ਘਰ ਦਾ ਭੇਤੀ ਲੰਕਾ ਢਾਹੇ, ਬਿਜਲੀ ਕਾਰਪੋਰੇਸ਼ਨਾਂ ਨੂੰ ਰਗੜੇ ਲਾਏ
ਪਿਛਲੇ ਦਿਨੀਂ ਬਿਜਲੀ ਕਾਰਪੋਰੇਸ਼ਨਾਂ ਦੇ ਟ੍ਰਾਂਸਕੋ ਵਿੰਗ ਨੂੰ ਭੇਤੀ ਚੋਰਾਂ ਵੱਲੋਂ ਫਰੀਦਕੋਟ, ਫਿਰੋਜਪੁਰ ਤੇ ਮੋਗਾ ਜਿਲ੍ਹਿਆਂ ਦੇ 6 ਦੇ ਕਰੀਬ 220 ਕੇਵੀ ਬਿਜਲੀ ਘਰਾਂ ਦੇ ਯਾਰਡ ’ਚ ਲੱਗੇ ਲਾਈਨ ਆਈਸੋਲੇਟਰਾਂ ’ਤੇ ਲੱਗੀਆਂ ਅਰਥ ਸਵਿੱਚਾਂ ਦੀਆਂ ਤਾਂਬੇ ਦੀਆਂ ਪਾਈਪ ਟਾਈਪ ਰਾਡਾਂ ਜੋ ਜਾਣਕਾਰੀ ਇਕੱਠੀ ਕਰਨ ’ਤੇ ਪਤਾ ਲੱਗਾ ਕਿ ਗਿਣਤੀ ’ਚ 100 ਦੇ ਕਰੀਬ ਹਨ, ਚੋਰੀ ਕਰਕੇ ਟ੍ਰਾਸਕੋ ਨੂੰ ਲੱਖਾਂ ਰੁਪਏ ਦਾ ਚੂਨਾ ਲਾਇਆ ਹੈ।
ਇਨ੍ਹਾਂ ਤਾਂਬੇ ਦੀਆਂ ਰਾਡਾਂ ਦਾ ਅੰਦਾਜਨ ਵਜ਼ਨ ਦਸ ਕੁਇੰਟਲ ਦੇ ਕਰੀਬ ਬਣਦਾ ਹੈ, ਤੇ ਜਿਸ ਦੀ ਅੰਦਾਜਨ ਕੀਮਤ ਪੰਜ ਤੋਂ ਸੱਤ ਲੱਖ ਰੁਪਏ ਆਂਕੀ ਜਾ ਸਕਦੀ ਹੈ। ਚੋਰਾਂ ਵੱਲੋਂ ਲਾਏ ਇਸ ਰਗੜੇ ਨਾਲ ਟ੍ਰਾਸਕੋ ਨੂੰ ਦੂਹਰਾ ਨੁਕਸਾਨ ਹੋਇਆ ਹੈ। ਇੱਕ ਪਾਸੇ ਚੋਰੀ ਹੋਏ ਸਾਮਾਨ ਦੀ ਕੀਮਤ, ਦੂਜੇ ਪਾਸੇ ਉਸੇ ਜਗ੍ਹਾ ਨਵੇਂ ਲਾਉਣ ਵਾਲੇ ਸਾਮਾਨ ਦੀ ਕੀਮਤ।
ਇਹ ਚੋਰੀ ਜੋ ਕਿਸੇ ਭੇਤੀ ਬੰਦੇ ਦੇ ਬਣਾਏ ਹੋਏ ਚੋਰ ਗੈਂਗ ਵੱਲੋਂ ਸਾਰੇ ਬਿਜਲੀ ਘਰਾਂ ਵਿੱਚੋਂ ਕੀਤੀ ਗਈ ਹੈ, ਹੋ ਸਕਦਾ ਹੈ ਉਹ ਬੰਦਾ ਬਿਜਲੀ ਘਰਾਂ ਵਿੱਚ ਕਿਸੇ ਪ੍ਰਾਈਵੇਟ ਠੇਕੇਦਾਰ ਰਾਹੀਂ ਕੰਮ ਕਰਦਾ ਰਿਹਾ ਹੋਵੇ ਕਿਉਂਕਿ ਅਜਿਹਾ ਚੋਰੀ ਕਰਨ ਦਾ ਢੰਗ ਅੱਜ ਤੱਕ ਬਿਜਲੀ ਘਰਾਂ ਵਿੱਚ ਕਿਸੇ ਵੀ ਚੋਰ ਗਿਰੋਹ ਵੱਲੋਂ ਨਹੀਂ ਵਰਤਿਆ ਗਿਆ। ਜਿਸ ਜਗ੍ਹਾ ਤੋਂ ਇਹ ਤਾਂਬੇ ਦੀਆਂ ਰਾਡਾਂ ਚੋਰੀ ਹੋਈਆਂ ਹਨ ਉਸ ਜਗ੍ਹਾ 24 ਘੰਟੇ ਹਾਈ ਵੋਲਟੇਜ ਹਮੇਸ਼ਾ ਹੀ ਲਾਈਵ ਰਹਿੰਦੀ ਹੈ। ਪਿਛਲੇ ਦਿਨੀਂ ਤਹਿਸੀਲ ਜਗਰਾਓਂ ਨੇੜਲੇ ਪਿੰਡ ਚੀਮੇ ਤੋਂ ਚੋਰਾਂ ਵੱਲੋਂ ਇੱਕ ਘਰੋਂ ਰਾਤ ਨੂੰ ਚਾਰ ਪਸ਼ੂ ਚੋਰੀ ਕਰਕੇ ਧਰਮਕੋਟ ਇਲਾਕੇ ਵਿੱਚ 75 ਕਿਲੋਮੀਟਰ ਦੂਰ ਜਾ ਵੇਚੇ।
ਘਰ ਵਾਲੇ ਨੌਜਵਾਨ ਮੁੰਡਿਆਂ ਨੇ ਦੋ-ਤਿੰਨ ਟੀਮਾਂ ਬਣਾ ਕੇ ਆਪਣੇ ਪਿੰਡ ਤੋਂ ਕੈਮਰੇ ਚੈੱਕ ਕਰਨੇ ਸ਼ੁਰੂ ਕੀਤੇ ਤੇ ਦੇਖਿਆ, ਕਿ ਚਾਰ ਆਦਮੀ ਇੱਕ ਮਹਿੰਦਰਾ ਪਿਕਅੱਪ ਗੱਡੀ ’ਤੇ ਚਾਰੇ ਪਸ਼ੂ ਲੱਦ ਕੇ ਲੈ ਗਏ ਹਨ। ਸਾਰੀਆਂ ਟੀਮਾਂ ਵੱਖ-ਵੱਖ ਰਸਤਿਆਂ ਤੋਂ ਕੈਮਰੇ ਚੈੱਕ ਕਰਦੀਆਂ ਹੋਈਆਂ ਆਪਸੀ ਤਾਲਮੇਲ ਜਰੀਏ ਧਰਮਕੋਟ ਦੇ ਨੇੜੇ ਇੱਕ ਛੋਟੇ ਕਸਬੇ ਜਲਾਲਾਬਾਦ ਪੂਰਬੀ ਪਹੁੰਚੇ। ਸਬੱਬੀਂ ਮਿਸਤਰੀ ਦੀ ਦੁਕਾਨ ’ਤੇ ਇੱਕ ਸ਼ੱਕੀ ਗੱਡੀ ਨੂੰ ਠੀਕ ਕਰਵਾ ਰਹੇ ਇੱਕ ਆਦਮੀ ਨਾਲ ਗੱਲਬਾਤ ਕੀਤੀ, ਤੇ ਗੱਡੀ ਬਾਰੇ ਪੁੱਛ-ਪੜਤਾਲ ਕੀਤੀ।
ਗੱਡੀ ਦੀਆਂ ਨਿਸ਼ਾਨੀਆਂ ਕੈਮਰੇ ਵਿੱਚ ਜ਼ਿਆਦਾ ਕਲੀਅਰ ਨਹੀਂ ਸਨ। ਫਿਰ ਦੁਬਾਰਾ ਕੈਮਰਿਆਂ ਨੂੰ ਧਿਆਨ ਨਾਲ ਘੋਖਿਆ ਗਿਆ, ਉਹੀ ਗੱਡੀ ਕੈਮਰੇ ਵਾਲੀ ਗੱਡੀ ਨਾਲ ਮੇਲ ਖਾ ਗਈ। ਕਿਉਂਕਿ ਗੱਡੀ ਦਾ ਨੰਬਰ ਕੈਮਰਿਆਂ ਵਿੱਚ ਨਹੀਂ ਆਇਆ ਸੀ। ਜਦੋਂ ਵਾਪਸ ਆਏ ਤਾਂ ਗੱਡੀ ਨੂੰ ਉਹ ਆਦਮੀ ਭਜਾ ਕੇ ਲੈ ਗਿਆ। ਸਾਰੀ ਟੀਮ ਤੁਰੰਤ ਠਾਣੇ ਪਹੁੰਚੀ, ਪੁਲਿਸ ਨਾਲ ਲੈ ਕੇ ਉਸ ਦੇ ਪਿੰਡ ਦਾ ਪਤਾ ਕਰਕੇ ਰੇਡ ਮਾਰੀ, ਸਾਰੇ ਚੋਰ ਫੜੇ ਗਏ ਤੇ ਸਾਰੇ ਪਸ਼ੂ ਜੋ ਚੋਰਾਂ ਨੇ ਧਰਮਕੋਟ ਵੇਚ ਦਿੱਤੇ ਸਨ ਰਿਕਵਰੀ ਹੋ ਗਏ। ਅੱਜ ਤੱਕ ਦਾ ਇਤਿਹਾਸ ਹੈ ਕਿ ਚੋਰੀ ਹੋਏ ਪਸ਼ੂ ਕਦੇ ਵੀ ਵਾਪਸ ਨਹੀਂ ਮਿਲੇ ਪ੍ਰੰਤੂ ਇਨ੍ਹਾਂ ਚੀਮੇ ਪਿੰਡ ਵਾਲੇ ਨੌਜਵਾਨਾਂ ਦੀ ਮਿਹਨਤ ਰੰਗ ਲਿਆਈ, ਚੋਰ ਫੜੇ ਗਏ।
ਹੁਣ ਗੱਲ ਬਿਜਲੀ ਕਾਰਪੋਰੇਸ਼ਨ ਭਾਵ ਟ੍ਰਾਸਕੋ ਦੀ ਹੈ। ਜਿਸ ਦਾ ਲੱਖਾਂ ਰੁਪਏ ਦਾ ਕੀਮਤੀ ਸਾਮਾਨ ਚੋਰੀ ਹੋਇਆ ਹੈ। ਦੇਖਿਆ ਜਾਵੇ ਜਦ ਸਾਡੀ ਜੇਬ੍ਹ ’ਚੋਂ ਕਿਧਰੇ ਇੱਕ ਰੁਪਏ ਦਾ ਸਿੱਕਾ ਬੈੱਡ ਥੱਲੇ ਡਿੱਗ ਪਵੇ ਤਾਂ ਸਾਰਾ ਟੱਬਰ ਉਸਨੂੰ ਲੱਭਣ ਲਈ ਝਾੜੂ ਤੇ ਜਾਲੇ ਲਾਹੁਣ ਵਾਲੀਆਂ ਸੋਟੀਆਂ ਲੈ ਕੇ ਘਰ ਦੇ ਸਾਰੇ ਮੋਬਾਈਲਾਂ ਦੀਆਂ ਫਲੈਸ਼ ਲਾਈਟਾਂ ਜਗਾ ਕੇ ਬੈੱਡ ਦੇ ਥੱਲੇ ਇਉਂ ਵੜੇ ਫਿਰਦੇ ਹਨ ਜਿਵੇਂ ਪਾਣੀ ਵਿੱਚ ਮੱਛੀ ਫਿਰਦੀ ਹੋਵੇ।
ਪਰ ਸਰਕਾਰੀ ਮਾਲ ਦੀ ਰਿਕਵਰੀ ਕਰਵਾਉਣੀ ਦੂਰ ਦੀ ਗੱਲ ਪਹਿਲਾਂ ਮਾਮਲੇ ਨੂੰ ਦੱਬਣ ਵਾਲੇ ਪਾਸੇ ਹੀ ਜ਼ੋਰ ਦਿੱਤਾ ਜਾਂਦਾ ਹੈ। ਤੁੱਥ-ਮੁੱਥ ਕਰਕੇ ਸਾਰਿਆ ਜਾਂਦਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਇੱਕ ਪੋਸਟ ਵਿੱਚ ਦੇਖਿਆ ਕਿ ਇੱਕ ਚੋਰ 66 ਕੇਵੀ ਡੈਂਟਲ ਕਾਲਜ ਬਿਜਲੀ ਘਰ ਅੰਮ੍ਰਿਤਸਰ ਵਿੱਚੋਂ ਵੀ ਕੰਟਰੋਲ ਕੇਬਲਾਂ ਚੋਰੀ ਕਰਦਾ ਫੜਿਆ ਗਿਆ ਹੈ। ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ? ਇਨ੍ਹਾਂ ਦੇ ਵਿਚਲੇ ਕਾਰਨ ਕੀ ਹਨ? ਉਹਨਾਂ ਨੂੰ ਲੱਭ ਕੇ ਜਾਂਚ ਜ਼ਰੂਰੀ ਹੈ। ਇਸ ਦਾ ਇੱਕ ਕਾਰਨ ਚੋਰਾਂ ਸੰਗ ਕੁੱਤੀ ਰਲੀ ਹੋਣ ਕਾਰਨ ਵੀ ਲਗਾਤਾਰ ਸਰਕਾਰੀ ਅਦਾਰਿਆਂ ਵਿੱਚ ਅਜਿਹਾ ਵਾਪਰ ਰਿਹਾ ਹੈ।
ਪੰਜਾਬ ਵਿੱਚ ਬਿਜਲੀ ਕਾਰਪੋਰੇਸ਼ਨ ਦਾ ਸਾਮਾਨ ਪਿਛਲੇ ਸਮੇਂ ਤੋਂ ਜਦ ਤੋਂ ਪ੍ਰਾਈਵੇਟ ਠੇਕੇਦਾਰੀ ਸਿਸਟਮ ਸ਼ੁਰੂ ਹੋਇਆ ਹੈ ਉਦੋਂ ਤੋਂ ਲਗਾਤਾਰ ਚੋਰੀ ਹੋ ਰਿਹਾ ਹੈ। ਇਸ ਨੂੰ ਨੱਥ ਪਾ ਕੇ ਪੱਕੇ ਤੌਰ ’ਤੇ ਰੋਕਣ ਲਈ ਬਿਜਲੀ ਕਾਰਪੋਰੇਸ਼ਨਾਂ ਦੇ ਅਫਸਰਾਂ ਤੇ ਮੈਨੇਜਮੈਂਟਾਂ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ, ਹਾਲਾਂਕਿ ਚੋਰਾਂ ਨੂੰ ਕਈ ਵਾਰੀ ਫੜਿਆ ਵੀ ਗਿਆ ਹੈ। ਪਰ ਪਰਨਾਲਾ ਉੱਥੇ ਦਾ ਉੱਥੇ! ਇਨ੍ਹਾਂ ਚੋਰਾਂ ਵੱਲੋਂ ਵੇਚੇ ਜਾ ਰਹੇ ਸਾਮਾਨ ਨੂੰ ਖਰੀਦਣ ਵਾਲੇ ਕਬਾੜੀਆਂ ਨੂੰ ਘੋਖ ਕਰਕੇ ਫੜਨ ਦੀ ਲੋੜ ਹੈ। ਕਿਉਂਕਿ ਇਹ ਕੀਮਤੀ ਸਾਮਾਨ ਉਹ ਕਬਾੜੀਏ ਕੌਡੀਆਂ ਦੇ ਭਾਅ ਖਰੀਦ ਕੇ ਆਪਣੀਆਂ ਜੇਬ੍ਹਾਂ ਭਰਦੇ ਹਨ। ਉਹ ਇਹ ਸਭ ਜਾਣਦੇ ਹਨ ਕਿ ਇਹ ਸਾਮਾਨ ਕੋਈ ਆਮ ਬੰਦਾ ਜਾਂ ਛੋਟਾ ਕਬਾੜੀਆ ਨਹੀਂ ਖਰੀਦੇਗਾ, ਚੋਰ ਸਾਡੇ ਕੋਲ ਹੀ ਆਉਣਗੇ!
ਭਾਵ ਚੋਰਾਂ ਦੇ ਕੱਪੜੇ ਡਾਂਗਾਂ ਦੇ ਗਜ, ਨਸ਼ੇੜੀ ਨੂੰ ਤਾਂ ਜੇਕਰ ਲੱਖ ਰੁਪਏ ਦੇ ਸਾਮਾਨ ਬਦਲੇ ਦਸ ਹਜ਼ਾਰ ਮਿਲ ਜਾਣ, ਉਹ ਤਾਂ ਬੱਸ ਐਨੇ ਵਿੱਚ ਹੀ ਖੁਸ਼ ਹੈ। ਪਰ ਕਬਾੜੀਏ ਦੀਆਂ ਤਾਂ ਪੌਂ ਬਾਰਾਂ ਪੱਚੀ ਹੋ ਗਈਆਂ। ਸੋਚਣ ਦੀ ਲੋੜ ਹੈ, ਜੇਕਰ ਬਿਜਲੀ ਕਾਰਪੋਰੇਸ਼ਨ ਨੇ ਸਖਤੀ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਆਸਾਰ ਦਿਸ ਰਹੇ ਹਨ। ਚੋਰ ਬਿਜਲੀ ਦੀਆਂ ਚੱਲਦੀਆਂ ਲਾਈਨਾਂ ਦੀਆਂ ਤਾਰਾਂ ਵੱਢ ਕੇ ਵੇਚਿਆ ਕਰਨਗੇ। ਕਿਉਂਕਿ ਪ੍ਰਾਈਵੇਟ ਠੇਕੇਦਾਰੀ ਸਿਸਟਮ ਨੇ ਬਿਜਲੀ ਕਾਰਪੋਰੇਸ਼ਨਾਂ ਦੇ ਹਰੇਕ ਗੁੱਝੇ ਭੇਦ ਨੂੰ ਲੋਕਾਂ ਵਿੱਚ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਠੇਕੇਦਾਰਾਂ ਕੋਲ ਕੰਮ ਕਰਦੇ ਸਾਰੇ ਬੰਦੇ ਇਮਾਨਦਾਰ ਨਹੀਂ ਤੇ ਉਨ੍ਹਾਂ ਵਿੱਚੋਂ ਕਈ ਨਸ਼ੇੜੀ ਵੀ ਹਨ, ਜਿਸ ਕਾਰਨ ਇਹ ਸਭ ਵਾਪਰ ਰਿਹਾ ਹੈ। ਸਰਕਾਰ ਇਹ ਕਾਨੂੰਨ ਲਾਗੂ ਕਰੇ ਕਿ ਜਿਸ ਕਬਾੜੀਏ ਕੋਲ ਲਾਇਸੰਸ ਹੋਵੇਗਾ ਸਿਰਫ ਉਹੀ ਪੁਰਾਣਾ ਕਬਾੜ ਦਾ ਸਾਮਾਨ ਖਰੀਦ ਸਕੇਗਾ। ਅਣ-ਅਧਿਕਾਰਤ ਕਬਾੜੀਆਂ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਦੂਜਾ, ਸਰਕਾਰ ਇਹ ਵੀ ਤੈਅ ਕਰਕੇ ਯਕੀਨੀ ਬਣਾਵੇ ਕਿ ਕੋਈ ਵੀ ਕਬਾੜੀਆ ਸਰਕਾਰੀ ਸਾਮਾਨ ਦੀ ਖਰੀਦ ਨਹੀਂ ਕਰ ਸਕੇਗਾ। ਸਬੰਧਿਤ ਮਹਿਕਮਾ ਜਿਸ ਪੁਰਾਣੇ ਸਾਮਾਨ ਦੀ ਬੋਲੀ ਲਾਵੇ ਓਹੀ ਖਰੀਦਿਆ ਜਾਵੇ। ਤੀਸਰਾ, ਸਰਕਾਰ ਇਹ ਵੀ ਤੈਅ ਕਰਕੇ ਯਕੀਨੀ ਬਣਾਵੇ ਕਿ ਸਾਰੇ ਕਬਾੜੀਏ ਆਪਣੇ ਸਟੋਰਾਂ ਤੇ ਦੁਕਾਨ ਉੱਪਰ ਸਮੇਤ ਇਨਵਰਟਰ ਜਾਂ ਸੋਲਰ ਲਾ ਕੇ ਆਨਲਾਈਨ ਕੈਮਰੇ ਲਾਉਣ ਜੋ ਸਬੰਧਤ ਥਾਣੇ ਨਾਲ ਪਾਸਵਰਡ ਦੇ ਕੇ ਅਟੈਚ ਕੀਤੇ ਜਾਣ। ਜਿਸ ਨਾਲ ਇਹ ਸਭ ਪਾਰਦਰਸ਼ੀ ਹੋ ਜਾਵੇਗਾ ਕਿ ਕਬਾੜੀਏ ਦੀ ਦੁਕਾਨ ’ਤੇ ਕੌਣ, ਕਿਹੜਾ ਸਾਮਾਨ ਵੇਚਣ ਆਇਆ ਹੈ। ਤੇ ਕਬਾੜੀਏ ਨੇ ਕਿਸ-ਕਿਸ ਸਾਮਾਨ ਦੀ ਕਿਸ ਤੋਂ ਖਰੀਦ ਕੀਤੀ ਹੈ।
ਜਿਸ ਨਾਲ ਸਰਕਾਰੀ ਸਾਮਾਨ ਜਾਂ ਹੋਰ ਕਿਸੇ ਤਰ੍ਹਾਂ ਦੇ ਪ੍ਰਾਈਵੇਟ ਸੈਕਟਰ ਤੋਂ ਚੋਰੀ ਕੀਤਾ ਸਾਮਾਨ ਵੇਚਣ ਤੇ ਖਰੀਦਣ ਵਾਲੇ ਦੀ ਸਿੱਧੀ ਸ਼ਨਾਖਤ ਹੋ ਜਾਵੇਗੀ। ਇਹ ਚੋਰੀਆਂ ਦਾ ਸਿਲਸਿਲਾ ਘਟ ਜਾਵੇਗਾ ਤੇ ਇਸ ਨਾਲ ਕਬਾੜੀਏ ਦਾ ਸਾਮਾਨ ਵੀ ਚੋਰੀ ਨਹੀਂ ਹੋਵੇਗਾ ਤੇ ਦੂਜਾ, ਉਸ ਦਾ ਵਪਾਰ ਪਾਰਦਰਸ਼ੀ ਹੋ ਜਾਵੇਗਾ। ਕੈਮਰਾ ਚੋਰ ਫੜਦਾ ਨਹੀਂ ਉਹ ਤਾਂ ਬੰਦੇ ਦੀ ਸ਼ਨਾਖਤ ਕਰਦਾ ਹੈ। ਕਿਉਂਕਿ ਅੱਜ ਹਰ ਕੋਈ ਆਪਣੇ ਤੌਰ ’ਤੇ ਹੀ ਚਾਰਦਿਵਾਰੀ ਬਣਾ ਕੇ ਬੈਠ ਜਾਂਦਾ ਹੈ, ਮੈਂ ਉੱਥੇ ਕਬਾੜ ਖਰੀਦਦਾ ਹਾਂ! ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੁਲਿਸ ਕੋਲ ਤਾਂ ਪਹਿਲਾਂ ਹੀ ਕੰਮ ਬਹੁਤ ਤੇ ਅਮਲੇ ਦੀ ਘਾਟ ਹੈ। ਇਹ ਨਵਾਂ ਇੱਕ ਹੋਰ ਯੱਬ੍ਹ ਕੌਣ ਕਰੂ?
ਮੈਂ ਦੱਸਣਾ ਚਾਹੁੰਦਾ ਹਾਂ ਕਿ ਟੈਕਨਾਲੋਜੀ ਐਨੀ ਤੇਜ ਤੇ ਬਰੀਕ ਹੋ ਗਈ ਹੈ। ਪੰਜਾਬ ਦੇ ਸਾਰੇ ਬਿਜਲੀ ਘਰਾਂ ਦੇ ਲੱਖਾਂ ਕੇ. ਡਬਲਿਊ. ਐਚ. ਮੀਟਰਾਂ ਦੀ ਚੌਵ੍ਹੀ ਘੰਟੇ ਦੀ ਕਾਰਜ ਪ੍ਰਣਾਲੀ ਆਨਲਾਈਨ ਬਿਨਾਂ ਕਿਸੇ ਤਾਰ ਤੋਂ ਪਟਿਆਲਾ ਹੈਡ ਆਫਿਸ ਵਿਖੇ ਜਾ ਰਹੀ ਹੈ। ਜਿਸ ਨੂੰ ਕੁੱਝ ਕੁ ਕਰਮਚਾਰੀ ਹੀ ਕੰਟਰੋਲ ਕਰ ਰਹੇ ਹਨ। ਪੰਜਾਬ ਦੇ ਕਿਸੇ ਏਰੀਏ ਦੇ ਮੀਟਰ ਦੀ ਰੁਕਾਵਟ ਜਾਂ ਵਾਧੂ ਚੱਲਣ ਦੀ ਸਥਿਤੀ ਤੁਰੰਤ ਨੋਟ ਹੁੰਦੀ ਹੈ। ਫਿਰ ਇਹ ਕੈਮਰੇ ਤਾਂ ਸਬੰਧਤ ਥਾਣਿਆਂ ਨਾਲ ਹੀ ਹਰੇਕ ਸ਼ਹਿਰ ਜਾਂ ਕਸਬੇ ਵਿੱਚ ਜੁੜਨੇ ਹਨ। ਇੱਕ ਕਰਮਚਾਰੀ ਕੰਟਰੋਲ ਕਰ ਸਕਦਾ ਹੈ, ਜਿਸ ਨੂੰ ਤਨਖਾਹ ਵੀ ਸਾਰੇ ਕਬਾੜੀਆਂ ਤੋਂ ਸਾਲਾਨਾ ਲਾਇਸੰਸ ਫੀਸ ਭਰਵਾ ਕੇ ਉਸ ਵਿੱਚੋਂ ਦਿੱਤੀ ਜਾ ਸਕਦੀ ਹੈ
ਇਸ ਤੋਂ ਅੱਗੇ ਗੱਲ ਬਿਜਲੀ ਕਾਰਪੋਰੇਸ਼ਨਾਂ ਦੇ ਕਰਨ ਵਾਲੀ ਹੈ ਕਿ ਹਰੇਕ ਬਿਜਲੀ ਘਰ ਦੇ ਯਾਰਡ ਵਿੱਚ ਮਹਿਕਮਾ ਆਪਣੇ ਤੌਰ ’ਤੇ ਹਾਈ ਡੈਫੀਨੇਸ਼ਨ ਕੈਮਰੇ ਤੇ ਫਲੱਡ ਲਾਈਟਾਂ ਲਾਵੇ, ਜਿਨ੍ਹਾਂ ਦਾ ਕੰਟਰੋਲ, ਕੰਟਰੋਲ ਰੂਮ ਵਿਚ ਕੀਤਾ ਜਾਵੇ ਕੋਈ ਵਾਧੂ ਸਟਾਫ ਦੀ ਵੀ ਜਰੂਰਤ ਨਹੀਂ ਪਵੇਗੀ। ਸਾਰੀ ਸਥਿਤੀ ਨੂੰ ਐਲਸੀਡੀ ਰਾਹੀਂ ਦੇਖਿਆ ਜਾ ਸਕਦਾ ਹੈ। ਸਾਰੇ ਬਿਜਲੀ ਘਰਾਂ ਦੇ ਯਾਰਡ ਦੇ ਬਾਹਰ ਜਾਲੀ ਦੀ ਥਾਂ ’ਤੇ ਉੱਚੀ ਚਾਰਦੀਵਾਰੀ ਕੀਤੀ ਜਾਵੇ।
ਟ੍ਰਾਂਸਕੋ ਵਿੰਗ ਵਿੱਚ ਚੋਰੀਆਂ ਦੇ ਸਿਲਸਿਲੇ ਦਾ ਇੱਕ ਕਾਰਨ ਟ੍ਰਾਂਸਕੋ ਵੱਲੋਂ ਪੈਸਕੋ ਸਿਕਿਊਰਿਟੀ ਦੀ ਨਫਰੀ ਨੂੰ ਬਿਜਲੀ ਘਰਾਂ ’ਚੋਂ ਖਰਚੇ ਘਟਾਉਣ ਲਈ ਕੱਟ ਲਾ ਕੇ 50% ਕਰਨਾ ਵੀ ਹੈ। ਜੇਕਰ ਸਕਿਊਰਿਟੀ ਵਿੱਚ ਕੱਟ ਨਾ ਲਾਇਆ ਜਾਂਦਾ ਤਾਂ ਹੋ ਸਕਦਾ ਸੀ, ਚੋਰੀ ਦੀਆਂ ਇਹ ਘਟਨਾਵਾਂ ਨਾ ਵਾਪਰਦੀਆਂ। ਸਾਰੇ ਬਿਜਲੀ ਘਰਾਂ ਵਿੱਚ ਸਮੇਂ ਦੀ ਨਜਾਕਤ ਵੇਖਦੇ ਹੋਏ ਪੈਸਕੋ ਰਾਹੀਂ ਆਰਮਡ ਸਕਿਊਰਿਟੀ ਦਾ ਤੁਰੰਤ ਪ੍ਰਬੰਧ ਕਰਕੇ, ਬਾਕੀ ਵੱਡੀ ਤਾਦਾਦ ਵਿੱਚ ਚੋਰੀ ਤੋਂ ਬਚੇ ਬਿਜਲੀ ਘਰਾਂ ਵਿੱਚ ਲੱਗੇ ਕੀਮਤੀ ਸਾਮਾਨ ਨੂੰ ਚੋਰੀ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਕਿਉਂਕਿ ਬਿਜਲੀ ਕਾਰਪੋਰੇਸ਼ਨਾਂ ਦੇ ਬਿਜਲੀ ਘਰਾਂ ਵਿੱਚ ਪਹਿਲਾਂ ਹੀ ਸ਼ਿਫਟ ਡਿਊਟੀ ਸਟਾਫ ਦੀ ਵੱਡੀ ਘਾਟ ਹੈ। ਜਿਸ ਨੂੰ ਭਰਤੀ ਕਰਨ ਲਈ ਸਰਕਾਰ ਇੱਧਰ ਵੀ ਧਿਆਨ ਦੇਵੇ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਹ ਸੁਣਨ ਨੂੰ ਮਿਲੇਗਾ ਕਿ ਫਲਾਨੇ ਬਿਜਲੀ ਘਰ ਦੇ ਕਰਮਚਾਰੀ ਨੂੰ ਚੋਰਾਂ ਵੱਲੋਂ ਕਮਰੇ ਵਿੱਚ ਬੰਦ ਕਰਕੇ, ਚੱਲਦੇ ਬ੍ਰੇਕਰਾਂ ਨੂੰ ਚੋਰ ਏਟੀਐਮ ਦੀ ਤਰ੍ਹਾਂ ਪੁੱਟ ਕੇ ਲੈ ਗਏ। ਮੈਨੇਜਮੈਂਟਾਂ ਤੇ ਸਰਕਾਰਾਂ ਇਸ ਵੱਲ ਨਿੱਜੀ ਧਿਆਨ ਦੇ ਕੇ ਪਬਲਿਕ ਸੈਕਟਰ ਦੇ ਇਸ ਖਤਮ ਕੀਤੇ ਜਾ ਰਹੇ ਅਦਾਰੇ ਨੂੰ ਬਚਾਉਣ ਵੱਲ ਧਿਆਨ ਦੇਣ! ਨਹੀਂ ਤਾਂ ਰੱਬ ਹੀ ਰਾਖਾ ਹੈ!
ਕੋਟਕਪੂਰਾ ਮੋ. 96462-00468
ਇੰਜ: ਜਗਜੀਤ ਸਿੰਘ ਕੰਡਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ