ਪੇਪਰਾਂ ਦੀ ਤਿਆਰੀ ਕਿਵੇਂ ਕਰੀਏ? (pepran di tyari kiven kariye)
ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਇਮਤਿਹਾਨ ਸ਼ੁਰੂ ਹੋਣ ਵਾਲੇ ਹੁੰਦੇ ਹਨ ਤਾਂ ਵਿਦਿਆਰਥੀਆਂ ਨੂੰ ਸਿਲੇਬਸ ਪੂਰਾ ਤਿਆਰ ਕਰਨ ’ਚ ਬਹੁਤ ਸਮੱਸਿਆ ਆਉਂਦੀ ਹੈ। ਇਹ ਸਮੱਸਿਆ ਖ਼ਾਸ ਕਰਕੇ ਉਨ੍ਹਾਂ ਬੱਚਿਆਂ ਨੂੰ ਆਉਂਦੀ ਹੈ, ਜਿਹੜੇ ਸਾਰਾ ਸਾਲ ਕੁਝ ਨਹੀ ਪੜ੍ਹਦੇ। ਫਿਰ ਉਹ ਇੰਟਰਨੈੱਟ ਤੋਂ ਅਜਿਹੇ ਸਵਾਲਾਂ ਦੇ ਉੱਤਰ ਲੱਭਦੇ ਹਨ ਕਿ ਇਕ ਜਾਂ ਦੋ ਮਹੀਨਿਆਂ ’ਚ ਪੇਪਰਾਂ ਦੀ ਤਿਆਰੀ ਕਿਵੇਂ ਕਰੀਏ। ਕਈ ਬੱਚੇ ਤਾਂ ਅਜਿਹੇ ਹੁੰਦੇ ਹਨ, ਜੋ ਉਸ ਸਮੇਂ ਪੜ੍ਹਾਈ ਸ਼ੁਰੂ ਕਰਦੇ ਹਨ ਜਦੋਂ ਉਨ੍ਹਾਂ ਨੂੰ ਲੱਗਣ ਲਗਦਾ ਹੈ ਕਿ ਹੁਣ ਤਾਂ ਪੜ੍ਹਨ ਤੋਂ ਬਿਨਾਂ ਕੋਈ ਚਾਰਾ ਨਹੀਂ। ਇਹ ਗੱਲ ਬਿਲਕੁਲ ਗ਼ਲਤ ਹੈ ਕਿਉਂਕਿ ਇੰਨਾ ਜ਼ਿਆਦਾ ਸਿਲੇਬਸ ਹੋਣ ਕਰਕੇ ਇਸ ਨੂੰ ਕੁਝ ਦਿਨਾਂ ਵਿਚ ਪੂਰਾ ਨਹੀਂ ਕੀਤਾ ਜਾ ਸਕਦਾ।
How to Prepare for Exams
ਇਸ ਲਈ ਸਾਰਾ ਸਾਲ ਜੋ ਵੀ ਕਲਾਸ ’ਚ ਕਰਵਾਇਆ ਜਾਂਦਾ ਹੈ, ਉਸ ਦੀ ਤਿਆਰੀ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਪੇਪਰਾਂ ’ਚ ਕੋਈ ਪਰੇਸ਼ਾਨੀ ਨਾ ਆਵੇ। ਕਦੇ ਇਹ ਨਾ ਸੋਚੋ ਕਿ ਪੇਪਰਾਂ ਦੇ ਨੇੜੇ ਪੜ੍ਹ ਲਵਾਂਗੇ। ਵੈਸੇ ਨਵਾਂ ਸਾਲ ਵਿਦਿਆਰਥੀਆਂ ਲਈ ਇਕ ਅਲਾਰਮ ਦੀ ਤਰ੍ਹਾਂ ਕੰਮ ਕਰਦਾ ਹੈ ਕਿ ਬੱਚਿਓ ਜਾਗ ਜਾਓ, ਹੁਣ ਤੁਹਾਡੇ ਇਮਤਿਹਾਨ ਨੇੜੇ ਆ ਗਏ ਹਨ। ਜਾਣਦੇ ਹਾਂ ਉਨ੍ਹਾਂ ਤਰੀਕਿਆਂ ਬਾਰੇ, ਜਿਨ੍ਹਾਂ ਨਾਲ ਤੁਸੀਂ ਘੱਟ ਸਮੇਂ ਵਿਚ ਜ਼ਿਆਦਾ ਪੜ੍ਹਾਈ ਕਰ ਸਕਦੇ ਹੋ।
ਸਮਾਂ ਸਾਰਨੀ ਬਣਾ ਕੇ ਪੜ੍ਹੋ (pepran di tyari kiven kariye)
ਸਭ ਤੋਂ ਮਹੱਤਵਪੂਰਨ ਗੱਲ ਜੋ ਧਿਆਨ ’ਚ ਰੱਖਣ ਵਾਲੀ ਹੁੰਦੀ ਹੈ, ਉਹ ਹੈ ਸਮਾਂ ਸਾਰਨੀ। ਸਮਾਂ ਸਾਰਨੀ ਸੌਖਾ ਰਸਤਾ ਹੈ, ਜੋ ਤੁਹਾਨੂੰ ਪੜ੍ਹਨ ਲਈ ਸਮੇਂ ਦੀ ਸਹੀਂ ਵਰਤੋਂ ਕਰਨ ’ਚ ਸਹਾਇਤਾ ਕਰਦਾ ਹੈ। ਇੱਥੇ ਇਹ ਜ਼ਰੂਰੀ ਹੈ ਕਿ ਹਰ ਵਿਦਿਆਰਥੀ ਨੂੰ ਆਪਣੀ ਨਿੱਜੀ ਸਮਾਂ ਸਰਾਨੀ ਬਣਾ ਲੈਣੀ ਚਾਹੀਦੀ ਹੈ। ਹੋ ਸਕੇ ਤਾਂ ਇਸ ਨੂੰ ਆਪਣੇ ਕਮਰੇ ਵਿਚ ਦੀਵਾਰ ਉਤੇ ਚਿਪਕਾ ਲੈਣਾ ਚਾਹੀਦਾ ਹੈ। ਸਮਾਂ ਸਾਰਨੀ ਅਜਿਹੀ ਹੋਵੇ, ਜਿਸ ’ਚ ਤੁਹਾਡੀਆਂ ਨਿੱਜੀ ਜ਼ਿੰਮੇਵਾਰੀਆ ਨੂੰ ਵੀ ਜਗ੍ਹਾ ਮਿਲ ਸਕੇ ਤੇ ਤੁਹਾਨੂੰ ਇਸ ਅਨੁਸਾਰ ਕੰਮ ਕਰਨ ਵਿੱਚ ਕੋਈ ਪਰੇਸ਼ਾਨੀ ਨਾ ਆਵੇ। ਜੋ ਕੁਝ ਵੀ ਤੁਸੀ ਰੋਜ਼ਾਨਾ ਜ਼ਿੰਦਗੀ ਵਿਚ ਕਰਦੇ ਹੋ। ਉਸ ਨੂੰ ਧਿਆਨ ਵਿਚ ਰੱਖ ਕੇ ਸਮਾਂ ਸਾਰਨੀ ਤਿਆਰ ਕਰੋ।
ਸਵੇਰ ਦਾ ਸਮਾਂ ਹੈ ਉਚਿਤ (pepran di tyari kiven kariye)
ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਜੋ ਵੀ ਸਮੱਗਰੀ ਤੁਹਾਡੇ ਕੋਲ ਮੁਹੱਈਆ ਹੈ, ਉਸ ਨੂੰ ਇਕ ਥਾਂ ’ਤੇ ਇਕੱਠੀ ਕਰ ਕੇ ਰੱਖ ਲਉ। ਇਸ ਤੋਂ ਬਾਅਦ ਤੁਸੀਂ ਅਜਿਹੇ ਸਮਂੇ ਦੀ ਚੋਣ ਕਰਨੀ ਹੈ, ਜਦੋਂ ਤੁਸੀਂ ਸਿਰਫ਼ ਪੜ੍ਹਾਈ ’ਤੇ ਹੀ ਆਪਣਾ ਧਿਆਨ ਕਂੇਦਰਿਤ ਕਰ ਸਕੋ। ਵੈਸੇ ਤਾਂ ਸਵੇਰ ਦਾ ਸਮਾਂ ਪੜ੍ਹਨ ਲਈ ਸਭ ਤੋਂ ਉਚਿਤ ਹੈ ਕਿਉਂਕਿ ਉਸ ਸਮੇਂ ਪੜ੍ਹਿਆ ਹੋਇਆ ਜਲਦੀ ਯਾਦ ਹੋ ਜਾਂਦਾ ਹੈ ਪਰ ਜੋ ਵੀ ਸਮਾਂ ਤੁਹਾਨੂੰ ਸਹੀ ਤੇ ਢੁੱਕਵਾਂ ਲੱਗਦਾ ਹੈ, ਉਸੇ ਨੂੰ ਪਹਿਲ ਦਿਉ।
ਸੋਸ਼ਲ ਮੀਡੀਆ ਤੋਂ ਬਣਾ ਕੇ ਰੱਖੋ ਦੂਰੀ (How to Prepare for Exams)
ਕੁਝ ਵਿਦਿਆਰਥੀ ਅਜਿਹੇ ਹੁੰਦੇ ਹਨ, ਜਿਨ੍ਹਾਂ ਦਾ ਪੜ੍ਹਾਈ ਵਿੱਚ ਜ਼ਰਾ ਵੀ ਮਨ ਨਹੀਂ ਲੱਗਦਾ। ਅੱਜ-ਕੱਲ੍ਹ ਦੇ ਸਮੇਂ ਵਿੱਚ ਇਸ ਦਾ ਕਾਰਨ ਸੋਸ਼ਲ ਵੈੱਬਸਾਈਟਾਂ, ਮੋਬਾਈਲ ’ਤੇ ਵੀਡੀਓਜ਼ ਦੇਖਣਾ, ਆਨਲਾਈਨ ਗੇਮਾਂ ਆਦਿ ਵੀ ਹੋ ਸਕਦੀਆਂ ਹਨ। ਇਸ ਲਈ ਪੜ੍ਹਾਈ ਲਈ ਅਨੁਕੂਲ ਵਾਤਾਵਰਨ ਬਣਾਉਣਾ ਜ਼ਰੂਰੀ ਹੈ। ਅਜਿਹੇ ’ਚ ਜ਼ਰੂਰੀ ਹੈ ਕਿ ਕੁਝ ਸਮੇਂ ਲਈ ਇਨ੍ਹਾਂ ਸੋਸ਼ਲ ਸਾਈਟਾਂ ਤੋਂ ਦੂਰੀ ਬਣਾ ਕੇ ਸ਼ਾਂਤਮਈ ਮਾਹੌਲ ਵਿਚ ਪੜ੍ਹਨਾ ਚਾਹੀਦਾ ਹੈ। ਪਰਿਵਾਰ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਜੇ ਬੱਚਾ ਪੜ੍ਹ ਰਿਹਾ ਹੈ ਤਾਂ ਵਾਰ-ਵਾਰ ਉਸ ਦੇ ਕਮਰੇ ਵਿਚ ਨਾ ਜਾਣ।
ਪੜ੍ਹਨ ਦੌਰਾਨ ਕੁਝ ਮਿੰਟ ਕਰੋ ਆਰਾਮ
ਪੜ੍ਹਨ ਸਮੇਂ ਵਿਚਾਲੇ ਬ੍ਰੇਕ ਵੀ ਜ਼ਰੂਰੀ ਹੈ ਕਿਉਂਕਿ ਤੁਸੀਂ ਕੋਈ ਰੋਬੋਟ ਨਹੀਂ ਹੋ ਕਿ ਕਈ ਘੰਟੇ ਬਿਨਾਂ ਆਰਾਮ ਤੋਂ ਪੜ੍ਹਦੇ ਰਹੋ। ਮਾਹਿਰਾਂ ਦੀ ਮੰਨੀਏ ਤਾਂ 45 ਮਿੰਟ ਪੜ੍ਹਨ ਤੋਂ ਬਾਅਦ 10-15 ਮਿੰਟ ਦੀ ਬ੍ਰੇਕ ਜ਼ਰੂਰੀ ਹੈ। ਜੇ ਵਾਰ-ਵਾਰ ਪੜ੍ਹਨ ’ਤੇ ਵੀ ਤੁਹਾਨੂੰ ਕੁਝ ਗੱਲਾਂ ਸਮਝ ਨਹੀਂ ਆ ਰਹੀਆਂ ਤਾਂ ਆਪਣੇ ਅਧਿਆਪਕ ਜਾਂ ਸਹਿਪਾਠੀ ਦੀ ਮਦਦ ਲੈ ਸਕਦੇ ਹੋ। ਪੜ੍ਹਨ ਸਮੇਂ ਇਹ ਨਾ ਸੋਚੋ ਕਿ ਇਹ ਵਿਸ਼ਾ ਬਹੁਤ ਔਖਾ ਹੈ, ਮੈਂ ਇਸ ਨੂੰ ਨਹੀਂ ਪੜ੍ਹ ਸਕਾਂਗਾ ਤਾਂ ਉਸ ਨੂੰ ਛੱਡ ਦਿਉ ਸਗੋਂ ਚੰਗੇ ਨੰਬਰ ਲੈਣ ਲਈ ਮਨ ਲਗਾ ਕੇ ਪੜੋ੍ਹ।
ਖ਼ੁਦ ਨੂੰ ਕਰੋ ਸਵਾਲ | pepran di tyari kiven kariye
ਕੋਈ ਵੀ ਪਾਠ ਰਟਣ ਦੀ ਬਜਾਏ ਉਸ ਨੂੰ ਸਮਝਣ ਦਾ ਯਤਨ ਕਰੋ, ਤਾਂ ਜੋ ਉਹ ਤੁਹਾਡੇ ਦਿਮਾਗ਼ ਵਿੱਚੋਂ ਨਾ ਨਿਕਲੇ। ਕਦੇ ਵੀ ਪੈ ਕੇ ਨਾ ਪੜੋ੍ਹ ਕਿਉਂਕਿ ਇਸ ਤਰ੍ਹਾਂ ਤੁਸੀਂ ਪੜੋ੍ਹਗੇ ਘੱਟ ਤੇ ਸੌਂਵੋਗੇ ਜ਼ਿਆਦਾ। ਅਖ਼ੀਰਲੇ ਦਿਨਾਂ ਵਿਚ ਨਵਾਂ ਪੜ੍ਹਨ ਦੀ ਬਜਾਏ ਦੁਹਰਾਈ ’ਤੇ ਧਿਆਨ ਦਿਉ। ਜੇ ਕੋਈ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ਤਾਂ ਉਸ ਨੂੰ ਆਪਣੀ ਕਾਪੀ ਵਿਚ ਲਿਖ ਕੇ ਅੰਡਰਲਾਈਨ ਕਰੋ। ਵੱਖ-ਵੱਖ ਮਾਡਲ ਟੈਸਟ ਪੇਪਰਾਂ ਨੂੰ ਹੱਲ ਕਰੋ। ਖ਼ੁਦ ਨੂੰ ਸਵਾਲ ਕਰੋ ਕਿ ਜਿਸ ਟੀਚੇ ਨੂੰ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਓਨੀ ਮਿਹਨਤ ਤੁਸੀਂ ਕਰ ਰਹੇ ਹੋ। ਜੇ ਨਹੀਂ ਤਾ ਅਜਿਹਾ ਕਿਉਂ?
ਸਿਹਤ ਦਾ ਰੱਖੋ ਖ਼ਿਆਲ (How to Prepare for Exams)
ਪੇਪਰਾਂ ਦੌਰਾਨ ਆਪਣੀ ਸਿਹਤ ਦਾ ਵੀ ਖ਼ਾਸ ਖਿਆਲ ਰੱਖੋ। ਕਿਸੇ ਤਰ੍ਹਾਂ ਦੇ ਤਣਾਅ ਤੋਂ ਦੂਰ ਰਹੋ। 7-8 ਘੰਟੇ ਦੀ ਨੀਂਦ ਬਹੁਤ ਜ਼ਰੂਰੀ ਹੈ ਕਿਉਂਕਿ ਥੱਕੇ ਹੋਏ ਸਰੀਰ ਨਾਲ ਪੜ੍ਹਾਈ ਵਿਚ ਵੀ ਮਨ ਨਹੀਂ ਲਗਦਾ। ਇਮਤਿਹਾਨ ਵਿਚ ਔਖੇ ਪ੍ਰਸ਼ਨਾਂ ਉਤੇ ਸਮਾਂ ਖ਼ਰਾਬ ਨਾ ਕਰੋ। ਜੋ ਪ੍ਰਸ਼ਨ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਹਨ, ਉਨ੍ਹਾਂ ਨੂੰ ਪਹਿਲਾਂ ਕਰੋ। ਮਾਨਸਿਕ ਤੌਰ ’ਤੇ ਵੀ ਖ਼ੁਦ ਨੂੰ ਤਿਆਰ ਰੱਖੋ ਕਿ ਜੇ ਪੇਪਰ ਵਿਚ ਕੁਝ ਸਿਲੇਬਸ ਤੋਂ ਬਾਹਰੋਂ ਆ ਜਾਵੇ ਜਾਂ ਫਿਰ ਪੜ੍ਹਿਆ ਹੋਇਆ ਯਾਦ ਨਾ ਆਵੇ ਤਾਂ ਤੁਸੀਂ ਘਬਰਾਉਣ ਦੀ ਬਜਾਏ ਕਿਸ ਤਰ੍ਹਾਂ ਹੱਲ ਕਰਨਾ ਹੈ।
ਔਖੇ ਵਿਸ਼ੇ ਨੂੰ ਦਿਉ ਵੱਧ ਸਮਾਂ
ਸਕੂਲ ’ਚ ਤਾਂ ਹਰ ਵਿਸ਼ੇ ਲਈ ਬਰਾਬਰ ਸਮਾਂ ਮਿਲਦਾ ਹੈ, ਚਾਹੇ ਤੁਹਾਨੂੰ ਸੌਖਾ ਲੱਗੇ ਜਾਂ ਔਖਾ ਪਰ ਘਰ ’ਚ ਤੁਸੀ ਉਸ ਵਿਸ਼ੇ ਨੂੰ ਵੱਧ ਸਮਾਂ ਦੇ ਸਕਦੇ ਹੋ, ਜਿਸ ’ਚ ਤੁਹਾਨੂੰ ਲੱਗਦਾ ਹੈ ਕਿ ਇਸ ਵਿਚ ਤੁਹਾਨੰੂ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੈ। ਕਈ ਵਾਰ ਵੇਖਣ ’ਚ ਆਉਂਦਾ ਹੈ, ਜਦੋਂ ਇਮਤਿਹਾਨ ਨਜ਼ਦੀਕ ਆ ਰਹੇ ਹੁੰਦੇ ਹਨ ਤਾਂ ਕਈ ਬੱਚੇ ਖਾਣਾ-ਪੀਣਾ ਵੀ ਛੱਡ ਦਿੰਦੇ ਹਨ। ਉਨ੍ਹਾਂ ਨੂੰ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ ਕਿੳਂੁਕਿ ਅਜਿਹਾ ਕਰਨ ਨਾਲ ਤੁਹਡੀ ਸਿਹਤ ਖ਼ਰਾਬ ਹੋ ਸਕਦੀ ਹੈ। ਜੇ ਤੁਸੀਂ ਬਿਮਾਰ ਪੈ ਜਾਓਗੇ ਤਾਂ ਫਿਰ ਇਮਤਿਹਾਨਾਂ ਦੀ ਤਿਆਰੀ ਵੀ ਚੰਗੀ ਤਰ੍ਹਾਂ ਨਹੀਂ ਕਰ ਸਕੋਗੇ।
ਪ੍ਰੀਖਿਆਵਾਂ ਤੋਂ ਨਾ ਘਬਰਾਓ (How to Prepare for Exams)
ਸਾਨੂੰ ਹਮੇਸ਼ਾ ਪ੍ਰੀਖਿਆ ਦਾ ਉਦੇਸ਼ ਸਮਝਣਾ ਚਾਹੀਦਾ ਹੈ। ਇਹ ਸਿਰਫ਼ ਇਕ ਮਾਪਦੰਡ ਹੁੰਦਾ ਹੈ, ਜਿਸ ਨਾਲ ਅਸੀਂ ਆਪਣੀ ਤਿਆਰੀ ਦੀ ਪਰਖ ਕਰ ਸਕਦੇ ਹਾਂ। ਇਹ ਕੋਈ ਜ਼ਿੰਦਗੀ ਦੀ ਆਖ਼ਰੀ ਪ੍ਰੀਖਿਆ ਨਹੀਂ ਹੁੰਦੀ। ਇਮਤਿਹਾਨਾਂ ਤੋਂ ਘਬਰਾਉਣਾ ਨਹੀਂ ਚਾਹੀਦਾ। ਜੇਕਰ ਧਿਆਨ ਨਾਲ ਪੜੋ੍ਹਗੇ ਤਾਂ ਤੁਸੀਂ ਕਦੇ ਫੇਲ੍ਹ ਨਹੀਂ ਹੋ ਸਕਦੇ ਤੇ ਘੱਟ ਸਮੇਂ ਵਿਚ ਵੀ ਵਧੀਆ ਸਿਲੇਬਸ ਦੀ ਤਿਆਰੀ ਕਰ ਕੇ ਚੰਗੇ ਨੰਬਰ ਲੈ ਕੇ ਪਾਸ ਹੋ ਸਕਦੇ ਹੋ। ਹਮੇਸ਼ਾ ਇਕ ਗੱਲ ਯਾਦ ਰੱਖਿਓ ਕਿ ਜਿੰਨਾ ਔਖਾ ਸੰਘਰਸ਼ ਹੋਵੇਗਾ, ਓਨੀ ਹੀ ਸ਼ਾਨਦਾਰ ਉਸ ਦੀ ਜਿੱਤ ਹੋਵੇਗੀ।
ਵਿਜੈ ਗਰਗ
ਰਿਟਾਇਰਡ ਪਿ੍ਰੰਸੀਪਲ ਐਜੂਕੇਸਨਲ ,
ਮਲੋਟ ਪੰਜਾਬ