ਅਕਾਲੀਆਂ ਤੇ ਕਾਂਗਰਸੀਆਂ ਦਾ ਗੜ੍ਹ ਰਿਹਾ ਹਲਕਾ | Lok Sabha Election 2024
ਖਡੂਰ ਸਾਹਿਬ (ਰਾਜਨ ਮਾਨ)। ਮਾਝੇ, ਮਾਲਵੇ ਤੇ ਦੁਆਬੇ ’ਚ ਫੈਲੇ ਲੋਕ ਸਭਾ ਹਲਕਾ ਖਡੂਰ ਸਾਹਿਬ ’ਚ ਇਸ ਵਾਰ ਵੱਖਰਾ ਨਜ਼ਾਰਾ ਵੇਖਣ ਨੂੰ ਮਿਲ ਸਕਦਾ ਹੈ ਕਾਂਗਰਸ ਤੇ ਅਕਾਲੀ ਦਲ ਦੇ ਗੜ੍ਹ ਰਹੇ ਇਸ ਹਲਕੇ ’ਚ ਇਸ ਵਾਰ ‘ਆਪ’ ਦੇ ਨਾਲ ਭਾਜਪਾ ਵੀ ਮੈਦਾਨ ’ਚ ਹੈ ਖਡੂਰ ਸਾਹਿਬ ਹਲਕਾ ਜੋ ਪਹਿਲਾਂ ਤਰਨਤਾਰਨ ਹਲਕਾ ਹੋਇਆ ਕਰਦਾ ਸੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਆਦਾ ਕਬਜ਼ਾ ਰਿਹਾ ਹੈ। ਸ਼੍ਰੋਮਣੀ ਅਕਾਲੀ ਤੋਂ ਵੱਖ ਹੋ ਕੇ ਪਹਿਲੀ ਵਾਰ ਮੈਦਾਨ ਵਿੱਚ ਆਈ ਭਾਜਪਾ ਲਈ ਇਸ ਹਲਕੇ ਤੋਂ ਜਿੱਤਣਾ ਆਸਾਨ ਨਹੀਂ ਹੈ। (Lok Sabha Election 2024)
ਪੰਜਾਬ ਦੇ ਤਿੰਨਾਂ ਖਿੱਤਿਆਂ ਵਿੱਚ ਫੈਲੇ ਇਸ ਹਲਕੇ ਵਿੱਚ ਤਰਨਤਾਰਨ ਤੋਂ ਬਾਅਦ ਜਦੋਂ ਇਹ ਲੋਕ ਸਭਾ ਹਲਕਾ ਖਡੂਰ ਸਾਹਿਬ ਬਣਨ ਤੋਂ ਬਾਅਦ ਇਸ ਦੇ 9 ਵਿਧਾਨ ਸਭਾ ਹਲਕਿਆਂ ’ਚ ਦੁਆਬੇ ਦੇ ਦੋ ਹਲਕੇ ਕਪੂਰਥਲਾ ਤੇ ਸੁਲਤਾਨਪੁਰ ਲੋਧੀ , ਮਾਲਵੇ ਦਾ ਇਕ ਜ਼ੀਰਾ ਅਤੇ ਮਾਝੇ ਦੇ ਛੇ ਹਲਕੇ ਤਰਨਤਾਰਨ ,ਪੱਟੀ, ਵਲਟੋਹਾ,ਖਡੂਰ ਸਾਹਿਬ, ਬਿਆਸ, ਜੰਡਿਆਲਾ ਗੁਰੂ ਸ਼ਾਮਲ ਕਰ ਲਏ ਗਏ। ਇਸ ਹਲਕੇ ਨੂੰ ਪੰਥਕ ਹਲਕੇ ਵਜੋਂ ਵੀ ਜਾਣਿਆ ਜਾਂਦਾ ਹੈ। ਭਾਜਪਾ ਨੂੰ ਇਸ ਹਲਕੇ ਤੋਂ ਸਿੱਖ ਚਿਹਰਾ ਨਹੀਂ ਲੱਭ ਰਿਹਾ। ਜੋ ਇਸ ਪੰਥਕ ਹਲਕੇ ਵਿੱਚ ਉਸ ਦੇ ਪੈਰ ਲਵਾ ਸਕੇ। ਉਧਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਭਾਵੇਂ ਆਪਣੀ ਚੋਣ ਮੁਹਿੰਮ ਵਿੱਢ ਰੱਖੀ ਹੈ ਪਰ ਪੈਂਡਾ ਉਨ੍ਹਾਂ ਲਈ ਵੀ ਬਿਖੜਾ ਨਜ਼ਰ ਆ ਰਿਹਾ ਹੈ। (Lok Sabha Election 2024)
School Summer Vacation : ਬੱਚਿਆਂ ਦੀ ਹੋਈ ਮੌਜ, ਸਕੂਲ-ਕਾਲਜ਼ਾਂ ’ਚ ਗਰਮੀ ਦੀਆਂ ਛੁੱਟੀਆਂ ਵਧੀਆਂ, ਸਰਕਾਰ ਵੱਲੋਂ ਆਦੇਸ਼…
ਭਾਵੇਂ ਆਪ ਇਸ ਹਲਕੇ ਅਧੀਨ ਆਉਂਦੇ ਸੱਤ ਵਿਧਾਨ ਸਭਾ ਹਲਕਿਆਂ ਉਪਰ ਕਾਬਜ਼ ਹੈ ਅਤੇ ਇਸ ਹਲਕੇ ਵਿੱਚ ਲਾਲਜੀਤ ਭੁੱਲਰ ਤੋਂ ਇਲਾਵਾ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦਾ ਹਲਕਾ ਵੀ ਆਉਂਦਾ ਹੈ ਪਰ ਚੁਣੌਤੀਆਂ ਪੂਰੀਆਂ ਹਨ। ਕਪੂਰਥਲਾ ਵਿਧਾਨ ਸਭਾ ਹਲਕਾ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਦੇ ਕਬਜ਼ੇ ਵਿਚ ਹੈ ਅਤੇ ਸੁਲਤਾਨਪੁਰ ਲੋਧੀ ਉਨ੍ਹਾਂ ਦੇ ਬੇਟੇ ਦੇ ਕਬਜ਼ੇ ਵਿੱਚ ਹੈ। ਪੱਟੀ ਹਲਕੇ ਦੀ ਗੱਲ ਕਰੀਏ ਤਾਂ ਇਥੋਂ ਨਾਲ ਸਬੰਧਿਤ ਪਹਿਲਾਂ ਵੀ ਦੋ ਸੰਸਦ ਮੈਂਬਰ ਤਰਨਤਾਰਨ ਲੋਕ ਸਭਾ ਹਲਕੇ ਦੀ ਨੁਮਾਇੰਦਗੀ ਕਰ ਚੁੱਕੇ ਹਨ। (Lok Sabha Election 2024)
ਜਿਨ੍ਹਾਂ ਵਿਚ ਕਾਂਗਰਸ ਦੇ ਸੁਰਿੰਦਰ ਸਿੰਘ ਕੈਰੋਂ, ਜੋ ਵੱਡੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੁੱਤਰ ਸਨ, ਨੇ 1992 ਅਤੇ ਸ਼੍ਰੋਮਣੀ ਅਕਾਲੀ ਦੇ ਮੇਜਰ ਸਿੰਘ ਉੱਬੋਕੇ ਨੇ ਵੀ 1996 ’ਚ ਇਥੋਂ ਜਿੱਤ ਪ੍ਰਾਪਤ ਕੀਤੀ ਸੀ। ਉਧਰ ਭਾਰਤੀ ਜਨਤਾ ਪਾਰਟੀ ਵੱਲੋਂ ਹਲਕੇ ਵਿੱਚ ਪੈਰ ਧਰਾਵਾ ਕਰਦਿਆਂ ਸਾਬਕਾ ਪੁਲਿਸ ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਨੂੰ ਘੱਟ ਗਿਣਤੀਆਂ ਕਮਿਸ਼ਨ ਦਾ ਚੇਅਰਮੈਨ ਲਾਇਆ ਹੈ। ਇਸ ਹਲਕੇ ਤੋਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵੱਲੋਂ ਆਪਣੇ ਉਮੀਦਵਾਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਕਾਂਗਰਸ ਵੱਲੋਂ ਮੌਜ਼ੂਦਾ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਟਿਕਟ ਲੈਣ ਲਈ ਜ਼ੋਰ ਲਗਾਇਆ ਜਾ ਰਿਹਾ ਹੈ।
ਡਿੰਪਾ ਮੌਜ਼ੂਦਾ ਮੈਂਬਰ ਪਾਰਲੀਮੈਂਟ ਹੋਣ ਦਾ ਤੱਥ ਪੇਸ਼ ਕਰ ਰਹੇ ਹਨ, ਜਦੋਂ ਕਿ ਰਾਣਾ ਗੁਰਜੀਤ ਇਸ ਹਲਕੇ ਵਿੱਚ ਆਪਣੀ ਅਤੇ ਆਪਣੇ ਪੁੱਤਰ ਦੇ ਹਲਕਿਆਂ ਦਾ ਵੇਰਵਾ ਦੇ ਕੇ ਹੱਕ ਜਿਤਾ ਰਹੇ ਹਨ। ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਪੰਥਕ ਹਲਕਾ ਹੋਣ ਕਰਕੇ ਹਲਕੇ ਤੋਂ ਵੱਡਾ ਆਗੂ ਮੈਦਾਨ ਵਿੱਚ ਉਤਾਰਨ ਬਾਰੇ ਸੋਚਿਆ ਜਾ ਰਿਹਾ ਹੈ। ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਵਰਗੇ ਚਿਹਰੇ ਨੂੰ ਉਤਾਰਨ ਬਾਰੇ ਵਿਚਾਰ ਕੀਤੀ ਜਾ ਰਹੀ ਹੈ। ਹਾਲ ਦੀ ਘੜੀ ਸਾਰੀਆਂ ਪਾਰਟੀਆਂ ਜਮ੍ਹਾ-ਘਟਾਓ ਕਰਨ ਵਿੱਚ ਲੱਗੀਆਂ ਹੋਈਆਂ ਹਨ। (Lok Sabha Election 2024)
ਜ਼ਿਆਦਾਤਰ ਅਕਾਲੀ ਦਲ ਦਾ ਰਿਹਾ ਦਬਦਬਾ | Lok Sabha Election 2024
ਇਸ ਹਲਕੇ ’ਤੇ ਜੇਕਰ ਪੰਛੀ ਝਾਤ ਮਾਰੀਏ ਤਾਂ ਅਕਾਲੀ ਦਲ ਇਥੋਂ ਜ਼ਿਆਦਾ ਵਾਰ ਜਿੱਤ ਪ੍ਰਾਪਤ ਕਰਦਾ ਰਿਹਾ ਹੈ। 1952 ਤੋਂ 2004 ਤਕ ਲੋਕ ਸਭਾ ਹਲਕਾ ਤਰਨਤਾਰਨ ਰਹੇ ਇਸ ਹਲਕੇ ਤੋਂ ਵਾਰ-ਵਾਰ ਕਾਂਗਰਸ ਤੇ ਅਕਾਲੀ ਦਲ ਨੂੰ ਜਿੱਤ ਮਿਲਦੀ ਰਹੀ ਹੈ। 1952, 1957 ਅਤੇ 1962 ’ਚ ਕਾਂਗਰਸ ਦੇ ਸੁਰਜੀਤ ਸਿੰਘ ਮਜੀਠੀਆ ਨੇ ਜਿੱਤ ਦੀ ਹੈਟ੍ਰਿਕ ਬਣਾਈ ਸੀ। (Lok Sabha Election 2024)
ਜਦੋਂ ਕਿ ਉਨ੍ਹਾਂ ਤੋਂ ਬਾਅਦ ਲਗਾਤਾਰ ਦੋ ਵਾਰ ਕਾਂਗਰਸ ਦੇ ਗੁਰਦਿਆਲ ਸਿੰਘ ਢਿੱਲੋਂ 1967 ਤੇ 1971 ’ਚ ਤਰਨਤਾਰਨ ਹਲਕੇ ਤੋਂ ਲੋਕ ਸਭਾ ਚੋਣ ਜਿੱਤੇ ਅਤੇ ਲੋਕ ਸਭਾ ਦੇ ਸਪੀਕਰ ਦੀ ਕੁਰਸੀ ਤੱਕ ਪਹੁੰਚੇ। ਉਨ੍ਹਾਂ ਦਾ ਗ੍ਰਹਿ ਪਿੰਡ ਵੀ ਤਰਨਤਾਰਨ ਵਿਧਾਨ ਸਭਾ ਹਲਕੇ ਦਾ ਪੰਜਵੜ੍ਹ ਪਿੰਡ ਸੀ। ਗੁਰਦਿਆਲ ਸਿੰਘ ਢਿੱਲੋਂ ਤੋਂ ਬਾਅਦ ਇਹ ਹਲਕਾ ਅਜਿਹਾ ਕਾਂਗਰਸ ਹੱਥੋਂ ਗਿਆ ਕਿ ਇੱਥੇ 1977 ’ਚ ਜਥੇਦਾਰ ਮੋਹਨ ਸਿੰਘ ਤੁੜ, 1980 ’ਚ ਜਥੇਦਾਰ ਲਹਿਣਾ ਸਿੰਘ ਤੁੜ, 1985 ’ਚ ਤਰਲੋਚਨ ਸਿੰਘ ਤੁੜ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਜਿੱਤੇ।
ਜਦੋਂਕਿ 1989 ’ਚ ਸਿਮਰਨਜੀਤ ਸਿੰਘ ਮਾਨ ਨੇ ਵੀ ਗੈਰ ਕਾਂਗਰਸੀ ਸੰਸਦ ਮੈਂਬਰ ਵਜੋਂ ਲੋਕ ਸਭਾ ਵਿਚ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਕੇ ਦਾਖਲਾ ਪਾਇਆ। 1992 ’ਚ ਅਕਾਲੀ ਦਲ ਦੇ ਬਾਈਕਾਟ ਦੌਰਾਨ ਕਾਂਗਰਸ ਦੇ ਸੁਰਿੰਦਰ ਸਿੰਘ ਕੈਰੋਂ ਇਸ ਹਲਕੇ ਤੋਂ ਲੋਕ ਸਭਾ ਵਿੱਚ ਗਏ। ਜਦੋਂਕਿ ਮੁੜ 1996 ’ਚ ਸ਼੍ਰੋਮਣੀ ਅਕਾਲੀ ਦਲ ਦੇ ਮੇਜਰ ਸਿੰਘ ਉੱਬੋਕੇ, 1998 ’ਚ ਪੇ੍ਰਮ ਸਿੰਘ ਲਾਲਪੁਰਾ, 1998 ’ਚ ਤਰਲੋਚਨ ਸਿੰਘ ਤੁੜ, 1999 ’ਚ ਮੁੜ ਤਰਲੋਚਨ ਸਿੰਘ ਤੁੜ ਸੰਸਦ ਮੈਂਬਰ ਬਣ ਕੇ ਲੋਕ ਸਭਾ ਪਹੁੰਚੇ ਅਤੇ 2004 ’ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਡਾ. ਰਤਨ ਸਿੰਘ ਅਜਨਾਲਾ ਨੂੰ ਇਸ ਹਲਕੇ ਤੋਂ ਜਿੱਤ ਮਿਲੀ। (Lok Sabha Election 2024)