Faridkot ਸਿੱਖ ਰਿਆਸਤ ਦੀ ਅਮੀਰ ਵਿਰਾਸਤ ਦੇ ਇਤਿਹਾਸ ’ਤੇ ਇੱਕ ਝਾਤ
7 ਅਗਸਤ 1972 ਨੂੰ ਫਰੀਦਕੋਟ ਸ਼ਹਿਰ ਨੂੰ ਪੰਜਾਬ ਦਾ ਜ਼ਿਲ੍ਹਾ ਬਣਾਇਆ ਗਿਆ। ਫਿਰ ਨਵੰਬਰ 1995 ਵਿੱਚ ਫਰੀਦਕੋਟ ਜ਼ਿਲੇ੍ਹ ਵਿਚੋਂ ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਅਲੱਗ ਨਵੇਂ ਜ਼ਿਲ੍ਹੇ ਬਣਾ ਦਿੱਤੇ ਗਏ ਜਿਸ ਕਾਰਨ ਫਰੀਦਕੋਟ ਜ਼ਿਲੇ੍ਹ (History of Faridkot Punjab) ਦਾ ਖੇਤਰ ਕਾਫੀ ਘਟ ਗਿਆ। ਇਸ ਦਾ ਕੁੱਲ ਖੇਤਰਫਲ 1475.70 ਵਰਗ ਕਿਲੋਮੀਟਰ ਹੈ। ਇਸ ਜ਼ਿਲ੍ਹੇ ਵਿੱਚ ਇੱਕ ਲੋਕ ਸਭਾ ਦੀ ਸੀਟ ਅਤੇ ਕੁੱਲ ਤਿੰਨ ਅਸੈਂਬਲੀ ਸੀਟਾਂ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਹਨ। ਫਰੀਦਕੋਟ ਦੇ ਕੁੱਲ 181 ਪਿੰਡ ਅਤੇ 3 ਨਗਰ ਕੌਂਸਲਾਂ ਹਨ। ਫਰੀਦਕੋਟ ਵਿਖੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਵੀ ਬਣੀ ਹੋਈ ਹੈ ਜਿੱਥੇ ਡਾਕਟਰੀ ਆਦਿ ਦੇ ਕੋਰਸ ਕਰਵਾਏ ਜਾਂਦੇ ਹਨ। ਸਿੱਖਿਆ ਦੇ ਖੇਤਰ ਪੱਖੋਂ ਫਰੀਦਕੋਟ ਹੁਣ ਕਾਫੀ ਤਰੱਕੀ ਕਰ ਚੁੱਕਾ ਹੈ। ਆਓ! ਇਸ ਦੀ ਸਿੱਖ ਰਿਆਸਤ ਦੀ ਅਮੀਰ ਵਿਰਾਸਤ ਦੇ ਇਤਿਹਾਸ ਬਾਰੇ ਜਾਣਦੇ ਹਾਂ।
12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਅਤੇ ਦੇਸ਼ ਦੀ ਅਮੀਰ ਵਿਰਾਸਤ ਨੂੰ ਸਾਂਭੀ ਬੈਠੀ ਫ਼ਰੀਦਕੋਟ ਦੀ ਸਿੱਖ ਰਿਆਸਤ ਦੁਨੀਆਂ ਦੇ ਇਤਿਹਾਸਕਾਰਾਂ ਦੀ ਨਜ਼ਰ ਵਿੱਚ ਹੈ। 12ਵੀਂ ਸਦੀ ਤੱਕ ਫ਼ਰੀਦਕੋਟ ਨੂੰ ਮੋਕਲ ਨਗਰ ਦੇ ਨਾਂਅ ਨਾਲ ਹੀ ਜਾਣਿਆ ਜਾਂਦਾ ਸੀ, ਉਸ ਸਮੇਂ ਰਾਜਾ ਮੋਕਲ ਦੇਵ ਇੱਥੋਂ ਦਾ ਸ਼ਾਸਕ ਸੀ ਅਤੇ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੀ ਫੇਰੀ ਦੌਰਾਨ ਇਸ ਸ਼ਹਿਰ ਦਾ ਨਾਂਅ ਫ਼ਰੀਦਕੋਟ ਰੱਖਿਆ।
History of Faridkot Punjab
ਫ਼ਰੀਦਕੋਟ ਰਿਆਸਤ ਸਤਲੁਜ ਦਰਿਆ ਦੇ ਦੱਖਣ ਵਾਲੇ ਕੰਢੇ ’ਤੇ ਸਥਾਪਿਤ
ਫ਼ਰੀਦਕੋਟ 16ਵੀਂ ਸਦੀ ਤੱਕ ਅਨੇਕਾਂ ਲੋਕਾਂ ਦੇ ਹੱਥਾਂ ਵਿੱਚ ਰਿਹਾ। ਅੰਤ ਵਿੱਚ ਇਸ ’ਤੇ ਬਰਾੜ ਵੰਸ਼ ਦਾ ਕਬਜ਼ਾ ਹੋ ਗਿਆ। ਕਾਫ਼ੀ ਸਮਾਂ ਬਰਾੜ ਚੌਧਰੀਆਂ ਦਾ ਇਲਾਕੇ ’ਤੇ ਕਬਜ਼ਾ ਰਿਹਾ। ਦੁਨੀਆਂ ਭਰ ਵਿੱਚ ਆਪਣੀ ਵਿਲੱਖਣ ਪਹਿਚਾਣ ਵਾਲੀ ਫ਼ਰੀਦਕੋਟ ਰਿਆਸਤ ਸਤਲੁਜ ਦਰਿਆ ਦੇ ਦੱਖਣ ਵਾਲੇ ਕੰਢੇ ’ਤੇ ਸਥਾਪਿਤ ਕੀਤੀ ਗਈ ਸੀ ਅਤੇ ਇਹ ਲਾਹੌਰ ਤੋਂ 105 ਕਿਲੋਮੀਟਰ ਦੂਰ ਹੈ। ਮੁਗ਼ਲ ਰਾਜਭਾਗ ਦੀ ਸਮਾਪਤੀ ਤੋਂ ਬਾਅਦ ਇਸ ਉੱਪਰ ਬਰਾੜ ਵੰਸ਼ ਦੇ ਰਾਜਾ ਪਹਾੜਾ ਸਿੰਘ ਦਾ ਕਬਜ਼ਾ ਹੋ ਗਿਆ। History of Faridkot Punjab
1849 ਵਿੱਚ ਪਹਾੜਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ 21 ਸਾਲਾ ਪੁੱਤਰ ਵਜ਼ੀਰ ਸਿੰਘ (1849-1874) ਇਸ ਰਿਆਸਤ ਦੇ ਰਾਜਾ ਰਹੇ। ਵਜੀਰ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਜਾ ਬਿਕਰਮ ਸਿੰਘ ਨੂੰ (1874-1898) ਨੂੰ ਫ਼ਰੀਦਕੋਟ ਸਿੱਖ ਰਿਆਸਤ ’ਤੇ ਰਾਜਭਾਗ ਕਰਨ ਦਾ ਮੌਕਾ ਮਿਲਿਆ। ਮਹਾਰਾਜਾ ਬਿਕਰਮ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਦੇ ਲੰਗਰ ਲਈ ਇਮਾਰਤ ਦਾ ਨਿਰਮਾਣ ਕਰਵਾਇਆ ਅਤੇ ਦਰਬਾਰ ਸਾਹਿਬ ਵਿੱਚ ਬਿਜਲੀ ਲਈ 25 ਹਜ਼ਾਰ ਰੁਪਏ ਖਰਚ ਕੀਤੇ। ਬਿਕਰਮ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਮਹਾਰਾਜਾ ਬਲਬੀਰ ਸਿੰਘ (1898-1906) ਫ਼ਰੀਦਕੋਟ ਦੇ ਸ਼ਕਤੀਸ਼ਾਲੀ ਸ਼ਾਸ਼ਕ ਵਜੋਂ ਉੱਭਰੇ।
ਜਰ ਰੈਂਕ ਦੀ ਉਪਾਧੀ ਦੇ ਦਿੱਤੀ
ਸੰਨ 1906 ਤੋਂ 1916 ਤੱਕ ਫ਼ਰੀਦਕੋਟ ਰਿਆਸਤ ਵਿੱਚ ਕੌਂਸਲ ਆਫ਼ ਰੀਜੰਸੀ ਦਾ ਕਬਜਾ ਰਿਹਾ। 1916 ਵਿੱਚ ਮਹਾਰਾਜਾ ਬਿ੍ਰਜਿੰਦਰ ਸਿੰਘ ਨੇ ਫ਼ਰੀਦਕੋਟ ਦਾ ਕਾਰਜਭਾਰ ਸੰਭਾਲਿਆ। ਉਨ੍ਹਾਂ ਫ਼ਰੀਦਕੋਟ ਰਿਆਸਤ ਵਿੱਚ ਆਲੀਸ਼ਾਨ ਇਮਾਰਤਾਂ ਤੇ ਬਾਗ਼ਾਂ ਦਾ ਨਿਰਮਾਣ ਕਰਵਾਇਆ। ਇਸ ਮੌਕੇ ਪਹਿਲਾ ਵਿਸ਼ਵ ਯੁੱਧ ਛਿੜ ਚੁੱਕਾ ਸੀ ਅਤੇ ਮਹਾਰਾਜਾ ਬਿ੍ਰਜਿੰਦਰ ਸਿੰਘ ਨੇ ਬਿ੍ਰਟਿਸ਼ ਸਰਕਾਰ ਨੂੰ 17 ਲੱਖ ਰੁਪਏ ਕਰਜੇ ਵਜੋਂ ਦਿੱਤੇ ਅਤੇ ਬਿ੍ਰਟਿਸ਼ ਸਰਕਾਰ ਨੂੰ ਹਥਿਆਰ, ਘੋੜੇ, ਊਠ ਅਤੇ 2800 ਦੇ ਕਰੀਬ ਫੌਜੀ ਜਵਾਨ ਵੀ ਭੇਜੇ ਜਿਸ ਨਾਲ ਉਨ੍ਹਾਂ ਦੇ ਬਿ੍ਰਟਿਸ਼ ਸਰਕਾਰ ਨਾਲ ਸੰਬੰਧ ਹੋਰ ਵੀ ਗੂੜ੍ਹੇ ਹੋ ਗਏ। ਮਹਾਰਾਜਾ ਬਿ੍ਰਜਿੰਦਰ ਸਿੰਘ ਦੀ ਇਸ ਸਹਾਇਤਾ ਤੋਂ ਖੁਸ਼ ਹੋ ਕੇ ਬਿ੍ਰਟਿਸ਼ ਸਰਕਾਰ ਨੇ ਸਨਮਾਨ ਵਜੋਂ ਉਨ੍ਹਾਂ ਨੂੰ ਮੇਜਰ ਰੈਂਕ ਦੀ ਉਪਾਧੀ ਦੇ ਦਿੱਤੀ। ਪਰੰਤੂ ਉਹ ਬਹੁਤਾ ਸਮਾਂ ਰਾਜਭਾਗ ਨਹੀਂ ਕਰ ਸਕੇ ਤੇ 1918 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਸਿਹਤ ਕੇਂਦਰਾਂ ਦਾ ਨਿਰਮਾਣ ਕਰਵਾਇਆ
ਸੰਨ 1918-1934 ਤੱਕ ਫ਼ਰੀਦਕੋਟ ਰਿਆਸਤ ਵਿੱਚ ਕੌਂਸਲ ਆਫ਼ ਐਡਮਿਨਿਸਟ੍ਰੇਸ਼ਨ ਦਾ ਕੰਮ ਚਲਾਊ ਪ੍ਰਬੰਧ ਰਿਹਾ। ਬਰਾੜ ਵੰਸ਼ ਦੇ ਆਖਰੀ ਰਾਜਾ ਹਰਿੰਦਰ ਸਿੰਘ ਨੇ 17 ਅਕਤੂਬਰ 1934 ਨੂੰ ਫ਼ਰੀਦਕੋਟ ਰਿਆਸਤ ਦੇ ਰਾਜੇ ਵਜੋਂ ਕਾਰਜਭਾਰ ਸੰਭਾਲਿਆ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਫ਼ਰੀਦਕੋਟ ਸਿੱਖ ਰਿਆਸਤ ਵਿੱਚ ਵਿਲੱਖਣ ਇਮਾਰਤਾਂ ਦਾ ਨਿਰਮਾਣ ਕਰਵਾਇਆ ਤੇ ਉੱਚਤਮ ਸਿੱਖਿਆ ਦੇ ਪ੍ਰਬੰਧ ਕੀਤੇ। ਕਾਮਰਸ ਦਾ ਕਾਲਜ ਪਿਸ਼ਾਵਰ ਤੇ ਦਿੱਲੀ ਤੋਂ ਬਾਅਦ ਇਕੱਲੇ ਫ਼ਰੀਦਕੋਟ ਵਿੱਚ ਹੀ ਮੌਜ਼ੂਦ ਸੀ। ਰਾਜਾ ਹਰਿੰਦਰ ਸਿੰਘ ਨੇ ਬਿ੍ਰਜਿੰਦਰਾ ਕਾਲਜ, ਯੂਨੀਅਰ ਬੇਸਿਕ ਟ੍ਰੇਨਿੰਗ ਸਕੂਲ ਬਿ੍ਰਕਰਮ ਕਾਲਜ ਆਫ਼ ਕਾਮਰਸ, ਖੇਤੀਬਾੜੀ ਕਾਲਜ, ਆਰਟ ਤੇ ਕ੍ਰਾਫ਼ਟ ਸਕੂਲ ਉਸ ਸਮੇਂ ਫ਼ਰੀਦਕੋਟ ਰਿਆਸਤ ਵਿੱਚ 8 ਹਾਈ ਸਕੂਲ ਤੇ ਹਰ ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਸਮੇਤ ਸਿਹਤ ਕੇਂਦਰਾਂ ਦਾ ਨਿਰਮਾਣ ਕਰਵਾਇਆ।
ਫ਼ਰੀਦਕੋਟ ਵਿੱਚ ਤਿੰਨ ਦਰਜਨ ਤੋਂ ਵੱਧ ਖੂਬਸੂਰਤ ਇਮਾਰਤਾਂ ਦੇ ਨਿਰਮਾਣ ਨੇ ਇੱਥੋਂ ਦੀ ਭਵਨ ਨਿਰਮਾਣ ਕਲਾ ਨੂੰ ਦੁਨੀਆਂ ਵਿੱਚ ਖੂਬ ਪ੍ਰਸਿੱਧੀ ਦਿਵਾਈ। ਹਾਲਾਂਕਿ ਸਮਾਂ ਬੀਤਣ ਨਾਲ ਬਹੁਤ ਸਾਰੀਆਂ ਇਤਿਹਾਸਕ ਇਮਾਰਤਾਂ ਦਾ ਵਜੂਦ ਖਤਮ ਹੋ ਚੁੱਕਾ ਹੈ। ਪਰੰਤੂ ਸਕੱਤਰੇਤ, ਵਿਕਟੋਰੀਆ ਟਾਵਰ, ਲਾਲ ਕੋਠੀ, ਅਰਾਮ ਘਰ, ਅਸਤਬਲ, ਰਾਜ ਮਹਿਲ, ਸ਼ੀਸ਼ ਮਹਿਲ, ਮੋਤੀ ਮਹਿਲ, ਸ਼ਾਹੀ ਕਿਲ੍ਹਾ, ਸ਼ਾਹੀ ਸਮਾਧਾਂ ਆਦਿ ਇਮਾਰਤਾਂ ਅੱਜ ਵੀ ਦੇਖੀਆਂ ਜਾ ਸਕਦੀਆਂ ਹਨ। ਫ਼ਰੀਦਕੋਟ ਰਿਆਸਤ ਦੀਆਂ ਖੂਬਸੂਰਤ ਇਮਾਰਤਾਂ ਲਾਹੌਰ, ਸ਼ਿਮਲਾ ਅਤੇ ਦਿੱਲੀ ਵਿੱਚ ਵੀ ਹਨ।
History of Faridkot Punjab
ਫ਼ਰੀਦਕੋਟ ਰਿਆਸਤ ਦੀਆਂ ਵਿਰਾਸਤੀ ਇਮਾਰਤਾਂ
ਰਾਜਾ ਹਰਿੰਦਰ ਸਿੰਘ ਇੱਕ ਕੁਸ਼ਲ ਪ੍ਰਬੰਧਕ ਵਜੋਂ ਵੀ ਮਕਬੂਲ ਹੋਏ। ਉਨ੍ਹਾਂ ਨੇ ਆਪਣੀ ਰਿਆਸਤ ਵਿੱਚ ਭੀਖ ਮੰਗਣ ’ਤੇ ਮੁਕੰਮਲ ਪਾਬੰਦੀ ਲਾਈ ਹੋਈ ਸੀ ਤੇ ਦੇਸ਼ ਦੇ ਬਟਵਾਰੇ ਸਮੇਂ ਉਸ ਨੇ ਆਪਣੀ ਰਿਆਸਤ ਵਿੱਚ ਇੱਕ ਵੀ ਦੰਗਾ-ਫ਼ਸਾਦ, ਲੁੱਟ-ਖੋਹ ਜਾਂ ਕਤਲ ਨਹੀਂ ਹੋਣ ਦਿੱਤਾ। ਪਾਕਿਸਤਾਨ ਜਾਣ ਵਾਲੇ ਪਰਿਵਾਰਾਂ ਨੂੰ ਪੂਰੀ ਹਿਫ਼ਾਜ਼ਤ ਨਾਲ ਭੇਜਿਆ ਗਿਆ। ਮਹਾਰਾਜਾ ਹਰਿੰਦਰ ਸਿੰਘ ਨੇ ਆਪਣੇ ਰਾਜਭਾਗ ਦੌਰਾਨ ਫ਼ਰੀਦਕੋਟ ਸਿੱਖ ਰਿਆਸਤ ਬਾਰੇ ਇੱਕ ਵਸੀਅਤ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਫ਼ਰੀਦਕੋਟ ਰਿਆਸਤ ਦੀਆਂ ਵਿਰਾਸਤੀ ਇਮਾਰਤਾਂ, ਖਜ਼ਾਨਾ, ਜਾਇਦਾਦ ਆਦਿ ਸੰਭਾਲਣ ਲਈ ਮਹਾਂਰਾਵਲ ਖੇਵਾ ਜੀ ਟਰੱਸਟ ਦੀ ਸਥਾਪਨਾ ਕੀਤੀ।
ਭਾਰਤ ਸਰਕਾਰ ਨੇ 15 ਜੁਲਾਈ 1948 ਨੂੰ ਫ਼ਰੀਦਕੋਟ ਰਿਆਸਤ ਨੂੰ ਖਤਮ ਕਰਕੇ ਇੱਥੇ ਲੋਕਤੰਤਰ ਸਰਕਾਰ ਦਾ ਗਠਨ ਕਰ ਦਿੱਤਾ ਸੀ। ਬਾਅਦ ਵਿੱਚ ਪੰਜਾਬ ਸਰਕਾਰ ਨੇ ਫ਼ਰੀਦਕੋਟ ਰਿਆਸਤ ਦਾ ਵੱਡਾ ਹਿੱਸਾ ਜਾਇਦਾਦ ਤੇ ਇਮਾਰਤਾਂ ਨੂੰ ਆਪਣੇ ਕਬਜੇ ਵਿੱਚ ਲੈ ਲਿਆ। ਮਹਾਰਾਜਾ ਹਰਿੰਦਰ ਸਿੰਘ ਫ਼ਰੀਦਕੋਟ ਰਿਆਸਤ ਦੇ ਆਖਰੀ ਰਾਜਾ ਸਨ ਅਤੇ ਉਨ੍ਹਾਂ ਦਾ 16 ਅਕਤੂਬਰ 1989 ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੀਆਂ ਤਿੰਨ ਬੇਟੀਆਂ ਅਤੇ ਇੱਕ ਬੇਟਾ ਸਨ। ਇਨ੍ਹਾਂ ਦੇ ਪੁੱਤਰ ਪਿੰ੍ਰਸ ਹਰਮੋਹਿੰਦਰ ਸਿੰਘ ਦਾ ਦੇਹਾਂਤ 1981 ਵਿੱਚ ਹੀ ਹੋ ਗਿਆ ਸੀ। ਫ਼ਰੀਦਕੋਟ ਰਿਆਸਤ ਦਾ ਰਾਜ ਮਹਿਲ ਅਤੇ ਸ਼ਾਹੀ ਕਿਲ੍ਹਾ ਅੱਜ ਵੀ ਆਪਣੀ ਸਦੀ ਪੁਰਾਣੀ ਦਿੱਖ ਨੂੰ ਸੁਰੱਖਿਅਤ ਸਾਂਭੀ ਬੈਠਾ ਹੈ।
ਫ਼ਰੀਦਕੋਟ ਦੇ ਇਤਿਹਾਸ ਤੇ ਇਤਿਹਾਸਕ ਇਮਾਰਤਾਂ ਬਾਰੇ ਕਿਤਾਬ
ਇਸ ਅੰਦਰ ਆਮ ਲੋਕਾਂ ਦੇ ਜਾਣ ’ਤੇ ਮਨਾਹੀ ਹੈ। ਰਾਜ ਮਹਿਲ ਆਪਣੇ-ਆਪ ਵਿੱਚ ਦੁਨੀਆਂ ਦੇ ਖੂਬਸੂਰਤ ਮਹਿਲਾਂ ਵਿੱਚੋਂ ਇੱਕ ਹੈ। ਸ਼ਾਹੀ ਕਿਲੇ੍ਹ ਦੇ ਤੋਸ਼ੇਖਾਨੇ ਵਿੱਚ ਰਿਆਸਤ ਦੇ ਹਥਿਆਰਾਂ ਸਮੇਤ ਦਸਮ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਦਾ ਖੜਗ ਅਤੇ ਢਾਲ ਅੱਜ ਵੀ ਪਈ ਹੈ ਜੋ ਉਨ੍ਹਾਂ ਨੇ ਚੌਧਰੀ ਕਪੂਰਾ ਸਿੰਘ ਨੂੰ ਬਖਸ਼ੀ ਸੀ। ਵਿਸ਼ਵ ਪ੍ਰਸਿੱਧ ਇਤਿਹਾਸਕਾਰ ਡਾ. ਸੁਭਾਸ਼ ਪਰਿਹਾਰ ਨੇ ਰਿਆਸਤ ਫ਼ਰੀਦਕੋਟ ਦੇ ਇਤਿਹਾਸ ਤੇ ਇਤਿਹਾਸਕ ਇਮਾਰਤਾਂ ਬਾਰੇ ਕਿਤਾਬ ਲਿਖੀ ਹੈ ਜੋ ਕਿ ਸਾਲ 2018 ਵਿੱਚ ਪੀਪਲਜ਼ ਫੋਰਮ ਬਰਗਾੜੀ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ, ਪੀਪਲਜ਼ ਫੋਰਮ ਤੋਂ ਇਹ ਕਿਤਾਬ ਵੀ. ਪੀ. ਪੀ. ਰਾਹੀਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਕਿਤਾਬ ਦੇ ਛਪਣ ਨਾਲ ਫ਼ਰੀਦਕੋਟ ਵਿੱਚ ਪਏ ਸਿੱਖ ਰਿਆਸਤ ਦੇ ਅਮੀਰ ਵਿਰਸੇ ਨੂੰ ਜਾਣਨ ਦਾ ਦੁਨੀਆਂ ਨੂੰ ਮੌਕਾ ਮਿਲਿਆ ਹੈ।
ਫ਼ਰੀਦਕੋਟ ਰਿਆਸਤ ਵਿੱਚ ਬਣਾਏ ਸਵਾਗਤੀ ਦਰਵਾਜੇ ਦੁਨੀਆਂ ਦੇ ਸਭ ਤੋਂ ਉੱਤਮ ਭਵਨ ਨਮੂਨਿਆਂ ਦੀ ਮਿਸਾਲ ਪੇਸ਼ ਕਰਦੇ ਹਨ। ਇਸ ਸ਼ਹਿਰ ਵਿੱਚ ਬਾਬਾ ਫ਼ਰੀਦ ਜੀ ਦੀ ਫੇਰੀ ਨੇ ਇਸ ਦੀ ਵਿਰਾਸਤ ਨੂੰ ਦੁਨੀਆਂ ਭਰ ਵਿੱਚ ਮਕਬੂਲ ਕਰਨ ਲਈ ਅਹਿਮ ਯੋਗਦਾਨ ਪਾਇਆ ਹੈ। ਬਾਬਾ ਫ਼ਰੀਦ ਦੀ ਯਾਦ ਵਿੱਚ ਬਣੇ ਟਿੱਲਾ ਬਾਬਾ ਫ਼ਰੀਦ ਵਿਖੇ ਦੁਨੀਆਂ ਭਰ ਤੋਂ ਬਾਬਾ ਫ਼ਰੀਦ ਜੀ ਦੇ ਸ਼ਰਧਾਲੂ ਇੱਥੇ ਆਉੇਂਦੇ ਹਨ ਤੇ ਉਨ੍ਹਾਂ ਦੀ ਯਾਦ ਵਿੱਚ ਹਰ ਸਾਲ 19 ਤੋਂ 23 ਸਤੰਬਰ ਤੱਕ ਪੰਜ ਰੋਜ਼ਾ ਆਗਮਨ ਪੁਰਬ ਮਨਾਇਆ ਜਾਂਦਾ ਹੈ। ਇਸ ਉਤਸਵ ਨੇ ਵੀ ਫ਼ਰੀਦਕੋਟ ਦੀ ਅਮੀਰ ਵਿਰਾਸਤ ਨੂੰ ਦੁਨੀਆਂ ਦੇ ਰੂ-ਬ-ਰੂ ਕੀਤਾ ਹੈ। ਪੰਜਾਬ ਸਰਕਾਰ ਨੇ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਵਿਰਾਸਤ ਮੇਲੇ ਦਾ ਦਰਜਾ ਦੇ ਦਿੱਤਾ ਹੈ।
ਵਿਰਾਸਤੀ ਰੁੱਖਾਂ ਦੀ ਬਲੀ:
ਚਸ਼ਮਦੀਦ ਦੱਸਦੇ ਹਨ ਕਿ ਫ਼ਰੀਦਕੋਟ ਰਿਆਸਤ ਦੀ ਹੱਦ ਉਸ ਦੇ ਰੁੱਖਾਂ ਤੋਂ ਪਹਿਚਾਣੀ ਜਾਂਦੀ ਸੀ। ਜਿੱਥੋਂ ਤੱਕ ਵੀ ਫ਼ਰੀਦਕੋਟ ਰਿਆਸਤ ਦਾ ਰਾਜ-ਭਾਗ ਸੀ, ਉੱਥੋਂ ਤੱਕ ਫ਼ਰੀਦਕੋਟ ਦੇ ਰਾਜੇ ਵੱਲੋਂ ਟਾਹਲੀਆਂ, ਅੰਬ ਤੇ ਜਾਮਣ ਦੇ ਬਾਗ਼ ਲਵਾਏ ਗਏ ਸਨ। ਫ਼ਰੀਦਕੋਟ ਰਿਆਸਤ ਵਿੱਚ ਘੁਗਿਆਣਾ ਅਤੇ ਸਿੱਖਾਂਵਾਲੇ ਦਾ ਬੀੜ ਵੀ ਸ਼ਾਮਲ ਸੀ ਜਿੱਥੇ ਹੁਣ ਕੋਈ ਰੁੱਖ ਨਹੀਂ ਬਚਿਆ ਅਤੇ ਰਿਆਸਤ ਦੇ ਸਾਰੇ ਜੰਗਲ ਵਿੱਚ ਪਹਾੜੀ ਕਿੱਕਰ ਹੀ ਬਾਕੀ ਰਹਿ ਗਏ ਹਨ।
ਚਸ਼ਮਦੀਦਾਂ ਦੀ ਜ਼ੁਬਾਨੀ:
ਬਿ੍ਰਟਿਸ਼ ਸਰਕਾਰ ਆਜ਼ਾਦ ਭਾਰਤ ਅਤੇ ਰਿਆਸਤ ਦਾ ਰਾਜਭਾਗ ਆਪਣੇ ਅੱਖੀਂ ਦੇਖਣ ਵਾਲੇ ਬਜ਼ੁਰਗਾਂ ਨੇ ਦੱਸਿਆ ਕਿ ਫ਼ਰੀਦਕੋਟ ਰਿਆਸਤ ਸਮੇਂ ਅਨੁਸ਼ਾਸਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਸੀ ਅਤੇ ਲੋਕਾਂ ਨੂੰ ਪਹਿਲ ਦੇ ਅਧਾਰ ’ਤੇ ਇਨਸਾਫ਼ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਰਿਆਸਤ ਦੇ ਕਿਸਾਨਾਂ, ਮਜ਼ਦੂਰਾਂ ਤੇ ਕਾਮਿਆਂ ਨੂੰ ਵਿਸ਼ੇਸ਼ ਸਤਿਕਾਰ ਪ੍ਰਾਪਤ ਸੀ। ਧੱਕੇਸ਼ਾਹੀ ਅਤੇ ਭਿ੍ਰਸ਼ਟਾਚਾਰ ਵਰਗੀ ਕਦੇ ਕੋਈ ਗੱਲ ਸਾਹਮਣੇ ਨਹੀਂ ਆਈ ਸੀ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਦੇ ਰਾਜੇ ਦਿਆਲੂ, ਪੜੇ੍ਹ-ਲਿਖੇ ਅਤੇ ਅਗਾਂਹਵਧੂ ਸ਼ਾਸਕ ਸਨ।
ਸ਼ਾਹੀ ਸਮਾਧਾਂ:
- ਫ਼ਰੀਦਕੋਟ ਰਿਆਸਤ ਦੇ ਪਹਿਲੇ ਰਾਜਾ ਪਹਾੜਾ ਸਿੰਘ ਤੋਂ ਲੈ ਕੇ ਆਖਰੀ ਰਾਜਾ ਹਰਿੰਦਰ ਸਿੰਘ ਦਾ ਅੰਤਿਮ ਸਸਕਾਰ ਇੱਥੇ ਹੀ ਕੀਤਾ ਗਿਆ ਸੀ। ਸ਼ਾਹੀ ਪਰਿਵਾਰ ਦੇ ਕਬਰਸਤਾਨ ਨੂੰ ਸ਼ਾਹੀ ਸਮਾਧਾਂ ਦਾ ਨਾਂਅ ਦਿੱਤਾ ਗਿਆ ਹੈ।
- ਸ਼ਾਹੀ ਪਰਿਵਾਰ ਦੀਆਂ ਸਮਾਧਾਂ ਵਾਲੀ ਵਿਸ਼ਾਲ ਇਮਾਰਤ ਦੀ ਦਿੱਖ ਵੀ ਰਿਆਸਤ ਦੀ ਸ਼ਾਹੀ ਠਾਠ ਬਿਆਨ ਕਰਦੀ ਹੈ।
ਮੇਰੀ ਦਿਲੋਂ ਪਰਮਾਤਮਾ ਅੱਗੇ ਇਹੀ ਦੁਆ ਹੈ ਕਿ ਸ਼ੇਖ ਫਰੀਦ ਜੀ ਦੀ ਚਰਨ ਛੋਹ ਪ੍ਰਾਪਤ ਇਹ ਧਰਤੀ ਅਤੇ ਸਮੁੱਚਾ ਜ਼ਿਲ੍ਹਾ ਹੋਰ ਤਰੱਕੀ ਕਰੇ ਅਤੇ ਇੱਥੋਂ ਦੇ ਲੋਕਾਂ ਵਿੱਚ ਪਿਆਰ, ਨਿਮਰਤਾ, ਮਿਲਵਰਤਣ, ਭਾਈਚਾਰਾ, ਸ਼ਹਿਣਸ਼ੀਲਤਾ ਆਦਿ ਗੁਣ ਘਰ ਕਰ ਜਾਣ ।
History of Faridkot Punjab
ਪ੍ਰਮੋਦ ਧੀਰ ਜੈਤੋ,
ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)
ਮੋ. 98550-31081
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ