ਪਰੰਪਰਾ ਕਿਵੇਂ ਜਨਮ ਲੈਂਦੀ ਹੈ
ਭਾਰਤ ਦੇ ਆਮ ਲੋਕਾਂ ਵਿੱਚ ’ਤੇ ਖਾਸ ਤੌਰ ’ਤੇ ਸੁਰੱਖਿਆ ਦਸਤਿਆਂ ਵਿੱਚ ਰੱਜ ਕੇ ਲਕੀਰ ਦੀ ਫਕੀਰੀ ਕੀਤੀ ਜਾਂਦੀ ਹੈ। ਜੇ ਇੱਕ ਵਾਰ ਕਿਸੇ ਅਫਸਰ ਨੇ ਕਿਤੇ ਗਾਰਦ ਲਾ ਦਿੱਤੀ, ਜਾਂ ਕਿਸੇ ਨੂੰ ਗੰਨਮੈਨ ਦੇ ਦਿੱਤੇ ਤਾਂ ਫਿਰ ਸਾਲਾਂ ਤੱਕ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਮਜੀਠੇ ਥਾਣੇ ਵਿੱਚ ਇੱਕ ਛੀਨਾ ਨਾਂਅ ਦਾ ਛੋਟਾ ਥਾਣੇਦਾਰ ਹੁੰਦਾ ਸੀ ਜਿਸ ਦਾ ਅਸਲ ਰੈਂਕ ਹੌਲਦਾਰ ਸੀ। ਕਈ ਸਾਲ ਪਹਿਲਾਂ ਅੱਤਵਾਦ ਦੌਰਾਨ ਉਸ ਦੇ ਏਰੀਆ ਦੇ ਡੀ.ਐਸ.ਪੀ. ਨੇ ਕਿਸੇ ਕੰਮ ਬਦਲੇ ਖੁਸ਼ ਹੋ ਕੇ ਉਸ ਨੂੰ ਲੋਕਲ ਰੈਂਕ ਥਾਣੇਦਾਰ ਬਣਾਉਣ ਲਈ ਸ਼ਿਫਾਰਸ਼ੀ ਚਿੱਠੀ ਲਿਖ ਕੇ ਐਸ. ਐਸ. ਪੀ. ਨੂੰ ਭੇਜ ਦਿੱਤੀ।
ਪਤਾ ਨਹੀਂ ਐਸ. ਐਸ. ਪੀ. ਨੇ ਅੱਗੇ ਡੀ. ਜੀ. ਪੀ. ਦਫਤਰ ਨੂੰ ਲਿਖ ਕੇ ਭੇਜਿਆ ਕਿ ਨਹੀਂ, ਮੁੱਕਦੀ ਗੱਲ ਛੀਨੇ ਨੂੰ ਰੈਂਕ ਨਾ ਮਿਲਿਆ। ਪਰ ਛੀਨੇ ਨੇ ਕਮਾਲ ਦੀ ਫੁਰਤੀ ਵਿਖਾਈ ਤੇ ਡੀ. ਐਸ. ਪੀ. ਦੀ ਸਿਫਾਰਸ਼ ਦੇ ਅਧਾਰ ’ਤੇ ਹੀ ਆਪਣੇ-ਆਪ ਸਟਾਰ ਲਾ ਕੇ ਏ. ਐਸ. ਆਈ. ਬਣ ਗਿਆ। ਰਿਟਾਇਰਮੈਂਟ ਤੱਕ ਉਸ ਨੂੰ ਕਿਸੇ ਨੇ ਨਾ ਪੁੱਛਿਆ ਕਿ ਉਹ ਕਿਸ ਆਰਡਰ ਅਨੁਸਾਰ ਥਾਣੇਦਾਰ ਦੀ ਵਰਦੀ ਪਾਈ ਫਿਰਦਾ ਹੈ! ਇਸ ਤਰ੍ਹਾਂ ਦੀਆਂ ਕਈ ਮਿਸਾਲਾਂ ਪੁਲਿਸ ਮਹਿਕਮੇ ਵਿੱਚ ਵੇਖਣ ਨੂੰ ਮਿਲਦੀਆਂ ਹਨ।
ਜਦੋਂ ਮੈਂ ਮਜੀਠੇ ਸਬ ਡਵੀਜ਼ਨ ਦਾ ਡੀ. ਐਸ. ਪੀ. ਲੱਗਾ ਹੋਇਆ ਸੀ ਤਾਂ ਸੰਨ 2003 ਵਿੱਚ ਕੱਥੂਨੰਗਲ ਥਾਣੇ ਦੀ ਚੈਕਿੰਗ ਦੌਰਾਨ ਪਤਾ ਲੱਗਾ ਕਿ ਨਹਿਰ ਵਾਲੇ ਰੇਲਵੇ ਪੁਲ (ਅੰਮ੍ਰਿਤਸਰ-ਡੇਰਾ ਬਾਬਾ ਨਾਨਕ ਰੇਲਵੇ ਟਰੈਕ) ’ਤੇ ਪਿਛਲੇ 13 ਸਾਲਾਂ ਤੋਂ ਥਾਣੇ ਵੱਲੋਂ ਗਾਰਦ ਲੱਗੀ ਹੋਈ ਸੀ ਤੇ ਲਗਾਤਾਰ ਉਹੀ ਤਿੰਨ ਸਿਪਾਹੀ ਉੱਥੇ ਡਿਊਟੀ ਦੇ ਰਹੇ ਸਨ। ਮੈਂ ਐਸ. ਐਚ. ਉ. ਨੂੰ ਪੁੱਛਿਆ ਕਿ ਇਹ ਗਾਰਦ ਕਿਸ ਆਰਡਰ ਨਾਲ ਲਾਈ ਗਈ ਹੈ? ਜਵਾਬ ਆਇਆ ਕਿ ਸਰ ਅੱਤਵਾਦ ਸਮੇਂ ਅਫਸਰਾਂ ਦੇ ਜ਼ੁਬਾਨੀ ਹੁਕਮਾਂ ਨਾਲ ਲਾਈ ਗਈ ਸੀ। ਪਰ ਕਿਸ ਅਫਸਰ ਨੇ ਹੁਕਮ ਦਿੱਤਾ ਸੀ, ਉਸ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਮੈਂ ਕਿਹਾ ਕਿ ਹੁਣ ਤਾਂ ਅੱਤਵਾਦ ਨਹੀਂ ਹੈ, ਹੁਣ ਕਿਉਂ ਲੱਗੀ ਹੈ? ਜਵਾਬ ਮਿਲਿਆ ਕਿ ਸਰ ਪਹਿਲਾਂ ਤੋਂ ਹੀ ਚੱਲਦੀ ਆ ਰਹੀ ਹੈ। ਮੈਂ ਐਸ. ਐਚ. ਉ. ਨੂੰ ਨਾਲ ਲੈ ਕੇ ਗਾਰਦ ਚੈੱਕ ਕਰਨ ਲਈ ਪਹੁੰਚਿਆ ਤਾਂ ਉੱਥੋਂ ਦਾ ਮਾਹੌਲ ਵੇਖਣ ਹੀ ਵਾਲਾ ਸੀ।
ਇੱਕ ਸਿਪਾਹੀ ਵੱਡਾ ਸਾਰਾ ਕੱਛਾ ਪਾ ਕੇ ਰੇਲਵੇ ਦੀ ਅੱਧਾ ਏਕੜ ਜ਼ਮੀਨ ’ਤੇ ਕਬਜ਼ਾ ਕਰ ਕੇ ਬਣਾਈ ਗਈ ਬਗੀਚੀ ਵਿੱਚ ਸਬਜ਼ੀ ਗੋਡ ਰਿਹਾ ਸੀ। ਬੁਰੀ ਤਰ੍ਹਾਂ ਜੰਗਾਲੀਆਂ ਹੋਈਆਂ ਰਾਈਫਲਾਂ ਇੱਕ ਢੱਠੇ ਜਿਹੇ ਕਮਰੇ ਵਿੱਚ ਪਈਆਂ ਸਨ। ਪੁੱਛ-ਗਿੱਛ ਕਰਨ ’ਤੇ ਪਤਾ ਲੱਗਾ ਕਿ ਰੋਜ਼ਾਨਾ ਸਿਰਫ ਇੱਕ ਸਿਪਾਹੀ ਵਾਰੀ ਨਾਲ ਰਾਈਫਲਾਂ ਦੀ ਰਾਖੀ ਲਈ ਇੱਥੇ ਰਹਿੰਦਾ ਹੈ ਤੇ ਬਾਕੀ ਘਰੇ ਅਰਾਮ ਫਰਮਾਉਂਦੇ ਹਨ।
ਗੋਡੀ ਕਰਨ ਵਾਲਾ ਸਿਪਾਹੀ ਦੋ-ਚਾਰ ਦਿਨਾਂ ਬਾਅਦ ਫੇਰੀ ਵਾਲਿਆਂ ਨੂੰ ਸਬਜ਼ੀ ਵੇਚ ਕੇ ਪੰਜ-ਸੱਤ ਸੌ ਵੱਟ ਲੈਂਦਾ ਸੀ ਤੇ ਨਾਲ ਦੋ ਟੈਕਸੀਆਂ ਵੀ ਪਾਈਆਂ ਹੋਈਆਂ ਸਨ। ਬਾਕੀ ਦੇ ਦੋ ਸਿਪਾਹੀ ਭਾਈਵਾਲੀ ਵਿੱਚ ਪ੍ਰਾਪਰਟੀ ਦਾ ਧੰਦਾ ਕਰ ਰਹੇ ਸਨ। ਮੈਂ ਉਸ ਸਿਪਾਹੀ ਨੂੰ ਸਣੇ ਹਥਿਆਰਾਂ ਦੇ ਗੱਡੀ ਵਿੱਚ ਲੱਦ ਕੇ ਥਾਣੇ ਜਮ੍ਹਾ ਕਰਵਾਇਆ ਤੇ ਸਾਰੀ ਗਾਰਦ ਨੂੰ ਥਾਣੇ ਡਿਊਟੀ ਕਰਨ ਦਾ ਹੁਕਮ ਦੇ ਦਿੱਤਾ। ਸ਼ਾਮ ਤੱਕ ਮੈਨੂੰ ਲੀਡਰਾਂ ਅਤੇ ਅਫਸਰਾਂ ਦੇ ਕੋਈ 200 ਫੋਨ ਆਏ ਕਿ ਉਨ੍ਹਾਂ ਨੂੰ ਦੁਬਾਰਾ ਉੱਥੇ ਹੀ ਵਾਪਸ ਭੇਜਿਆ ਜਾਵੇ, ਪਰ ਮੈਂ ਇਹ ਕਹਿ ਕੇ ਟਾਲ ਦਿੱਤਾ ਕਿ ਗਾਰਦ ਦੇ ਆਰਡਰ ਚੰਡੀਗੜ੍ਹ ਤੋਂ ਕੈਂਸਲ ਹੋ ਗਏ ਹਨ।
ਇੱਕ ਛਾਉਣੀ ਵਿੱਚ ਇੱਕ ਨਵੇਂ ਕਮਾਂਡੈਂਟ ਦੀ ਪੋਸਟਿੰਗ ਹੋਈ। ਇੰਸਪੈਕਸ਼ਨ ਦੌਰਾਨ ਉਸ ਨੇ ਵੇਖਿਆ ਕਿ ਬੱਚਿਆਂ ਦੇ ਪਾਰਕ ਵਿੱਚ ਇੱਕ ਜਵਾਨ ਇੱਕ ਬੈਂਚ ਦੀ ਪਹਿਰੇਦਾਰੀ ਕਰ ਰਿਹਾ ਹੈ। ਕਾਰਨ ਪੁੱਛਣ ’ਤੇ ਸਿਪਾਹੀ ਨੇ ਜਵਾਬ ਦਿੱਤਾ, ਜਨਾਬ ਮੈਨੂੰ ਤਾਂ ਇਸ ਬਾਰੇ ਪਤਾ ਨਹੀਂ ਹੈ। ਪਿਛਲੇ ਕਮਾਂਡੈਂਟ ਸਾਹਿਬ ਨੇ ਇਸ ਦੀ ਪਹਿਰੇਦਾਰੀ ਕਰਨ ਦਾ ਹੁਕਮ ਦਿੱਤਾ ਸੀ।
ਅਸੀਂ ਚਾਰ ਸਿਪਾਹੀ ਵਾਰੀ-ਵਾਰੀ 24 ਘੰਟੇ ਇਸ ਬੈਂਚ ਦੀ ਪਹਿਰੇਦਾਰੀ ਕਰਦੇ ਹਾਂ। ਕਮਾਂਡੈਂਟ ਕੁਝ ਦਿਨ ਤਾਂ ਚੁੱਪ ਰਿਹਾ ਕਿ ਸ਼ਾਇਦ ਇਸ ਛਾਉਣੀ ਦੀ ਇਹ ਕੋਈ ਪਰੰਪਰਾ ਹੋਵੇਗੀ। ਪਰ ਫਿਰ ਉਸ ਨੇ ਤਹਿ ਤੱਕ ਜਾਣ ਦਾ ਫੈਸਲਾ ਕੀਤਾ ਤੇ ਪਿਛਲੇ ਕਮਾਂਡੈਂਟ ਨੂੰ ਫੋਨ ਕੀਤਾ ਕਿ ਉਸ ਵਿਸ਼ੇਸ਼ ਬੈਂਚ ਦੀ ਪਹਿਰੇਦਾਰੀ ਕਿਉਂ ਕੀਤੀ ਜਾ ਰਹੀ ਹੈ? ਪਿਛਲੇ ਕਮਾਂਡੈਂਟ ਨੇ ਦੱਸਿਆ ਕਿ ਉਸ ਨੂੰ ਵੀ ਨਹੀਂ ਪਤਾ। ਉਸ ਤੋਂ ਪਿਛਲਾ ਕਮਾਂਡੈਂਟ ਉਸ ਬੈਂਚ ਦੀ ਪਹਿਰੇਦਾਰੀ ਕਰਵਾਉਂਦਾ ਸੀ, ਸੋ ਮੈਂ ਵੀ ਪਰੰਪਰਾ ਨੂੰ ਕਾਇਮ ਰੱਖਿਆ। ਨਵੇਂ ਕਮਾਂਡੈਂਟ ਨੇ ਆਪਣੇ ਯਤਨ ਜਾਰੀ ਰੱਖੇ ਤੇ ਅੱਗੇ ਤੋਂ ਅੱਗੇ ਪੁੱਛੀ ਗਿਆ, ਪਰ ਸਾਰਿਆਂ ਨੇ ਪਿਛਲੀ ਪਰੰਪਰਾ ਕਾਇਮ ਰੱਖਣ ਬਾਰੇ ਦੱਸ ਕੇ ਪੱਲਾ ਝਾੜ ਲਿਆ।
ਉਸ ਦੇ ਯਤਨਾਂ ਨੂੰ ਉਦੋਂ ਬੂਰ ਪਿਆ ਜਦੋਂ ਅਖੀਰ ਵਿੱਚ ਉਸ ਦੀ ਗੱਲ ਇੱਕ 99 ਸਾਲਾਂ ਦੇ ਰਿਟਾਇਰਡ ਜਨਰਲ ਨਾਲ ਹੋਈ। ਨਵੇਂ ਕਮਾਂਡੈਂਟ ਨੇ ਉਸ ਨੂੰ ਫੋਨ ਕੀਤਾ, ਸਰ ਮੈਂ ਤੁਹਾਨੂੰ ਡਿਸਟਰਬ ਕਰਨ ਲਈ ਮਾਫੀ ਚਾਹੁੰਦਾ ਹਾਂ। ਮੈਂ ਫਲਾਣੀ ਛਾਉਣੀ ਦਾ ਕਮਾਂਡੈਂਟ ਹਾਂ ਜਿੱਥੇ ਤੁਸੀਂ 60 ਸਾਲ ਪਹਿਲਾਂ ਕਮਾਂਡੈਂਟ ਹੁੰਦੇ ਸੀ। ਮੈਂ ਇੱਥੇ ਇੱਕ ਗਾਰਦ ਨੂੰ ਇੱਕ ਬੈਂਚ ਦੀ ਰਖਵਾਲੀ ਕਰਦੇ ਹੋਏ ਵੇਖਿਆ ਹੈ। ਕੀ ਤੁਸੀਂ ਮੈਨੂੰ ਇਸ ਬੈਂਚ ਬਾਰੇ ਕੁਝ ਜਾਣਕਾਰੀ ਦੇ ਸਕਦੇ ਹੋ? ਕੀ ਇਹ ਬੈਂਚ ਕੋਈ ਕੀਮਤੀ ਇਤਿਹਾਸਕ ਧਰੋਹਰ ਹੈ?
ਜਰਨੈਲ ਸਾਹਿਬ ਨੂੰ ਇਹ ਗੱਲ ਸੁਣ ਕੇ ਸਖਤ ਹੈਰਾਨੀ ਹੋਈ, ਕੀ ਕਿਹਾ! ਉਸ ਬੈਂਚ ਦਾ ਪੇਂਟ ਅਜੇ ਤੱਕ ਨਹੀਂ ਸੁੱਕਾ? ਕਮਾਂਡੈਂਟ ਨੇ ਫਿਰ ਪੁੱਛਿਆ, ਸਰ ਪੇਂਟ, ਕਿਹੜਾ ਪੇਂਟ? ਮੈਨੂੰ ਤੁਹਾਡੀ ਸਮਝ ਨਹੀਂ ਆਈ। ਬੈਂਚ ਤਾਂ ਗਲਿਆ-ਸੜਿਆ ਪਿਆ ਹੈ। ਜਰਨੈਲ ਸਾਹਿਬ ਹੱਸ ਕੇ ਬੋਲੇ, ਕਾਕਾ ਜਦੋਂ ਮੈਂ ਇੱਥੇ ਕਮਾਂਡੈਂਟ ਸੀ ਤਾਂ ਉਸ ਵੇਲੇ ਬੈਂਚ ਨੂੰ ਪੇਂਟ ਕੀਤਾ ਗਿਆ ਸੀ। ਪਾਰਕ ਵਿੱਚ ਖੇਡਣ ਵਾਲੇ ਬੱਚੇ ਕਿਤੇ ਆਪਣੇ ਕੱਪੜੇ ਖਰਾਬ ਨਾ ਕਰ ਲੈਣ, ਇਸ ਲਈ ਉੱਥੇ ਦੋ ਸਿਪਾਹੀਆਂ ਦੀ ਡਿਊਟੀ ਲਾਈ ਗਈ ਸੀ। ਮੈਨੂੰ ਤਾਂ ਉਸ ਰਾਤ ਹੀ ਜੰਗ ਕਾਰਨ ਬਾਰਡਰ ’ਤੇ ਜਾਣਾ ਪੈ ਗਿਆ ਸੀ ਤੇ ਉੱਥੋਂ ਹੀ ਮੇਰੀ ਬਦਲੀ ਹੋ ਗਈ ਸੀ। ਸੁਣ ਕੇ ਨਵੇਂ ਕਮਾਂਡੈਂਟ ਨੂੰ ਚੱਕਰ ਆਉਣ ਲੱਗ ਪਏ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ
ਮੋ : 95011-00062
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ