੀ, ਬੱਚਿਆਂ ਨੂੰ ਅਖ਼ਬਾਰਾਂ ਅਤੇ ਟੈਲੀਵਿਜ਼ਨ ’ਤੇ ਆ ਰਹੀਆਂ ਖ਼ਬਰਾਂ ਦੇ ਨਾਲ ਜੋੜਨਾ ਬਹੁਤ ਲਾਜ਼ਮੀ ਹੈ। ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਵੀ ਬੱਚਿਆਂ ਦੇ ਹੌਂਸਲੇ ਨੂੰ ਮਜਬੂਤ ਕਰਦਾ ਹੈ। ਸਾਇੰਸ, ਗਣਿਤ ਮੈਂਟਲ ਐਬਲਿਟੀ ਵੱਲ ਵੀ ਬੱਚਿਆਂ ਨੂੰ ਪ੍ਰਾਇਮਰੀ ਕਾਡਰ ਤੋਂ ਹੀ ਜੋੜਨਾ ਬਣਦਾ ਹੈ।
ਦਸਵੀਂ ਕਲਾਸ ਪਾਸ ਕਰਨ ਤੋਂ ਬਾਅਦ ਕਈ ਖੇਤਰਾਂ ਵਿਚ ਬੱਚੇ ਆਪਣਾ ਭਵਿੱਖ ਅਜ਼ਮਾਉਣ ਦੀ ਕੋਸ਼ਿਸ਼ ਕਰਦੇ ਹਨ ਬਹੁਤੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਪੜ੍ਹੇ ਵਿਦਿਆਰਥੀ ਆਈ ਟੀ ਆਈ ਦੇ ਵੱਖ-ਵੱਖ ਕੋਰਸਾਂ, ਜਿਸ ਵਿੱਚ ਇਲੈਕਟ੍ਰੀਸ਼ਨ, ਮੋਟਰ ਮਕੈਨਿਕ, ਫਿਟਰ, ਵੈਲਡਰ ਟਰੈਕਟਰ ਮਕੈਨਿਕ, ਫਰਿੱਜ ਅਤੇ ਰੈਫਰੀਜਰੇਟਰ, ਸਟੈਨੋ ਸਿਲਾਈ-ਕਢਾਈ ਸ਼ਾਰਟਹੈਂਡ ਆਦਿ ਨੂੰ ਤਰਜੀਹ ਦਿੰਦੇ ਹਨ ਕਿਉਂਕਿ ਬਹੁਤੀਆਂ ਸਰਕਾਰੀ ਨੌਕਰੀਆਂ ਵਿੱਚ ਇਨ੍ਹਾਂ ਟਰੇਡਾਂ ਦੀ ਜਰੂਰਤ ਹੁੰਦੀ ਹੈ।
ਦੂਸਰਾ ਵਿਦਿਆਰਥੀ ਵੀ ਸੋਚਦੇ ਹਨ ਜਿਨ੍ਹਾਂ ਟਰੇਡਾਂ ਨੂੰ ਕਰਨ ਉਪਰੰਤ ਉਹ ਘੱਟੋ- ਘੱਟ ਆਪਣੇ ਗੁਜ਼ਾਰੇ ਲਈ ਕੋਈ ਨਾ ਕੋਈ ਕੰਮ ਤਾਂ ਚਲਾ ਸਕਦੇ ਹਨ । ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਸਰਕਾਰੀ ਆਈ ਟੀ ਵਿੱਚ ਦਾਖਲੇ ਦੀ ਪ੍ਰੀਖਿਆ ਲਈ ਅਸੀਂ ਤਿਆਰੀ ਕਿਵੇਂ ਕਰੀਏ? ਜੇਕਰ ਅਸੀਂ ਆਈ ਟੀ ਆਈ ਦੇ ਕੋਰਸਾਂ ਵੱਲ ਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਨੌਵੀਂ-ਦਸਵੀਂ ਤੋਂ ਹੀ ਉਸ ਪ੍ਰੀਖਿਆ ਦੀ ਤਿਆਰੀ ਆਰੰਭ ਕਰਨੀ ਪਵੇਗੀ ਅਤੇ ਸਾਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਹਾਣੀ ਬਣਨਾ ਪਵੇਗਾ।
ਬਾਰ੍ਹਵੀਂ ਕਲਾਸ ਪਾਸ ਕਰਨ ਉਪਰੰਤ ਵੀ ਬਹੁਤੇ ਕੋਰਸ ਅਜਿਹੇ ਹਨ ਜਿਨ੍ਹਾਂ ਵਿੱਚ ਦਾਖ਼ਲੇ ਲਈ ਪਹਿਲਾਂ ਹੀ ਟੈਸਟ ਜਾਂ ਬਾਰ੍ਹਵੀਂ ਕਲਾਸ ਦੀ ਮੈਰਿਟ ਨੂੰ ਆਧਾਰ ਬਣਾਇਆ ਜਾਂਦਾ ਹੈ ਬਾਰ੍ਹਵੀਂ ਕਲਾਸ ਪਾਸ ਕਰਨ ਉਪਰੰਤ ਅਸੀਂ ਜੇਕਰ ਅਧਿਆਪਨ ਕਿੱਤਾ ਪਸੰਦ ਕਰਦੇ ਹਾਂ ਤਾਂ ਅਸੀਂ ਐੱਨ ਟੀ ਟੀ , ਈ ਟੀ ਟੀ, ਡਿਪਲੋਮਾ ਆਰਟ ਕਰਾਫਟ ਜਾਂ ਲਾਇਬ੍ਰੇਰੀਅਨ ਦਾ ਡਿਪਲੋਮਾ ਵੀ ਕਰ ਸਕਦੇ ਹਾਂ।
ਬਾਰ੍ਹਵੀਂ ਜਮਾਤ ਪਾਸ ਕਰਨ ਉਪਰੰਤ ਪੰਜਾਬ ਪੁਲਿਸ, ਆਰਮੀ ਜਾਂ ਹੋਰ ਵੱਖ-ਵੱਖ ਅਸਾਮੀਆਂ ਵਾਸਤੇ ਵੀ ਅਪਲਾਈ ਕਰ ਸਕਦੇ ਹਾਂ ਜਿਸ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਬਹੁਤ ਅਹਿਮੀਅਤ ਅੱਜ-ਕੱਲ੍ਹ ਬਣ ਗਈ ਹੈ ਕਿਉਂਕਿ ਹੁਣ ਸਭ ਤੋਂ ਪਹਿਲਾਂ ਮੁਕਾਬਲੇ ਦੀ ਪ੍ਰੀਖਿਆ ਹੁੰਦੀ ਹੈ। ਉਸ ਤੋਂ ਬਾਅਦ ਹੀ ਫਿਜ਼ੀਕਲ ਮਾਪਦੰਡ ਤੈਅ ਹੁੰਦੇ ਹਨ। ਜਿਹੜੇ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚੋਂ ਟਾਪ ਕਰਦੇ ਹਨ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਅੱਗੇ ਫਿਜੀਕਲ ਅਤੇ ਮੈਡੀਕਲ ਲਈ ਸੱਦਿਆ ਜਾਂਦਾ ਹੈ। ਸੋ ਆਓ! ਆਪਾਂ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੇ ਹਾਣੀ ਬਣਾਈਏ ਤਾਂ ਜੋ ਅਸੀਂ ਉਨ੍ਹਾਂ ਲਈ ਸੁਨਹਿਰਾ ਭਵਿੱਖ ਚੁਣ ਸਕੀਏ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ