ਸ਼ਿਮਲਾ (ਏਜੰਸੀ) ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਹੈ ਕਿ ‘ਕਾਰਬਨ ਨਿਊਟ੍ਰਲ’ ਬਣਨ ਦੀ ਦਿਸ਼ਾ ‘ਚ ਅੱਗੇ ਵਧ ਰਹੇ ਹਿਮਾਚਲ ਪ੍ਰਦੇਸ਼ ‘ਚ ਪਲਾਸਟਿਕ ਬੈਗ ਦੀ ਵਰਤੋਂ ‘ਤੇ ਲੱਗੀ ਪਾਬੰਦੀ ਸ਼ਲਾਘਾਯੋਗ ਹੈ ਅਤੇ ‘ਸਵੱਛ ਭਾਰਤ ਮਿਸ਼ਨ’ ਤਹਿਤ ਇਹ ‘ਖੁੱਲ੍ਹੇ ‘ਚ ਪਖਾਨੇ ਤੋਂ ਮੁਕਤ’ ਸੂਬਾ ਐਲਾਨ ਕੀਤਾ ਜਾ ਚੁੱਕਾ ਹੈ।
ਕੋਵਿੰਦ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ਦੇ ਦੌਰੇ ‘ਤੇ ਹਨ ਸੂਬੇ ਦੀ ਯਾਤਰਾ ਦੌਰਾਨ ਉਨ੍ਹਾਂ ਦੇ ਆਪਣੇ ਅਨੁਭਵਾਂ ਦੀ ਬਾਨਗੀ ਟਵੀਟ ਜ਼ਰੀਏ ਪ੍ਰਗਟਾਈ ਹੈ । ਰਾਸ਼ਟਰਪਤੀ ਨੇ ਟਵੀਟ ਕੀਤਾ ‘Àੁੱਤਰ-ਪੂਰਬ ਖੇਤਰ ਦੇ ਸੂਬਿਆਂ ਤੋਂ ਲੈ ਕੇ ਜੰਮੂ ਅਤੇ ਕਸ਼ਮੀਰ ਤੱਕ ਪੂਰੇ ਹਿਮਾਲਿਆ ਖੇਤਰ ‘ਚ ਹਿਮਾਚਲ ਪ੍ਰਦੇਸ਼ ਦੀ ਇੱਕ ਕੇਂਦਰੀ ਸਥਿਤੀ ਹੈ।ਅੱਜ ਹਿਮਾਚਲ ਪ੍ਰਦੇਸ਼ ਨੂੰ ਪਹਾੜੀ ਖੇਤਰਾਂ ਦੇ ਵਿਕਾਸ ਦਾ ਮਾਡਲ ਮੰਨਿਆ ਜਾਂਦਾ ਹੈ। ਸੂਬੇ ਦੇ ਲਗਭਗ ਹਰ ਪਿੰਡ ਦੇ ਨੌਜਵਾਨ ਭਾਰਤੀ ਫੌਜ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ।
ਮੈਨੂੰ ਦੱਸਿਆ ਗਿਆ ਹੈ ਕਿ ਸੂਬੇ ‘ਚ ਸਾਬਕਾ ਫੌਜੀਆਂ ਦੀ ਗਿਣਤੀ ਇੱਕ ਲੱਖ ਦਸ ਹਜ਼ਾਰ ਤੋਂ ਵੀ ਜ਼ਿਆਦਾ ਹੈ। ਕਾਰਗਿਲ ਯੁੱਧ ਦੇ ਸ਼ਹੀਦ, ਦੇਹਾਂਤ ਉਪਰੰਤ ਪਰਮ ਵੀਰ ਚੱਕਰ ਜੇਤੂ ਕੈਪਟਨ ਵਿਕਰਮ ਬੱਤਰਾ, ਪਰਮਵੀਰ ਚੱਕਰ ਜੇਤੂ ਸੂਬੇਦਾਰ ਸੰਜੈ ਕੁਮਾਰ ਅਤੇ ਸ਼ਹੀਦ ਕੈਪਟਨ ਸੌਰਭ ਕਾਲੀਆ ਨੇ ਪੂਰੇ ਦੇਸ਼ ਦਾ ਅਤੇ ਸੂਬੇ ਦਾ ਸਿਰ ਉੱਚਾ ਕੀਤਾ ਹੈ ਅਤੇ ਇਸ ਲਈ ਹਿਮਾਚਲ ਪ੍ਰਦੇਸ਼ ਨੂੰ ‘ਦੇਵ-ਭੂਮੀ’ ਦੇ ਨਾਲ-ਨਾਲ ‘ਵੀਰ-ਭੂਮੀ’ ਕਹਿਣਾ ਸਹੀ ਹੋਵੇਗਾ।