Malerkotla Rain News: ਭਾਰੀ ਮੀਂਹ ਨਾਲ ਸ਼ਹਿਰ ਮਾਲੇਰਕੋਟਲੇ ਹੋਇਆ ਜਲ-ਥਲ

Malerkotla Rain News
ਮਲੇਰਕੋਟਲਾ:  ਮਲੇਰ ਬਾਜ਼ਾਰ ਮੁਹੱਲਾ ਲੁਹਾਰਾਂ ਵਿਖੇ ਨਹਿਰ ਦਾ ਰੂਪ ਧਾਰਨ ਕੀਤਾ ਬਰਸਾਤੀ ਪਾਣੀ।

ਮੇਨ ਬਾਜ਼ਾਰ ਨੇ ਧਾਰਿਆ ਨਹਿਰ ਦਾ ਰੂਪ, ਨਗਰ ਕੌਂਸਲ ਦੇ ਪ੍ਰਬੰਧਾਂ ਦੀ ਨਿਕਲੀ ਫੂਕ

Malerkotla Rain News: ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਅੱਜ ਮਾਲੇਰਕੋਟਲਾ ਵਿਖ਼ੇ ਹੋਈ ਮਾਮੂਲੀ ਬਾਰਿਸ਼ ਨੇ ਹੀ ਮਾਲੇਰਕੋਟਲਾ ਵਾਸੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਉੱਥੇ ਹੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇਸ ਮੀਂਹ ਨੇ ਮਾਲੇਰਕੋਟਲਾ ਦੀਆਂ ਗਲੀਆਂ, ਮੁਹੱਲਿਆਂ ਸਮੇਤ ਬਾਜ਼ਾਰਾਂ ਦਾ ਬੁਰਾ ਹਾਲ ਕਰ ਦਿੱਤਾ, ਸ਼ਹਿਰ ਅੰਦਰ ਚਾਰੋਂ ਪਾਸੇ ਜਲ ਥਲ ਹੀ ਜਲ ਥਲ ਹੋ ਗਿਆ ਖਾਸ ਕਰਕੇ ਇੱਥੋਂ ਦੇ ਮਾਲੇਰ ਮੁਹੱਲਾ ਲੁਹਾਰਾਂ ਦੇ ਬਾਜ਼ਾਰ ਅੰਦਰ ਜਮਾਂ ਹੋਏ ਬਰਸਾਤੀ ਪਾਣੀ ਨੇ ਨਹਿਰ ਦਾ ਰੂਪ ਧਾਰ ਲਿਆ।

ਇਹ ਵੀ ਪੜ੍ਹੋ: Farmers Protest: ਵਰਦੇ ਮੀਂਹ ’ਚ ਬਿਜਲੀ ਦੇ ਨਿੱਜੀਕਰਨ ਖਿਲਾਫ ਗਰਜੇ ਕਿਸਾਨ

ਉਕਤ ਬਾਜ਼ਾਰ ਵਿੱਚ ਵਿੱਚ ਜਮਾਂ ਹੋਏ ਪਾਣੀ ਦੀਆਂ ਤਸਵੀਰਾਂ ਅਤੇ ਵੀਡੀਓ ਸ਼ੋਸ਼ਲ ਮੀਡਿਆ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋਈਆਂ ਜਿਸ ਨੂੰ ਦਰਸ਼ਕਾਂ ਨੇ ਮਾਲਵਾ ਨਹਿਰ ਦਾ ਨਾਂਅ ਦੇ ਦਿੱਤਾ। ਇਸ ਸਬੰਧੀ ਮਾਲੇਰ ਬਾਜ਼ਾਰ ਦੇ ਦੁਕਾਨਦਾਰਾਂ ਨੇ ਅਪਣੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ ਕੇ ਇਹ ਪਾਣੀ ਜਦੋਂ ਵੀ ਬਰਸਾਤਾਂ ਹੁੰਦੀਆਂ ਹਨ ਬਾਜ਼ਾਰ ਵਿੱਚ ਜਮ੍ਹਾਂ ਹੋ ਜਾਂਦਾ ਹੈ ਪ੍ਰੰਤੂ ਦੋ ਤਿੰਨ ਘੰਟਿਆਂ ਅੰਦਰ ਹੀ ਨਿਕਲ ਜਾਂਦਾ ਸੀ ਪਰ ਜਦੋਂ ਤੋਂ ਲੋਹੇ ਬਾਜ਼ਾਰ ਵਾਲਾ ਨਾਲਾ ਬੰਦ ਕਰਕੇ ਉਥੇ ਪਾਈਪ ਪਾਏ ਗਏ ਹਨ ਉਦੋਂ ਤੋਂ ਇਸ ਬਾਜ਼ਾਰ ਵਿੱਚ ਜਮ੍ਹਾਂ ਹੋਣ ਵਾਲਾ ਪਾਣੀ ਨਿਕਲਣ ਲਈ 24 ਘੰਟਿਆਂ ਦਾ ਸਮਾਂ ਲੈਂਦਾ ਹੈ। ਜਿਸ ਨਾਲ ਪੂਰੇ ਬਾਜ਼ਾਰ ਦੇ ਦੁਕਾਨਦਾਰਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਜਾਂਦੇ ਹਨ।

ਬਾਜ਼ਾਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਜਦੋਂ ਇਸ ਸਬੰਧੀ ਇਲਾਕੇ ਦੇ ਕੌਂਸਲਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਅਫਸਰਾਂ ਨੂੰ ਇਸ ਸਬੰਧੀ ਕਿਹਾ ਜਾਂਦਾ ਹੈ ਤਾਂ ਉਹ ਹਮੇਸ਼ਾ ਦੀ ਤਰ੍ਹਾਂ ਟਾਲ-ਮਟੋਲ ਕਰ ਜਾਂਦੇ ਹਨ ਅੱਜ ਵੀ ਉਕਤ ਬਾਜ਼ਾਰ ਦੀਆਂ ਤਸਵੀਰਾਂ ਅਤੇ ਵੀਡੀਓ ਬਣਾ ਕੇ ਅਫਸਰਾਂ ਨੂੰ ਦਿਖਾਈ ਗਈ ਤਾਂ ਉਹਨਾਂ ਨੇ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਕਿ ਜੋ ਨਾਲਾ ਬੰਦ ਕੀਤਾ ਗਿਆ ਹੈ ਉਹ ਅਜੇ ਲੋਕ ਨਿਰਮਾਣ ਵਿਭਾਗ ਨੇ ਚਾਲੂ ਨਹੀਂ ਕੀਤਾ, ਜਦੋਂ ਕਿ ਪਾਈਪ ਪਾਇਆਂ ਨੂੰ ਵੀ ਡੇਢ ਸਾਲ ਦਾ ਸਮਾਂ ਬੀਤ ਚੁੱਕਿਆ ਹੈ।

ਕੋਈ ਵੀ ਅਫਸਰ ਜਿੰਮੇਦਾਰੀ ਲੈਣ ਨੂੰ ਤਿਆਰ ਨਹੀਂ!

ਇਸ ਸਬੰਧੀ ਜਦੋਂ ਅੱਜ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਅਪਰਅਪਾਰ ਨਾਲ ਉਹਨਾਂ ਦੇ ਦਫਤਰ ਜਾ ਕੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਾਣੀ ਮਸ਼ੀਨ ਲਾ ਕੇ ਕਢਵਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਪ੍ਰੰਤੂ ਦੇਰ ਰਾਤ ਤੱਕ ਪਾਣੀ ਜਿਓਂ ਦਾ ਤਿਓਂ ਹੀ ਬਾਜ਼ਾਰ ਵਿੱਚ ਖੜਾ ਰਿਹਾ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਲੋਹੇ ਬਾਜ਼ਾਰ ਵਾਲਾ ਨਾਲਾ ਜਿਸ ਨੂੰ ਬੰਦ ਕਰਨ ਲਈ ਕਰੋੜਾਂ ਰੁਪਿਆ ਖਰਚ ਕੀਤਾ ਗਿਆ ਹੈ ਉਸ ਨੂੰ ਕਥਿਤ ਤੌਰ ’ਤੇ ਸਹੀ ਢੰਗ ਨਾਲ ਨਹੀਂ ਬਣਾਇਆ ਗਿਆ ਅਤੇ ਨਾ ਹੀ ਬਰਸਾਤੀ ਪਾਣੀ ਦੀ ਨਿਕਾਸੀ ਕਰ ਰਿਹਾ ਹੈ, ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲੇ ਨੂੰ ਬੰਦ ਕਰਨ ਵਿੱਚ ਬਹੁਤ ਸਾਰੀਆਂ ਕਮੀਆਂ ਤੇ ਖਾਮੀਆਂ ਹਨ ਪੰਜਾਬ ਸਰਕਾਰ ਨੂੰ ਇਸ ਦੀ ਜਾਂਚ ਕਰਾਉਣੀ ਚਾਹੀਦੀ ਹੈ।ਜੋ ਕਮੀਆਂ ਤੇ ਖਾਮੀਆਂ ਹਨ ਉਸ ਨੂੰ ਦੂਰ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕਰਨਾ ਚਾਹੀਦਾ ਹੈ। Malerkotla Rain News