ਚਿਹਰੇ ਦੇ ਮੁਹਾਸਿਆਂ (ਕਿੱਲਾਂ) ਤੋਂ ਪਾਓ ਛੁਟਕਾਰਾ | How to get rid of facial acne
ਕਿਸ਼ੋਰ ਅਵਸਥਾ ਦੀਆਂ ਮੁੱਖ ਪ੍ਰੇਸ਼ਾਨੀਆਂ ਵਿੱਚੋਂ ਇੱਕ ਹੈ ਚਿਹਰੇ ਦੀ ਖੂਬਸੂਰਤੀ ਨੂੰ ਵਿਗਾੜਨ ਵਾਲੇ ਕਿੱਲ। ਉਂਜ ਤਾਂ ਆਯੁਰਵੈਦ ਵਿੱਚ ਮੁਹਾਸਿਆਂ ਦਾ ਕਾਰਨ ਖੂਨ ਦਾ ਵਿਗਾੜ ਜਾਂ ਖੂਨ ’ਚ ਆਏ ਵਿਕਾਰ ਨੂੰ ਮੰਨਿਆ ਜਾਂਦਾ ਹੈ ਪਰ ਇਸ ਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ ਜਿਵੇਂ ਕਿਸੇ ਦਵਾਈ ਦਾ ਸਾਈਡ ਇਫੈਕਟ ਤੇ ਸਾਫ-ਸਫਾਈ ’ਤੇ ਪੂਰਾ ਧਿਆਨ ਨਾ ਦੇਣਾ ਆਦਿ। ਇਸ ਤੋਂ ਇਲਾਵਾ ਲੜਕੇ-ਲੜਕੀਆਂ ਦੇ ਸਰੀਰ ਵਿੱਚ ਅੰਦਰੂਨੀ ਤੇ ਬਾਹਰੀ ਬਦਲਾਅ, ਦੰਦਾਂ ਦੇ ਰੋਗ, ਖੂਨ ਦੀ ਕਮੀ, ਟੌਂਸਿਲ ਦੀ ਸਮੱਸਿਆ ਤੇ ਇਸਤਰੀ ਗ੍ਰੰਥੀਆਂ ਦੀ ਕਾਰਜ ਪ੍ਰਣਾਲੀ ਦੇ ਦੋਸ਼ ਵੀ ਮੁਹਾਸਿਆਂ ਲਈ ਜ਼ਿੰਮੇਵਾਰ ਹੁੰਦੇ ਹਨ।
How to get rid of facial acne
ਮੁਹਾਸਿਆਂ ਲਈ ਜ਼ਿੰਮੇਵਾਰ ਕੋਈ ਵੀ ਕਾਰਨ ਜੇਕਰ ਸਮਝ ਵਿੱਚ ਆਵੇ ਤਾਂ ਤੁਰੰਤ ਉਸ ਨੂੰ ਦੂਰ ਕਰਨ ਤਾ ਯਤਨ ਕਰਨਾ ਹੀ ਬਿਹਤਰ ਹੈ। ਮੁਹਾਸਿਆਂ ਨੂੰ ਪੁੱਟਣਾ ਜਾਂ ਖੁਰਚਣਾ ਨਹੀਂ ਚਾਹੀਦਾ। ਇਸ ਨਾਲ ਜ਼ਖ਼ਮ ਬਣ ਜਾਣ ਦਾ ਖਤਰਾ ਬਣਿਆ ਰਹਿੰਦਾ ਹੈ। ਬਜ਼ਾਰ ਵਿੱਚ ਵਿਕਣ ਵਾਲੀਆਂ ਕ੍ਰੀਮਾਂ ਦਾ ਪ੍ਰਯੋਗ ਬਿਨਾ ਡਾਕਟਰ ਦੀ ਸਲਾਹ ਦੇ ਕਰਨਾ ਖਤਰਨਾਕ ਹੋ ਸਕਦਾ ਹੈ। ਅਜਿਹੇ ਵਿੱਚ ਕੁਝ ਘਰੇਲੂ ਨੁਸਖ਼ੇ ਫਾਇਦਾ ਕਰ ਸਕਦੇ ਹਨ।
ਸੁਵਿਧਾ ਅਨੁਸਾਰ ਹੇਠ ਲਿਖੇ ਨੁਸਖਿਆਂ ਨੂੰ ਅਜ਼ਮਾਇਆ ਜਾ ਸਕਦਾ ਹੈ:-
- ਤੁਲਸੀ ਬਹੁਤ ਜ਼ਿਆਦਾ ਗੁਣਕਾਰੀ ਹੈ। ਜੇਕਰ ਤੁਲਸੀ ਦੇ ਪੱਤੇ ਉਪਲੱਬਧ ਹੋਣ ਤਾਂ ਇਨ੍ਹਾਂ ’ਚੋਂ ਥੋੜ੍ਹਾ ਜਿਹਾ ਰਸ ਨਿਚੋੜ ਲਓ ਤੇ ਉਨੀ ਹੀ ਮਾਤਰਾ ’ਚ ਨਿੰਬੂ ਦਾ ਰਸ ਮਿਲਾ ਕੇ ਚਿਹਰੇ ’ਤੇ ਲਾਓ। ਇਹ ਚਿਹਰੇ ਤੋਂ ਕਾਲੇ-ਧੱਬੇ, ਛਾਈਆਂ, ਮੁਹਾਸੇ ਬਗੈਰਾ ਨੂੰ ਸਾਫ ਕਰ ਦਿੰਦਾ ਹੈ।
- ਹਲਦੀ ਲਗਭਗ ਸਾਰਿਆਂ ਦੇ ਘਰ ਵਿੱਚ ਪਾਈ ਜਾਂਦੀ ਹੈ। ਇਸ ਵਿੱਚ ਥੋੜ੍ਹਾ ਕੱਥਾ (ਪਾਨ ਵਿੱਚ ਵਰਤਿਆ ਜਾਣ ਵਾਲਾ) ਮਿਲਾ ਕੇ ਪੇਸਟ ਬਣਾ ਕੇ ਮੁਹਾਸਿਆਂ ’ਤੇ ਲਾ ਲਓ। ਮੁਹਾਸੇ ਗਾਇਬ ਹੋ ਜਾਣਗੇ।
- ਪੁਦੀਨਾ ਜੇਕਰ ਉਪਲੱਬਧ ਹੈ ਤਾਂ ਇਸ ਦੇ ਰਸ ਨੂੰ ਸਵੇਰੇ-ਸ਼ਾਮ ਮੁਹਾਸਿਆਂ ’ਤੇ ਲਾਉਣ ਨਾਲ ਲਾਭ ਮਿਲਦਾ ਹੈ।
- ਪਪੀਤਾ ਨਾ ਸਿਰਫ ਪੇਟ ਦੀ ਚੰਗੀ ਤਰ੍ਹਾਂ ਸਫਾਈ ਕਰਦਾ ਹੈ ਸਗੋਂ ਜੇਕਰ ਪੱਕੇ ਪਪੀਤੇ ਦੇ ਟੁਕੜੇ ਨੂੰ ਚਿਹਰੇ ’ਤੇ ਰਗੜਿਆ ਜਾਵੇ ਤਾਂ ਚਿਹਰਾ ਚਮਕ ਉੱਠੇਗਾ।
- ਅਨਾਰ ਅਤੇ ਸੰਤਰੇ ਦੇ ਛਿਲਕਿਆਂ ਨੂੰ ਪੀਸ ਕੇ ਚਿਹਰੇ ’ਤੇ ਲਾਉਣ ਨਾਲ ਦਾਗ-ਧੱਬੇ ਸਾਫ ਹੋ ਜਾਂਦੇ ਹਨ।
- ਨਿੰਮ ਦੇ ਛਿਲਕੇ, ਜਾਮੁਨ ਦੀ ਗਿਟਕ ਵੀ ਮੁਹਾਸਿਆਂ ਤੋਂ ਛੁਟਕਾਰਾ ਦਵਾ ਸਕਦੇ ਹਨ। ਇਨ੍ਹਾਂ ਨੂੰ ਪਾਣੀ ’ਚ ਰਗੜ ਕੇ ਚਿਹਰੇ ’ਤੇ ਲਾਉਣ ਨਾਲ ਚਿਹਰਾ ਖਿੜ ਉੱਠੇਗਾ।
- ਕਿਹਾ ਜਾਂਦਾ ਹੈ ਕਿ ਸਾਰੀਆਂ ਬਿਮਾਰੀਆਂ ਦੀ ਜੜ੍ਹ ਪੇਟ ਹੈ। ਪੇਟ ਨੂੰ ਸਾਫ ਰੱਖਣਾ ਕਈ ਬਿਮਾਰੀਆਂ ਨੂੰ ਓਦਾਂ ਹੀ ਠੀਕ ਕਰ ਦਿੰਦਾ ਹੈ।
- ਆਂਵਲਾ ਪੌਸ਼ਟਿਕ ਫਲ ਹੈ। ਇਸ ਦੀ ਵਰਤੋਂ ਬਹੁਤ ਫਾਇਦਾ ਪਹੁੰਚਾਉਂਦੀ ਹੈ। ਕੱਚੇ ਆਂਵਲੇ ਨੂੰ ਮੁਰੱਬਾ ਬਣਾ ਕੇ ਜਾਂ ਹੋਰ ਤਰ੍ਹਾਂ ਖਾਧਾ ਜਾ ਸਕਦਾ ਹੈ। ਸੁੱਕੇ ਆਂਵਲੇ ਦੇ ਚੂਰਨ ਨੂੰ ਸ਼ਹਿਦ ਨਾਲ ਮਿਲਾ ਕੇ ਖਾਣਾ ਚੰਗਾ ਲੱਗਦਾ ਹੈ। ਸਵੇਰੇ ਖਾਲੀ ਪੇਟ ਆਂਵਲੇ ਦੀ ਵਰਤੋਂ ਮੂਹਾਸਿਆਂ ਤੋਂ ਵੀ ਛੁਟਕਾਰਾ ਦਵਾਉਂਦੀ ਹੈ।
- ਹਰੀਆਂ ਸਬਜ਼ੀਆਂ, ਸਲਾਦ, ਦੁੱਧ, ਦਹੀਂ, ਲੱਸੀ ਅਤੇ ਸੂਪ ਆਦਿ ਜ਼ਲਦੀ ਪਚਣ ਵਾਲਾ ਭੋਜਨ ਤਲੇ-ਭੁੱਜੇ ਭੋਜਨ ਦੇ ਮੁਕਾਬਲੇ ਜ਼ਿਆਦਾ ਵਧੀਆ ਹੁੰਦਾ ਹੈ।
- ਚਾਹ-ਕੌਫੀ ਨਾਲੋਂ ਜ਼ਿਆਦਾ ਪਾਣੀ ਪੀਣ ’ਤੇ ਧਿਆਨ ਦੇਣਾ ਫਾਇਦੇਮੰਦ ਹੁੰਦਾ ਹੈ।
- ਹਲਕੀ ਧੁੱਪ ਨਾਲ ਜਿੱਥੇ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ, ਉੱਥੇ ਹੀ ਚਮੜੀ ਦੇ ਕਈ ਰੋਗ ਵੀ ਖ਼ਤਮ ਹੋ ਜਾਂਦੇ ਹਨ।
-ਪੰਕਜ ਕੁਮਾਰ ਪੰਕਜ