ਪੁਲਾੜ ਖੋਜਾਂ ’ਚ ਇਸਰੋ ਨੇ ਇੱਕ ਹੋਰ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਇਸਰੋ (ISRO) ਨੇ ਬਰਤਾਨੀਆ ਦੀ ਇੱਕ ਕੰਪਨੀ ਲਈ 36 ਸੈਟੇਲਾਈਟਾਂ ਦਾ ਸੈੱਟ ਐਲਵੀਐਮ-3 ਰਾਕੇਟ ਰਾਹੀਂ ਪੁਲਾੜ ’ਚ ਛੱਡਿਆ ਹੈ। ਇਸ ਸਬੰਧੀ ਇਸਰੋ ਦਾ ਬਰਤਾਨੀਆ ਦੀ ਕੰਪਨੀ ਨਾਲ 1000 ਕਰੋੜ ਰੁਪਏ ਦਾ ਕਰਾਰ ਹੋਇਆ ਹੈ। ਬਿਨਾਂ ਸ਼ੱਕ ਭਾਰਤੀ ਵਿਗਿਆਨੀ ਸਫਲਤਾ ਦੇ ਝੰਡੇ ਗੱਡ ਰਹੇ ਹਨ।
ਵਿਗਿਆਨੀਆਂ ਦੀ ਮਿਹਨਤ ਦੀ ਬਦੌਲਤ ਪਹਿਲਾਂ ਵੀ ਭਾਰਤ ਨੇ ਆਪਣੇ ਕਈ ਮਿਸ਼ਨ ਬਹੁਤ ਹੀ ਘੱਟ ਖਰਚੇ ’ਤੇ ਪੁਲਾੜ ’ਚ ਭੇਜੇ ਹਨ। ਮੰਗਲ ਮਿਸ਼ਨ ਇਸਰੋ ਦਾ ਖਰਚ 7.3 ਕਰੋੜ ਡਾਲਰ ਸੀ ਜਦੋਂਕਿ ਅਮਰੀਕਾ ਲਈ ਇਹ ਖਰਚ 67.1 ਕਰੋੜ ਡਾਲਰ ਸੀ। ਜਿਵੇਂ-ਜਿਵੇਂ ਦੇਸ਼ ਪੁਲਾੜ ਖੋਜਾਂ ’ਚ ਤਰੱਕੀ ਕਰ ਰਿਹਾ ਹੈ ਉਵੇਂ-ਉਵੇਂ ਬਾਹਰਲੇ ਦੇਸ਼ਾਂ ਤੋਂ ਕਮਾਈ ਵੀ ਹੋ ਰਹੀ ਹੈ। ਇਸਰੋ ਕਈ ਮੁਲਕਾਂ ਦੇ ਸੈਟੇਲਾਈਟ ਛੱਡ ਕੇ ਵਿਦੇਸ਼ੀ ਮੁਦਰਾ ਹਾਸਲ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਸਰੋ ਅਮਰੀਕਾ, ਇਜ਼ਰਾਈਲ, ਹਾਲੈਂਡ, ਯੂਏਈ, ਸਵਿੱਟਜ਼ਰਲੈਂਡ ਅਤੇ ਕਜਾਕਿਸਤਾਨ ਦੇ ਸੈਟੇਲਾਈਟ ਵੀ ਭੇਜ ਚੁੱਕਾ ਹੈ।
ISRO ਦੀ ਇਤਿਹਾਸਕ ਪ੍ਰਾਪਤੀ
2017 ’ਚ ਵੱਖ-ਵੱਖ ਦੇਸ਼ਾਂ ਦੇ 104 ਸੈਟੇਲਾਈਟ ਭੇਜੇ ਗਏ ਸਨ। ਭਾਰਤ 34 ਦੇਸ਼ਾਂ ਨੂੰ ਪੁਲਾੜ ਸਬੰਧੀ ਸੇਵਾਵਾਂ ਦੇ ਚੁੱਕਾ ਹੈ। ਅਸਲ ’ਚ ਦੇਸ਼ ਅੰਦਰ ਕਾਬਲੀਅਤ ਦੀ ਕੋਈ ਕਮੀ ਨਹੀਂ ਹੈ ਜਿਵੇਂ-ਜਿਵੇਂ ਵਿਗਿਆਨੀਆਂ ਨੂੰ ਸਹੂਲਤਾਂ ਮਿਲਣਗੀਆਂ ਤਿਵੇਂ-ਤਿਵੇਂ ਦੇਸ਼ ਤਰੱਕੀ ਕਰੇਗਾ। ਕਿਸੇ ਸਮੇਂ ਭਾਰਤ ਨੂੰ ਪੁਲਾੜ ਖੋਜਾਂ ਲਈ ਵਿਦੇਸ਼ਾਂ ’ਤੇ ਜ਼ਿਆਦਾ ਨਿਰਭਰ ਰਹਿਣਾ ਪੈਂਦਾ ਸੀ ਦੂਜੇ ਪਾਸੇ ਸਾਡੇ ਦੇਸ਼ ਦੇ ਵਿਗਿਆਨੀ ਹੀ ਬਾਹਰਲੇ ਦੇਸ਼ਾਂ ਅੰਦਰ ਚੰਗੀਆਂ ਸੇਵਾਵਾਂ ਦੇ ਰਹੇ ਸਨ। ਪੁਲਾੜ ਦੇ ਖੇਤਰ ’ਚ ਇਸਰੋ ਦੇਸ਼ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਦੀਆਂ ਬੇਸ਼ੁਮਾਰ ਸੰਭਾਵਨਾ ਰੱਖਦਾ ਹੈ। ਉਂਜ ਵੀ ਦੇਸ਼ ਨੂੰ ਊਰਜਾ, ਮੈਡੀਕਲ ਤੇ ਰੱਖਿਆ ਸਮੇਤ ਹੋਰ ਕਈ ਖੇਤਰਾਂ ’ਚ ਵਿਗਿਆਨੀਆਂ ਦੀ ਅਗਵਾਈ ਦੀ ਜ਼ਰੂਰਤ ਹੈ। (ISRO)
ਦਰਅਸਲ ਪੁਲਾੜ ਦੇ ਔਰਬਿਟ ’ਚ ਸੈਟੇਲਾਈਟ ਭੇਜਣ ਲਈ ਵੀ ਅੰਤਰਰਾਸ਼ਟਰੀ ਮਾਰਕੀਟ ’ਚ ਸਖ਼ਤ ਮੁਕਾਬਲੇਬਾਜ਼ੀ ਹੋ ਰਹੀ ਹੈ। ਸਪੇਸਐਕਸ ਦੀ ਫਾਲਕਨ-9, ਰੂਸ ਦੀ ਪ੍ਰੋਟਾਨ ਯੂਐਲਏ ਅਤੇ ਏਰੀਅਨਸਪੇਸ ਜਿਹੀਆਂ ਕੰਪਨੀਆਂ ਦਾ ਬਜ਼ਾਰ ’ਚ ਦਬਦਬਾ ਹੈ ਇਸ ਦੇ ਮੁਕਾਬਲੇ ਇਸਰੋ ਦੇ ਰੇਟ ਸਸਤੇ ਹੋਣ ਕਾਰਨ ਛੋਟੇ ਦੇਸ਼ ਭਾਰਤ ਵੱਲ ਵੇਖਦੇ ਹਨ। ਪੁਲਾੜ ਖੋਜਾਂ ਲਗਾਤਾਰ ਵਧ ਰਹੀਆਂ ਹਨ ਤੇ ਵਿਕਾਸਸ਼ੀਲ ਦੇਸ਼ ਭਾਰਤ ਤੋਂ ਸਹਿਯੋਗ ਲੈਣ ਦੀ ਇੱਛਾ ਰੱਖਦੇ ਹਨ।
ਅਜਿਹੇ ਹਾਲਾਤਾਂ ’ਚ ਭਾਰਤ ਲਈ ਕਮਾਈ ਕਰਨ ਦਾ ਵਧੀਆ ਮੌਕਾ ਹੈ। ਇਸ ਨਾਲ ਦੇਸ਼ ਅੰਦਰ ਰੁਜ਼ਗਾਰ ਵਧੇਗਾ ਅਤੇ ਕਾਬਲੀਅਤ ਬਾਹਰ ਨਹੀਂ ਜਾਵੇਗੀ। ਕੇਂਦਰ ਸਰਕਾਰ ਵਿਗਿਆਨੀਆਂ ਨੂੰ ਖੋਜਾਂ ਲਈ ਉਤਸ਼ਾਹਿਤ ਕਰਨ ਦੇ ਨਾਲ ਨਵੇਂ ਵਿਗਿਆਨੀਆਂ ਨੂੰ ਦੇਸ਼ ਅੰਦਰ ਰਹਿ ਕੇ ਕੰਮ ਕਰਨ ਲਈ ਹੋਰ ਵਧੀਆ ਮਾਹੌਲ ਪੈਦਾ ਕਰੇ ਤਾਂ ਇਸਰੋ ਇਸ ਖੇਤਰ ’ਚ ਬੁਲੰਦੀਆਂ ਨੂੰ ਛੂਹ ਸਕਦਾ ਹੈ।