ਆਓ! ਭਾਰਤੀ ਰੁਪਏ ਦਾ ਇਤਿਹਾਸ ਜਾਣੀਏ

Rupee

ਭਾਰਤੀ ਰੁਪਏ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਰਤੀ ਕਰੰਸੀ ਦੀਆਂ ਕਈ ਇਕਾਈਆਂ ਸਨ, ਜਿਨ੍ਹਾਂ ਬਾਰੇ ਸ਼ਾਇਦ ਤੁਹਾਨੂੰ ਪਤਾ ਵੀ ਨਾ ਹੋਵੇ। ਆਓ! ਇਨ੍ਹਾਂ ਬਾਰੇ ਪਤਾ ਕਰੀਏ। ਰੁਪਿਆ ਸ਼ਬਦ ਸਭ ਤੋਂ ਪਹਿਲਾਂ ਸ਼ੇਰ ਸਾਹ ਸੂਰੀ ਦੁਆਰਾ 1540 ਅਤੇ 1545 ਦੇ ਵਿਚਕਾਰ ਆਪਣੇ ਰਾਜ ਦੌਰਾਨ ਵਰਤਿਆ ਗਿਆ ਸੀ। ਉਸ ਨੇ ਜੋ ਰੁਪਏ ਦਾ ਸਿੱਕਾ ਵਰਤਿਆ, ਉਹ ਚਾਂਦੀ ਦਾ ਸੀ ਜਿਸ ਦਾ ਵਜਨ ਲਗਭਗ 11.543 ਗ੍ਰਾਮ ਸੀ। ਉਸ ਨੇ ‘ਦਾਮ’ ਕਹੇ ਜਾਣ ਵਾਲੇ ਤਾਂਬੇ ਦੇ ਸਿੱਕੇ ਅਤੇ ‘ਮੋਹਰ’ ਕਹੇ ਜਾਣ ਵਾਲੇ ਸੋਨੇ ਦੇ ਸਿੱਕੇ ਵੀ ਜਾਰੀ ਕੀਤੇ। ਪਰ ਅੱਜ ਅਸੀਂ ਜਿਸ ਰੁਪਏ ਦੀ ਵਰਤੋਂ ਕਰਦੇ ਹਾਂ, ਉਹ ਇੱਥੇ ਪਹੁੰਚਣ ਲਈ ਕਈ ਪੜਾਵਾਂ ਵਿੱਚੋਂ ਲੰਘਿਆ ਹੈ।

ਜਦੋਂ ਰੁਪਏ ਦਾ ਦਸ਼ਮਲਵੀਕਰਨ ਨਹੀਂ ਹੋਇਆ ਸੀ ਤਾਂ 11.66 ਗ੍ਰਾਮ ਵਜ਼ਨ ਵਾਲੇ ਰੁਪਏ ਦੇ ਸਿੱਕੇ ਨੂੰ 16 ਆਨੇ ਜਾਂ 64 ਪੈਸੇ ਜਾਂ ਫਿਰ 192 ਪਾਈ ਵਿੱਚ ਵੰਡਿਆ ਗਿਆ ਸੀ। 1957 ਵਿੱਚ ਰੁਪਏ ਦਾ ਦਸ਼ਮਲਵੀਕਰਨ ਕੀਤਾ ਗਿਆ ਅਤੇ ਇੱਕ ਰੁਪਿਆ 100 ਪੈਸੇ ਹੋ ਗਿਆ। ਰੁਪਏ ਦੇ ਪੂਰੇ ਇਤਿਹਾਸ ਨੂੰ ਜਾਣਨ ਤੋਂ ਪਹਿਲਾਂ, ਅਸੀਂ ਇਹ ਵੀ ਜਾਣ ਲੈਂਦੇ ਹਾਂ ਕਿ ਪ੍ਰਾਚੀਨ ਭਾਰਤ ਵਿੱਚ ਮੁਦਰਾ ਦਾ ਵਰਗੀਕਰਨ ਕਿਵੇਂ ਕੀਤਾ ਗਿਆ ਸੀ। ਅੱਜ ਇੱਕ ਰੁਪਏ ਦੀ ਕੀਮਤ ਜੋ ਸਾਡੇ ਲਈ ਅਣਗੌਲੀ ਹੈ, ਇੱਕ ਸਮੇਂ ਇੱਕ ਬਹੁਤ ਵੱਡੀ ਮੁਦਰਾ ਮੰਨੀ ਜਾਂਦੀ ਸੀ ਅਤੇ ਉਸ ਤੋਂ ਛੋਟੀਆਂ ਕਈ ਤਰ੍ਹਾਂ ਦੀਆਂ ਮੁਦਰਾਵਾਂ ਹੀ ਪ੍ਰਚਲਨ ਵਿੱਚ ਸਨ। ਕਈ ਵਾਰ, ਲੋਕ ਆਪਣੀ ਗਰੀਬੀ ਦਾ ਵਰਣਨ ਕਰਨ ਲਈ ਇਹ ਵਾਕੰਸ਼ ਵਰਤਦੇ ਹਨ ‘ਸਾਡੇ ਕੋਲ ਇੱਕ ਫੁੱਟੀ ਕੌਡੀ ਵੀ ਨਹੀਂ ਹੈ’, ਇਹ ‘ਫੁੱਟੀ ਕੌਡੀ’ ਵੀ ਇੱਕ ਮੁਦਰਾ ਹੀ ਹੁੰਦੀ ਸੀ ਅਤੇ ਇਸ ਨੂੰ ਪ੍ਰਾਚੀਨ ਭਾਰਤ ਵਿੱਚ ਸਭ ਤੋਂ ਛੋਟੀ ਮੁਦਰਾ ਵਜੋਂ ਜਾਣਿਆ ਜਾਂਦਾ ਸੀ।

ਤੁਸੀਂ ਫੁੱਟੀ ਕੌਡੀ ਤੋਂ ਰੁਪਏ ਤੱਕ ਦੇ ਵਰਗੀਕਰਨ ਨੂੰ ਇਸ ਤਰ੍ਹਾਂ ਸਮਝ ਸਕਦੇ ਹੋ- ਫੁੱਟੀ ਕੌਡੀ ਤੋਂ ਕੌਡੀ (3 ਫੁੱਟੀ ਕੌਡੀ=1 ਕੌਡੀ), ਕੌਡੀ ਤੋਂ ਦਮੜੇ (10 ਕੌਡੀਆਂ=1 ਦਮੜੀ), ਦਮੜੇ ਤੋਂ ਧੇਲਾ (2 ਦਮੜੇ=1 ਧੇਲਾ), ਧੇਲੇ ਤੋਂ ਪਾਈ (1 ਧੇਲਾ=1.5 ਪਾਈ), ਪਾਈ ਤੋਂ ਪੈਸਾ (3 ਪਾਈ=1 ਪੈਸਾ (ਪੁਰਾਣਾ)), ਪੈਸਾ ਤੋਂ ਆਨਾ (4 ਪੈਸੇ=1 ਆਨਾ), ਆਨੇ ਤੋਂ ਰੁਪਇਆ (16 ਆਨੇ=1 ਰੁਪਇਆ)। ਇਸ ਤਰ੍ਹਾਂ ਰੁਪਏ ਦਾ ਜਨਮ ਹੋਇਆ।

ਇਨ੍ਹਾਂ ਮੁਦਰਾਵਾਂ ਦਾ ਆਪਸ ਵਿੱਚ ਕੀ ਸਬੰਧ ਹੈ? ਆਓ! ਇਹ ਵੀ ਸਮਝੀਏ: 265 ਦਮੜੇ=192 ਪਾਈਆਂ, 192 ਪਾਈਆਂ=128 ਧੇਲੇ, 128 ਧੇਲੇ=64 ਪੈਸੇ (ਪੁਰਾਣੇ), 64 ਪੈਸੇ=16 ਆਨੇ, 16 ਆਨੇ=1 ਰੁਪਇਆ।
ਪੁਰਾਤਨ ਮੁਦਰਾ ਦੀਆਂ ਇਨ੍ਹਾਂ ਇਕਾਈਆਂ ਨੇ ਸਾਡੀ ਬੋਲੀ ਨੂੰ ਬਹੁਤ ਸਾਰੀਆਂ ਕਹਾਵਤਾਂ ਦਿੱਤੀਆਂ ਹਨ, ਜੋ ਅੱਜ ਵੀ ਪਹਿਲਾਂ ਵਾਂਗ ਹੀ ਪ੍ਰਚਲਿਤ ਹਨ। ਉਦਾਹਰਨ ਵਜੋਂ- ਮੈਂ ਇੱਕ ‘ਫੁੱਟੀ ਕੌਡੀ’ ਵੀ ਨਹੀਂ ਦੇਵਾਂਗਾ। ਸਾਡਾ ਪੁੱਤ ‘ਧੇਲੇ’ ਦਾ ਕੰਮ ਨਹੀਂ ਕਰਦਾ। ‘ਪਾਈ-ਪਾਈ’ ਦਾ ਹਿਸਾਬ ਕਰਨਾ। ਸੋਲ੍ਹਾਂ ‘ਆਨੇ’ ਸੱਚ। ਸੋ ਇਹ ਸੀ ਫੁੱਟੀ ਕੌਡੀ ਤੋਂ ਰੁਪਏ ਤੱਕ ਦਾ ਸਫਰ ਅਤੇ ਇਸ ਤਰ੍ਹਾਂ ਹੋਇਆ ਸੀ ਅਜੋਕੇ ਰੁਪਏ ਦਾ ਜਨਮ।

ਰਵਿੰਦਰਪਾਲ ਸਿੰਘ, ਕੰਪਿਊਟਰ ਫੈਕਲਟੀ,
ਸਰਕਾਰੀ ਹਾਈ ਸਕੂਲ, ਕਮਾਲਪੁਰ (ਸੰਗਰੂਰ)
ਮੋ. 98152-92572

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ