ਅਗਰਵਾਲ ਸਭਾ ਵੱਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਸਨਮਾਨ
- ਸਿਲਾਈ ਕੋਰਸ ਕਰਨ ਵਾਲੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਤੇ ਸਰਟੀਫਿਕੇਟ ਤਕਸੀਮ
- ਕੋਵਿਡ ਦੌਰਾਨ ਵਧੀਆ ਕੰਮ ਕਰਨ ਵਾਲੇ ਡਾਕਟਰਾਂ /ਪੈਰਾ ਮੈਡੀਕਲ ਸਟਾਫ਼ ਦਾ ਸਨਮਾਨ
ਕੋਟਕਪੂਰਾ , (ਅਜੈ ਮਨਚੰਦਾ)। ਲੋੜਵੰਦਾਂ ਦੀ ਮੱਦਦ ਅਤੇ ਸਮਾਜ ਸੇਵਾ ਸਭ ਤੋਂ ਵੱਡਾ ਧਰਮ ਹੈ ।ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਤੋਂ ਵਿਧਾਇਕ ਸ. ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਸ਼ਾਮ ਅਗਰਵਾਲ ਸਭਾ ਕੋਟਕਪੂਰਾ ਵੱਲੋਂ ਕਰਵਾਏ ਗਏ ਵਿਸ਼ੇਸ਼ ਸਨਮਾਨ ਸਮਾਗਮ ਵਿਚ ਸ਼ਿਰਕਤ ਕਰਦਿਆਂ ਕੀਤਾ ।
ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸਾਰੇ ਧਰਮ ਹੀ ਸਾਨੂੰ ਮਨੁੱਖਤਾ ਦੀ ਸੇਵਾ, ਪਿਆਰ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਅਤੇ ਗ਼ਰੀਬਾਂ ਤੇ ਲੋੜਵੰਦਾਂ ਦੀ ਮੱਦਦ ਵਿੱਚ ਸਵੈ ਸੇਵੀ ਅਤੇ ਧਾਰਮਿਕ ਸੰਸਥਾਵਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਅਗਰਵਾਲ ਸਮਾਜ ਵੱਲੋਂ ਵੀ ਸਮਾਜ ਸੇਵਾ, ਲੋੜਵੰਦਾਂ ਤੇ ਗ਼ਰੀਬਾਂ ਦੀ ਮੱਦਦ ਵਿੱਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਅਗਰਵਾਲ ਸਭਾ ਕੋਟਕਪੂਰਾ ਵੱਲੋਂ ਗ਼ਰੀਬ ਤੇ ਲੋੜਵੰਦ ਲੜਕੀਆਂ ਨੂੰ ਸਿਲਾਈ ਦਾ ਕੋਰਸ ਕਰਵਾਉਣ ਅਤੇ ਉਨ੍ਹਾਂ ਨੂੰ ਮੁਫਤ ਮਸ਼ੀਨਾਂ ਪ੍ਰਦਾਨ ਕਰਨ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਇਸ ਉੱਦਮ ਨਾਲ ਇਹ ਬੱਚੀਆਂ ਆਪਣੇ ਸਵੈ ਰੁਜ਼ਗਾਰ ਦੇ ਕਾਬਲ ਬਣਨਗੀਆਂ ।
ਇਸ ਮੌਕੇ ਉਨ੍ਹਾਂ ਅਗਰਵਾਲ ਸਭਾ ਵੱਲੋਂ ਮੁਫ਼ਤ ਸਿਲਾਈ ਕੋਰਸ ਕਰਨ ਵਾਲੀਆਂ ਲੜਕੀਆਂ ਨੂੰ ਸਰਟੀਫਿਕੇਟ ਅਤੇ ਸਿਲਾਈ ਮਸ਼ੀਨਾਂ ਵੀ ਤਕਸੀਮ ਕੀਤੀਆਂ। ਸਭਾ ਵੱਲੋਂ ਕੋਵਿਡ ਦੌਰਾਨ ਵਧੀਆ ਸੇਵਾਵਾਂ ਦੇਣ ਵਾਲੇ ਡਾਕਟਰਾਂ ,ਪੈਰਾ ਮੈਡੀਕਲ ਸਟਾਫ ਆਦਿ ਦਾ ਵੀ ਸਨਮਾਨ ਕੀਤਾ ਗਿਆ। ਸਭਾ ਵੱਲੋਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਗਰਵਾਲ ਸਭਾ ਕੋਟਕਪੂਰਾ ਦੇ ਪ੍ਰਧਾਨ ਸ੍ਰੀ ਸੁਭਾਸ਼ ਗੋਇਲ, ਜੈਪਾਲ ਗਰਗ ,ਰਾਮ ਕੁਮਾਰ ਤੋਂ ਇਲਾਵਾ ਟੀ.ਆਰ ਅਰੋੜਾ ,ਬਲਦੇਵ ਕਟਾਰੀਆ ,ਵਰਿੰਦਰ ਕਟਾਰੀਆ , ਮਨਪ੍ਰੀਤ ਸਿੰਘ ਮਨੀ ਧਾਰੀਵਾਲ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ