ਕਿਸਾਨ ਆਮਦਨ ਵਧਾਉਣ ਲਈ ਬਾਗਬਾਨੀ (Flower Farming) ਨੂੰ ਵੀ ਅਪਣਾਉਣ : ਅਗਾਂਹਵਧੂ ਕਿਸਾਨ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਸ਼ਹਿਰ ਦੇ ਛਿਪਦੇ ਵੱਲ ਪਟਿਆਲਾ ਨਾਭਾ ਸੜਕ ’ਤੇ ਸਥਿਤ ਪਿੰਡ ਹਿਆਣਾ ਕਲਾਂ ਵਿਖੇ ਪੰਜ ਏਕੜ ’ਚ ਫੁੱਲਾਂ ਦੀ ਸਫਲ ਖੇਤੀ (Flower Farming) ਕਰਨ ਵਾਲਾ ਪੜ੍ਹਿਆਂ ਲਿਖਿਆ ਨੌਜਵਾਨ ਹਰਮਨ ਸਿੰਘ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਬਣ ਰਿਹਾ ਹੈ। ਸਰਕਾਰੀ ਰਿਪੁਦਮਨ ਕਾਲਜ ਤੋਂ ਗਰੈਜੂਏਟ ਇਸ ਨੌਜਵਾਨ ਨੇ ਦੱਸਿਆ ਕਿ ਪੰਜਾਬ ਦੀ ਮੌਜੂਦਾ ਖੇਤੀ ਪ੍ਰਣਾਲੀ ਜੋ ਕਿ ਕਣਕ ਤੇ ਝੋਨੇ ਦੇ ਰਵਾਇਤੀ ਫ਼ਸਲੀ ਚੱਕਰ ਤੱਕ ਸੀਮਿਤ ਹੈ ਨੂੰ ਅਪਨਾਉਣ ਦੀ ਬਜਾਏ ਉਹਨਾਂ ਪੰਜਾਬ ਸਰਕਾਰ ਦੇ ਫ਼ਸਲੀ ਵਿਭਿੰਨਤਾ ਚੱਕਰ ਨੂੰ ਅਪਣਾਉਂਦੇ ਹੋਏ ਫੁੱਲਾਂ ਦੀ ਖੇਤੀ ਨੂੰ ਵਪਾਰਕ ਪੱਧਰ ’ਤੇ ਕਰਨ ਦਾ ਮਨ ਬਣਾਇਆ ਅਤੇ ਅੱਧੇ ਏਕੜ ਤੋਂ ਸ਼ੁਰੂ ਕਰਕੇ ਹੁਣ ਉਨ੍ਹਾਂ ਦੇ ਪਰਿਵਾਰ ਵੱਲੋਂ ਪੰਜ ਏਕੜ ’ਚ ਫੁੱਲਾਂ ਦੀ ਖੇਤੀ ਕੀਤੀ ਜਾ ਰਹੀ ਹੈ।
ਅੱਧੇ ਏਕੜ ਤੋਂ ਸ਼ੁਰੂ ਕੀਤੀ Flower Farming ਨੂੰ ਕੁਝ ਸਾਲਾਂ ’ਚ ਵਧਾਕੇ ਪੰਜ ਏਕੜ ਤੱਕ ਕੀਤਾ : ਹਰਮਨ ਸਿੰਘ
ਅਗਾਂਹਵਧੂ ਕਿਸਾਨ ਹਰਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ 2014 ’ਚ ਦੋਸਤ ਦੇ ਕਹਿਣ ’ਤੇ ਪਹਿਲੇ ਸਾਲ ਅੱਧਾ ਕਿੱਲਾ ਫੁੱਲਾਂ ਦਾ ਲਗਾਇਆ ਤੇ ਉਸ ਤੋਂ 70 ਹਜ਼ਾਰ ਦੀ ਕਮਾਈ ਹੋਈ ਜਿਸ ’ਤੇ ਖਰਚਾ ਸਿਰਫ਼ 10 ਹਜ਼ਾਰ ਆਇਆ ਕਿਉਂਕਿ ਮੈਂ ਤੇ ਮੇਰੇ ਪਿਤਾ ਨੇ ਬਿਨ੍ਹਾਂ ਲੇਬਰ ਸਾਰੀ ਸਾਂਭ ਸੰਭਾਲ ਕੀਤੀ ਤੇ ਫਿਰ ਦੂਜੇ ਸਾਲ ਅਸੀਂ ਰਕਬਾ ਵਧਾਕੇ ਦੋ ਕਿੱਲੇ ਕਰ ਲਿਆ ਤੇ ਆਮਦਨ ਵਧੀਆ ਹੋਣ ਲੱਗੀ ਤੇ ਲੇਬਰ ਨੂੰ ਵੀ ਕੰਮ ਮਿਲਣ ਲੱਗਾ, ਫੇਰ ਤੀਜੇ ਸਾਲ ਫੁੱਲਾਂ ਦਾ ਰਕਬਾ ਹੋਰ ਵਧ ਗਿਆ ਤੇ ਉਹ ਹੁਣ ਕਰੀਬ 5 ਏਕੜ ਫੁੱਲਾਂ ਦੀ ਖੇਤੀ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਫੁੱਲਾਂ ਦੀ ਖੇਤੀ ਨਾਲ ਜਿਥੇ ਉਨ੍ਹਾਂ ਘਰ, ਕਾਰ ਤੇ ਇੱਕ ਕਿੱਲਾ ਜ਼ਮੀਨ ਵੀ ਖਰੀਦੀ ਹੈ, ਉਥੇ ਰੁਜ਼ਗਾਰ ਵੀ ਪੈਦਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਵੱਲੋਂ ਫੁੱਲਾਂ ਦੀ ਕਾਸ਼ਤ ਸਮੇਤ ਡੇਅਰੀ ਫਾਰਮਿੰਗ ਦਾ ਕਿੱਤਾ ਵੀ ਕੀਤਾ ਜਾ ਰਿਹਾ ਹੈ ਜਿਸ ਤੋਂ ਵੀ ਚੰਗੀ ਆਮਦਨ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਡੇਅਰੀ ਫਾਰਮਿੰਗ ਦੀ ਟਰੇਨਿੰਗ ਲੁਧਿਆਣਾ ਤੋਂ ਪ੍ਰਾਪਤ ਕੀਤੀ ਤੇ ਇਸ ਦੇ ਨਾਲ ਹੀ ਸੂਰ ਫਾਰਮਿੰਗ ਦੀ ਟਰੇਨਿੰਗ ਪਟਿਆਲਾ ਤੋਂ ਵੀ ਪ੍ਰਾਪਤ ਕੀਤੀ ਹੈ ਤਾਂ ਜੋ ਖੇਤੀਬਾੜੀ ਦੇ ਨਾਲ ਸਹਾਇਕ ਧੰਦਿਆਂ ਰਾਹੀਂ ਵੀ ਆਪਣੀ ਆਮਦਨ ਵਧਾਈ ਜਾ ਸਕੇ।
ਚਾਲੂ ਸਾਲ ਦੌਰਾਨ ਪ੍ਰਤੀ ਢਾਈ ਏਕੜ 35 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ-ਡਿਪਟੀ ਡਾਇਰੈਕਟਰ ਬਾਗਬਾਨੀ | Flower Farming
ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਰਿੰਦਰ ਬੀਰ ਸਿੰਘ ਮਾਨ ਦੱਸਿਆ ਕਿ ਵਿਭਾਗ ਵੱਲੋਂ ਬਾਗਬਾਨੀ ਮੰਤਰੀ ਚੇਤੰਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਫੁੱਲ ਬੀਜਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਚਾਲੂ ਸਾਲ ਦੌਰਾਨ ਪ੍ਰਤੀ ਢਾਈ ਏਕੜ 35 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ ਜ਼ਿਲ੍ਹਾ ਪਟਿਆਲਾ ਦੇ 61 ਕਿਸਾਨਾਂ ਨੂੰ ਇਹ ਵਿਸ਼ੇਸ਼ ਫ਼ੀਲਡ ਪ੍ਰਦਰਸ਼ਨੀ ਸਕੀਮ ਤਹਿਤ ਇਹ ਸਹਾਇਤਾ ਦਿੱਤੀ ਗਈ ਹੈ।