ਭਵਿੱਖ ’ਚ ਵਾਤਾਵਰਨ ਪੱਖੀ ਢੰਗ ਨਾਲ ਬਿਜਲੀ ਲੋੜਾਂ ਦੀ ਪੂਰਤੀ ਲਈ ਹਰੀ ਊਰਜਾ ਹੀ ਹੱਲ: ਕੈਬਨਿਟ ਮੰਤਰੀ ਅਮਨ ਅਰੋੜਾ

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਊਰਜਾ ਉਤਪਾਦਨ ਦੇ ਰਵਾਇਤੀ ਤਰੀਕਿਆਂ ਨੂੰ ਮੁੱਢੋਂ ਬਦਲਣ ਲਈ ਸੋਲਰ ਊਰਜਾ ਪੈਦਾ ਕਰਨ ਵਾਲੇ ਵਸੀਲਿਆਂ ਨੂੰ ਅਪਣਾਉਣ ਦਾ ਵੀ ਸੱਦਾ

ਲੌਂਗੋਵਾਲ, (ਹਰਪਾਲ)। ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ, ਸੂਚਨਾ ਤੇ ਲੋਕ ਸੰਪਰਕ ਅਤੇ ਮਕਾਨ ਉਸਾਰੀ ਤੇ ਸਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਵਿੱਖ ’ਚ ਵਾਤਾਵਰਨ ਪੱਖੀ ਢੰਗ ਨਾਲ ਬਿਜਲੀ ਲੋੜਾਂ ਦੀ ਪੂਰਤੀ ਲਈ ਹਰੀ ਊਰਜਾ ਹੀ ਹੱਲ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਊਰਜਾ ਦੇ ਰਵਾਇਤੀ ਸਾਧਨਾਂ ਦੀ ਥਾਂ ’ਤੇ ਚਿਰਸਥਾਈ ਸਾਧਨਾਂ ਦੀ ਭਾਲ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ।

ਕੈਬਨਿਟ ਮੰਤਰੀ ਅਮਨ ਅਰੋੜਾ ਅੱਜ ਇੱਥੇ ਸੰਤ ਲੌਂਗੋਵਾਲ ਇੰਸਚਿਊਟ ਆਫ਼ ਇੰਜੀਨੀਅਰਿੰਗ ਐਂਡ ਤਕਨਾਲੋਜੀ (ਸਲਾਇਟ) ਲੌਂਗੋਵਾਲ ਵਿਖੇ ਪੀ.ਐਸ.ਪੀ.ਸੀ.ਐਲ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਸਾਂਝੇ ਤੌਰ ’ਤੇ ‘ਉਜਵਲ ਭਾਰਤ ਉਜਵਲ ਭਵਿੱਖ’ ਮੁਹਿੰਮ ਤਹਿਤ ਕਰਵਾਏ ਗਏ ਬਿਜਲੀ ਮਹਾਂਉਤਸਵ ਦੀ ਪ੍ਰਧਾਨਗੀ ਲਈ ਲੌਂਗੋਵਾਲ ਪਹੁੰਚੇ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਊਰਜਾ ਦੀ ਬੱਚਤ ਕਰਨਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਅਤੇ ਵਾਤਾਵਰਨ ਬਚਾਉਣ ਦੇ ਇਸ ਕੰਮ ’ਚ ਲੋਕਾਂ ਨੂੰ ਵੀ ਵੱਧ-ਚੜ ਕੇ ਹਿੱਸਾ ਪਾਉਣਾ ਚਾਹੀਦਾ ਹੈ।

ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਵੀ ਪੰਜਾਬ ਦਾ ਵਾਤਾਵਰਨ ਬਚਾਉਣ ਲਈ ਰਵਾਇਤੀ ਸਾਧਨਾਂ ਨੂੰ ਹਰੀ ਊਰਜਾ ਨਾਲ ਬਦਲਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਪੰਜਾਬ ਦੇਸ਼ ’ਚੋਂ ਹਰ ਖੇਤਰ ’ਚ ਮੋਹਰੀ ਰਿਹਾ ਹੈ ਅਤੇ ਹੁਣ ਵੇਲਾ ਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸੂਬੇ ਨੂੰ ਹਰੀ ਊਰਜਾ ਪੈਦਾ ਕਰਨ ਦੇ ਖੇਤਰ ’ਚ ਵੀ ਮੋਹਰੀ ਬਣਾਇਆ ਜਾਵੇ। ਉਨਾਂ ਕਿਹਾ ਕਿ ਜੇਕਰ ਅਜਿਹੇ ਉਪਰਾਲੇ ਪਿਛਲੀਆਂ ਸਰਕਾਰਾਂ ਵੱਲੋਂ ਵੀ ਕੀਤੇ ਜਾਂਦੇ ਤਾਂ ਪੰਜਾਬ ਕੋਲ ਅੱਜ ਘਰੇਲੂ, ਸਨਅਤੀ ਅਤੇ ਖੇਤੀਬਾੜੀ ਵਰਗੇ ਹਰ ਖੇਤਰ ਲਈ ਵਾਧੂ ਬਿਜਲੀ ਉਤਪਾਦਨ ਹੋਣਾ ਸੀ।

ਉਨਾਂ ਕਿਹਾ ਕਿ ਮੁੱਖ ਮੰਤਰੀ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਪੀ.ਐਸ.ਪੀ.ਸੀ.ਐਲ. ਵੱਲੋਂ ਇਸ ਵਾਰ ਝੋਨੇ ਦੇ ਸੀਜ਼ਨ ਲਈ 8 ਘੰਟੇ ਤੋਂ ਵੀ ਵੱਧ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਇਸਦੇ ਨਾਲ ਹੀ ਦੂਜੇ ਖੇਤਰਾਂ ’ਤੇ ਵੀ ਬਿਜਲੀ ਦੇ ਕੱਟ ਨਹੀਂ ਲਾਏ ਜਾ ਰਹੇ। ਅਮਨ ਅਰੋੜਾ ਨੇ ਕਿਹਾ ਕਿ ਕਿਸਾਨਾਂ ਵੱਲੋਂ ਫੂਕੀ ਜਾਣ ਵਾਲੀ ਪਰਾਲੀ ਨੂੰ ਵੀ ਬਿਜਲੀ ਪੈਦਾ ਕਰਨ ਲਈ ਵਰਤਿਆ ਜਾ ਸਕਦਾ ਹੈ ਅਤੇ ਫ਼ਸਲੀ ਰਹਿੰਦ-ਖੂਹੰਦ ਤੋਂ ਬਿਜਲੀ ਬਣਾਉਣ ਵਾਲੇ ਕਈ ਪ੍ਰੋਜੈਕਟ ਪੰਜਾਬ ’ਚ ਲੱਗਣ ਜਾ ਰਹੇ ਹਨ। ਉਨਾਂ ਕਿਹਾ ਕਿ ਜੇਕਰ ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਹੋਵੇਗੀ ਤਾਂ ਖੇਤਾਂ ’ਚ ਇਸਨੂੰ ਅੱਗ ਲਾ ਕੇ ਸਾੜਨ ਦੀ ਮਾੜੀ ਪ੍ਰਥਾ ਨੂੰ ਵੀ ਬੰਦ ਕਰਨ ’ਚ ਵੱਡੀ ਮਦਦ ਮਿਲੇਗੀ।

ਅਰੋੜਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਊਰਜਾ ਉਤਪਾਦਨ ਦੇ ਰਵਾਇਤੀ ਤਰੀਕਿਆਂ ਨੂੰ ਮੁੱਢੋਂ ਬਦਲਣ ਲਈ ਸੋਲਰ ਊਰਜਾ ਪੈਦਾ ਕਰਨ ਵਾਲੇ ਵਸੀਲਿਆਂ ਨੂੰ ਅਪਣਾਉਣ। ਉਨਾਂ ਕਿਹਾ ਕਿ ਲੋਕ ਆਪਣੇ ਘਰਾਂ, ਸਨਅਤੀ ਥਾਂਵਾਂ ਅਤੇ ਕਿਸਾਨ ਆਪਣੇ ਖੇਤਾਂ ’ਚ ਉਪਲਬਧ ਥਾਂਵਾਂ ’ਤੇ ਵੱਧ ਤੋਂ ਵੱਧ ਸੋਲਰ ਪੈਨਲ ਲਾਉਣ। ਊਰਜਾ ਉਤਪਾਦਨ ਲਈ ਸੋਲਰ ਪੈਨਲ ਵਾਤਾਵਰਨ ਪੱਖੀ ਵਸੀਲਿਆਂ ’ਚੋਂ ਸਭ ਤੋਂ ਚੰਗਾ ਬਦਲਾਂ ’ਚੋਂ ਇੱਕ ਹਨ।

ਇਸ ਸਮਾਗਮ ਦੌਰਾਨ ਸਲਾਇਟ ਵਿਚਲੇ ਕੇਂਦਰੀ ਵਿਦਿਆਲੇ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪੇਸ਼ਕਾਰੀਆਂ ਤੇ ਬਿਜਲੀ ਦੇ ਮੁੱਦੇ ’ਤੇ ਨੁੱਕੜ ਨਾਟਕ ਵੀ ਪੇਸ਼ ਕੀਤੇ ਗਏ। ਇਸਦੇ ਨਾਲ ਹੀ ਇਸ ਮੌਕੇ ਪੀ.ਐਸ.ਪੀ.ਸੀ.ਐਲ ਵੱਲੋਂ ਲੋਕਾਂ ਨੂੰ ਬਿਜਲੀ ਮੁੱਦਿਆਂ ਅਤੇ ਬਿਜਲੀ ਬਚਾਉਣ ਲਈ ਜਾਗਰੂਕ ਕਰਦੀਆਂ ਛੋਟੀਆਂ-ਛੋਟੀਆਂ ਫ਼ਿਲਮਾਂ ਵੀ ਵਿਖਾਈਆਂ ਗਈਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਵੰਡ ਇੰਜੀ. ਡੀ.ਪੀ.ਐਸ. ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਲਤੀਫ਼ ਅਹਿਮਦ, ਸਲਾਇਟ ਦੇ ਡੀਨ ਅਕਾਦਮਿਕ ਜਸਪ੍ਰੀਤ ਸਿੰਘ ਢਿੱਲੋਂ, ਮੁੱਖ ਇੰਜੀਨੀਅਰ ਵੰਡ ਦੱਖਣ ਪਟਿਆਲਾ ਸੰਦੀਪ ਗੁਪਤਾ, ਉਪ ਮੁੱਖ ਇੰਜੀਨੀਅਰ ਸੰਗਰੂਰ ਰਤਨ ਕੁਮਾਰ ਮਿੱਤਲ ਅਤੇ ਜਾਇੰਟ ਡਾਇਰੈਕਟਰ ਪੇਡਾ ਮੱਖਣ ਲਾਲ ਅਰੋੜਾ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ