ਨਵਾਂ ਸਾਲ ਲੋਕਾਂ ਲਈ ਖੁਸ਼ੀਆਂ, ਤਰੱਕੀ ਤੇ ਚੰਗੀ ਸਿਹਤ ਦਾ ਸੁਨੇਹਾ ਲੈਕੇ ਆਵੇ : ਡੀਸੀ, ਐੱਸਐੱਸਪੀ
ਕੋਵਿਡ-19 ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਕੀਤੀ ਅਪੀਲ
(ਸੱਚ ਕਹੂੰ ਨਿਊਜ) ਪਟਿਆਲਾ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਕਾਮਨਾ ਕੀਤੀ ਹੈ ਕਿ ਆਉਣ ਵਾਲਾ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ। ਡਿਪਟੀ ਕਮਿਸ਼ਨਰ ਨੇ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਸਾਲ 2022 ਲੋਕਾਂ ਲਈ ਖੁਸ਼ੀਆਂ ਅਤੇ ਬਰਕਤਾਂ ਲੈ ਕੇ ਆਵੇ। ਉਨ੍ਹਾਂ ਨਾਲ ਹੀ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਕੋਵਿਡ-19 ਮਹਾਂਮਾਰੀ ਦੇ ਇਸ ਸਮੇਂ ਦੌਰਾਨ ਹਰ ਕੋਈ ਸਿਹਤਮੰਦ ਰਹੇ ਅਤੇ ਤਰੱਕੀ ਕਰੇ। ਉਨ੍ਹਾਂ ਹੋਰ ਕਿਹਾ ਕਿ ਕੋਰੋਨਾ ਵਾਇਰਸ ਅਜੇ ਖ਼ਤਮ ਨਹੀਂ ਹੋਇਆ ਅਤੇ ਇਸ ਮਹਾਂਮਾਰੀ ਦੀ ਤੀਜ਼ੀ ਲਹਿਰ ਆਉਣ ਦਾ ਖਦਸ਼ਾ ਹੈ, ਜਿਸ ਕਰਕੇ ਆਮ ਲੋਕ ਪੂਰੇ ਇਹਤਿਹਾਤ ਵਰਤਦਿਆਂ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ।
ਇਸੇ ਦੌਰਾਨ ਐੱਸਐੱਸਪੀ ਹਰਚਰਨ ਸਿੰਘ ਭੁੱਲਰ ਨੇ ਪਟਿਆਲਾ ਪੁਲਿਸ ਵੱਲੋਂ ਜ਼ਿਲ੍ਹਾ ਨਿਵਾਸੀਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪੁਲਿਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਹਮੇਸ਼ਾ ਲੋਕਾਂ ਦੀ ਸਾਂਝ ਅਤੇ ਸਹਿਯੋਗ ਨਾਲ ਅਮਨ-ਸ਼ਾਂਤੀ ਅਤੇ ਕਾਨੂੰਨ ਨੂੰ ਬਰਕਰਾਰ ਰੱਖਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਜ਼ਿਲ੍ਹਾ ਨਿਵਾਸੀਆਂ ਨੇ ਪਟਿਆਲਾ ਪੁਲਿਸ ਨਾਲ ਪਿਛਲੇ ਸਾਲ ਤਾਲਮੇਲ ਰੱਖਿਆ ਹੈ, ਉਹ ਆਸ ਕਰਦੇ ਹਨ ਕਿ ਅੱਗਲਾ ਸਮਾਂ ਵੀ ਇਸੇ ਤਰ੍ਹਾਂ ਲੋਕਾਂ ਦੀ ਸਾਂਝ ਤੇ ਸਹਿਯੋਗ ਭਰਿਆ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ