(ਗੁਰਪ੍ਰੀਤ ਪੱਕਾ) ਫਰੀਦਕੋਟ। ਅੱਜ ਜ਼ਿਲ੍ਹਾ ਫਰੀਦਕੋਟ ਬਾਜਾਖਾਨਾ ਦੇ ਨਜ਼ਦੀਕੀ ਪੁਆਇੰਟ ਪਿੰਡ ਲੰਭਵਾਲੀ ਵਿਖੇ ਬੀਕੇਯੂ ਏਕਤਾ ਸਿੱਧੂਪੁਰ ਦੇ ਕਿਸਾਨਾਂ ਵੱਲੋ ਪਿਛਲੇ ਸੀਜ਼ਨ ਦੌਰਾਨ ਕਣਕ ਤੇ ਹੋਈ ਗੜੇਮਾਰੀ ਦੇ ਮੁਆਵਜ਼ੇ ਵਿੱਚ ਹੋਈ ਕਾਂਣੀ ਵੰਡ ਨੂੰ ਲੈਕੇ ਨੈਸ਼ਨਲ ਹਾਈਵੇ 54 ਜਾਮ ਕੀਤਾ ਗਿਆ। Farmers News
ਇਸ ਮੌਕੇ ਸਿੱਧੂਪੁਰ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਬੋਹੜ ਸਿੰਘ ਰੁੱਪਈਆਂ ਵਾਲਾ ਅਤੇ ਜ਼ਿਲ੍ਹੇ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਘਣੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਕਣਕ ਤੇ ਹੋਈ ਗੜੇਮਾਰੀ ਦੇ ਮੁਆਵਜ਼ੇ ਨੂੰ ਲੈ ਕੇ ਬਲਾਕ ਜੈਤੋ ਅਤੇ ਬਲਾਕ ਬਾਜਾਖਾਨਾ ਦੇ ਕਿਸਾਨਾਂ ਵੱਲੋਂ ਪਿਛਲੇ ਸਤੰਬਰ ਦੇ ਮਹੀਨੇ ਤੋਂ ਐਸਡੀਐਮ ਜੈਤੋ ਦੇ ਦਫਤਰ ਅੱਗੇ ਸ਼ਾਂਤਮਈ ਧਰਨਾ ਦਿੱਤਾ ਜਾ ਰਿਹਾ ਸੀ। Farmers News
ਉਹਨਾਂ ਦੱਸਿਆ ਕਿ ਇਸ ਚਾਰ ਮਹੀਨਿਆਂ ਦੇ ਦੌਰਾਨ ਪ੍ਰਸ਼ਾਸਨ ਨਾਲ ਆਗੂਆਂ ਦੀ ਕਈ ਵਾਰ ਮੀਟਿੰਗ ਹੋਈ ਜਿਸ ਦੇ ਵਿੱਚ ਹਰ ਵਾਰ ਮੁਆਵਜ਼ੇ ਦੀ ਵੰਡ ਨੂੰ ਲੈਕੇ ਸਾਨੂੰ ਸਮਾਂ ਦਿੱਤਾ ਗਿਆ ਪਰ ਦਿੱਤੇ ਹੋਏ ਸਮੇਂ ਤੋ ਹਰ ਵਾਰ ਪ੍ਰਸ਼ਾਸਨ ਮੁਕਰਦਾ ਰਿਹਾ। ਉਹਨਾਂ ਦੱਸਿਆ ਕਿ ਡੀ ਸੀ ਫਰੀਦਕੋਟ ਨਾਲ ਹੋਈ ਆਖਰੀ ਮੀਟਿੰਗ ਵਿੱਚ ਉਹਨਾਂ ਵੱਲੋ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ 17 ਜਨਵਰੀ ਤੱਕ ਕਿਸਾਨਾਂ ਦੀ ਗੜੇਮਾਰੀ ਦਾ ਮੁਆਵਜਾ ਕਿਸਾਨਾਂ ਦੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਰਾਤ ਨੂੰ ਘਰ ਦੇ ਬਾਹਰ ਅੱਗ ਦੇ ਭਾਂਬਡ਼ ਉੱਠਦੇ ਵੇਖ ਭੱਜੇ ਲੋਕ, ਜਾਣੋ ਪੂਰਾ ਮਾਮਲਾ
ਆਗੂਆਂ ਨੇ ਦੱਸਿਆ ਕਿ ਇਸੇ ਕਾਰਨ ਹੀ ਅੱਜ ਕਿਸਾਨਾਂ ਵੱਲੋ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਹੀ ਹਾਈਵੇ ਜਾਮ ਕੀਤਾ ਗਿਆ ਹੈ ਅਤੇ ਇਹ ਜਾਮ ਮੁਆਵਜ਼ੇ ਦੀ ਰਾਸ਼ੀ ਜਾਰੀ ਹੋਣ ਤੱਕ ਜਾਰੀ ਰਹੇਗਾ। ਸ਼ਾਮ ਦੇ 4 ਵਜੇ ਤੱਕ ਕਿਸਾਨਾਂ ਵੱਲੋ ਹਾਈਵੇ ਜਾਮ ਦਾ ਧਰਨਾ ਜਾਰੀ ਸੀ। ਇਸ ਮੌਕੇ ਜ਼ਿਲ੍ਹਾ ਆਗੂਆਂ ਤੋਂ ਇਲਾਵਾ ਬਲਾਕ ਫਰੀਦਕੋਟ ਦੇ ਪ੍ਰਧਾਨ ਚਰਨਜੀਤ ਸਿੰਘ ਸੁੱਖਣਵਾਲਾ, ਬਲਾਕ ਗੋਲੇਵਾਲਾ ਦੇ ਪ੍ਰਧਾਨ ਸੁਖਚਰਨ ਸਿੰਘ ਕਾਲਾ, ਰਾਜਿੰਦਰ ਸਿੰਘ ਪ੍ਰਧਾਨ ਸਾਦਿਕ, ਨਿਰਮਲ ਸਿੰਘ ਕੋਟਕਪੂਰਾ ਆਦਿ ਆਗੂਆਂ ਨੇ ਸੰਬੋਧਨ ਕੀਤਾ।