ਪਿੰਡ ਵਿੱਚ ਬਹੁਤ ਜ਼ਿਆਦਾ ਮਿਹਨਤ ਕਰਨ ਵਾਲਾ ਇੱਕ ਕਿਸਾਨ ਬਾਪੂ ਬਿਸ਼ਨ ਸਿੰਘ ਰਹਿੰਦਾ ਸੀ। ਉਸਦੇ ਦੇ ਦੋ ਪੁੱਤ ਤੇ ਦੋ ਧੀਆਂ ਸਨ। ਬਾਪੂ ਨੇ ਬਹੁਤ ਮਿਹਨਤ ਕੀਤੀ ਅਤੇ ਜਿੰਨੇ ਜੋਗਾ ਸੀ ਉਸ ਤੋਂ ਕਈ ਗੁਣਾ ਵੱਧ ਉਸ ਨੇ ਆਪਣੇ ਬੱਚਿਆਂ ਨੂੰ ਪਿਆਰ ਤੇ ਚੰਗੀ ਪਰਵਰਿਸ਼ ਦਿੱਤੀ । ਬਾਪੂ ਉਸ ਸਮੇਂ ਬਹੁਤ ਜਵਾਨ ਅਤੇ ਤਕੜੇ ਸਰੀਰ ਦਾ ਹੋਇਆ ਕਰਦਾ ਸੀ ਕਿਉਂਕਿ ਉਸਨੇ ਆਪਣੇ ਸਮੇਂ ਦੀਆਂ ਪੁਰਾਣੀਆਂ ਖੁਰਾਕਾਂ ਖਾਧੀਆਂ ਹੋਈਆਂ ਸਨ। ਉਹ ਸਵੇਰ ਹੁੰਦੇ ਹੀ ਖੇਤਾਂ ਵਿੱਚ ਆਪਣੇ ਬਲਦਾਂ ਨਾਲ ਹਲ ਜੋੜ ਕੇ ਲੈ ਜਾਂਦਾ ਤੇ ਜਦੋਂ ਤੱਕ ਧੁੱਪ ਨਿੱਕਲਦੀ ਉਦੋਂ ਤੱਕ ਤਾਂ ਬਾਬਾ ਬਿਸ਼ਨ ਸਿੰਘ ਇੱਕ ਏਕੜ ਜ਼ਮੀਨ ਨੂੰ ਹਲ਼ ਨਾਲ ਵਾਹ ਚੁੱਕਾ ਹੁੰਦਾ ਸੀ। ਉਹ ਕਦੇ ਵੀ ਆਪਣੇ-ਆਪ ਨੂੰ ਥੱਕਿਆ ਹੋਇਆ ਮਹਿਸੂਸ ਨਹੀਂ ਕਰਦਾ ਸੀ। ਭਾਵੇਂ ਉਸਦੇ ਸਰੀਰ ਨੂੰ ਤਾਂ ਥਕਾਵਟ ਮਹਿਸੂਸ ਹੁੰਦੀ ਹੀ ਸੀ ਪਰ ਉਹ ਆਪਣੇ ਬੱਚਿਆਂ ਦੇ ਸਾਹਮਣੇ ਆਪਣੀ ਥਕਾਵਟ ਨੂੰ ਜ਼ਾਹਰ ਨਹੀਂ ਸੀ ਹੋਣ ਦਿੰਦਾ। (Bishan Singh )
ਤਾਂ ਜੋ ਉਸਦੇ ਬੱਚੇ ਉਸਨੂੰ ਦੇਖ ਕੇ ਦੁਖੀ ਨਾ ਹੋਣ । ਉਹ ਨਹੀਂ ਸੀ ਚਾਹੁੰਦਾ ਕਿ ਉਸਦੇ ਬੱਚਿਆਂ ਦੇ ਬਚਪਨ ਦੀ ਖੁਸ਼ੀ ਦੇ ਰੰਗ ਵਿੱਚ ਉਹ ਭੰਗ ਪਾਵੇ। ਬੱਚੇ ਵੀ ਬਹੁਤ ਪਿਆਰ ਨਾਲ ਪੇਸ਼ ਆਉਂਦੇ ਸਨ। ਜਦੋਂ ਵੀ ਉਨ੍ਹਾਂ ਨੇ ਕਿਸੇ ਵੀ ਚੀਜ ਦੀ ਮੰਗ ਕਰਨੀ ਤਾਂ ਬਾਪੂ ਬਿਸ਼ਨ ਸਿੰਘ ਨੇ ਬੱਚਿਆਂ ਦੀ ਮੰਗ ਨੂੰ ਛੇਤੀ ਤੋਂ ਛੇਤੀ ਪੂਰਾ ਕਰਨ ਦੀ ਕੋਸ਼ਿਸ਼ ਜਰੂਰ ਕਰਨੀ ਤੇ ਕਈ ਵਾਰ ਤਾਂ ਬੱਚਿਆਂ ਦੀ ਕਿਸੇ ਚੀਜ਼ ਦੀ ਮੰਗ ਕਰਦਿਆਂ ਨਾਲ ਹੀ ਬਾਪੂ ਉਨ੍ਹਾਂ ਲਈ ਸ਼ਹਿਰ ਜਾ ਕੇ ਕੁਝ ਹੀ ਸਮੇਂ ਵਿੱਚ ਉਹ ਚੀਜ ਪੇਸ਼ ਕਰ ਦਿੰਦਾ। ਬੱਚੇ ਵੀ ਆਪਣੇ ਪਿਤਾ ਦੇ ਇਸ ਸੁਭਾਅ ਤੋਂ ਬਹੁਤ ਖੁਸ਼ ਹੁੰਦੇ ਤੇ ਪਿਆਰ ਕਰਦੇ। ਉਸਨੇ ਆਪਣੇ ਬੱਚਿਆਂ ਲਈ ਇੱਕ ਚੰਗੇ ਭਵਿੱਖ ਦਾ ਵੀ ਸੁਪਨਾ ਵੇਖਿਆ। ਉਹ ਚਾਹੁੰਦਾ ਸੀ ਕਿ ਉਸਦੇ ਪੁੱਤ ਅਤੇ ਧੀਆਂ ਪੜ੍ਹ-ਲਿਖ ਕੇ ਕਿਸੇ ਵਧੀਆ ਮੁਕਾਮ ‘ਤੇ ਪਹੁੰਚ ਜਾਣ ਬੱਚੇ ਪੜ੍ਹ-ਲਿਖ ਵੀ ਗਏ ਤੇ ਆਪਣੇ ਕੰਮ ਵੀ ਕਰਨ ਲੱਗੇ।(Bishan Singh )
ਸਮਾਂ ਬੀਤਦਾ ਗਿਆ। ਫਿਰ ਉਹ ਦਿਨ ਆਇਆ ਜਿਸ ਦਾ ਬਾਪੂ ਨੂੰ ਵਰ੍ਹਿਆਂ ਤੋਂ ਇੰਤਜ਼ਾਰ ਸੀ। ਉਸਨੇ ਆਪਣੇ ਵੱਡੇ ਪੁੱਤ ਦਾ ਵਿਆਹ ਕਰ ਦਿੱਤਾ। ਵਿਆਹ ਤੋਂ ਬਾਅਦ ਕੁੱਝ ਸਮਾਂ ਤਾਂ ਨੂੰਹ ਅਤੇ ਪੁੱਤਰ ਬਾਪੂ ਜੀ ਦੇ ਨਾਲ ਹੀ ਰਹੇ ਪਰ ਇਹ ਸਮਾਂ ਜ਼ਿਆਦਾ ਦੇਰ ਤੱਕ ਨਾ ਠਹਿਰਿਆ। ਬਾਪੂ ਦੀਆਂ ਆਸਾਂ ਅਤੇ ਉਮੀਦਾਂ ‘ਤੇ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਨੂੰਹ ਨੇ ਘਰੋਂ ਵੱਖ ਹੋਣ ਦੀ ਗੱਲ ਆਪਣੇ ਪਤੀ ਨਾਲ ਕੀਤੀ। ਬਾਪੂ ਦੇ ਵੱਡੇ ਪੁੱਤ ਨੇ ਆ ਕੇ ਕਿਹਾ ਕਿ ਅਸੀਂ ਤੁਹਾਡੇ ਨਾਲ ਹੁਣ ਹੋਰ ਸਮਾਂ ਨਹੀਂ ਰਹਿਣਾ ਚਾਹੁੰਦੇ ਅਤੇ ਆਪਣਾ ਅਲੱਗ ਤੋਂ ਘਰ ਬਣਾਉਣਾ ਚਾਹੁੰਦੇ ਹਾਂ, ਇਸ ਲਈ ਤੁਸੀਂ ਸਾਨੂੰ ਸਾਡੇ ਹਿੱਸੇ ਦੀ ਜਮੀਨ ਦੇ ਦਿਓ। ਬਾਪੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਉਹ ਆਪਣੇ ਪੁੱਤ ਨੂੰ ਹੰਝੂ ਭਰੀਆਂ ਅੱਖਾਂ ਨਾਲ ਤੱਕਦਾ ਰਿਹਾ। ਬਾਪੂ ਨੇ ਪੁੱਤ ਦੇ ਕਹਿਣ ‘ਤੇ ਜਮੀਨ ਦੋਵਾਂ ਪੁੱਤਾਂ ਵਿੱਚ ਵੰਡ ਦਿੱਤੀ ਦੋ ਕਿੱਲੇ ਆਪ ਰੱਖ ਲਏ ਅਤੇ ਬਾਕੀ 10-10 ਕਿੱਲੇ ਆਪਣੇ ਦੋ ਪੁੱਤਰਾਂ ਨੂੰ ਦੇ ਦਿੱਤੇ।
ਜਿਵੇਂ-ਜਿਵੇਂ ਸਮਾਂ ਬੀਤਿਆ ਬਾਪੂ ਦੀ ਹਾਲਤ ਖ਼ਰਾਬ ਰਹਿਣ ਲੱਗੀ। ਉਸ ਦੀਆਂ ਅੱਖਾਂ ਦੀ ਰੌਸ਼ਨੀ ਵੀ ਹੁਣ ਜ਼ਿਆਦਾ ਚੰਗੀ ਨਹੀਂ ਸੀ। ਜਿਸ ਕਰਕੇ ਉਸਨੇ ਆਪਣੇ ਦੋਹਾਂ ਪੁੱਤਾਂ ਨੂੰ ਆਪਣੀਆਂ ਅੱਖਾਂ ਦੇ ਇਲਾਜ ਲਈ ਕਿਹਾ। ਪੁੱਤਾਂ ਨੇ ਝੱਟ ਹਾਂ ਕਰ ਦਿੱਤੀ। ਇਹ ਇੱਕ ਬੜੀ ਹੀ ਹੈਰਾਨੀ ਵਾਲੀ ਗੱਲ ਸੀ ਕਿ ਕੱਲ੍ਹ ਤੱਕ ਜਿਹੜੇ ਪੁੱਤ ਉਸਨੂੰ ਵੇਖ ਕੇ ਵੀ ਖੁਸ਼ ਨਹੀਂ ਸਨ ਅੱਜ ਉਹ ਕਿਵੇਂ ਬਾਪੂ ਜੀ ਦੀ ਨਿਗ੍ਹਾ ਦਾ ਇਲਾਜ ਕਰਵਾਉਣ ਲਈ ਵੀ ਤਿਆਰ ਹੋ ਗਏ। ਹੁਣ ਉਹ ਬਾਪੂ ਨੂੰ ਸ਼ਹਿਰ ਲੈ ਗਏ ਤੇ ਹਸਪਤਾਲ ਲਿਜਾਣ ਦੀ ਥਾਂ ਉਹ ਉਨ੍ਹਾਂ ਨੂੰ ਕਚਹਿਰੀ ਵਿੱਚ ਲੈ ਗਏ। ਬਾਪੂ ਦੀ ਘੱਟ ਨਜ਼ਰ ਦਾ ਫਾਇਦਾ ਦੋਹਾਂ ਪੁੱਤਾਂ ਨੇ ਖੂਬ ਉਠਾਇਆ। ਉਨ੍ਹਾਂ ਨੇ ਬਾਪੂ ਦੇ ਨਾਂਅ ਰਹਿੰਦੀ ਦੋ ਕਿੱਲੇ ਜਮੀਨ ਵੀ ਆਪਣੇ ਨਾਂਅ ਲਵਾ ਲਈ।(Bishan Singh )
ਬਾਪੂ ਦੀ ਜੁਬਾਨ ਉੱਥੇ ਹੀ ਬੰਦ ਹੋ ਗਈ। ਫਿਰ ਜਦੋਂ ਬਾਪੂ ਨੂੰ ਘਰ ਲਿਆਂਦਾ ਗਿਆ ਤਾਂ ਉਹਨਾਂ ਨੇ ਇਸ ਗੱਲ ਦਾ ਹਾਉਕਾ ਖਿੱਚਿਆ ਕਿ ਜਿਹੜੇ ਪੁੱਤਾਂ ਲਈ ਉਸਨੇ ਐਨੇ ਸੁਪਨੇ ਦੇਖੇ ਸਨ ਉਹ ਅੱਜ ਉਸ ਨਾਲ ਇਸ ਤਰ੍ਹਾਂ ਕਰਨਗੇ ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ। ਇਹ ਗੱਲ ਸੋਚਦੇ ਹੀ ਬਾਪੂ ਅਚਾਨਕ ਧਰਤੀ ‘ਤੇ ਡਿੱਗ ਪਿਆ। ਬਾਪੂ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ ਉਨ੍ਹਾਂ ਦੇ ਦਿਲ ਦੀ ਗੱਲ ਦੱਸ ਰਹੀਆਂ ਸਨ, ਜਿਹੜੀ ਗੱਲ ਉਸ ਦੀ ਜੁਬਾਨ ਨਹੀਂ ਸੀ ਦੱਸ ਸਕੀ।
ਗੀਤਾ ਜੋਸਨ/ਸੇਠਾਂ ਵਾਲਾ, ਮਮਦੋਟ (ਫਿਰੋਜਪੁਰ)
ਮੋ. 96465-68045
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।