Social Media: ਭਵਿੱਖ ਲਈ ਕਿੰਨਾ ਖਤਰਨਾਕ ਸੋਸ਼ਲ ਮੀਡੀਆ?, ਕੀ ਐ ਸਾਡੀ ਜ਼ਿੰਮੇਵਾਰੀ…

social media
Social Media: ਭਵਿੱਖ ਲਈ ਕਿੰਨਾ ਖਤਰਨਾਕ ਸੋਸ਼ਲ ਮੀਡੀਆ?, ਕੀ ਐ ਸਾਡੀ ਜ਼ਿੰਮੇਵਾਰੀ...

Social Media: ਸੋਸ਼ਲ ਮੀਡੀਆ ਵੱਲ ਬੇਹਿਸਾਬ ਖਿੱਚ ਨੇ ਆਧੁਨਿਕ ਜ਼ਿੰਦਗੀ ਦੇ ਹਰ ਪੱਖ ਨੂੰ ਪ੍ਰਭਾਵਿਤ ਕੀਤਾ ਹੈ। ਸਾਡੇ ਸਮਾਜ ਦੇ ਹਰ ਵਰਗ, ਖਾਸ ਕਰਕੇ ਨਵੀਂ ਪੀੜ੍ਹੀ, ਇਸ ਦੀ ਚਮਕ-ਧਮਕ ਅਤੇ ਖਿੱਚ ਦਾ ਸ਼ਿਕਾਰ ਹੋ ਰਹੀ ਹੈ। ਬਚਪਨ, ਜੋ ਕਿ ਖੇਡਕੁੱਦ, ਸਿਖਲਾਈ ਅਤੇ ਸੁਨਹਿਰੀ ਯਾਦਾਂ ਬਣਾਉਣ ਦਾ ਸਮਾਂ ਹੁੰਦਾ ਹੈ, ਉਹ ਅੱਜ ਦੇ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਗੁੰਮ ਹੁੰਦਾ ਜਾ ਰਿਹਾ ਹੈ। ਬੱਚੇ ਅੱਜ ਆਪਣੇ ਕਮਰੇ ਦੇ ਇੱਕ ਕੋਨੇ ਵਿੱਚ ਬੈਠੇ ਮੋਬਾਇਲ ਫੋਨ ਜਾਂ ਟੈਬਲੇਟ ਦੀ ਸਕਰੀਨ ’ਤੇ ਕੈਦ ਹੋ ਗਏ ਹਨ।

ਸੋਸ਼ਲ ਮੀਡੀਆ ਆਪਣੀ ਲੁਭਾਵਣੀ ਅਤੇ ਰੰਗੀਨ ਦੁਨੀਆਂ ਨਾਲ ਬੱਚਿਆਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ ਵਰਗੇ ਪਲੇਟਫਾਰਮਾਂ ਨੇ ਬੱਚਿਆਂ ਨੂੰ ਇੱਕ ਅਜਿਹੇ ਜਗਤ ਨਾਲ ਜੁੜਨ ਲਈ ਉਤਸੁਕ ਕੀਤਾ ਹੈ ਜਿੱਥੇ ਉਹ ਅਸਲੀਅਤ ਤੋਂ ਦੂਰ ਕਲਪਿਤ ਜ਼ਿੰਦਗੀ ਨੂੰ ਜੀ ਰਹੇ ਹਨ। ਭਾਂਤ-ਭਾਂਤ ਦੀਆਂ ਫੋਟੋਆਂ, ਵੀਡੀਓਜ਼ ਅਤੇ ਹੋਰ ਸਮੱਗਰੀ ਦੇ ਰੁਝਾਨ ਨੇ ਬੱਚਿਆਂ ਦੇ ਮਨ ਵਿੱਚ ਆਪਣੇ-ਆਪ ਦੀ ਤੁਲਨਾ ਕਰਨ ਦੀ ਆਦਤ ਪੈਦਾ ਕਰ ਦਿੱਤੀ ਹੈ। ਇਹ ਤੁਲਨਾ ਬਹੁਤ ਵਾਰ ਹੌਂਸਲੇ ਨੂੰ ਘੱਟ ਕਰਦੀ ਹੈ ਅਤੇ ਮਾਨਸਿਕ ਦਬਾਅ ਦਾ ਕਾਰਨ ਬਣਦੀ ਹੈ।ਸੋਸ਼ਲ ਮੀਡੀਆ ਦੇ ਵਧੇਰੇ ਪ੍ਰਭਾਵ ਕਾਰਨ ਬੱਚੇ ਖੇਡਾਂ ਵਿੱਚ ਭਾਗ ਨਹੀਂ ਲੈਂਦੇ।

Social Media

ਪੁਰਾਣੇ ਸਮਿਆਂ ਦੀਆਂ ਖੇਡਾਂ ਜਿਵੇਂ ਕਿ ਗੁੱਲੀ-ਡੰਡਾ, ਪਿੱਠੂ, ਤੇ ਲੁਕਣਮੀਚੀ, ਜਿਹੜੀਆਂ ਸਿਰਫ਼ ਸਰੀਰਕ ਸਿਹਤ ਨੂੰ ਨਹੀਂ ਸਗੋਂ ਬੱਚਿਆਂ ਦੇ ਸਮਾਜਿਕ, ਬੌਧਿਕ ਅਤੇ ਭਾਵਨਾਤਮਕ ਵਿਕਾਸ ਵਿੱਚ ਵੀ ਯੋਗਦਾਨ ਪਾਉਂਦੀਆਂ ਸਨ, ਹੁਣ ਇਹ ਇੱਕ ਤਰ੍ਹਾਂ ਬਿਲਕੁਲ ਗੁੰਮ ਹੋ ਚੁੱਕੀਆਂ ਹਨ। ਇਸ ਨਾਲ ਬੱਚਿਆਂ ਦੀ ਸਰੀਰਕ ਸਰਗਰਮੀ ਘਟ ਰਹੀ ਹੈ, ਜੋ ਮੋਟਾਪੇ ਅਤੇ ਹੋਰ ਬਿਮਾਰੀਆਂ ਨੂੰ ਜਨਮ ਦੇ ਰਹੀ ਹੈ।ਸੋਸ਼ਲ ਮੀਡੀਆ ਬੱਚਿਆਂ ਦੀ ਮਾਨਸਿਕ ਤੰਦਰੁਸਤੀ ’ਤੇ ਵੀ ਨਕਾਰਾਤਮਕ ਪ੍ਰਭਾਵ ਪਾ ਰਿਹਾ ਹੈ। ਅਸਲੀ ਤੇ ਅਭਾਸੀ ਦੁਨੀਆ ਦੇ ਵਿਚਕਾਰ ਦੀ ਦੂਰੀ ਬੱਚਿਆਂ ਨੂੰ ਮਨੋਵਿਗਿਆਨਕ ਪੱਧਰ ’ਤੇ ਅਸਥਿਰ ਕਰ ਰਹੀ ਹੈ।

Read Also : Punjab Kisan News: ਸੰਯੁਕਤ ਕਿਸਾਨ ਮੋਰਚੇ ਦੀਆਂ ਪੰਚਾਇਤਾਂ ’ਚ ਉਗਰਾਹਾਂ ਧੜੇ ਵੱਲੋਂ ਸ਼ਾਮਲ ਹੋਣ ਦਾ ਐਲਾਨ

ਉਹ ਅਕਸਰ ਆਪਣੇ-ਆਪ ਨੂੰ ਹੋਰ ਲੋਕਾਂ ਦੇ ਜੀਵਨ ਦੇ ਨਾਲ ਤੁਲਨਾ ਕਰਦੇ ਹਨ, ਜਿਸ ਨਾਲ ਹੀਣ ਭਾਵਨਾ ਅਤੇ ਡਿਪ੍ਰੈਸ਼ਨ ਪੈਦਾ ਹੁੰਦਾ ਹੈ। ਬੱਚਿਆਂ ਦੇ ਵਧਦੇ ਸੋਸ਼ਲ ਮੀਡੀਆ ਦੇ ਇਸਤੇਮਾਲ ਨੇ ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਰਿਵਾਰਕ ਗੱਲਾਂਬਾਤਾਂ ਅਤੇ ਸਮਾਂ ਬਿਤਾਉਣ ਦੀ ਥਾਂ, ਬੱਚੇ ਸਕ੍ਰੀਨਾਂ ਦੇ ਸਾਹਮਣੇ ਵੱਧ ਸਮਾਂ ਬਿਤਾਉਣ ਲੱਗੇ ਹਨ। ਸੋਸ਼ਲ ਮੀਡੀਆ ਦੀ ਵਧੇਰੇ ਵਰਤੋਂ ਕਾਰਨ ਬੱਚਿਆਂ ਦਾ ਪੜ੍ਹਾਈ ’ਤੇ ਧਿਆਨ ਵੀ ਘਟਦਾ ਜਾ ਰਿਹਾ ਹੈ। ਅਭਿਆਸ ਦੇ ਸਮੇਂ ਨੂੰ ਛੱਡ ਕੇ, ਉਹ ਸਕ੍ਰੀਨਾਂ ’ਤੇ ਸਮਾਂ ਬਰਬਾਦ ਕਰਦੇ ਹਨ, ਜਿਸ ਨਾਲ ਉਹਨਾਂ ਦੀ ਅਕਾਦਮਿਕ ਕਾਰਗੁਜ਼ਾਰੀ ਵੀ ਖਰਾਬ ਹੁੰਦੀ ਹੈ।

Social Media

ਨਵੇਂ ਟਰੈਂਡ ਅਤੇ ਚੈਲੈਂਜਾਂ ਨੂੰ ਪੂਰਾ ਕਰਨ ਦੀ ਦੌੜ ਵਿੱਚ ਬੱਚੇ ਪੜ੍ਹਾਈ ਅਤੇ ਸਿਖਲਾਈ ਦੇ ਅਹਿਮੀਅਤ ਨੂੰ ਭੁੱਲ ਰਹੇ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਮਾਤਾ-ਪਿਤਾ, ਅਧਿਆਪਕ ਅਤੇ ਸਮਾਜ ਦੇ ਹਰ ਪੱਖ ਨੂੰ ਸੰਜਮ ਦੇ ਨਾਲ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਸਕ੍ਰੀਨ ਸਮੇਂ ਨੂੰ ਸੀਮਤ ਕਰਨ ਦੇ ਨਾਲ-ਨਾਲ ਉਹਨਾਂ ਨੂੰ ਬਾਹਰਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕਰਨ।

ਟੈਕਨਾਲੋਜੀ ਨੂੰ ਇੱਕ ਮਿਤਵਾਨ ਪੱਖ ਤੋਂ ਵਰਤਣ ਦੀ ਲੋੜ ਹੈ, ਜਿਸ ਨਾਲ ਬੱਚੇ ਆਪਣੀ ਪੜ੍ਹਾਈ ਅਤੇ ਸਰੀਰਕ ਵਿਕਾਸ ’ਤੇ ਧਿਆਨ ਕੇਂਦ੍ਰਿਤ ਕਰ ਸਕਣ।ਸੋਸ਼ਲ ਮੀਡੀਆ ਦੀ ਅਭਾਸੀ ਦੁਨੀਆ ਨੇ ਬਚਪਨ ਨੂੰ ਇੱਕ ਜੰਜੀਰ ਵਿੱਚ ਜਕੜ ਦਿੱਤਾ ਹੈ, ਪਰ ਇਸਨੂੰ ਸੁਰੱਖਿਅਤ ਕਰਨਾ ਸਾਡੇ ਹੱਥ ਵਿੱਚ ਹੈ। ਮਾਤਾ-ਪਿਤਾ, ਅਧਿਆਪਕ ਅਤੇ ਸਮਾਜ ਦੇ ਪ੍ਰਤੀਨਿਧੀਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਤਾਂ ਜੋ ਬੱਚਿਆਂ ਦਾ ਬਚਪਨ ਸੋਸ਼ਲ ਮੀਡੀਆ ਦੀ ਗੁਲਾਮੀ ਤੋਂ ਬਚ ਸਕੇ। ਇਹ ਸਿਰਫ਼ ਸਾਡੇ ਹੁਨਰ ਅਤੇ ਸੰਜਮ ’ਤੇ ਨਿਰਭਰ ਕਰਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਵੇਂ ਸੁਨਹਿਰਾ ਭਵਿੱਖ ਦੇ ਸਕਦੇ ਹਾਂ।

ਹਰਪ੍ਰੀਤ ਸਿੰਘ ਬਰਾੜ
ਮੋਹਾਲੀ

LEAVE A REPLY

Please enter your comment!
Please enter your name here