ਵਿਰੋਧੀ ਧਿਰਾਂ ਚੋਣ ਵਿਚਕਾਰ ਹੀ ਕਰਵਾਉਣਾ ਚਾਹੁੰਦੀ ਐ ਫਲੌਰ ਟੈਸਟ, ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ
- 3 ਆਜ਼ਾਦ ਵਿਧਾਇਕਾਂ ਨੇ ਰਾਜਪਾਲ ਨੂੰ ਲਿਖਿਆ ਪੱਤਰ, ਸਰਕਾਰ ਤੋਂ ਲਿਆ ਸਮਰਥਨ ਵਾਪਸ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਹਰਿਆਣਾ ਵਿੱਚ ਨਾਇਬ ਸਿੰਘ ਸੈਣੀ ਦੀ ਸਰਕਾਰ ਖ਼ਤਰੇ ਵਿੱਚ ਆ ਗਈ ਹੈ। ਲੋਕ ਸਭਾ ਚੋਣਾਂ ਦੇ ਵਿਚਕਾਰ ਹੀ ਜਜਪਾ ਨੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੂੰ ਪੱਤਰ ਲਿਖਦੇ ਹੋਏ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਸੈਣੀ ਸਰਕਾਰ ਤੋਂ ਫਲੌਰ ਟੈਸਟ ਕਰਵਾਉਣ ਦੀ ਮੰਗ ਕਰ ਦਿੱਤੀ ਗਈ ਹੈ। ਇੱਥੇ ਹੀ ਕਾਂਗਰਸ ਪਾਰਟੀ ਅਤੇ ਵਿਰੋਧੀ ਧਿਰ ਦੇ ਲੀਡਰ ਭੁਪਿੰਦਰ ਸਿੰਘ ਹੁੱਡਾ ਵੱਲੋਂ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੋਂ ਮਿਲਣ ਲਈ ਸਮਾਂ ਮੰਗਿਆ ਗਿਆ ਹੈ ਤਾਂ ਕਿ ਨਾਇਬ ਸਿੰਘ ਸੈਣੀ ਦੀ ਸਰਕਾਰ ਬਾਰੇ ਉਹ ਚਰਚਾ ਕਰ ਸਕਣ। Haryana News
ਕਾਂਗਰਸ ਪਾਰਟੀ ਵੱਲੋਂ ਤੁਰੰਤ ਇਸ ਸਰਕਾਰ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਹੋ ਜਿਹੀ ਸਥਿਤੀ ਵਿੱਚ ਜਜਪਾ ਤੇ ਆਜ਼ਾਦ ਵਿਧਾਇਕਾਂ ਦੇ ਸਮਰਥਨ ਨਾਲ ਭੁਪਿੰਦਰ ਸਿੰਘ ਹੁੱਡਾ ਸਰਕਾਰ ਬਣਾਉਣ ਦੀ ਪੇਸ਼ਕਸ਼ ਵੀ ਰੱਖ ਸਕਦੇ ਹਨ। ਜਿਸ ਤੋਂ ਸਾਫ਼ ਹੈ ਕਿ ਇਸ ਸਮੇਂ ਹਰਿਆਣਾ ਵਿੱਚ ਭਾਜਪਾ ਸਰਕਾਰ ਖ਼ਤਰੇ ਵਿੱਚ ਹੈ ਤਾਂ ਕਾਂਗਰਸ ਵੱਲੋਂ ਤਿਕੜਮਬਾਜ਼ੀ ਕਰਦੇ ਹੋਏ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। Haryana News
ਇਹ ਵੀ ਪੜ੍ਹੋ: ਪ੍ਰਨੀਤ ਕੌਰ ਨੇ ਕਿਸਾਨਾਂ ਦੇ ਸਵਾਲਾਂ ਦਾ ਨਾ ਦਿੱਤਾ ਜਵਾਬ, ਪ੍ਰੋਗਰਾਮ ’ਚ ਦਿੰਦੇ ਰਹੇ ਭਾਸ਼ਣ
ਇਸ ਸਥਿਤੀ ਵਿੱਚ ਤਿੰਨ ਆਜ਼ਾਦ ਵਿਧਾਇਕ, ਜਿਨਾਂ ਵਿੱਚ ਪੰਡੂਰੀ ਤੋਂ ਰਣਧੀਰ ਗੋਲਨ, ਨੀਲੋਖੇੜੀ ਤੋਂ ਧਰਮਪਾਲ ਗੋਦਰ ਅਤੇ ਚਰਖੀ ਦਾਦਰੀ ਤੋਂ ਸੋਮਵੀਰ ਸਾਗਵਾਨ ਵੱਲੋਂ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੂੰ ਆਪਣਾ ਪੱਤਰ ਸੌਂਪਦੇ ਹੋਏ ਸਰਕਾਰ ਵਿੱਚੋਂ ਸਮਰਥਨ ਵਾਪਸ ਲੈ ਲਿਆ ਗਿਆ ਹੈ। ਇਸ ਪੱਤਰ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਕੋਲ ਪੁੱਜਣ ਤੋਂ ਬਾਅਦ ਹੀ ਹਰਿਆਣਾ ਸਰਕਾਰ ਉਸ ਨੰਬਰ ਖੁੰਝ ਚੁੱਕੀ ਹੈ, ਜਿਹੜਾ ਨੰਬਰ ਸਰਕਾਰ ਬਣਾਉਣ ਲਈ ਚਾਹੀਦਾ ਹੈ। ਇਸੇ ਕਾਰਨ ਹੀ ਹਰਿਆਣਾ ਵਿੱਚ ਵਿਰੋਧੀ ਧਿਰਾਂ ਵੱਲੋਂ ਇਸ ਸਰਕਾਰ ਨੂੰ ਭੰਗ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਸੂਬੇ ਵਿੱਚ ਮੌਜੂਦਾ ਸਰਕਾਰ ਕੋਲ ਬਹੁਮਤ ਲਈ ਵਿਧਾਇਕਾਂ ਦੀ ਗਿਣਤੀ ਨਹੀਂ : ਸਾਬਕਾ ਡਿਪਟੀ ਮੁੱਖ ਮੰਤਰੀ
ਸਾਬਕਾ ਡਿਪਟੀ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਵੱਲੋਂ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੂੰ ਪੱਤਰ ਲਿਖਦੇ ਹੋਏ ਕਿਹਾ ਕਿ ਸੂਬੇ ਵਿੱਚ ਮੌਜੂਦਾ ਸਰਕਾਰ ਕੋਲ ਬਹੁਮਤ ਲਈ ਵਿਧਾਇਕਾਂ ਦੀ ਗਿਣਤੀ ਨਹੀਂ ਹੈ ਤਾਂ ਉਨਾਂ ਨੂੰ ਤੁਰੰਤ ਸਰਕਾਰ ਨੂੰ ਬਰਖ਼ਾਸਤ ਕਰਦੇ ਹੋਏ ਰਾਸਟਰਪਤੀ ਰਾਜ ਲਾਗੂ ਕਰਨਾ ਚਾਹੀਦਾ ਹੈ। ਉਨਾਂ ਵੱਲੋਂ ਭਾਜਪਾ ’ਤੇ ਹਾਰਸ ਟੇ੍ਰਡਿੰਗ ਦਾ ਦੋਸ਼ ਵੀ ਲਾਇਆ ਜਾ ਰਿਹਾ ਹੈ।
ਹੁੱਡਾ ਨੇ 10 ਮਈ ਨੂੰ ਮਿਲਣ ਲਈ ਮੰਗਿਆ ਸਮਾਂ (Haryana News)
ਵਿਰੋਧੀ ਧਿਰ ਦੇ ਲੀਡਰ ਭੁਪਿੰਦਰ ਸਿੰਘ ਹੁੱਡਾ ਵੱਲੋਂ 10 ਮਈ ਨੂੰ ਰਾਜਪਾਲ ਬੰਡਾਰੂ ਦੱਤਾਤ੍ਰੇਅ ਤੋਂ ਮਿਲਣ ਲਈ ਸਮਾਂ ਮੰਗਿਆ ਗਿਆ ਹੈ। ਇਸ ਸਬੰਧੀ ਰਾਜਪਾਲ ਦੇ ਦਫ਼ਤਰ ਨਾਲ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਸੰਪਰਕ ਕੀਤਾ ਜਾ ਰਿਹਾ ਹੈ ਪਰ ਵੀਰਵਾਰ ਦੇਰ ਸ਼ਾਮ ਤੱਕ ਭੁਪਿੰਦਰ ਸਿੰਘ ਹੁੱਡਾ ਜਾਂ ਫਿਰ ਕਾਂਗਰਸ ਪਾਰਟੀ ਨੂੰ ਰਾਜਪਾਲ ਬੰਡਾਰੂ ਦੱਤਾਤ੍ਰੇਅ ਵੱਲੋਂ ਸਮਾਂ ਨਹੀਂ ਦਿੱਤਾ ਗਿਆ ਸੀ।
ਉਮੀਦ ਕੀਤੀ ਜਾ ਰਹੀ ਹੈ ਕਿ 10 ਮਈ ਨੂੰ ਜੇਕਰ ਸਮਾਂ ਨਹੀਂ ਮਿਲਦਾ ਹੈ ਤਾਂ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਰਾਜਪਾਲ ਵੱਲੋਂ ਵਿਰੋਧੀ ਧਿਰ ਨੂੰ ਸਮਾਂ ਦੇ ਦਿੱਤਾ ਜਾਏਗਾ। ਇਸ ਮੀਟਿੰਗ ਦੌਰਾਨ ਭੁਪਿੰਦਰ ਸਿੰਘ ਹੁੱਡਾ ਵਿਧਾਇਕਾਂ ਦੀ ਪਰੇਡ ਵੀ ਕਰਵਾ ਸਕਦੇ ਹਨ, ਜਿਹੜਾ ਕਿ ਮੌਜੂਦਾ ਸਰਕਾਰ ਦੇ ਹੱਕ ਵਿੱਚ ਨਹੀਂ ਹੋਏਗਾ।