ਪ੍ਰਸ਼ਾਸਨ ਦੀ ਸੁਰੱਖਿਆ ‘ਤੇ ਉੱਠੇ ਸਵਾਲ | Punjabi University
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੈਂਪਸ ‘ਚ ਬੀਤੀ ਰਾਤ ਲੜਕੀਆਂ ਨਾਲ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਛੇੜਛਾੜ ਤੇ ਕੁੱਟਮਾਰ ਨੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਧਰ ਇਸ ਘਟਨਾ ਤੋਂ ਬਾਅਦ ਰਾਤ ਨੂੰ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦਾ ਗੇਟ ਬੰਦ ਕਰਕੇ ਧਰਨਾ ਠੋਕ ਦਿੱਤਾ ਜੋ ਕਿ ਸਵੇਰ ਤੱਕ ਜਾਰੀ ਰਿਹਾ। ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦੇ ਸੁਰੱਖਿਆ ਕਰਮਚਾਰੀਆਂ ਨੂੰ ਜਦੋਂ ਇਸ ਛੇੜਛਾੜ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਉਨ੍ਹਾਂ ਵੱਲੋਂ ਐਕਸ਼ਨ ਲੈਣ ਦੀ ਬਜਾਏ ਉਨ੍ਹਾਂ ਦੀ ਗੱਲ ਅਣਸੁਣੀ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਰਾਤ ਕਰੀਬ 10 ਵਜੇ ਹੋਸਟਲ ਜਾ ਰਹੀਆਂ ਯੂਨੀਵਰਸਿਟੀ ਦੇ ਥੀਏਟਰ ਤੇ ਸੰਗੀਤ ਵਿਭਾਗ ਦੀਆਂ 5 ਵਿਦਿਆਰਥਣਾਂ ਨਾਲ ਮੋਟਰਸਾਈਕਲ ਸਵਾਰ ਤਿੰਨ ਸ਼ਰਾਰਤੀ ਅਨਸਰਾਂ ਵੱਲੋਂ ਛੇੜਛਾੜ ਕੀਤੀ।
ਕੁੜੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਹੋਸਟਲ ਜਾ ਰਹੀਆਂ ਸਨ ਤਾਂ ਉੁਕਤ ਅਨਸਰਾਂ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ, ਪਰ ਉਨ੍ਹਾਂ ਬਹੁਤਾ ਧਿਆਨ ਨਾ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਉਹਨ੍ਹਾਂ ਪਿੱਛਾ ਨਾ ਛੱਡਿਆ ਤਾਂ ਕੁੜੀਆਂ ਨਾਲ ਜਾ ਰਹੇ ਉਨ੍ਹਾਂ ਦੇ ਦੋ ਜਮਾਤੀਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਇਸ ਤੋਂ ਬਾਅਦ ਉਕਤ ਸ਼ਰਾਰਤੀ ਅਨਸਰਾਂ ਵੱਲੋਂ ਆਪਣੇ ਹੋਰ ਅੱਧੀ ਦਰਜ਼ਨ ਸਾਥੀਆਂ ਨੂੰ ਬੁਲਾ ਲਿਆ ਤੇ ਹਮਲੇ ਦੇ ਸ਼ਿਕਾਰ ਵਿਦਿਆਰਥੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਵਿਦਿਆਰਥੀਆਂ ਦੀ ਵੀ ਕੁੱਟਮਾਰ ਕੀਤੀ ਇਨ੍ਹਾਂ ‘ਚੋਂ ਇੱਕ ਲੜਕੀ ਦੀ ਬਾਂਹ ਬੁਰੀ ਤਰ੍ਹਾਂ ਜ਼ਖ਼ਮੀ ਹੋਈ ਹੈ। ਬਚਾਅ ਕਰਨ ਵਾਲੇ ਪੀਐੱਸਯੂ ਦੇ ਆਗੂ ਮਹਿਤਾਬ ਅਲੀ ਦੇ ਸਿਰ ‘ਚ ਗੰਭੀਰ ਸੱਟ ਵੱਜੀ, ਜਿਸਨੂੰ ਸਰਕਾਰੀ ਰਜਿੰਦਰਾ ਹਸਪਤਾਲ ਭਰਤੀ ਕਰਵਾਇਆ ਗਿਆ।
ਇਹ ਵੀ ਪੜੋ : ਵਿਧਾਇਕ ਵਰਸਿਜ ਚੇਅਰਮੈਨ ਹੋ ਨਿਬੜਿਆ ਖੇਤੀਬਾੜੀ ਵਿਭਾਗ ਦਾ ਸਰਕਾਰੀ ਸਮਾਰੋਹ
ਇਸ ਮਗਰੋਂ ਹਮਲਾਵਰ ਫਰਾਰ ਹੋ ਗਏ ਇੱਧਰ ਰੋਸ ‘ਚ ਆਈਆਂ ਪੰਜ ਵਿਦਿਆਰਥੀ ਜਥੇਬੰਦੀਆਂ ਨੇ ਯੂਨਵਰਸਿਟੀ ਦੇ ਗੇਟ ਉੱਪਰ ਹੀ ਰਾਤ ਨੂੰ ਧਰਨਾ ਠੋਕ ਦਿੱਤਾ ਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪੀਐਸਯੂ, ਪੀਐਸਯੂ (ਲਲਕਾਰ), ਐਸਐੱਫਆਈ, ਡੀਐੱਸਓ ਤੇ ਪੀਆਰਐੱਸਯੂ ਜਥੇਬੰਦੀਆਂ ਵੱਲੋਂ ਮੰਗ ਕੀਤੀ ਕਿ ਯੂਨੀਵਰਸਿਟੀ ਆਪਣੇ ਵੱਲੋਂ ਦੋਸ਼ੀਆਂ ਖਿਲਾਫ਼ ਪੁਲਿਸ ‘ਚ ਮਾਮਲਾ ਦਰਜ ਕਰਵਾਏ ਤੇ ਜੇ ਦੋਸ਼ੀਆਂ ‘ਚੋਂ ਕੋਈ ਵੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਤਾਂ ਉਨ੍ਹਾਂ ਨੂੰ ਯੂਨੀਵਰਸਿਟੀ ‘ਚੋਂ ਬਾਹਰ ਕੱਢਿਆ ਜਾਵੇ ਇਸਦੇ ਨਾਲ਼ ਹੀ ਸ਼ਾਮ ਨੂੰ ਛੁੱਟੀ ਦੇ ਸਮੇਂ ਤੋਂ ਬਾਅਦ ਬਾਹਰੀ ਅਨਸਰਾਂ ਦੇ ਯੂਨੀਵਰਸਿਟੀ ‘ਚ ਦਾਖਲੇ ‘ਤੇ ਰੋਕ ਲਾਈ ਜਾਵੇ ਇਸ ਤੋਂ ਬਾਅਦ ਰਾਤ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਪੁੱਜਿਆ। (Punjabi University)
ਉਨ੍ਹਾਂ ਵੱਲੋਂ ਸ਼ਰਾਰਤੀ ਅਨਸਰਾਂ ਖਿਲਾਫ਼ ਸਖਤ ਕਾਰਵਾਈ ਦੀ ਗੱਲ ਕਹੀ ਗਈ। ਜਥੇਬੰਦੀ ਦੇ ਅਗੂਆਂ ਨੇ ਕਿਹਾ ਕਿ ਜੇਕਰ 24 ਘੰਟਿਆਂ ‘ਚ ਇਨ੍ਹਾਂ ਅਨਸਰਾਂ ਖਿਲਾਫ਼ ਕਾਰਵਾਈ ਨਾ ਹੋਈ ਤਾਂ ਯੂਨੀਵਰਸਿਟੀ ਪ੍ਰਸ਼ਾਸਨ ਖਿਲਾਫ਼ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪੀਐਸਯੂ ਵੱਲੋਂ ਗੁਰਸੇਵਕ ਸਿੰਘ, ਪੀਐੱਸਯੂ (ਲਲਕਾਰ) ਵੱਲੋਂ ਗੁਰਪ੍ਰੀਤ ਸਿੰਘ, ਐਸਐਫਆਈ ਵੱਲੋਂ ਗੁਰਮੀਤ ਸਿੰਘ ਤੇ ਹਰਿੰਦਰ ਬਾਜਵਾ, ਪੀਆਰਐੱਸਯੂ ਵੱਲੋਂ ਸੰਦੀਪ ਸਿੰਘ, ਰਸ਼ਪਿੰਦਰ ਸਿੰਘ ਤੇ ਡੀਐੱਸਓ ਵੱਲੋਂ ਕਰਨ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ‘ਵਰਸਿਟੀ ਦੇ ਹੋਸਟਲ ਬਣੇ ਰਾਤ ਨੂੰ ਆਊਟਸਾਈਡਰਾਂ ਦੇ ਟਿਕਾਣੇ। (Punjabi University)
ਇੱਧਰ ਯੂਨੀਵਰਸਿਟੀ ਅੰਦਰ ਦਿਨ ਵੇਲੇ ਤਾਂ ਸੁਰੱਖਿਆ ਗਾਰਡਾਂ ਵੱਲੋਂ ਅੰਦਰ ਜਾਣ ਵਾਲੇ ਹਰ ਇੱਕ ਵਹੀਕਲ ਆਦਿ ਦੀ ਚੈਕਿੰਗ ਕਰਕੇ ਅੰਦਰ ਜਾਣ ਦਿੱਤਾ ਜਾਂਦਾ ਹੈ। ਇੱਥੋਂ ਤੱਕ ਕਿ ਪੱਤਰਕਾਰਾਂ ਦੀਆਂ ਗੱਡੀਆਂ ਨੂੰ ਵਿਸ਼ੇਸ਼ ਕਾਰਡ ਜਾਰੀ ਕੀਤੇ ਗਏ ਹਨ, ਪਰ ਰਾਤ ਨੂੰ ਬਾਹਰਲੇ ਨੌਜਵਾਨ ਹੋਸਟਲਾਂ ‘ਚ ਰਾਤਾਂ ਨੂੰ ਗੁਜਾਰਦੇ ਹਨ, ਉਸ ਨੂੰ ਲੈ ਕੇ ਸਕਿਊਰਟੀ ਕਰਮਚਾਰੀਆਂ ਸਮੇਤ ਯੂਨੀਵਰਸਿਟੀ ਪ੍ਰਸ਼ਾਸਨ ਸਵਾਲਾਂ ਦੇ ਘੇਰੇ ‘ਚ ਹਨ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਰਾਤ ਨੂੰ ਬਾਹਰਲੇ ਮੁੰਡਿਆਂ ‘ਤੇ ਨੱਥ ਪਾਈ ਜਾਵੇ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੀ ਯੂਨੀਵਰਸਿਟੀ ਦੇ ਹੋਸਟਲ ‘ਚ ਇੱਕ ਬਾਹਰਲੇ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ ਤੇ ਉਹ ਹੋਸਟਲ ਦੇ ਕਮਰੇ ‘ਚ ਕਿਸ ਤਰ੍ਹਾਂ ਆਇਆ, ਯੂਨੀਵਰਸਿਟੀ ਪ੍ਰਸ਼ਾਸਨ ਅਣਜਾਨ ਸੀ। (Punjabi University)
ਅਣਪਛਾਤਿਆਂ ਖਿਲਾਫ਼ ਛੇੜਛਾੜ ਦਾ ਮਾਮਲਾ ਦਰਜ਼ : ਹੈਰੀ ਬੋਪਾਰਾਏ
ਇਸ ਮਾਮਲੇ ਸਬੰਧੀ ਜਦੋਂ ਅਰਬਨ ਅਸਟੇਟ ਦੇ ਥਾਣਾ ਇੰਚਾਰਜ਼ ਹੈਰੀ ਬੋਪਾਰਾਏ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਖਮੀ ਹੋਏ ਮਹਿਤਾਬ ਆਲੀ ਦੀ ਸ਼ਿਕਾਇਤ ‘ਤੇ ਅਣਪਛਾਤੇ ਨੌਜਵਾਨਾਂ ਵਿਰੁੱਧ ਛੇੜਛਾੜ ਦੀ ਧਾਰਾ 354 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਸਬੰਧੀ ਸੀਸੀਟੀਵੀ ਫੁਟੇਜਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।