ਮੰਕੀਪੋਕਸ ਨਾਲ ਹੋਈ ਦੇਸ਼ ’ਚ ਪਹਿਲੀ ਮੌਤ ਨਾਲ ਸਿਹਤ ਟੀਮਾਂ ਚੌਕਸ
ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਝੰਜੋੜ ਕਿ ਰੱਖ ਦਿੱਤਾ ਸੀ, ਅਜੇ ਲੋਕ ਕੋਰੋਨਾ ਦਾ ਕਹਿਰ ਨਹੀ ਭੁੱਲੇ ਤੇ ਹੁਣ ਮੰਕੀਪਾਕਸ ਨੇ ਦਸਤਕ ਦੇ ਦਿੱਤੀ ਹੈ। ਮੰਕੀਪਾਕਸ ਕਾਰਨ ਕੇਰਲ ਸੂਬੇ ’ਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਸੀ, ਉਸਦੇ ਨਮੂਨਿਆਂ ਤੋਂ ਮੰਕੀਪਾਕਸ ਪਾਜ਼ਿਟਿਵ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਨੌਜਵਾਨ ਹਾਲ ਹੀ ’ਚ ਯੂਏਈ ਤੋਂ ਪਰਤਿਆ ਸੀ, ਉੱਥੇ ਵੀ ਇਕੱਤਰ ਕੀਤੇ ਨਮੂਨੇ ਵੀ ਪਾਜ਼ਿਟਿਵ ਪਾਏ ਜਾਣ ਕਾਰਨ ਉਸ ’ਚ ਬਿਮਾਰੀ ਦੀ ਪੁਸ਼ਟੀ ਹੋਈ ਸੀ।
ਭਾਰਤ ’ਚ ਹੁਣ ਤੱਕ ਇਸ ਮੰਕੀਪਾਕਸ ਦੇ 6 ਕੇਸ ਸਾਹਮਣੇ ਆਉਣ ਦੀ ਗੱਲ ਕਹੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ’ਚ ਮੰਕੀਪਾਕਸ ਨੂੰ ਕੌਮਾਂਤਰੀ ਜਨਤਕ ਸਿਹਤ ਐਮਰਜੈਂਸੀ ਐਲਾਨ ਕੀਤਾ ਸੀ। ਕੌਮਾਂਤਰੀ ਪੱਧਰ ਦੀ ਗੱਲ ਕਰੀਏ ਤਾਂ ਮੰਕੀਪਾਕਸ ਦੇ 16,000 ਦੇ ਕਰੀਬ ਕੇਸ ਦਰਜ ਕੀਤੇ ਜਾ ਚੁੱਕੇ ਹਨ। ਸਿਹਤ ਮੰਤਰਾਲਾ ਭਾਰਤ ਸਰਕਾਰ ਵੱਲੋਂ ਮੰਕੀਪਾਕਸ ਦੀ ਨਿਗਰਾਨੀ ਲਈ ਵਿਸ਼ੇਸ਼ ਟਾਸਕ ਫਾਰਸ ਦਾ ਗਠਨ ਕੀਤਾ ਗਿਆ ਹੈ ਤੇ ਸਿਹਤ ਟੀਮਾਂ ਨੂੰ ਚੌਕਸ ਰਹਿਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
ਮੰਕੀਪਾਕਸ ਕਿਸੇ ਲਾਗ ਵਾਲੇ ਵਿਅਕਤੀ ਜਾਂ ਜਾਨਵਰ ਦੇ ਨਜ਼ਦੀਕੀ ਸੰਪਰਕ ਦੁਆਰਾ ਜਾਂ ਵਾਇਰਸ ਨਾਲ ਦੂਸ਼ਿਤ ਸਮੱਗਰੀ ਨਾਲ ਮਨੁੱਖਾਂ ਤੋਂ ਮਨੁੱਖਾਂ ਵਿੱਚ ਫੈਲਦਾ ਹੈ। ਮੰਕੀਪਾਕਸ ਵਾਇਰਸ ਪ੍ਰਭਾਵਿਤ ਵਿਅਕਤੀ ਦੇ ਜ਼ਖਮਾਂ, ਖੰਘ ਜਾਂ ਛਿੱਕਾਂ ਦੇ ਛਿੱਟੇ, ਬਿਸਤਰੇ, ਕੱਪੜੇ ਜਾਂ ਦੂਸ਼ਿਤ ਸਮੱਗਰੀ ਦੇ ਨਜ਼ਦੀਕੀ ਸੰਪਰਕ ਦੁਆਰਾ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਫੈਲਦਾ ਹੈ। ਮੰਕੀਪਾਕਸ ਦੀ ਕਲੀਨਿਕਲ ਦਿੱਖ ਚੇਚਕ ਨਾਲ ਮਿਲਦੀ-ਜੁਲਦੀ ਹੈ, ਮੰਕੀਪਾਕਸ ਚੇਚਕ ਨਾਲੋਂ ਘੱਟ ਛੂਤਕਾਰੀ ਹੈ। ਮੰਕੀਪਾਕਸ ਆਮ ਤੌਰ ’ਤੇ ਬੁਖਾਰ, ਧੱਫੜ ਤੇ ਸੁੱਜੇ ਹੋਏ ਲਿੰਫ ਨੋਡਸ ਦੇ ਨਾਲ ਪੇਸ਼ ਹੁੰਦਾ ਹੈ ਤੇ ਕਈ ਤਰ੍ਹਾਂ ਦੀਆਂ ਮੈਡੀਕਲ ਪੇਚੀਦਗੀਆਂ ਦਾ ਕਾਰਨ ਵੀ ਬਣ ਸਕਦਾ ਹੈ।
1980 ’ਚ ਚੇਚਕ ਦੇ ਖਾਤਮੇ ਤੇ ਚੇਚਕ ਦੇ ਟੀਕਾਕਰਨ ਦੇ ਬਾਅਦ ਵਿੱਚ ਬੰਦ ਹੋਣ ਤੋਂ ਬਾਅਦ ਮੰਕੀਪਾਕਸ ਜਨਤਕ ਸਿਹਤ ਲਈ ਸਭ ਤੋਂ ਮਹੱਤਵਪੂਰਨ ਆਰਥੋਪੋਕਸ ਵਾਇਰਸ ਵਜੋਂ ਉਭਰਿਆ ਹੈ। ਮਨੁੱਖੀ ਮੰਕੀਪਾਕਸ ਦੀ ਪਛਾਣ ਪਹਿਲੀ ਵਾਰ 1970 ਵਿੱਚ ਕਾਂਗੋ ਦੇ ਲੋਕਤੰਤਰੀ ਗਣਰਾਜ ਵਿੱਚ ਇੱਕ ਖੇਤਰ ਵਿੱਚ ਇੱਕ ਬੱਚੇ ਵਿੱਚ ਕੀਤੀ ਗਈ ਸੀ, ਜਿੱਥੇ ਚੇਚਕ ਨੂੰ 1968 ਵਿੱਚ ਖਤਮ ਕਰ ਦਿੱਤਾ ਗਿਆ ਸੀ। ਵਿਸ਼ਵ ਸਿਹਤ ਸੰਸਥਾ ਮੁਤਾਬਕ ਮੰਕੀਪਾਕਸ ਨਾ ਸਿਰਫ ਪੱਛਮੀ ਤੇ ਮੱਧ ਅਫਰੀਕਾ ਦੇ ਦੇਸ਼ਾਂ ਨੂੰ ਹੀ ਪ੍ਰਭਾਵਿਤ ਨਹੀਂ ਕਰਦੀ, ਸਗੋਂ ਬਾਕੀ ਦੁਨੀਆਂ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਜਾਨਵਰਾਂ ਤੋਂ ਮਨੁੱਖ ਵਿੱਚ ਰਿਸਦੇ ਖੂਨ, ਸਰੀਰਕ ਤਰਲਾਂ ਜਾਂ ਲਾਗ ਵਾਲੇ ਜਾਨਵਰਾਂ ਦੇ ਚਮੜੀ ਜਾਂ ਲੇਸਦਾਰ ਜ਼ਖਮਾਂ ਦੇ ਸਿੱਧੇ ਸੰਪਰਕ ਕਾਰਨ ਇਹ ਵਾਇਰਸ ਟਰਾਂਸਮਿਟ ਹੁੰਦਾ ਹੈ।
ਮੰਕੀਪਾਕਸ ਦੇ ਚਿੰਨ੍ਹ ਅਤੇ ਲੱਛਣ
ਮੰਕੀਪਾਕਸ ਦੇ ਪ੍ਰਫੁੱਲਿਤ ਹੋਣ ਦੀ ਮਿਆਦ ਆਮ ਤੌਰ ’ਤੇ 6 ਤੋਂ 13 ਦਿਨਾਂ ਤੱਕ ਹੁੰਦੀ ਹੈ ਪਰ ਇਹ 5 ਤੋਂ 21 ਦਿਨਾਂ ਤੱਕ ਹੋ ਸਕਦੀ ਹੈ। ਜਿਨ੍ਹਾਂ ਵਿਅਕਤੀਆਂ ਦਾ ਪਿਛਲੇ 21 ਦਿਨਾਂ ’ਚ ਮੰਕੀਪਾਕਸ ਦੇ ਸ਼ੱਕੀ ਜਾਂ ਪੁਸ਼ਟੀ ਕੇਸ ਦੇ ਸੰਪਰਕ ਵਿੱਚ ਆਉਣ ਦੀ ਹਿਸਟਰੀ ਹੈ, ਉਨ੍ਹਾਂ ਨੂੰ ਆਪਣੀ ਸਿਹਤ ਦੀ ਨਿਗਰਾਨੀ ਕਰਨੀ ਚਾਹੀਦੀ ਹੈ।
ਬੁਖਾਰ ਦੇ ਨਾਲ ਚਮੜੀ ’ਤੇ ਧੱਫੜ-ਚਿਹਰੇ ਤੋਂ ਸ਼ੁਰੂ ਹੋ ਕੇ ਬਾਹਾਂ, ਲੱਤਾਂ, ਹਥੇਲੀਆਂ ਤੇ ਪੈਰਾਂ ਦੀਆਂ ਤਲੀਆਂ ਤੱਕ ਫੈਲਦੇ ਹਨ।
ਸਿਰ ਦਰਦ, ਮਾਸਪੇਸ਼ੀਆਂ ’ਚ ਦਰਦ ਜਾਂ ਥਕਾਵਟ, ਬੁਖਾਰ, ਗਲੇ ’ਚ ਖਰਾਸ਼ ਜਾਂ ਖਾਂਸੀ ਤੇ ਅੱਖਾਂ ’ਚ ਦਰਦ ਜਾਂ ਧੁੰਦਲਾ ਨਜ਼ਰ ਆਉਣਾ।
ਸਾਹ ਲੈਣ ’ਚ ਤਕਲੀਫ ਜਾਂ ਛਾਤੀ ’ਚ ਦਰਦ
ਸ਼ੁਰੂ-ਸ਼ੁੁਰੂ ’ਚ ਤਾਂ ਸਰੀਰ ’ਤੇ ਧੱਫੜ ਜਾਂ ਦਾਨੇ ਚਿਕਨਪੌਕਸ, ਖਸਰਾ, ਬੈਕਟੀਰੀਆ ਵਾਲੀ ਚਮੜੀ ਦੀ ਲਾਗ, ਖੁਰਕ, ਸਿਫਿਲਿਸ ਤੇ ਦਵਾਈਆਂ ਨਾਲ ਸਬੰਧਿਤ ਐਲਰਜੀ ਵਰਗੇ ਹੀ ਜਾਪਦੇ ਹਨ, ਛੋਟੇ ਬੱਚਿਆਂ ’ਚ ਅਜਿਹੇ ਲੱਛਣ ਜਿਆਦਾ ਨਜ਼ਰ ਆਉਂਦੇ ਹਨ।
ਜੇਕਰ ਮੰਕੀਪਾਕਸ ਦਾ ਸ਼ੱਕ ਹੈ, ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾਂ ਹਸਪਤਾਲ ਨਾਲ ਸੰਪਰਕ ਕਰੋ, ਢੁਕਵਾਂ ਨਮੂਨਾ ਇਕੱਤਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਲੈਬਾਰਟਰੀ ’ਚ ਸੁਰੱਖਿਅਤ ਢੰਗ ਨਾਲ ਜਾਂਚ ਲਈ ਭੇਜਿਆ ਜਾ ਸਕੇ।
ਮੰਕੀਪਾਕਸ ਦਾ ਇਲਾਜ, ਰੋਕਥਾਮ ਤੇ ਕੰਟਰੋਲ
ਮੰਕੀਪਾਕਸ ਦਾ ਵਿਸ਼ੇਸ਼ ਕੋਈ ਇਲਾਜ ਨਹੀਂ ਹੈ ਪਰ ਮੰਕੀਪਾਕਸ ਚੇਚਕ ਵਰਗੀ ਵਾਇਰਲ ਬਿਮਾਰੀ ਹੈ ਇਸ ਲਈ ਐਂਟੀਵਾਇਰਲ ਦਵਾਈਆਂ ਦੀ ਵਰਤੋਂ ਮੰਕੀਪਾਕਸ ਦੇ ਇਲਾਜ ਤੇ ਰੋਕਥਾਮ ਲਈ ਕੀਤੀ ਜਾ ਸਕਦੀ ਹੈ।
ਜੋਖਮ ਦੇ ਕਾਰਕਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਤੇ ਲੋਕਾਂ ਨੂੰ ਉਨ੍ਹਾਂ ਉਪਾਵਾਂ ਬਾਰੇ ਸੁਚੇਤ ਕਰਨਾ ਹੀ ਵਾਇਰਸ ਦੇ ਸੰਪਰਕ ਨੂੰ ਘਟਾਉਣ ਲਈ ਢੁਕਵੇਂ ਹੋ ਸਕਦੇ ਹਨ ਮੰਕੀਪਾਕਸ ਲਈ ਮੁੱਖ ਰੋਕਥਾਮ ਹੀ ਰਣਨੀਤੀ ਹੈ। ਪ੍ਰਭਾਵਿਤ ਵਿਅਕਤੀ ਨੂੰ ਅਲੱਗ ਕਮਰੇ ’ਚ ਰੱਖੋ। ਪ੍ਰਭਾਵਿਤ ਵਿਅਕਤੀ ਦੇ ਨੱਕ ਤੇ ਮੂੰਹ ਨੂੰ ਮਾਸਕ ਜਾਂ ਕੱਪੜੇ ਨਾਲ ਡੱਕ ਕੇ ਰੱਖੋ। ਤੁਰੰਤ ਨਜ਼ਦੀਕੀ ਸਿਹਤ ਸੰਸਥਾ ਨੂੰ ਸੁਚਿਤ ਕਰੋ। ਪੀੜਤ ਵਿਅਕਤੀ ਦੁਆਰਾ ਵਰਤੇ ਕੱਪੜੇ, ਬਿਸਤਰ ਜਾਂ ਤੋਲੀਏ ਵਰਗੀ ਹੋਰ ਦੂਸ਼ਿਤ ਸਮੱਗਰੀ ਦੇ ਸੰਪਰਕ ਤੋਂ ਬਚੋ।
ਸਾਬਣ ਜਾਂ ਸੈਨੇਟਾਈਜ਼ਰ ਨਾਲ ਹੱਥ ਧੋਵੋ ਤੇ ਆਲਾ-ਦੁਆਲਾ ਸਾਫ ਰੱਖੋ। ਇਨ੍ਹੀਂ ਦਿਨੀਂ ਛੋਟੇ ਸਕੂਲੀ ਬੱਚਿਆਂ ਦੇ ਹੱਥਾਂ, ਪੈਰਾਂ ਤੇ ਮੂੰਹ ’ਤੇ ਲਾਲ ਦਾਨੇ ਜਾਂ ਜਖਮ ਤੇ ਬੁਖਾਰ ਦੇ ਕੇਸ ਕੁਝ ਜਿਆਦਾ ਹੀ ਨਜ਼ਰ ਆ ਰਹੇ ਹਨ, ਜਿਸ ਕਾਰਨ ਮੰਕੀਪਾਕਸ ਵਾਇਰਸ ਫੈਲਣ ਦੀਆਂ ਅਫਵਾਹਾਂ ਜ਼ੋਰਾਂ ’ਤੇ ਹਨ, ਪਰ ਮਾਹਿਰਾਂ ਦਾ ਕਹਿਣਾ ਹੈ ਕਿ ਕੋਈ ਚਿੰਤਾ ਦੀ ਗੱਲ ਨਹੀਂ, ਛੋਟੇ ਬੱਚਿਆਂ ’ਚ ਇਹ ਕੋਈ ਨਵੀਂ ਬਿਮਾਰੀ ਨਹੀਂ, ਸਗੋਂ ਸਾਲਾਂ ਤੋਂ ਦਿਖਾਈ ਦੇ ਰਹੀ ਹੈ ਪਰ ਮਾਪਿਆਂ ਅਤੇ ਸਕੂਲੀ ਅਧਿਆਪਕਾਂ ’ਚ ਡਰ ਤੇ ਸਹਿਮ ਦਾ ਹੋਣਾ ਸੁਭਾਵਿਕ ਹੀ ਹੈ
ਇਸ ਲਈ ਬੱਚਿਆਂ ਦੀ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਮਾਹਿਰਾਂ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਪੀੜਤ ਬੱਚਿਆਂ ਦੀ ਸਰੀਰਕ ਸਾਫ-ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ, ਅਜਿਹੇ ਬੱਚਿਆਂ ਦੇ ਖਾਣਾ ਖਾਣ ਵਾਲੇ ਭਾਂਡੇ-ਬਰਤਨ ਤੇ ਕੱਪੜੇ, ਬਿਸਤਰ ਆਦਿ ਸਾਂਝੇ ਨਾ ਕੀਤੇ ਜਾਣ ਤੇ ਅਲੱਗ ਹੀ ਧੋਣੇ ਚਾਹੀਦੇ ਹਨ, ਬੱਚਿਆਂ ਦੇ ਖਿਡੌਣੇ ਤੇ ਰੋਜ਼ਾਨਾ ਵਰਤਣ ਵਾਲਾ ਸਮਾਨ ਰੋਜ਼ਾਨਾ ਚੰਗੀ ਤਰ੍ਹਾਂ ਸਾਫ ਕਰਕੇ ਰੋਗਾਣੂ ਰਹਿਤ ਕੀਤਾ ਜਾਵੇ, ਪੀੜਤ ਬੱਚੇ ਨੂੰ ਡਾਕਟਰੀ ਜਾਂਚ ਤੇ ਸਲਾਹ ਅਨੁਸਾਰ ਕੁੱਝ ਦਿਨ ਭੀੜ-ਭਾੜ ’ਚ ਨਾ ਜਾਣ ਦਿੱਤਾ ਜਾਵੇ, ਇਸ ਸਬੰਧੀ ਜਾਣਕਾਰੀ ਤੇ ਸੁਝਾਵਾਂ ਲਈ ਟੋਲ ਫਰੀ ਮੈਡੀਕਲ ਹੈਲਪ ਲਾਈਨ ਨੰਬਰ 104 ’ਤੇ ਸਪੰਰਕ ਕੀਤਾ ਜਾ ਸਕਦਾ ਹੈ।
ਬੀ.ਈ.ਈ.
ਸਿਹਤ ਵਿਭਾਗ, ਫਰੀਦਕੋਟ
ਡਾ. ਪ੍ਰਭਦੀਪ ਸਿੰਘ ਚਾਵਲਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ