ਸਾਨੂੰ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਵਾਇਰਸ ਦਾ ਸਾਹਮਣਾ ਕਰਨਾ ਪੈਂਦਾ ਹੈ ਆਓ! ਜਾਣਦੇ ਹਾਂ ਕਿ ਵਾਇਰਸ ਹੈ ਕੀ, (Computer Virus Spread) ਇਹ ਕਿਵੇਂ ਕੰਮ ਕਰਦਾ ਹੈ ਅਤੇ ਇਹ ਕਿੰਨੀਆਂ ਕਿਸਮਾਂ ਦਾ ਹੁੰਦਾ ਹੈ। ਵਾਇਰਸ ਲਾਤੀਨੀ ਭਾਸ਼ਾ ਦਾ ਸ਼ਬਦ ਹੈ ਇਸ ਦਾ ਅਰਥ ਹੈ, ਜ਼ਹਿਰ। ਵਾਇਰਸ ਸ਼ਬਦ ਦੀ ਪਹਿਲੀ ਵਾਰ ਵਰਤੋਂ ਬੀਜੇਰਿੰਕ ਨੇ 1898 ਦੇ ਵਿੱਚ ਕੀਤੀ ਸੀ। ਕੰਪਿਊਟਰ ਲਈ ਵਾਇਰਸ ਸ਼ਬਦ ਦੀ ਪਹਿਲੀ ਵਾਰ ਵਰਤੋਂ ਫਰੈਡਰਿਕ ਕੋਹੇਨ ਅਤੇ ਲੈਨ ਐਡਲਮੈਨ ਨੇ 1983 ਵਿੱਚ ਕੀਤੀ ਸੀ। ਕੰਪਿਊਟਰ ਸਬੰਧੀ ਵਾਇਰਸ ਨੂੰ ਪਰਿਭਾਸ਼ਤ ਕਰਨ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਵਾਇਰਸ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਆਪਣੀਆਂ ਕਾਪੀਆਂ ਬਣਾ ਸਕਦਾ ਹੈ, ਦੂਜੇ ਪ੍ਰੋਗਰਾਮਾਂ ਨੂੰ ਸੰਕਰਮਿਤ ਕਰ ਸਕਦਾ ਹੈ ਅਤੇ ਦੂਜੇ ਕੰਪਿਊਟਰਾਂ ਵਿੱਚ ਫੈਲ ਸਕਦਾ ਹੈ।
ਪਹਿਲਾ ਕੰਪਿਊਟਰ ਵਾਇਰਸ (Computer Virus Spread) ਕ੍ਰੀਪਰ ਪ੍ਰੋਗਰਾਮ ਸੀ ਜੋ 1971 ਦੇ ਵਿੱਚ ਬੋਬ ਥਾਮਸ ਨੇ ਬਣਾਇਆ ਸੀ। ਕੰਪਿਊਟਰ ਵਾਇਰਸ ਫੈਲਣ ਲਈ ਹੋਸਟ ਪ੍ਰੋਗਰਾਮ ’ਤੇ ਨਿਰਭਰ ਕਰਦਾ ਹੈ ਇਹ ਪ੍ਰੋਗਰਾਮ ਜਾਂ ਫਾਈਲ ਹੋ ਸਕਦਾ ਹੈ। ਕੰਪਿਊਟਰ ਵਾਇਰਸ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਵਿੱਚ ਜਾਣ ਲਈ ਯੂਜ਼ਰ ਦੀ ਹਰਕਤ ਦੀ ਉਡੀਕ ਕਰਦਾ ਹੈ। ਕੰਪਿਊਟਰ ਵਾਇਰਸ ਵੱਲੋਂ ਸਹੀ ਫਾਈਲਾਂ ਦੇ ਵਿੱਚ ਆਪਣੇ ਕੋਡ ਨੂੰ ਦਾਖਲ ਕਰ ਦਿੰਦਾ ਹੈ ਜਾਂ ਸਹੀ ਫਾਈਲਾਂ ਨੂੰ ਆਪਣੀਆਂ ਕਾਪੀਆਂ ਦੇ ਨਾਲ ਬਦਲ ਦਿੰਦਾ ਹੈ ਜਦੋਂ ਯੂਜ਼ਰ ਇਨ੍ਹਾਂ ਸੰਕਰਮਿਤ ਫਾਈਲਾਂ ਨੂੰ ਡਾਊਨਲੋਡ ਕਰਦਾ ਹੈ ਜਾਂ ਸੰਕਰਮਿਤ ਲਿੰਕ ’ਤੇ ਕਲਿੱਕ ਕਰਦਾ ਹੈ ਤੇ ਵਾਇਰਸ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਵਿੱਚ ਜਾ ਕੇ ਉਸ ਨੂੰ ਸੰਕਰਮਿਤ ਕਰ ਦਿੰਦਾ ਹੈ। ਵਾਇਰਸ ਦੀਆਂ ਕਿਸਮਾਂ ਹੇਠ ਲਿਖੇ ਅਨੁਸਾਰ ਹਨ:- (Computer Virus Spread)
1. ਬੂਟ ਸੈਕਟਰ ਵਾਇਰਸ:
ਇਹ ਵਾਇਰਸ ਫਲਾਪੀ ਡਿਸਕ ਦੇ ਬੂਟ ਸੈਕਟਰ ਅਤੇ ਹਾਰਡ ਡਿਸਕ ਦੇ ਮਾਸਟਰ ਬੂਟ ਰਿਕਾਰਡ ਨੂੰ ਸੰਕਰਮਿਤ ਕਰਦੇ ਹਨ। ਬੂਟ ਸੈਕਟਰ ਦੇ ਵਿੱਚ ਆਪਰੇਟਿੰਗ ਸਿਸਟਮ ਨੂੰ ਚਲਾਉਣ ਵਾਲੀਆਂ ਫਾਈਲਾਂ ਸ਼ਾਮਲ ਹੰੁਦੀਆਂ ਹਨ। ਇਸ ਦੇ ਨਾਲ ਆਪਰੇਟਿੰਗ ਸਿਸਟਮ ਦੇ ਲੋਡ ਹੋਣ ਵਿੱਚ ਪਰੇਸ਼ਾਨੀ ਹੁੰਦੀ ਹੈ।
2. ਡਾਇਰੈਕਟ ਐਕਸ਼ਨ ਵਾਇਰਸ:
ਇਹ ਵਾਇਰਸ .ਯੰਯ ਅਤੇ .ਭਲ਼ਖ਼ ਐਕਸਟੈਨਸ਼ਨ ਵਾਲੀਆਂ ਫਾਈਲਾਂ ਵਿੱਚ ਸ਼ਾਮਲ ਹੋ ਕੇ ਕੰਪਿਊਟਰ ਵਿੱਚ ਦਾਖਲ ਹੁੰਦੇ ਹਨ। ਜਦੋਂ .ਯੰਯ ਅਤੇ .ਭਲ਼ਖ਼ ਐਕਸਟੈਨਸ਼ਨ ਵਾਲੀਆਂ ਫਾਈਲਾਂ ਨੂੰ ਖੋਲ੍ਹਿਆ ਜਾਂਦਾ ਹੈ ਤੇ ਇਨ੍ਹਾਂ ਫਾਈਲਾਂ ਦੇ ਵਿੱਚ ਸ਼ਾਮਲ ਵਾਇਰਸ ਵੀ ਚੱਲ ਪੈਂਦੇ ਹਨ ਇਸ ਕਰਕੇ ਇਨ੍ਹਾਂ ਵਾਇਰਸ ਨੂੰ ਡਾਇਰੈਕਟ ਐਕਸ਼ਨ ਵਾਇਰਸ ਕਿਹਾ ਜਾਂਦਾ ਹੈ। ਇਹ ਕੰਪਿਊਟਰ ਦੀ ਮੈਮਰੀ ਵਿੱਚ ਦਾਖਲ ਹੋ ਕੇ ਆਪਣੇ-ਆਪ ਨੂੰ ਲੁਕਾ ਲੈਂਦੇ ਹਨ ਇਸ ਲਈ ਇਨ੍ਹਾਂ ਨੂੰ ਨਾਨ-ਰੈਜ਼ੀਡੈਂਟ ਵਾਇਰਸ ਵੀ ਕਿਹਾ ਜਾਂਦਾ ਹੈ।
3. ਰੈਜ਼ੀਡੈਂਟ ਵਾਇਰਸ:
ਇਹ ਵਾਇਰਸ ਆਪਣੇ-ਆਪ ਨੂੰ ਕੰਪਿਊਟਰ ਦੀ ਮੈਮਰੀ ਵਿੱਚ ਸਟੋਰ ਕਰ ਲੈਂਦੇ ਹਨ ਅਤੇ ਤੁਹਾਡੇ ਕੰਪਿਊਟਰ ਵਿੱਚ ਪਈਆਂ ਫਾਈਲਾਂ ਅਤੇ ਪ੍ਰੋਗਰਾਮਾਂ ਨੂੰ ਸੰਕਰਮਿਤ ਕਰਦੇ ਹਨ। ਇਹ ਵਾਇਰਸ ਫਾਈਲਾਂ ਅਤੇ ਪ੍ਰੋਗਰਾਮਾਂ ਨੂੰ ਇਸ ਲਈ ਸੰਕਰਮਿਤ ਕਰਨ ਵਿੱਚ ਸਫਲ ਹੰੁਦੇ ਹਨ ਕਿਉਂਕਿ ਇਹ ਆਪਣੇ-ਆਪ ਨੂੰ ਕੰਪਿਊਟਰ ਦੀ ਮੈਮਰੀ ਵਿੱਚ ਲੁਕਾ ਲੈਂਦੇ ਹਨ ਇਸ ਲਈ ਇਨ੍ਹਾਂ ਵਾਇਰਸ ਨੂੰ ਕੰਪਿਊਟਰ ਵਿੱਚੋਂ ਹਟਾਉਣਾ ਔਖਾ ਹੁੰਦਾ ਹੈ।
4. ਮਲਟੀਪਾਰਟੀ ਵਾਇਰਸ:
ਇਹ ਵਾਇਰਸ ਇੱਕੋ ਸਮੇਂ ਬੂਟ ਸੈਕਟਰ ਅਤੇ ਐਗਜ਼ੀਕਿਊਟੇਬਲ ਫਾਈਲਾਂ ’ਤੇ ਹਮਲਾ ਕਰਦਾ ਹੈ। ਇਸ ਲਈ ਇਸ ਨੂੰ ਮਲਟੀਪਾਰਟੀ ਵਾਇਰਸ ਕਿਹਾ ਜਾਂਦਾ ਹੈ।
5. ੳਵਰਰਾਈਟ ਵਾਇਰਸ:
ਇਹ ਵਾਇਰਸ ਕੰਪਿਊਟਰ ਵਿੱਚ ਪਏ ਹੋਏ ਪ੍ਰੋਗਰਾਮ ਦੇ ਪਹਿਲਾਂ ਤੋਂ ਲਿਖੇ ਕੋਡ ਨੂੰ ਉਵਰਰਾਈਟ ਕਰਕੇ ਉਸ ’ਤੇ ਖਤਰਨਾਕ ਕੋਡ ਲਿਖ ਦਿੰਦਾ ਹੈ।
6. ਪੋਲੀਮੋਰਫਿਕ ਵਾਇਰਸ:
ਇਹ ਵਾਇਰਸ ਸਪੈਮ ਅਤੇ ਸੰਕਰਮਿਤ ਵੈੱਬਸਈਟਾਂ ਤੋਂ ਫੈਲਦਾ ਹੈ। ਇਹ ਵਾਇਰਸ ਐਂਟੀ ਵਾਇਰਸ ਨੂੰ ਧੋਖਾ ਦੇਣ ਵਿੱਚ ਸਫਲ ਹੁੰਦਾ ਹੈ ਕਿਉਂਕਿ ਇਹ ਵਾਇਰਸ ਕਿਸੇ ਫਾਈਲ ਨੂੰ ਸੰਕਰਮਿਤ ਕਰਨ ਤੋਂ ਬਾਅਦ ਆਪਣਾ ਕੋਡ ਬਦਲ ਲੈਂਦਾ ਹੈ।
7. ਫਾਈਲ ਇਨਫੈਕਟਰ ਵਾਇਰਸ:
ਇਹ ਵਾਇਰਸ ਸਭ ਤੋਂ ਪਹਿਲਾਂ ਇੱਕ ਫਾਈਲ ਨੂੰ ਸੰਕਰਮਿਤ ਕਰਦਾ ਹੈ ਫਿਰ ਹੋਰ ਐਗਜ਼ੀਕਿਊਟੇਬਲ ਫਾਈਲਾਂ ਤੇ ਪ੍ਰੋਗਰਾਮਾਂ ਨੂੰ ਸੰਕਰਮਿਤ ਕਰਦਾ ਹੈ। ਇਹ ਵਾਇਰਸ ਗੇਮਾਂ ਅਤੇ ਵਰਡ ਪ੍ਰੋਸੈਸਰ ਸਾਫਟਵੇਅਰਾਂ ਰਾਹੀਂ ਕੰਪਿਊਟਰ ਦੇ ਵਿੱਚ ਦਾਖਲ ਹੁੰਦਾ ਹੈ।
8. ਸਪੇਸਫਿਲਰ ਵਾਇਰਸ:
ਇਹ ਬਹੁਤ ਹੀ ਦੁਰਲੱਭ ਕਿਸਮ ਦਾ ਵਾਇਰਸ ਹੈ ਇਹ ਵਾਇਰਸ ਫਾਈਲਾਂ ਵਿਚਲੀ ਖਾਲੀ ਥਾਂ ਨੂੰ ਵਾਇਰਸ ਦੇ ਨਾਲ ਭਰ ਦਿੰਦਾ ਹੈ। ਇਸ ਨੂੰ ਕੈਵਿਟੀ ਵਾਇਰਸ ਵੀ ਕਿਹਾ ਜਾਂਦਾ ਹੈ। ਇਸ ਨੂੰ ਅਸਾਨੀ ਨਾਲ ਲੱਭਿਆ ਨਹੀਂ ਜਾ ਸਕਦਾ ਕਿਉਂਕਿ ਇਸ ਦੇ ਸੰਕਰਮਣ ਦੇ ਨਾਲ ਫਾਈਲ ਦੇ ਸਾਈਜ ਵਿੱਚ ਕੋਈ ਬਦਲਾਅ ਨਹੀਂ ਹੁੰਦਾ ਹੈ।
9. ਮੈਕਰੋ ਵਾਇਰਸ:
ਇਹ ਵਾਇਰਸ ਆਮ ਤੌਰ ’ਤੇ ਮਾਈਕ੍ਰੋਸਾਫਟ ਵਰਡ ਅਤੇ ਐਕਸਲ ਵਿੱਚ ਪਾਇਆ ਜਾਂਦਾ ਹੈ। ਇਹ ਵਾਇਰਸ ਫਾਈਲ ਦੇ ਇੱਕ ਹਿੱਸੇ ਦੇ ਰੂਪ ਦੇ ਵਿੱਚ ਸਟੋਰ ਹੁੰਦਾ ਹੈ। ਇਹ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਵਿੱਚ ਉਸ ਸਮੇਂ ਫੈਲਦਾ ਹੈ ਜਦੋਂ ਫਾਈਲ ਇੱਕ ਕੰਪਿਊਟਰ ਤੋਂ ਦੂਜੇ ਕੰਪਿਊਟਰ ਵਿੱਚ ਪ੍ਰਸਾਰਿਤ ਕੀਤੀ ਜਾਂਦੀ ਹੈ ਅਕਸਰ ਇਹ ਵਾਇਰਸ ਈ-ਮੇਲ ਅਟੈਚਮੈਂਟਸ ਦੇ ਨਾਲ ਪ੍ਰਸਾਰਿਤ ਹੰੁਦਾ ਹੈ।
10. ਬਰਾਊਜ਼ਰ ਹਾਈਜੈਕਰ:
ਇਹ ਵਾਇਰਸ ਵੈੱਬ ਬਰਾਊਜ਼ਰ ਦੀ ਸੈਟਿੰਗਜ ਨੂੰ ਬਦਲਦਾ ਹੈ। ਇਹ ਵਾਇਰਸ ਤੁਹਾਡੇ ਵੈੱਬ ਬਰਾਊਜ਼ਰ ਨੂੰ ਖਤਰਨਾਕ ਵੈੱਬਸਾਈਟਾਂ ’ਤੇ ਲੈ ਕੇ ਜਾਂਦਾ ਹੈ। ਇਹ ਵਾਇਰਸ ਤੁਹਾਡੇ ਵੈੱਬ ਬਰਾਊਜ਼ਰ ਦੇ ਹੋਮ ਪੇਜ ਨੂੰ ਵੀ ਬਦਲ ਦਿੰਦਾ ਹੈ।
11. ਵੈੱਬ ਸਕਿ੍ਰਪਟਿੰਗ ਵਾਇਰਸ:
ਇਹ ਵਾਇਰਸ ਵੈੱਬਸਾਈਟ ਦੇ ਕੋਡ ਨੂੰ ਓਵਰਰਾਈਟ ਕਰਦਾ ਹੈ ਅਤੇ ਵੈੱਬਸਾਈਟ ’ਤੇ ਲਿੰਕ ਪਾਉਂਦਾ ਹੈ ਜਿਸ ਦੇ ਨਾਲ ਖਤਰਨਾਕ ਸਾਫਟਵੇਅਰ ਤੁਹਾਡੇ ਕੰਪਿਊਟਰ ’ਤੇ ਇੰਸਟਾਲ ਹੋ ਜਾਂਦੇ ਹਨ। ਇਹ ਵਾਇਰਸ ਤੁਹਾਡੀ ਵੈੱਬਸਾਈਟ ਦੀਆਂ ਕੂਕੀਜ਼ ਨੂੰ ਚੋਰੀ ਕਰ ਲੈਂਦਾ ਹੈ ਅਤੇ ਇਸ ਸੂਚਨਾ ਦੀ ਵਰਤੋਂ ਤੁਹਾਡੇ ਵੱਲੋਂ ਵੈੱਬਸਾਈਟ ’ਤੇ ਪੋਸਟ ਕਰਨ ਲਈ ਕਰਦਾ ਹੈ।
ਵਾਇਰਸ ਦੀ ਮਾਰ ਤੋਂ ਬਚਣ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਖਰੀਦੇ ਹੋਏ ਚੰਗੇ ਐਂਟੀ ਵਾਇਰਸ ਸਾਫਟਵੇਅਰ ਦੀ ਵਰਤੋਂ ਕਰੀਏ ਅਤੇ ਇਸ ਨੂੰ ਲਗਾਤਾਰ ਅੱਪਡੇਟ ਕਰਦੇ ਰਹੀਏ। ਮੁਫਤ ਵਾਲੇ ਐਂਟੀ ਵਾਇਰਸ ਸਾਫਟਵੇਅਰ ਦੇ ਵਿੱਚ ਘੱਟ ਸਹੂਲਤਾਂ ਮਿਲਦੀਆਂ ਹਨ ਇਹ ਸਾਡੀ ਵਾਇਰਸ ਤੋਂ ਪੂਰੀ ਤਰ੍ਹਾਂ ਰੱਖਿਆ ਕਰਨ ਦੇ ਸਮੱਰਥ ਨਹੀਂ ਹੰੁਦਾ। ਸਾਨੂੰ ਆਪਣੇ ਆਪਰੇਟਿੰਗ ਸਿਸਟਮ ਨੂੰ ਲਗਾਤਾਰ ਅੱਪਡੇਟ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਵਾਇਰਸ ਦੇ ਪ੍ਰਕੋਪ ਤੋਂ ਬਚ ਸਕੀਏ। ਪਾਸਵਰਡ ਸਾਨੂੰ ਹਮੇਸ਼ਾ ਸਖਤ ਲਾਉਣਾ ਚਾਹੀਦਾ ਹੈ ਤਾਂ ਕਿ ਕੋਈ ਸਾਡਾ ਨੁਕਸਾਨ ਨਾ ਕਰ ਸਕੇ। ਅਣਅਧਿਕਾਰਿਤ ਅਤੇ ਖਤਰਨਾਕ ਵੈੱਬਸਾਈਟਾਂ ਤੋਂ ਸਾਨੂੰ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਆਰਥਿਕ ਲੈਣ-ਦੇਣ ਸਾਨੂੰ ਭਰੋਸੇਯੋਗ ਕੰਪਿਊਟਰ ’ਤੇ ਹੀ ਕਰਨਾ ਚਾਹੀਦਾ ਹੈ। ਕਿਸੇ ਵੀ ਲਿੰਕ ਨੂੰ ਸੋਚ-ਸਮਝ ਕੇ ਹੀ ਖੋਲ੍ਹਣਾ ਚਾਹੀਦਾ ਹੈ।