ਪ੍ਰੇਸ਼ਾਨ ਲੋਕਾਂ ਨੇ ਕੀਤੀ ਸੜਕ ਜਾਮ | AIIMS Hospital Bathinda
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਏਮਜ ’ਚ ਸੇਵਾਵਾਂ ਨਿਭਾਉਣ ਵਾਲੇ ਇੱਕ ਡਾਕਟਰ ਖਿਲਾਫ਼ ਥਾਣਾ ਕੈਨਾਲ ਕਲੋਨੀ ਵੱਲੋਂ ਪਰਚਾ ਦਰਜ਼ ਕਰਕੇ ਗ੍ਰਿਫ਼ਤਾਰ ਕਰਨ ’ਤੇ ਹਸਪਤਾਲ ਦੇ ਸਮੂਹ ਡਾਕਟਰਾਂ ਨੇ ਰੋਸ ਜਾਹਿਰ ਕੀਤਾ ਹੈ। ਰੋਸ ਵਜੋਂ ਡਾਕਟਰਾਂ ਨੇ ਹੜਤਾਲ ਕਰ ਦਿੱਤੀ ਜਿਸ ਕਾਰਨ ਹਸਪਤਾਲ ’ਚ ਇਲਾਜ ਲਈ ਆਏ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਿਸਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਏਮਜ਼ ਸਟਾਫ ਦੀ ਹਮਾਇਤ ’ਤੇ ਸਿਵਲ ਹਸਪਤਾਲ ਬਠਿੰਡਾ ਦੇ ਡਾਕਟਰਾਂ ਨੇ ਵੀ ਕੰਮ ਠੱਪ ਕਰ ਦਿੱਤਾ। ਡਾਕਟਰਾਂ ਵੱਲੋਂ ਹਸਪਤਾਲ ’ਚ ‘ਪੁਲਿਸ ਪ੍ਰਸ਼ਾਸ਼ਨ ਮੁਰਦਾਬਾਦ’ ਅਤੇ ‘ਡਾਕਟਰ ਏਕਤਾ ਜ਼ਿੰਦਾਬਾਦ’ ਦੇ ਨਾਅਰੇ ਲਗਾਏ । ਖੱਜਲ ਖੁਆਰ ਹੋ ਰਹੇ ਲੋਕਾਂ ਨੇ ਬਠਿੰਡਾ-ਡੱਬਵਾਲੀ ਸੜਕ ਜਾਮ ਕਰ ਦਿੱਤੀ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ।
ਡਾ. ਦੀਪਕ ਮਿੱਤਲ ਨੇ ਦੱਸਿਆ ਕਿ ਘਟਨਾ 4 ਅਪ੍ਰੈਲ ਰਾਤ ਦੀ ਹੈ, ਏਮਜ਼ ਹਸਪਤਾਲ ਦੇ ਹੱਡੀਆਂ ਦੇ ਵਿਭਾਗ ਦੇ ਸੀਨੀਅਰ ਡਾਕਟਰ ਨਾਲ ਪੁਲਿਸ ਵੱਲੋਂ ਗਲਤ ਵਿਵਹਾਰ ਕਰਦਿਆਂ ਗ੍ਰਿਫ਼ਤਾਰ ਕੀਤਾ ਗਿਆ ਤੇ ਕੁੱਟਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਡਾਕਟਰ ਦੇ ਖਿਲਾਫ਼ ਪਰਚਾ ਦਰਜ਼ ਕਰਦਿਆਂ ਕਿਹਾ ਗਿਆ ਹੈ ਕਿ ਡਾਕਟਰ ਦਾ ਨਸ਼ਾ ਕੀਤਾ ਹੋਇਆ ਸੀ ਪਰ ਉਸਦਾ ਕੋਈ ਮੈਡੀਕਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧ ’ਚ ਕੱਲ੍ਹ ਐਸਐਸਪੀ ਬਠਿੰਡਾ ਨੂੰ ਮਿਲੇ ਸੀ ਪਰ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਪੁਲਿਸ ਦਾ ਪੱਖ ਹੀ ਪੂਰਿਆ ਗਿਆ।
ਅਜਿਹਾ ਵਿਹਾਰ ਕਿਸੇ ਮੁਲਜ਼ਮ ਨਾਲ ਨਹੀਂ ਕੀਤਾ ਜਾਂਦਾ | AIIMS Hospital Bathinda
ਉਨ੍ਹਾਂ ਦੱਸਿਆ ਕਿ ਜਦੋਂ ਹਿਰਾਸਤ ’ਚ ਲਏ ਡਾਕਟਰ ਦਾ ਮੈਡੀਕਲ ਕੀਤਾ ਗਿਆ ਤਾਂ ਉਸਦੇ ਚਿਹਰੇ ’ਤੇ ਕਾਫੀ ਨੀਲ ਪਏ ਹੋਏ ਸੀ, ਅਜਿਹਾ ਵਿਹਾਰ ਕਿਸੇ ਮੁਲਜ਼ਮ ਨਾਲ ਨਹੀਂ ਕੀਤਾ ਜਾਂਦਾ ਤੇ ਹੱਥਕੜੀ ਵੀ ਲਗਾਈ ਹੋਈ ਸੀ। ਉਨ੍ਹਾਂ ਦੱਸਿਆ ਕਿ ਸੰਘਰਸ਼ ’ਚ ਸ਼ਾਮਿਲ ਐਸੋਸੀਏਸ਼ਨਾਂ ਆਈਐਮਏ, ਪੀਸੀਐਮਐਸਏ, ਪੀਸੀਐਮਐਸਡੀ ਅਤੇ ਏਮਜ਼ ਐਸੋ. ਦੀ ਮੰਗ ਹੈ ਕਿ ਡਾਕਟਰ ਨਾਲ ਦੁਰਵਿਹਾਰ ਕਰਨ ਵਾਲੇ ਪੁਲਿਸ ਕਰਮਚਾਰੀ ਖਿਲਾਫ਼ ਪਰਚਾ ਦਰਜ਼ ਹੋਵੇ ਅਤੇ ਐਸਐਸਪੀ ਲਿਖਤੀ ਤੌਰ ’ਤੇ ਮੁਆਫ਼ੀ ਮੰਗਣ। ਇਸ ਮੌਕੇ ਤੇਜਿੰਦਰਪਾਲ ਸਿੰਘ ਪਿੰਡ ਮਾਨਵਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਮਰੀਜ਼ ਏਮਜ਼ ’ਚ ਹੈ, ਜਿਸ ਕੋਲ ਆਇਆ ਸੀ ਪਰ ਅੰਦਰ ਨਹੀਂ ਜਾਣ ਦਿੱਤਾ ਗਿਆ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਕਾਂਗਰਸ ਨੇਤਰੀ ਦੇ ਪੁੱਤਰ ਦਾ ਕਤਲ
ਮਰੀਜ਼ਾਂ ਲਈ ਲੰਗਰ ਦੀ ਸੇਵਾ ਕਰਨ ਵਾਲਿਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਡਾਕਟਰਾਂ ਨੂੰ ਇਹ ਮਸਲਾ ਗੱਲਬਾਤ ਨਾਲ ਖਤਮ ਕਰਨਾ ਚਾਹੀਦਾ ਸੀ ਨਾ ਕਿ ਲੋਕਾਂ ਨੂੰ ਖੱਜਲ ਖੁਆਰ ਕਰਨਾ ਚਾਹੀਦਾ ਹੈ। ਤੇਜਿੰਦਰਪਾਲ ਸਿੰਘ ਨੇ ਕਿਹਾ ਕਿ ਜ਼ਿਆਦਾਤਰ ਦਵਾਈ ਹਸਪਤਾਲ ਦੇ ਬਾਹਰੋਂ ਮਿਲਦੀ ਹੈ ਪਰ ਧਰਨੇ ਕਾਰਨ ਲੋਕਾਂ ਨੂੰ ਬਾਹਰੋਂ ਦਵਾਈ ਲਿਜਾਣੀ ਵੀ ਮੁਸ਼ਕਿਲ ਹੋ ਗਈ। ਬਲਵਿੰਦਰ ਸਿੰਘ ਪਿੰਡ ਘੱਗਾ ਨੇ ਦੱਸਿਆ ਕਿ ਉਹ ਅੱਜ ਸਵੇਰੇ 5 ਵਜੇ ਹੀ ਦਵਾਈ ਲੈਣ ਲਈ ਪਰਚੀ ਕਟਵਾਉਣ ਪੁੱਜਿਆ ਸੀ ਪਰ ਹਸਪਤਾਲ ਨੂੰ ਜ਼ਿੰਦਰਾ ਲੱਗਿਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਪਤਾ ਲੱਗਿਆ ਹੈ ਕਿ ਕਿਸੇ ਡਾਕਟਰ ਤੇ ਪੁਲਿਸ ਕਰਮਚਾਰੀ ਦੀ ਲੜਾਈ ਹੋ ਗਈ। ਬਲਵਿੰਦਰ ਸਿੰਘ ਨੇ ਕਿਹਾ ਕਿ ਡਾਕਟਰ ਤੇ ਪੁਲਿਸ ਕਰਮਚਾਰੀ ਦੀ ਲੜਾਈ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣਾ ਪਿਆ। ਜਦੋਂ ਹਸਪਤਾਲ ਦਾ ਜ਼ਿੰਦਰਾ ਨਾ ਖੋਲਿ੍ਹਆ ਤਾਂ ਮਜ਼ਬੂਰੀ ’ਚ ਸੜਕ ਜਾਮ ਕਰਨੀ ਪਈ। ਉਨ੍ਹਾਂ ਮੰਗ ਕੀਤੀ ਕਿ ਏਮਜ਼ ਭਾਰਤ ਸਰਕਾਰ ਦਾ ਅਦਾਰਾ ਹੈ, ਜਿਸ ਡਾਕਟਰ ਨੇ ਹਸਪਤਾਲ ਦੇ ਗੇਟ ਨੂੰ ਜ਼ਿੰਦਾ ਲਾਇਆ ਉਸ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਮਰੀਜ਼ਾਂ ਦੇ ਵਾਰਿਸਾਂ ਨੇ ਡਾਕਟਰਾਂ ਦੀ ਹੜਤਾਲ ਕਾਰਨ ਪ੍ਰੇਸ਼ਾਨੀਆਂ ਝੱਲਣ ਦੀ ਗੱਲ ਆਖੀ।
ਬਣਦੀ ਕਾਰਵਾਈ ਕੀਤੀ ਜਾਵੇਗੀ : ਡੀਐਸਪੀ
ਡੀਐਸਪੀ ਸਿਟੀ-1 ਵਿਸ਼ਵਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਮਾਮਲੇ ’ਚ ਜੋ ਐਫਆਈਆਰ ਦਰਜ਼ ਹੋਈ ਹੈ, ਉਸ ’ਚ ਮੁਕੰਮਲ ਜਾਂਚ ਪੜਤਾਲ ਕਰਕੇ ਹੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੂਰਨ ਜਾਂਚ ਦੇ ਭਰੋਸੇ ਮਗਰੋਂ ਡਾਕਟਰਾਂ ਨੇ ਵੀ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ