ਡੋਂਕੀ ਰਾਹੀਂ ਸਾਢੇ ਚਾਰ ਮਹੀਨੇ ਪਹਿਲਾਂ ਪਿੰਡੋਂ ਗਿਆ ਤੇ 25 ਦਿਨ ਪਹਿਲਾਂ ਪੁੱਜਾ ਸੀ ਅਮਰੀਕਾ | Deportation News
ਅਮਰੀਕਾ ਪਹੁੰਚਦੇ ਹੀ ਪੁਲਿਸ ਨੇ 25 ਦਿਨ ਕੈਂਪ ‘ਚ ਰੱਖਣ ਤੋਂ ਬਾਅਦ ਕੀਤਾ ਡਿਪੋਰਟ
Deportation News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅਮਰੀਕਾ ਵੱਲੋਂ ਬੀਤੀ ਰਾਤ ਭੇਜੇ ਗਏ ਦੂਸਰੇ ਭਾਰਤੀਆਂ ਦੇ ਜਹਾਜ ‘ਚ ਸੰਗਰੂਰ ਜ਼ਿਲ੍ਹੇ ਦੇ ਚਾਰ ਵਿਅਕਤੀ ਡਿਪੋਟ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਜਿਨਾਂ ਵਿੱਚੋਂ ਇੱਕ ਪਿੰਡ ਚੱਠੇ ਸੇਖਵਾਂ ਦਾ ਹਰਦੀਪ ਸਿੰਘ ਨਾਂਅ ਦਾ ਨੌਜਵਾਨ ਵੀ ਸ਼ਾਮਿਲ ਹੈ।
ਆਪਣੇ ਘਰ ਪਰਤੇ ਹਰਦੀਪ ਸਿੰਘ (32 ਸਾਲ) ਦੇ ਪਿਤਾ ਪ੍ਰਿਤਪਾਲ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਹਨ, ਜੋ ਜੁੜਵਾ ਪੈਦਾ ਹੋਏ ਸਨ, ਹਰਦੀਪ ਸਿੰਘ ਉਹਨਾਂ ਦਾ ਛੋਟਾ ਸਪੁੱਤਰ ਹੈ ਜੋ ਅਮਰੀਕਾ ਤੋਂ ਡਿਪੋਟ ਕੀਤਾ ਗਿਆ ਹੈ, ਉਹਨਾਂ ਦੱਸਿਆ ਕਿ ਹਰਦੀਪ ਸਿੰਘ ਨੇ ਐਮਬੀਏ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਇੱਥੇ ਵੀ ਪੰਜਾਬ ਦੇ ਵਿੱਚ ਉਨ੍ਹਾਂ ਨੇ ਕਈ ਵਾਰੀ ਨੌਕਰੀ ਲਈ ਅਪਲਾਈ ਕੀਤਾ ਪ੍ਰੰਤੂ ਉਸ ਨੂੰ ਨੌਕਰੀ ਨਹੀਂ ਮਿਲੀ ਜਿਸ ਤੋਂ ਬਾਅਦ ਉਸ ਨੇ ਵਿਦੇਸ਼ ਦਾ ਰੁੱਖ ਕੀਤਾ ਅਤੇ ਹਰਦੀਪ ਕਰੀਬ ਸਾਢੇ ਚਾਰ ਮਹੀਨੇ ਪਹਿਲਾਂ ਘਰੋਂ ਡੌਂਕੀ ਰਾਹੀਂ ਅਮਰੀਕਾ ਲਈ ਗਿਆ ਸੀ ਪ੍ਰੰਤੂ ਕਰੀਬ 25 ਦਿਨ ਪਹਿਲਾਂ ਹੀ ਉਹ ਅਮਰੀਕਾ ਪੁੱਜਾ ਸੀ ਜਿਸ ਤੋਂ ਤੁਰੰਤ ਬਾਅਦ ਅਮਰੀਕਾ ਦੇ ਬਾਰਡਰ ’ਤੇ ਪੁਲਿਸ ਵੱਲੋਂ ਹਰਦੀਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਨੂੰ ਉੱਥੇ ਬਣਾਏ ਗਏ ਇੱਕ ਕੈਂਪ ਵਿੱਚ ਰੱਖਿਆ ਗਿਆ।
ਇਹ ਵੀ ਪੜ੍ਹੋ: Andheri Railway Station: ਸਹਾਇਕ ਸਬ ਇੰਸਪੈਕਟਰ ਨੇ ਚਲਦੀ ਟ੍ਰੇਨ ਤੋਂ ਡਿੱਗੇ ਇੱਕ ਯਾਤਰੀ ਦੀ ਜਾਨ ਬਚਾਈ
ਉਸ ਇੱਕ ਮਹੀਨੇ ਦੇ ਦੌਰਾਨ ਉਹਨਾਂ ਦੀ ਹਰਦੀਪ ਨਾਲ ਕੋਈ ਗੱਲਬਾਤ ਨਹੀਂ ਹੋਈ ਅਤੇ ਉਨਾਂ ਨੂੰ ਕੱਲ੍ਹ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਉਹਨਾਂ ਦਾ ਬੇਟਾ ਅਮਰੀਕਾ ਵੱਲੋਂ ਡਿਪੋਰਟ ਕਰਕੇ ਵਾਪਸ ਭੇਜਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਰਦੀਪ ਇੱਥੇ ਨੌਕਰੀ ਨਾ ਮਿਲਣ ਕਾਰਨ ਵਿਦੇਸ਼ ਆਪਣੇ ਕਈ ਸੁਪਨੇ ਲੈ ਕੇ ਗਿਆ ਸੀ ਪ੍ਰੰਤੂ ਉਸ ਦੇ ਸੁਪਨੇ ਸਾਕਾਰ ਨਾ ਹੋ ਸਕੇ ਇਸ ਦਾ ਜਰੂਰ ਉਹਨਾਂ ਨੂੰ ਮਲਾਲ ਰਹੇਗਾ। ਉਹਨਾਂ ਕਿਹਾ ਕਿ ਉਹਨਾਂ ਨੂੰ ਪੰਜਾਬ ਸਰਕਾਰ ਤੋਂ ਜ਼ਰੂਰ ਉਮੀਦ ਹੈ ਕਿ ਹਰਦੀਪ ਦੀ ਪੜ੍ਹਾਈ ਦੇ ਅਨੁਸਾਰ ਉਸ ਨੂੰ ਕੋਈ ਨਾ ਕੋਈ ਨੌਕਰੀ ਜ਼ਰੂਰ ਦਿੱਤੀ ਜਾਵੇ। ਇਥੇ ਜੇਕਰ ਖਰਚੇ ਦੀ ਗੱਲ ਕਰੀਏ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੇ ਏਜੰਟ ਰਾਹੀਂ 37 ਲੱਖ ਰੁਪਏ ਖਰਚ ਹੋਏ ਹਨ।