ਹੱਕ ਤੇ ਸੱਚ ਦੀ ਰੱਖਿਆ ਕਰਨ ਦੀ ਅਮਲੀ ਸਿੱਖਿਆ ਦਿੰਦਾ ਮਾਘੀ ਦਾ ਮੇਲਾ

maghi mela artical

ਹੱਕ ਤੇ ਸੱਚ ਦੀ ਰੱਖਿਆ ਕਰਨ ਦੀ ਅਮਲੀ ਸਿੱਖਿਆ ਦਿੰਦਾ ਮਾਘੀ ਦਾ ਮੇਲਾ

ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਾਉਂਦਾ, ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨੁਮਾਈ ਹੇਠ ਜ਼ਬਰ ਤੇ ਜ਼ੁਲਮ ਖਿਲਾਫ ਮੁਗ਼ਲਾਂ ਨਾਲ ਲੜਦੇ ਹੋਏ ਇਸ ਜਗ੍ਹਾ ‘ਤੇ ਸ਼ਹੀਦੀਆਂ ਦਾ ਜਾਮ ਪੀ ਗਏ ਸਨ। ਗੱਲ ਉਸ ਸਮੇਂ ਦੀ ਹੈ ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਪਹਾੜੀ ਰਾਜਿਆਂ ਵਿਚਕਾਰ ਜੰਗ ਜਾਰੀ ਸੀ। ਪਹਾੜੀ ਰਾਜਿਆਂ ਨੂੰ ਹਰ ਲੜਾਈ ਵਿਚ ਹਾਰ ਦਾ ਮੂੰਹ ਦੇਖਣਾ ਪਿਆ। ਆਖਰ ਪਹਾੜੀ ਰਾਜਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਉਸ ਸਮੇਂ ਦੇ ਮੁਗਲ ਬਾਦਸਾਹ ਔਰੰਗਜੇਬ ਤੋਂ ਸਹਾਇਤਾ ਮੰਗੀ।

ਔਰੰਗਜੇਬ ਨੇ ਪਹਾੜੀ ਰਾਜਿਆਂ ਦੀ ਮੱਦਦ ਲਈ ਲਾਹੌਰ ਤੇ ਸਰਹੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤਾ। ਗੁਰੂ ਸਾਹਿਬ ਉਨ੍ਹੀਂ ਦਿਨੀਂ ਸ੍ਰੀ ਆਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ ਦੁਸ਼ਮਣਾਂ ਵਿਰੁੱਧ ਲੜਾਈ ਲੜ ਰਹੇ ਸਨ। ਗੁਰੂ ਸਾਹਿਬ ਨੂੰ ਹਰਾਉਣ ਦੇ ਇਰਾਦੇ ਨਾਲ ਲਾਹੌਰ, ਸਰਹੰਦ ਦੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕਿਲ੍ਹੇ ਵਿਚ ਮੌਜੂਦ ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡੱਟਕੇ ਦੁਸ਼ਮਣ ਦੀਆਂ ਭਾਰੀ ਗਿਣਤੀ ਫੌਜਾਂ ਦਾ ਟਾਕਰਾ ਕੀਤਾ।

ਖਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੀ ਫੌਜ ਦੇ ਹੌਂਸਲੇ ਪਸਤ ਹੋ ਚੁੱਕੇ ਸਨ। ਪਰੰਤੂ ਇੱਧਰ ਕਿਲ੍ਹੇ ਵਿਚੋਂ ਵੀ ਹੌਲੀ-ਹੌਲੀ  ਰਾਸ਼ਨ ਪਾਣੀ ਮੁੱਕਦਾ ਜਾ ਰਿਹਾ ਸੀ ਇਸ ਦੇ ਬਾਵਜੂਦ ਸਿੱਖ ਸਿਪਾਹੀ ਲੜ ਰਹੇ ਸਨ।ਪਰ ਕੁਝ ਸਿੱਖ ਉਸ ਵੇਲੇ ਭਰਮ ਦਾ ਸ਼ਿਕਾਰ ਹੋ ਕੇ ਡੋਲ ਗਏ, ਤੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀਆਂ ਸਲਾਹਾਂ ਦੇਣ ਲੱਗੇ। ਗੁਰੂ ਜੀ ਨੇ ਦੂਰਅੰਦੇਸ਼ੀ ਨਾਲ ਸਿੱਖਾਂ ਨੂੰ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ, ਪਰੰਤੂ ਉਨ੍ਹਾਂ ਦਾ ਆਤਮਬਲ ਏਨਾਂ ਕਮਜ਼ੋਰ ਹੋ ਗਿਆ ਕਿ ਉਨ੍ਹਾਂ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ, ਕਿ ਅਸੀ ਤੇਰੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਤੇ ਘਰਾਂ ਨੂੰ ਚਲੇ ਗਏ।

ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਇਹ ਸਿੱਖ ਜਦ ਆਪਣੇ ਘਰਾਂ ਵਿਚ ਪਹੁੰਚੇ ਤਾਂ ਮਾਈ ਭਾਗੋ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਲੱਖ-ਲੱਖ ਲਾਹਨਤਾਂ ਪਾਈਆਂ

ਤੇ ਕਿਹਾ ਕਿ ਤੁਸੀਂ ਚੂੜੀਆਂ ਪਾ ਕੇ ਘਰ ਬੈਠ ਜਾਓ ਅਸੀਂ ਜੰਗ ਦੇ ਮੈਦਾਨ ਵਿਚ ਜਾਂਦੀਆਂ ਹਾਂ ਗੁਰੂ ਜੀ ਦਾ ਸਾਥ ਦੇਣ, ਤਾਂ ਮਾਈ ਭਾਗੋ ਅਤੇ ਹੋਰ ਬੀਬੀਆਂ ਤੋਂ ਖਰੀਆਂ ਤੇ ਸੱਚੀਆਂ ਗੱਲਾਂ ਸੁਣਨ ਤੋਂ ਇਲਾਵਾ ਜਦੋਂ ਇਨ੍ਹਾਂ ਨੂੰ ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਤੇ ਗੁਰੂ ਸਾਹਿਬ ਦਾ ਪਿੱਛਾ ਕਰ ਰਹੀਆਂ ਮੁਗ਼ਲ ਫੌਜਾਂ ਬਾਰੇ ਪਤਾ ਲੱਗਾ ਤਾਂ ਇਨ੍ਹਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਵਿਚ ਗੁਰੂ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ। ਇਹ ਸਿੱਖ ਮੁੜ ਤੋਂ ਗੁਰੂ ਜੀ ਦੀ ਅਗਵਾਈ ਵਿਚ ਮੁਗ਼ਲ ਫੌਜਾਂ ਨਾਲ ਲੜਨ-ਮਰਨ ਲਈ ਚੱਲ ਪਏ। ਇਸ ਮੌਕੇ ਮਾਈ ਭਾਗੋ ਵੀ ਮਰਦਾਵੇਂ ਭੇਸ ਵਿਚ ਉਨ੍ਹਾਂ ਦੇ ਨਾਲ ਸੀ।

ਰਸਤੇ ਵਿਚ ਇਨ੍ਹਾਂ ਨੂੰ ਗੁਰੂ ਜੀ ਦੇ ਆਨੰਦਪੁਰ ਸਾਹਿਬ ਛੱਡਣ, ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਆਦਿ ਦੇ ਸਮਾਚਾਰ ਜਦੋਂ ਮਾਲੂਮ ਹੋਏ ਤਾਂ ਇਨ੍ਹਾਂ ਦਾ ਖੂਨ ਹੋਰ ਵੀ ਖੌਲਣ ਲੱਗ ਪਿਆ। ਉਹ ਸਾਰੇ ਪੁੱਛਦੇ-ਪੁਛਾਉਂਦੇ ਜਿਧਰ ਨੂੰ ਗੁਰੂ ਜੀ ਗਏ ਸਨ, ਉਧਰ ਨੂੰ ਚੱਲ ਪਏ। ਉਧਰ ਗੁਰੂ ਜੀ ਚਮਕੌਰ, ਮਾਛੀਵਾੜਾ, ਕਨੇਚ, ਆਲਮਗੀਰ, ਹੇਰ, ਲੰਮੇ, ਰਾਏਕੋਟ, ਦੀਨਾ ਆਦਿ ਹੁੰਦੇ ਹੋਏ ਕੋਟਕਪੂਰਾ ਪਹੁੰਚੇ ਤਾਂ ਪਤਾ ਲੱਗਾ ਕਿ ਸੂਬਾ ਸਰਹੰਦ ਵਜ਼ੀਦ ਖਾਨ ਭਾਰੀ ਲਾਮ-ਲਸ਼ਕਰ ਨਾਲ ਉਨ੍ਹਾਂ ਦਾ ਪਿੱਛਾ ਕਰਦਾ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਇੱਧਰ ਮਾਝੇ ਦੇ ਸਿੱਖਾਂ ਦਾ ਜਥਾ ਜਦੋਂ ਗੁਰੂ ਸਾਹਿਬ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ‘ਤੇ ਪਹੁੰਚਿਆ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਫੌਜ ਦੇ ਇੱਥੇ ਪਹੁੰਚਣ ਦੀ ਖਬਰ ਮਿਲੀ, ਤਾਂ ਇਨ੍ਹਾਂ ਮੁਗ਼ਲ ਫੌਜ ਦੇ ਖਿਲਾਫ ਲੜਨ ਲਈ ਮੋਰਚੇ ਸੰਭਾਲ ਲਏ।

ਇਸ ਸਮੇਂ ਗੁਰੂ ਜੀ ਵੱਲੋਂ ਅਪਣਾਈ ਯੁੱਧ ਨੀਤੀ ਪੂਰੀ ਤਰ੍ਹਾਂ ਸਫ਼ਲ ਰਹੀ,

ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਸਾਰੀ ਮੁਗ਼ਲ ਫੌਜ ਵੀ ਉਸੇ ਪਾਸੇ ਝੁਕ ਗਈ। ਦੂਸਰੇ ਪਾਸੇ ਮਾਤਾ ਭਾਗ ਕੌਰ ਅਤੇ ਭਾਈ ਮਹਾਂ ਸਿੰਘ ਦੀ ਅਗਵਾਈ ਵਿਚ ਸਿੱਖਾਂ ਨੇ ਇੱਕਦਮ ਅਚਾਨਕ ਮੁਗ਼ਲ ਫੌਜਾਂ ‘ਤੇ ਹਮਲਾ ਬੋਲ ਦਿੱਤਾ। ਇਸ ਹਮਲੇ ਵਿਚ ਮੁਗਲ ਫੌਜ ਦੇ ਸੈਂਕੜੇ ਸੈਨਿਕ ਮਾਰੇ ਗਏ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣ ਫੌਜ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਂਟ ਚੜ੍ਹਦੇ ਗਏ। ਸਿੱਖ ਅਜਿਹੀ ਬਹਾਦਰੀ ਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਦੀ ਫੌਜ ਨੂੰ ਭਾਜੜ ਪੈ ਗਈ। ਦੁਸ਼ਮਣ ਹਾਰ ਖਾ ਕੇ ਭੱਜ ਉੱਠੇ ਤੇ ਖਾਲਸੇ ਨੇ ਜੰਗ ਦਾ ਮੈਦਾਨ ਫਤਿਹ ਕਰ ਲਿਆ। ਪਰ ਬੇਦਾਵਾ ਦੇ ਗਏ 40 ਸਿੰਘਾਂ ਸਮੇਤ ਬਹੁਤ ਸਾਰੇ ਸਿੰਘ ਲੜਾਈ ਦੇ ਮੈਦਾਨ ਵਿਚ ਜੂਝਦੇ ਹੋਏ ਸ਼ਹੀਦ ਹੋ ਗਏ।

ਮੁਗ਼ਲਾਂ ਦੇ ਜੰਗ ਦਾ ਮੈਦਾਨ ਛੱਡ ਕੇ ਭੱਜ ਜਾਣ ਤੋਂ ਬਾਅਦ ਗੁਰੂ ਜੀ ਨੇ ਰਣਭੂਮੀ ਵਿਚ ਦੇਖਿਆ ਕਿ ਢਾਬ ਕੰਢੇ ਜਖ਼ਮੀ ਹਾਲਤ ਵਿਚ ਬੈਠੀ ਮਾਤਾ ਭਾਗੋ ਆਪਣੇ ਜਖ਼ਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਚਰਨਾਂ ਵਿਚ ਆਪਣਾ ਸੀਸ ਨਿਵਾਇਆ। ਉਸ ਨੇ ਦਸ਼ਵੇਂ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੀ ਗਾਥਾ ਸੁਣਾਈ। ਗੁਰੂ ਸਾਹਿਬ ਨੇ ਜੰਗ ਵਿਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜਾਰੀ, ਸੱਤ ਹਜ਼ਾਰੀ ਅਤੇ ਦਸ ਹਜ਼ਾਰੀ ਦਾ ਵਰ ਦਿੰਦੇ ਹੋਏ ਹਰੇਕ ਦਾ ਸਿਰਫ਼ ਆਪਣੇ ਹੱਥੀਂ ਪਲੋਸਿਆ। ਜੰਗ ਦੇ ਮੈਦਾਨ ਵਿਚ ਪਈਆਂ ਸਿੱਖਾਂ ਦੀ ਦੇਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਪਿਆਰ ਨਾਲ ਨਿਹਾਰਿਆ ਅਤੇ ਹਰ ਇੱਕ ਨੂੰ ਛਾਤੀ ਨਾਲ ਲਾ ਕੇ ਅਤਿਅੰਤ ਸਨੇਹ ਨਾਲ ਅਨੇਕਾਂ ਬਖ਼ਸ਼ਿਸ਼ਾਂ ਕੀਤੀਆਂ।  ਐਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੇ ਨਜ਼ਰੀਂ ਪਿਆ।

ਗੁਰੂ ਸਾਹਿਬ ਨੇ ਉਸ ਦੇ ਸਿਰ ਨੂੰ ਆਪਣੀ ਗੋਦ ਵਿਚ ਲੈ ਕੇ ਉਸ ਦੇ ਮੂੰਹ ਨੂੰ ਸਾਫ ਕੀਤਾ ਤਾਂ ਉਸ ਦੀਆਂ ਅੱਖਾਂ ਖੁੱਲ੍ਹ ਗਈਆਂ।

ਕਲਗ਼ੀਧਰ ਪਾਤਸ਼ਾਹ ਨੇ ਗੋਦੀ ਵਿਚ ਲਏ ਭਾਈ ਮਹਾਂ ਸਿੰਘ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖ ਕੇ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਪੁੱਛਿਆ ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ਕਿ ‘ਉੱਤਮ ਭਾਗ ਹਨ ਕਿ ਅੰਤਿਮ ਸਮੇਂ ਆਪ ਜੀ ਦੇ ਦੀਦਾਰ ਹੋ ਗਏ, ਸਭ ਇੱਛਾਵਾਂ ਪੂਰੀਆਂ ਹੋ ਗਈਆਂ। ਪਰੰਤੂ ਜੇ ਆਪ ਤੁੱਠੇ ਹੋ ਤਾਂ ਸਮੇਂ ਦੇ ਗੇੜ ਤੇ ਬਿੱਖੜੇ ਹਾਲਾਤਾਂ ਕਾਰਨ ਉਸ ਸਮੇਤ ਜੋ 40 ਸਿੰਘ ਆਪ ਜੀ ਨੂੰ ਗੁਰਸਿੱਖੀ ਤੋਂ ਬੇਦਾਵਾ ਲਿਖ ਕੇ ਦੇ ਆਏ ਸਨ, ਉਸ ਨੂੰ ਨਾ ਚਿਤਾਰਦੇ ਹੋਏ ਉਹ ਬੇਦਾਵੇ ਵਾਲਾ ਕਾਗਜ ਪਾੜ ਕੇ ਟੁੱਟੀ ਗੰਢੋ।’ ਭਾਈ ਸਾਹਿਬ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਗੁਰੂ ਸਾਹਿਬ ਬੜੇ ਹੀ ਪ੍ਰਸੰਨ ਹੋਏ ਉਨ੍ਹਾਂ ਭਾਈ ਮਹਾਂ ਸਿੰਘ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਆਪਣੇ ਕਮਰਕੱਸੇ ਵਿਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਤੇ ਟੁਕੜੇ-ਟੁਕੜੇ ਕਰ ਦਿੱਤਾ।

ਇਸ ਤੋਂ ਬਾਅਦ ਜਦੋਂ ਭਾਈ ਮਹਾਂ ਸਿੰਘ ਸਰੀਰ ਤਿਆਗ ਗਏ ਤਾਂ ਗੁਰੂ ਸਾਹਿਬ ਨੇ ਰਣਭੂਮੀ ਵਿਚ ਸ਼ਹੀਦ ਹੋਏ ਸਾਰੇ ਸ਼ਹੀਦਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਠਾ ਕਰਨ ਤੋਂ ਬਾਅਦ ਉਸੇ ਥਾਂ ਲੱਕੜੀਆਂ ਇਕੱਠੀਆਂ ਕਰਕੇ ਇੱਕ ਵੱਡੀ ਚਿਖਾ ਬਣਾ ਕੇ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ। ਜਿਸ ਜਗ੍ਹਾ ‘ਤੇ ਗੁਰੂ ਸਾਹਿਬ ਨੇ ਮਹਾਂ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਬੇਦਾਵੇ ਵਾਲਾ ਕਾਗਜ ਪਾੜ ਕੇ ਟੁੱਟੀ ਗੰਢੀ, ਉੱਥੇ ਅੱਜ ਕੱਲ ਟੁੱਟੀ ਗੰਢੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇਸੇ ਤਰ੍ਹਾਂ ਜਿਥੇ 40 ਮੁਕਤੇ ਸ਼ਹੀਦ ਹੋਏ, ਤੇ ਜਿਸ ਜਗ੍ਹਾ ਸਹੀਦਾਂ ਦਾ ਸੰਸਕਾਰ ਕੀਤਾ ਗਿਆ

ਉਹ ਜਗ੍ਹਾ  ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਂਅ ਨਾਲ ਮਸ਼ਹੂਰ ਹੈ।

ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਿਦਰਾਣੇ ਦੀ ਢਾਬ ਕਹੀ ਜਾਣ ਵਾਲੀ ਇਸ ਜਗ੍ਹਾ ਦਾ ਨਾਂਅ ਮੁਕਤੀਸਰ ਜਾਣੀ ਮੁਕਤਸਰ ਰੱਖ ਦਿੱਤਾ, ਜਿਸ ਨੂੰ ਅੱਜ-ਕੱਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ  ਸਾਨੂੰ 40 ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਵਾਉਂਦਾ ਹੈ। ਇਸ ਇਤਿਹਾਸਕ ਦਿਨ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਵੜੇ ਸ਼ਰਧਾ ਭਾਵ ਨਾਲ ਮਨਾਇਆ ਜਾਂਦਾ ਹੈ ਸਾਨੂੰ ਸਾਡੇ ਅਜਿਹੇ ਇਤਿਹਾਸ ‘ਤੇ ਮਾਣ ਹੋਣਾ ਚਾਹੀਦਾ ਹੈ?ਅਤੇ ਇਸ ਤੋਂ ਪ੍ਰੇਰਣਾ ਲੈ?ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਵਿਚ ਆਪਣਾ ਬਣਦਾ ਯੋਗਦਾਨ ਦੇਣਾ ਚਾਹੀਦਾ ਹੈ

ਮੇਵਾ ਸਿੰਘ

ਲੰਬੀ/ਮਲੋਟ, ਮੰਡੀ ਕਿੱਲਿਆਂਵਾਲੀ
ਮੋ. 98726-00923

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।