ਗਊ ਰੱਖਿਅਕਾਂ ਲਈ ਹਰਿਆਣਾ ਸਰਕਾਰ ਨੇ ਲਿਆ ਵੱਡਾ ਫੈਸਲਾ

ਗਊ ਰੱਖਿਅਕਾਂ ਦੇ ਬਣਨਗੇ ਸ਼ਨਾਖਤੀ ਕਾਰਡ

ਚੰਡੀਗੜ੍ਹ: ਦੇਸ਼ ਭਰ ਵਿੱਚ ਗਊ ਰੱਖਿਅਕਾਂ ਦੇ ਮੁੱਦੇ ‘ਤੇ ਬਹਿਸ ਦਰਮਿਆਨ ਹਰਿਆਣਾ ਸਰਕਾਰ ਨੇ ਇੱਕ ਵੱਡਾ ਫੈਸਲਾ ਕੀਤਾ ਹੈ। ਹਰਿਆਣਾ ਸਰਕਾਰ ਹੁਣ ਗਊ ਰੱਖਿਅਕਾਂ ਲਈ ਵੀ ਸ਼ਨਾਖਤੀ ਕਾਰਡ ਜਾਰੀ ਕਰੇਗੀ, ਜਿਸ ਨਾਲ ਗਊ ਰੱਖਿਅਕਾਂ ਦੀ ਅਸਾਨੀ ਨਾਲ ਪਛਾਣ ਹੋ ਜਾਵੇਗੀ। ਐਤਵਾਰ ਨੂੰ ਹੀ ਸਰਵ ਪਾਰਟੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਅਪੀਲ ਕੀਤੀ ਸੀ ਕਿ ਸਾਰੀਆਂ ਰਾਜ ਸਰਕਾਰਾਂ ਨੂੰ ਨਕਲੀ ਗਊ ਰੱਖਿਅਕਾਂ ਖਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੇ ਇਸ਼ਾਰਾ ਕੀਤਾ ਸੀ ਕਿ ਕੁਝ ਲੋਕ ਗਊ ਰੱਖਿਆ ਦੇ ਨਾਂਅ ‘ਤੇ ਆਪਣਾ ਬਦਲਾ ਲੈ ਰਹੇ ਹਨ ਅਤੇ ਹਿੰਸਾ ਵਧਾ ਰਹੇ ਹਨ। ਅਜਿਹੇ ਲੋਕਾਂ ‘ਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਰਾਜ ਸਰਕਾਰ ਗਊ ਰੱਖਿਅਕਾਂ ਨੂੰ ਸ਼ਨਾਖਤੀ ਕਾਰਡ ਦੇਵੇ, ਜਿਸ ਨਾਲ ਗਊ ਰੱਖਿਅਕਾਂ ਦੀ ਅਸਾਨੀ ਨਾਲ ਪਛਾਣ ਹੋ ਸਕੇਗੀ।

ਨਾਗਪੁਰੀ ‘ਚ ਵੀ ਹੋਈ ਸੀ ਗੁੰਡਾਗਰਦੀ

ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਵੀ ਨਾਗਪੁਰ ਵਿੱਚ ਗਊ ਰੱਖਿਆ ਦੇ ਨਾਂਅ ‘ਤੇ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਸੀ। ਬੁੱਧਵਾਰ ਨੂੰ ਸਲੀਮ ਸ਼ਾਹ ਆਪਣੇ ਸਕੂਟਰ ‘ਤੇ 15 ਕਿੱਲੋ ਬੀਫ਼ ਲਿਜਾ ਰਿਹਾ ਸੀ। ਕਥਿਤ ਗਊਰੱਖਿਅਕਾਂ ਨੂੰ ਇਸ ਦੀ ਭਿਣਕ ਲੱਗੀ ਅਤੇ ਫਿਰ ਉਨ੍ਹਾਂ ਨੇ ਸ਼ਾਹ ਦੀ ਜੰਮ ਕੇ ਕੁੱਟਮਾਰ ਕੀਤੀ। ਇਨ੍ਹਾਂ ਦੀ ਸ਼ਿਕਾਇਤ ‘ਤੇ ਹੀ ਪੁਲਿਸ ਨੇ ਸਲੀਮ ਖਿਲਾਫ਼ ਕੇਸ ਦਰਜ ਕੀਤਾ ਸੀ।

ਉੱਧਰ ਕਰਾਸ ਐਫ਼ਆਈਆਰ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ 4 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ। ਹਮਲੇ ਦਾ ਇੱਕ ਮੁਲਜ਼ਮ ਅਜ਼ਾਦ ਵਿਧਾਇਕ ਬੱਚੂ ਕਾੜੂ ਵੱਲੋਂ ਚਲਾਈ ਜਾ ਰਹੀ ਸੰਸ ਦਾ ਤਹਿਸੀਲ ਪ੍ਰਧਾਨ ਦੱਸਿਆ ਜਾ ਰਿਹਾ ਹੈ।

ਸਲੀਮ ਕਾਟੋਲ ਤਹਿਸੀਲ ਦੀ ਭਾਜਪਾ ਦੀ ਘੱਟ ਗਿਣਤੀ ਇਕਾਈ ਦੇ ਸਾਬਕਾ ਇੰਚਾਰਜ ਸਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸ਼ਾਹ ਨੂੰ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਉਹ ਬੀਤੇ 12 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਸਨ। ਭਾਜਪਾ ਜ਼ਿਲ੍ਹਾ ਪ੍ਰਧਾਨ ਰਾਜੀਵ ਪੋਟਦਾਰ ਨੇ ਦੱਸਿਆ ਕਿ ਸ਼ਾਹ ਨੂੰ ਕੱਢਣ ਸਬੰਧੀ ਚਿੱਠੀ ਭੇਜ ਦਿੱਤੀ ਗਈ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।