ਗੁਰਦੁਆਰਾ ਭਾਈ ਮੋਹਕਮ ਸਿੰਘ ਦਵਾਰਕਾ ਬੇਟ ਗੁਜਰਾਤ
ਸ੍ਰੀ ਗੁਰੂੁ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ’ਤੇ ਇਕਾਂਤਵਾਸ ਹੋ ਕੇ ‘ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ’ (ਮਾਨਵੀ ਬਰਾਬਰੀ) ਦਾ ਜਿਹੜਾ ਨਾਅਰਾ ਲਾਇਆ ਸੀ, ਉਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਨ੍ਹਾਂ ਨੂੰ ਦੇਸ਼-ਵਿਦੇਸ਼ ਦੀਆਂ ਯਾਤਰਾਵਾਂ (ਉਦਾਸੀਆਂ) ਕਰਨੀਆਂ ਪਈਆਂ। ਇਨ੍ਹਾਂ ਯਾਤਰਾਵਾਂ ਦੌਰਾਨ ਜਿਹੜਾ ਵੀ ਉਨ੍ਹਾਂ ਨੂੰ ਕੁਰਾਹੀਆ, ਭਟਕਿਆ ਜਾਂ ਧਰਮ ਦੀ ਲੀਹ ਤੋਂ ਲੱਥਾ ਹੋਇਆ ਮਿਲਿਆ ਗੁਰੂੁ ਸਾਹਿਬ ਨੇ ਨਾ ਸਿਰਫ਼ ਉਸ ਨੂੰ ਲੀਹ ’ਤੇ ਹੀ ਲਿਆਂਦਾ ਸਗੋਂ ਉਸ ਨੂੰ ਇੱਕ ਅਜਿਹੇ ਮਾਰਗ ਨਾਲ ਵੀ ਜੋੜਿਆ ਜਿਹੜਾ ਦੁਨੀਆਂ ਵਿਚ ਰਹਿ ਕੇ ਸੱਚ ਕਮਾਉਣ ਅਤੇ ਇਸ ਕਮਾਈ ਦੀ ਬਾਦੌਲਤ ਪ੍ਰਭੂ ਨੂੰ ਭਾਉਣ ਵੱਲ ਲੈ ਜਾਂਦਾ ਹੈ। ਇਸ ਤਰ੍ਹਾਂ ਦੀ ਕਮਾਈ ਕਰਨ ਵਾਲਿਆਂ ਵਿਚ ਹੀ ਸ਼ਾਮਲ ਹੈ, ਗੁਜਰਾਤ ਰਾਜ ਦੇ ਸੌਰਾਸ਼ਟਰ ਇਲਾਕੇ ਵਿਚ ਪੈਂਦੇ ਬੇਟ ਦੁਆਰਕਾ ਦੇ ਵਸਨੀਕ ਭਾਈ ਤੀਰਥ ਰਾਮ ਦਾ ਨਾਂਅ।
Gurdwara Bhai Mohkam Singh
ਸਮੁੰਦਰ ਦੇ ਕਿਨਾਰੇ ’ਤੇ ਵੱਸੇ ਇਸ ਇਲਾਕੇ ਵਿਚ ਰਹਿਣ ਵਾਲੇ ਭਾਈ ਤੀਰਥ ਰਾਮ ਛੀਂਬਾ ਅਤੇ ਮਾਤਾ ਦੇਵਕੀ ਜੀ ਦਾ ਪਰਿਵਾਰ ਗੁਰੁੂ ਨਾਨਕ ਪਾਤਸ਼ਾਹ ਦੇ ਦਰਸ਼ਨ-ਦੀਦਾਰ ਕਰਕੇ ਸਿੱਖੀ-ਸੋਚ ਨਾਲ ਪੱਕੇ ਤੌਰ ’ਤੇ ਜੁੜ ਚੁੱਕਾ ਸੀ। ਸਮੇਂ-ਸਮੇਂ ਸਿੱਖ ਰਹਿਬਰਾਂ ਦੇ ਸਰੀਰਕ ਜਾਮੇ ਭਾਵੇਂ ਬਦਲਦੇ ਰਹੇ ਪਰ ਜੋਤ (ਸਿਧਾਂਤ) ਦੀ ਇੱਕਸਾਰਤਾ ਬਣੀ ਰਹੀ। ਇਸ ਇੱਕਸਾਰਤਾ ਕਾਰਨ ਹੀ ਇਸ ਪਰਿਵਾਰ ਵਿਚ ਪੈਦਾ ਹੋਇਆ ਪਿਆਰਾ ਭਾਈ ਮੋਹਕਮ ਸਿੰਘ ਵੀ ਤਨ ਅਤੇ ਮਨ ਨਾਲ ਗੁਰੁੂ ਘਰ ਨੂੰ ਸਮਰਪਿਤ ਰਿਹਾ ਹੈ।
ਗੁਰਦੁਆਰਾ ਭਾਈ ਮੋਹਕਮ ਸਿੰਘ ਦਵਾਰਕਾ ਬੇਟ ਗੁਜਰਾਤ
1699 ਈ. ਦੀ ਵਿਸਾਖੀ ਵਾਲੇ ਦਿਨ ਸੀਸ ਤਲੀ ’ਤੇ ਰੱਖ ਕੇ ਦਸਵੇਂ ਪਾਤਸ਼ਾਹ ਦੇ ਦਿਲ ਵਿਚ ਪਿਆਰੇ ਦਾ ਸਥਾਨ ਬਣਾਉਣ ਵਾਲੇ ਭਾਈ ਮੋਹਕਮ ਸਿੰਘ ਦਾ ਜਨਮ 1676 ਈ. ਨੂੰ ਭਾਈ ਤੀਰਥ ਰਾਮ ਅਤੇ ਮਾਤਾ ਦੇਵਕੀ ਜੀ ਦੇ ਗ੍ਰਹਿ ਵਿਖੇ ਹੋਇਆ। ਇੱਕ ਇਤਿਹਾਸਕ ਵਖਰੇਵੇਂ ਮੁਤਾਬਿਕ ਜਨਮ ਦੀ ਤਰੀਕ 1679 ਈ. ਅਤੇ ਮਾਤਾ ਦਾ ਨਾਂਅ ਸੰਭਾਲੀ ਤੇ ਪਿਤਾ ਦਾ ਨਾਂਅ ਜਗਜੀਵਨ ਵੀ ਲਿਖਿਆ ਗਿਆ ਹੈ।
ਧਰਮ ਦੀ ਖ਼ਾਤਰ ਆਪਾ ਨਿਛਾਵਰ ਕਰ ਦੇਣ ਵਾਲੇ ਇਸ ਪਿਆਰੇ ਦਾ ਮੁੱਢਲਾ ਨਾਂਅ ਮਕਮ ਚੰਦ ਸੀ। ਗੁਜਰਾਤੀ ਬੋਲੀ ਵਿਚ ਇਸ ਦੇ ਅਰਥ ਹਨ ਮਜ਼ਬੂਤ ਇਰਾਦੇ ਵਾਲਾ ਮਨੁੱਖ। ਮਕਮ ਚੰਦ ਦੇ ਬਚਪਨ ਦਾ ਵਧੇਰਾ ਸਮਾਂ ਦਵਾਰਕਾ ਬੇਟ ਵਿਚ ਹੀ ਬਤੀਤ ਹੋਇਆ। ਉਮਰ ਦੇ ਪਹਿਲੇ ਦਹਾਕੇ ਦੇ ਅਖੀਰ ਵਿਚ ਉਹ ਸ੍ਰੀ ਆਨੰਦਪੁਰ ਸਾਹਿਬ ਆ ਗਿਆ। ਇੱਥੇ ਆ ਕੇ ਜਦੋਂ ਉਸ ਨੇ ਦਸਵੇਂ ਪਾਤਸ਼ਾਹ ਦੇ ਦਰਸ਼ਨ-ਦੀਦਾਰੇ ਕੀਤੇ ਤਾਂ ਇੱਥੋਂ ਦਾ ਹੀ ਹੋ ਕੇ ਰਹਿ ਗਿਆ।ਜਿਵੇਂ-ਜਿਵੇਂ ਮਕਮ ਚੰਦ ਜਵਾਨ ਹੋ ਰਿਹਾ ਸੀ, ਤਿਵੇਂ-ਤਿਵੇਂ ਉਹ ਸਿੱਖੀ ਦੀ ਮੀਰੀ-ਪੀਰੀ (ਸ਼ਸਤਰ ਤੇ ਸ਼ਾਸਤਰ) ਵਾਲੀ ਧਾਰਾ ਨਾਲ ਵੀ ਜੁੜੀ ਜਾ ਰਿਹਾ ਸੀ।
Gurdwara Bhai Mohkam Singh
ਇਸ ਧਾਰਾ ਨਾਲ ਜੁੜਨ ਕਰਕੇ ਹੀ ਭਾਈ ਮਕਮ/ਮੋਹਕਮ ਚੰਦ ਉਨ੍ਹਾਂ ਮਰਜੀਵੜਿਆਂ ਦੀ ਕਤਾਰ ਵਿਚ ਸ਼ਾਮਲ ਹੋ ਗਿਆ ਜਿਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ ਆਪਣੀ ਤੇਗ਼ ਦੀ ਪਿਆਸ ਬੁਝਾਉਣ ਲਈ ਵੰਗਾਰਿਆ ਸੀ। ਇਸ ਪ੍ਰੀਖਿਆ ਨਾਲ ਜਿੱਥੇ ਗੁਰੂ ਨੇ ਆਪਣੇ ਪਿਆਰਿਆਂ ਦੀ ਸਿਦਕਦਿਲੀ ਨੂੰ ਪਰਖਿਆ, ਉੱਥੇ ਨਾਲ ਹੀ ਉਨ੍ਹਾਂ ਵਿਚਲੀ ਸਮੱਰਪਣ ਦੀ ਭਾਵਨਾ ਵੀ ਬਾਹਰ ਲੈ ਆਂਦੀ। ਉਨ੍ਹਾਂ ਪੰਜਾਂ ਦੀ ਇਸ ਸੱਚੀ ਤੇ ਸੁੱਚੀ ਭਾਵਨਾ ਨਾਲ ਹੀ ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਾਜਨਾ ਦੇ ਇੱਕ ਅਨੋਖ਼ੇ ਅਤੇ ਔਖੇ ਅਮਲ ਨੂੰ ਨੇਪਰੇ ਚਾੜਿ੍ਹਆ ਅਤੇ ਕੌਮ ਵਿਚੋਂ ਕਾਇਰਤਾ ਦੇ ਵਰਕੇ ਨੂੰ ਪਾੜਿਆ। ਇਸ ਦਿਨ ਗੁਰੁੂ ਸਾਹਿਬ ਕੋਲੋਂ ਖੰਡੇ-ਬਾਟੇ ਦੀ ਪਾਹੁਲ ਲੈ ਕੇ ਭਾਈ ਮਕਮ ਚੰਦ ਮੋਹਕਮ ਸਿੰਘ ਬਣ ਗਿਆ। ਇਸ ਤੋਂ ਬਾਅਦ ਉਹ ਖ਼ਾਲਸਾ ਪੰਥ ਦਾ ਅਨਿੱਖੜਵਾਂ ਅੰਗ ਬਣ ਗਿਆ। .
ਭਾਈ ਮੋਹਕਮ ਸਿੰਘ ਦੇ ਗ੍ਰਹਿਸਥੀ ਜੀਵਨ ਬਾਰੇ ਬਹੁਤੇ ਇਤਿਹਾਸਕਾਰ ਚੁੱਪ ਹੀ ਹਨ ਸਿਰਫ਼ ਇੱਕ ਲਿਖਾਰੀ ਬੇਅੰਤ ਸਿੰਘ ਨੇ ਆਪਣੀ ਕਿਤਾਬ ‘ਵਾਰਤਿਕ ਜੀਵਨ ਭਾਈ ਮੋਹਕਮ ਸਿੰਘ’ ਵਿਚ ਉਨ੍ਹਾਂ ਦੇ ਵਿਆਹੁਤਾ ਜੀਵਨ ਦਾ ਹਵਾਲਾ ਦਿੱਤਾ ਹੈ। ਇਸ ਹਵਾਲੇ ਦੇ ਅਨੁਸਾਰ ਭਾਈ ਸਾਹਿਬ ਦਾ ਆਨੰਦ ਕਾਰਜ ਬੀਬੀ ਸੁਖਦੇਵ ਕੌਰ ਨਾਲ ਹੋਇਆ ਸੀ ਅਤੇ ਉਸ ਦੀ ਕੁੱਖੋਂ ਦੋ ਪੁੱਤਰ ਭਾਈ ਸੁੰਦਰ ਸਿੰਘ ਤੇ ਹੀਰਾ ਸਿੰਘ ਅਤੇ ਇੱਕ ਧੀ ਰਤਨਾਗਰ ਕੌਰ ਪੈਦਾ ਹੋਈ ਸੀ। ਜੇਕਰ ਇਸ ਹਵਾਲੇ ਦੀ ਰੌਸ਼ਨੀ ਵਿਚ ਗੱਲ ਕੀਤੀ ਜਾਵੇ ਤਾਂ ਵੀ ਉਨ੍ਹਾਂ ਨੇ ਆਪਣੇ ਪਰਿਵਾਰਕ-ਪ੍ਰੇਮ ਨੂੰ ਗੁਰੂ-ਪ੍ਰੇਮ ਉੁਪਰ ਹਾਵੀ ਨਹੀਂ ਹੋਣ ਦਿੱਤਾ। . ਸ੍ਰੀ ਗੁਰੂੁ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਰਹਿ ਕੇ ਜਿੰਨੇ ਵੀ ਧਰਮ-ਯੁੱਧ ਲੜੇ ਹਨ, ਪਿਆਰਾ ਭਾਈ ਮੋਹਕਮ ਸਿੰਘ ਉਨ੍ਹਾਂ ਵਿਚ ਮੂਹਰਲੀ ਕਤਾਰ ਵਿਚ ਰਿਹੈ।
Gurdwara Bhai Mohkam Singh
ਕਿਲ੍ਹਾ ਲੋਹਗੜ੍ਹ ਦਾ ਜੰਗ, ਜੋ ਸਾਹਿਬਜ਼ਾਦਾ ਅਜੀਤ ਸਿੰਘ ਦੀ ਅਗਵਾਈ ਵਿਚ, ਪਹਾੜੀ ਰਾਜਿਆਂ ਨਾਲ ਲੜਿਆ ਗਿਆ ਸੀ, ਭਾਈ ਮੋਹਕਮ ਸਿੰਘ ਨੇ ਉਸ ਵਿਚ ਸਾਹਿਬਜ਼ਾਦੇ ਦਾ ਡਟਵਾਂ ਸਾਥ ਦਿੱਤਾ ਸੀ। ਨਿਰਮੋਹਗੜ੍ਹ ਦੀ ਲੜ੍ਹਾਈ ਵਿਚ ਵੀ ਭਾਈ ਮੋਹਕਮ ਸਿੰਘ ਨੇ ਆਪਣੀ ਤਲਵਾਰ ਦੇ ਚੰਗੇ ਜ਼ੋਹਰ ਦਿਖਾਏ ਸਨ ਤੇ ਪਹਾੜੀਆਂ ਨੂੰ ਭਾਜੜਾਂ ਪਾਈਆਂ ਸਨ। ਚਮਕੌਰ ਸਾਹਿਬ ਦੀ ਕੱਚੀ ਗੜ੍ਹੀ ਵਿਚ ਅੱਠ ਪੋਹ ਦੀ ਰਾਤ ਨੂੰ ਦਸਵੇਂ ਪਾਤਸ਼ਾਹ ਅਤੇ ਉਨ੍ਹਾਂ ਦੇ ਚਾਲੀ ਸਿਦਕੀ ਸਿੱਖਾਂ ਵੱਲੋਂ ਲੜੀ ਗਈ ਦੁਨੀਆਂ ਦੀ ਅਸਾਵੀਂ ਜੰਗ ਵਿਚ ਵੀ ਭਾਈ ਮੋਹਕਮ ਸਿੰਘ ਦਾ ਵੱਡਮੁੱਲਾ ਯੋਗਦਾਨ ਰਿਹਾ ਹੈ।
ਇਸ ਯੋਗਦਾਨ ਬਾਰੇ ਲਿਖਾਰੀ ਸੰਤੋਖ ਸਿੰਘ ਲਿਖਦਾ ਹੈ ਕਿ ਭਾਈ ਮੋਹਕਮ ਸਿੰਘ ਨੇ ਗੁਰੂੁ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਨੂੰ ਇਕੱਲੇ ਨੂੰ ਹੀ ਮੈਦਾਨੇ ਜੰਗ ਵਿਚ ਜਾ ਕੇ ਜੂਝਣ ਦੀ ਆਗਿਆ ਦਿੱਤੀ ਜਾਵੇ। ਗੁਰੁੂ ਸਾਹਿਬ ਨੇ ਜਦੋਂ ਇਹ ਆਗਿਆ ਬਖ਼ਸ਼ ਦਿੱਤੀ ਤਾਂ ਭਾਈ ਸਾਹਿਬ ਜੈਕਾਰਾ ਛੱਡ ਕੇ ਇਕੱਲੇ ਹੀ ਗੜ੍ਹੀ ’ਚੋਂ ਬਾਹਰ ਨਿੱਕਲ ਗਏ। ਅਣਗਿਣਤ ਵੈਰੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਆਪ ਵੀ ਲਹੂ-ਲੁਹਾਣ ਹੋ ਗਏ ਅਤੇ ਦੁਸ਼ਮਣ ਦਲ ਵੱਲੋਂ ਚਲਾਈਆਂ ਸੈਂਕੜੇ ਗੋਲੀਆਂ ਨਾਲ ਪੰਥ ਨੂੰ ਆਖ਼ਰੀ ਫ਼ਤਿਹ ਬੁਲਾ ਗਏ।
ਰਮੇਸ਼ ਬੱਗਾ ਚੋਹਲਾ,
ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.