ਮੀਂਹ ਮਗਰੋਂ ਬਿਜਲੀ ਦੀ ਮੰਗ ਸਿੱਧਾ 800 ਲੱਖ ਯੂਨਿਟ ਘਟੀ
ਖੁਸ਼ਵੀਰ ਸਿੰਘ ਤੂਰ, ਪਟਿਆਲਾ:ਸੂਬੇ ਅੰਦਰ ਅੱਜ ਚੰਗਾ ਮੀਂਹ ਪੈਣ ਕਾਰਨ ਸਿਖਰ ‘ਤੇ ਅੱਪੜੀ ਬਿਜਲੀ ਦੀ ਮੰਗ ‘ਚ ਭਾਰੀ ਗਿਰਾਵਟ ਆਈ ਹੈ। ਉਂਜ ਅਜੇ ਸੂਬੇ ਅੰਦਰ ਮੌਨਸੂਨ ਦੀ ਆਮਦ ਹੋਣੀ ਹੈ, ਪਰ ਪਾਵਰਕੌਮ ਨੂੰ ਮੀਂਹ ਨੇ ਪਹਿਲਾ ਹੀ ਸੁੱਖ ਦਾ ਸਾਹ ਦਿਵਾ ਦਿੱਤਾ ਹੈ।
ਪਾਵਰਕੌਮ ਨੇ ਬਠਿੰਡਾ ਥਰਮਲ ਕੀਤਾ ਬੰਦ
ਜਾਣਕਾਰੀ ਅਨੁਸਾਰ ਦੋ ਦਿਨ ਪਹਿਲਾਂ ਪਈ ਗਰਮੀ ਕਾਰਨ ਬਿਜਲੀ ਦੀ ਮੰਗ 10500 ਮੈਗਾਵਾਟ ਯਾਨੀ ਲਗਭਗ 2520 ਲੱਖ ਯੂਨਿਟ ‘ਤੇ ਚਲੀ ਗਈ ਸੀ। ਅੱਜ ਉਹ ਘੱਟ ਕੇ 7383 ਮੈਗਾਵਾਟ ਯਾਨੀ 1771 ਲੱਖ ਯੂਨਿਟ ਦੇ ਕਰੀਬ ਰਹਿ ਗਈ ਹੈ। ਬਿਜਲੀ ਦੀ ਮੰਗ ਸਿੱਧਾ 800 ਲੱਖ ਯੂਨਿਟ ਤੋਂ ਵੱਧ ਘਟੀ ਹੈ, ਜਿਸ ਕਾਰਨ ਪਾਵਰਕੌਮ ਆਪਣੇ ਉੱਪਰ ਪਏ ਲੋਡ ਤਂੋ ਸੁਖਾਲੀ ਹੋਈ ਹੈ। ਬਦਲੇ ਹਾਲਾਤਾਂ ਵਿਚ ਪਾਵਰਕੌਮ ਨੇ ਆਪਣਾ ਬਠਿੰਡਾ ਥਰਮਲ ਪਲਾਂਟ ਮੁਕੰਮਲ ਬੰਦ ਕਰ ਦਿੱਤਾ ਹੈ।
ਪ੍ਰਾਈਵੇਟ ਪਲਾਂਟਾਂ ਦਾ ਲੋਡ ਘਟਾ ਕੇ ਕੀਤਾ ਅੱਧਾ
ਇੱਧਰ ਭਾਵੇਂ ਮੌਸਮ ਵਿਗਿਆਨੀਆਂ ਵੱਲੋਂ ਮੌਨਸੂਨ ਦੇ ਤਿੰਨ ਬਾਅਦ ਪੰਜਾਬ ਤੇ ਹਰਿਆਣਾ ਵਿਚ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ, ਪਰ ਮੌਨਸੂਨ ਦੀ ਆਮਦਨ ਤੋਂ ਪਹਿਲਾਂ ਅੱਜ ਪਏ ਮੀਂਹ ਦੀ ਬਦੌਲਤ ਪਾਵਰਕੌਮ ਨੂੰ ਵੱਡੀ ਰਾਹਤ ਮਿਲੀ ਹੈ। ਬੇਸ਼ੱਕ ਪਾਵਰਕੌਮ ਕੋਲ ਇਸ ਵੇਲੇ ਮੰਗ ਦੇ ਮੁਕਾਬਲੇ ਬਿਜਲੀ ਸਰਪਲੱਸ ਹੈ ਪਰ ਮੀਂਹ ਕਾਰਨ ਝੋਨੇ ਅਤੇ ਗਰਮੀ ਦੇ ਸੀਜ਼ਨ ਵਿਚ ਬਣਦਾ ਦਬਾਅ ਘੱਟ ਜਾਂਦਾ ਹੈ।
ਇਕੱਤਰ ਵੇਰਵਿਆ ਅਨੁਸਾਰ ਪਾਵਰਕੌਮ ਦੇ ਆਪਣੇ ਤਿੰਨ ਸਰਕਾਰੀ ਥਰਮਲਾਂ ਪਲਾਂਟਾਂ ਦੇ 14 ਵਿਚੋਂ ਸਿਰਫ 2 ਯੂਨਿਟ ਚਲ ਰਹੇ ਹਨ ਜਿਹਨਾਂ ਵਿਚ ਇਕ ਰੋਪੜ ਸਥਿਤ ਗੁਰੂ ਗੋਬਿੰਦ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ 2 ਅਤੇ ਲਹਿਰਾ ਮੁਹੱਬਤ ਪਲਾਂਟ ਦਾ ਯੂਨਿਟ ਨੰਬਰ 3 ਸ਼ਾਮਲ ਹੈ।
ਇਸੇ ਤਰਾਂ ਪਾਵਰਕੌਮ ਨੇ ਪ੍ਰਾਈਵੇਟ ਪਲਾਂਟਾਂ ਨੂੰ ਵੀ ਆਪਣਾ ਲੋਡ ਅੱਧਾ ਕਰਨ ਵਾਸਤੇ ਹਦਾਇਤ ਕੀਤੀ ਹੈ ਜਿਸ ਮਗਰੋਂ ਰਾਜਪੁਰਾ ਪਲਾਂਟ ਦੇ ਦੋਵੇਂ 700-700 ਮੈਗਾਵਾਟ ਦੇ ਯੂਨਿਟ ਤਕਰੀਬਨ 330-330 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ। ਇਸ ਤੋਂ ਇਲਾਵਾ ਤਲਵੰਡੀ ਸਾਬੋ ਦੇ ਤਿੰਨੋਂ 660 ਮੈਗਾਵਾਟ ਸਮੱਰਥਾ ਵਾਲੇ ਯੂਨਿਟ ਤਿੰਨ-ਤਿੰਨ ਸੌ ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।
ਗੋਇੰਦਵਾਲ ਸਾਹਿਬ ਸਥਿਤ ਪ੍ਰਾਈਵੇਟ ਪਲਾਂਟ ਦਾ ਇਕਲੌਤਾ ਚਾਲੂ ਯੂਨਿਟ ਜੋ 540 ਮੈਗਾਵਾਟ ਸਮਰਥਾ ਹੈ, ਇਸ ਵੇਲੇ 200 ਮੈਗਾਵਾਟ ਤੋਂ ਵੀ ਘੱਟ ਬਿਜਲੀ ਪੈਦਾ ਕਰ ਰਿਹਾ ਹੈ। ਅਗਲੇ ਦਿਨਾਂ ਵਿੱਚ ਮੀਂਹ ਦਾ ਮੌਸਮ ਇਸੇ ਤਰ੍ਹਾਂ ਬਣਿਆ ਰਹਿਣ ਕਾਰਨ ਕਿਸਾਨਾਂ ਅਤੇ ਪਾਵਰਕੌਮ ਨੂੰ ਵੱਡੀ ਰਾਹਤ ਮਿਲੀ ਹੈ। ਇੱਧਰ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਦਾ ਸ਼ੀਜਨ ਵੀ ਅੰਤਲੇ ਮੌੜ ਤੇ ਪੁੱਜ ਗਿਆ ਹੈ ਅਤੇ ਜਿਆਦਾਤਰ ਕਿਸਾਨਾਂ ਵੱਲੋਂ ਪਹਿਲਾ ਪਏ ਮੀਂਹ ਕਾਰਨ ਆਪਣੇ ਖੇਤ ਤਿਆਰ ਕਰ ਲਏ ਗਏ ਸਨ।