ਹਾਈਕੋਰਟ ਨੇ ਮੰਗਿਆ ਜਵਾਬ, ਗੋਰਖਪੁਰ ਵਿੱਚ ਬੱਚਿਆਂ ਦੀ ਮੌਤ ਦਾ ਅਸਲ ਕਾਰਨ ਦੱਸੇ ਯੂਪੀ ਸਰਕਾਰ

UP, Government, High Court, Reply, Gorakhpur Incident, Children Death

ਇਲਾਹਾਬਾਦ: ਗੋਰਖਪੁਰ ਦੇ ਬਾਬਾ ਰਾਘਵਦਾਸ (BRD) ਮੈਡੀਕਲ ਕਾਲਜ ਵਿੱਚ ਬੱਚਿਆਂ ਦੀ ਮੌਤ ‘ਤੇ ਇਲਾਹਾਬਾਦ ਹਾਈਕੋਰਟ ਸਖ਼ਤ ਹੈ। ਗੋਰਖਪੁਰ ਦੇ ਬੀਆਰਡੀ ਮੈਡੀਕਲ ਕਾਲਜ ਵਿੱਚ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਇਲਾਹਬਾਦ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਯੂਪੀ ਸਰਕਾਰ ਤੋਂ ਜਵਾਬ ਮੰਗਿਆ ਹੈ। ਅਦਾਲਤ ਨੇ ਸਰਕਾਰ ਨੂੰ ਬੱਚਿਆਂ ਦੀਆਂ ਹੋਈਆਂ ਮੌਤਾਂ ਪਿੱਛੇ ਦਾ ਅਸਲ ਕਾਰਨ ਦੱਸਣ ਨੂੰ ਕਿਹਾ। ਯੂਪੀ ਸਰਕਾਰ ਨੇ ਇਸ ਲਈ ਸਮਾਂ ਮੰਗਿਆ। ਸਰਕਾਰ ਨੂੰ 29 ਅਗਸਤ ਨੂੰ ਜਵਾਬ ਦੇਣਾ ਹੋਵੇਗਾ। ਹਾਈਕੋਰਟ ਨੇ ਕਿਹਾ, ‘ਇਹ ਘਟਨਾ ਮੰਦਭਾਗੀ ਹੈ। ਇਸ ਵਿੱਚ ਸਹੀ ਤੱਥ ਸਾਹਮਣੇ ਆਉਣੇ ਚਾਹੀਦੇ ਹਨ, ਜਿਸ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।’

ਲੋਕੇਸ਼ ਖੁਰਾਣਾ ਤੇ ਕਈ ਹੋਰਨਾਂ ਦੀ ਜਨਹਿੱਤ ਅਰਜ਼ੀ ‘ਤੇ ਅੱਜ ਇਲਾਹਾਬਾਦ ਹਾਈਕੋਰਟ ਵਿੱਚ ਗੋਰਖਪੁਰ ਦੇ ਬਾਬਾ ਰਾਘਵਦਾਸ ਮੈਡੀਕਲ ਕਾਲਜ ਵਿੱਚ ਬੱਚਿਆਂ ਦੀ ਮੌਤ ਦੇ ਮਾਮਲੇ ‘ਚ ਮੁੱਖ ਜੱਜ ਜਸਟਿਸ ਡੀਬੀ ਭੋਸਲੇ ਦੇ ਨਾਲ ਜਸਟਿਸ ਯਸ਼ਵੰਤ ਵਰਮਾ ਨੇ ਸੁਣਵਾਈ ਕੀਤੀ।

ਮੌਤ ਨੂੰ ਲੈ ਕੇ ਹਾਈਕੋਰਟ ਵਿੱਚ ਕਈ PIL ਦਾਇਰ

ਬੱਚਿਆਂ ਦੀ ਮੌਤ ਨੂੰ ਲੈ ਕੇ ਹਾਈਕੋਰਟ ਵਿੱਚ ਕਈ PIL ਦਾਇਰ ਕੀਤੀਆਂ ਗਈਆਂ ਹਨ। ਵਕੀਲਾਂ ਦਾ ਕਹਿਣਾ ਸੀ ਕਿ ਇੰਨੀ ਵੱਡੀ ਘਟਨਾ ਤੋਂ ਬਾਅਦ ਅਜੇ ਤੱਕ ਮ੍ਰਿਤਕ ਬੱਚਿਆਂ ਦਾ ਪੋਸਟ ਮਾਰਟਮ ਤੱਕ ਨਹੀਂ ਕਰਵਾਇਆ ਗਿਆ ਅਤੇ ਨਾਹੀ ਕੋਈ ਐਫ਼ਆਈਆਰ ਦਰਜ ਕਰਵਾਈ ਗਈ ਹੈ। ਦੋਸ਼ ਲਾਇਆ ਗਿਆ ਕਿ ਸਰਕਾਰ ਗਲਤ ਬਿਆਨਬਾਜ਼ੀ ਕਰਕੇ ਘਟਨਾ ਦੀ ਲਿਪਪੋਚ ਕਰ ਰਹੀ ਹੈ।

ਅਰਜ਼ੀ ਦੀ ਸੁਣਵਾਈ ਕਰ ਰਹੇ ਮੁੱਖ ਜੱਜ ਡੀਬੀ ਭੋਸਲੇ ਤੇ ਜਸਟਿਸ ਯਸ਼ਵੰਤ ਵਰਮਾ ਦਾ ਕਹਿਣਾ ਸੀ ਕਿ ਕਿਸੇ ਵੀ ਤਰ੍ਹਾਂ ਦਾ ਅਦਾਲਤ ਤੋਂ ਆਦੇਸ਼ ਪਾਸ ਕਰਨ ਤੋਂ ਪਹਿਲਾਂ ਸਰਕਾਰ ਦਾ ਮੌਤ ਦੇ ਕਾਰਨਾਂ ਨੂੰ ਲੈ ਕੇ ਜਵਾਬ ਆਉਣਾ ਜ਼ਰੂਰੀ ਹੈ। ਸਰਕਾਰ ਵੱਲੋਂ ਸਹਾਇਕ ਵਕੀਲ ਮੁਨੀਸ਼ ਗੋਇਲ ਨੇ ਅਦਾਲਤ ਤੋਂ ਜਵਾਬ ਲਈ ਸਮੇਂ ਦੀ ਮੰਗ ਕੀਤੀ। ਇਸ ‘ਤੇ ਅਦਾਲਤ ਨੇ ਸਰਕਾਰ ਨੂੰ ਸਮਾਂ ਦਿੰਦੇ ਹੋਏ 29 ਅਗਸਤ ਨੂੰ ਮੁੜ ਇਸ ਮਾਮਲੇ ‘ਤੇ ਸੁਣਵਾਈ ਦਾ ਆਦੇਸ਼ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।