ਅਨਲਾਕ-4 ਦੀਆਂ ਗਾਈਡਲਾਈਨਾਂ ਜਾਰੀ ਹੋਣ ਤੋਂ ਬਾਅਦ ਲਿਆ ਫੈਸਲਾ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਕੋਰੋਨਾ ਮਹਾਂਮਾਰੀ ਦੇ ਚੱਲਦੇ ਹਰਿਆਣਾ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਹਰਿਆਣਾ ‘ਚ ਸੋਮਵਾਰ ਤੇ ਮੰਗਲਵਾਰ ਨੂੰ ਲੱਗਣ ਵਾਲਾ ਲਾਕਡਾਊਨ ਨਹੀਂ ਲੱਗੇਗਾ ਕਿਉਂਕਿ ਸੂਬਾ ਸਰਕਾਰ ਨੇ ਇਸ ਨੂੰ ਵਾਪਸ ਲੈ ਲਿਆ ਲਿਆ ਹੈ। ਇਸ ਦੀ ਜਾਣਕਾਰੀ ਖੁਦ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਟਵੀਟ ਕਰਦਿਆਂ ਦਿੱਤੀ।
ਬੀਤੇ ਕੱਲ ਹੀ ਕੇਂਦਰ ਸਰਕਾਰ ਵੱਲੋਂ ਅਨਲਾਕ-4 ਦੀਆਂ ਗਾਈਡਲਾਈਨਾਂ ਜਾਰੀਆਂ ਕੀਤੀਆਂ ਹਨ, ਜਿਸ ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਕੋਈ ਵੀ ਸੂਬਾ ਸਰਕਾਰ ਆਪਣੇ ਪੱਧਰ ‘ਤੇ ਕਿਸੇ ਜ਼ਿਲ੍ਹੇ ‘ਚ ਜਾਂ ਫਿਰ ਸੂਬੇ ਭਰ ‘ਚ ਲਾਕਡਾਊਨ ਲਾਉਣ ਦੇ ਨਾਲ-ਨਾਲ ਜਿਸਤ-ਟਾਂਕ ਤਹਿਤ ਦੁਕਾਨਾਂ ਬੰਦ ਕਰਨ ਦਾ ਆਦੇਸ਼ ਜਾਰੀ ਨਹੀਂ ਕਰ ਸਕਦੀਆਂ ਹਨ, ਜੇਕਰ ਸੂਬਾ ਸਰਕਾਰ ਨੇ ਅਜਿਹਾ ਕੋਈ ਵੀ ਆਦੇਸ਼ ਜਾਰੀ ਕਰਨਾ ਹੈ ਤਾਂ ਉਸਦੇ ਲਈ ਪਹਿਲਾਂ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਲੈਣੀ ਪਵੇਗੀ।
ਦੱਸਣਯੋਗ ਹੈ ਕਿ ਹਰਿਆਣਾ ‘ਚ ਸ਼ਨਿੱਚਰਵਾਰ ਤੇ ਐਤਵਾਰ ਨੂੰ 2 ਦਿਨ ਦੁਕਾਨਾਂ ਬੰਦ ਕਰਨ ਦੇ ਆਦੇਸ਼ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ ਇਨ੍ਹਾਂ ਆਦੇਸ਼ਾਂ ਤੋਂ ਬਾਅਦ ਹਰਿਆਣਾ ਦੇ ਵਪਾਰ ਮੰਡਲ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਜ਼ਿਆਦਾ ਸਮਾਨ ਦੀ ਵਿਕਰੀ ਇਨ੍ਹਾਂ ਦਿਨਾਂ ‘ਚ ਹੀ ਹੁੰਦੀ ਹੈ, ਜਿਸ ‘ਚ ਸੂਬੇ ਦੇ ਦੁਕਾਨਦਾਰਾਂ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਸੂਬੇ ਦੇ ਵਪਾਰੀਆਂ ਦੀ ਮੰਗ ਨੂੰ ਵੇਖਦਿਆਂ ਬੀਤੇ ਦੋ ਦਿਨ ਪਹਿਲਾਂ ਹੀ ਸਰਕਾਰ ਨੇ ਇਸ ਵਿਵਸਥਾ ਨੂੰ ਬਦਲਦਿਆਂ ਲਾਕਡਾਊਨ ਸ਼ਨਿੱਚਰਵਾਰ ਤੇ ਐਤਵਾਰ ਦੀ ਬਜਾਇ ਸੋਮਵਾਰ ਤੇ ਮੰਗਲਵਾਰ ਨੂੰ ਕਰ ਦਿੱਤਾ ਸੀ ਪਰੰਤੂ ਹੁਣ ਅਨਲਾਕ-4 ਦੀਆਂ ਨਵੀਂਆਂ ਗਾਈਡਲਾਈਨਾਂ ਜਾਰੀ ਹੋਣ ‘ਤੇ ਸੂਬਾ ਸਰਕਾਰ ਨੇ ਇਨ੍ਹਾਂ ਦੋ ਦਿਨਾਂ ਦੇ ਲਾਕਡਾਊਨ ਨੂੰ ਵੀ ਵਾਪਸ ਲੈ ਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.