ਹੋਲੀ ਸਿਟੀ ਫਾਰਮਰਜ਼ ਗਰੁੱਪ ਦੀ ਅਗਵਾਈ ਵਿੱਚ ਵੱਡਾ ਧਰਨਾ
(ਰਾਜਨ ਮਾਨ) ਅੰਮ੍ਰਿਤਸਰ । ਸੰਯੁਕਤ ਕਿਸਾਨ ਮੋਰਚੇ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਅੱਜ ਮਾਝੇ ਤੇ ਦੁਆਬੇ ਵਿੱਚ ਵੱਡਾ ਹੁੰਗਾਰਾ ਮਿਲਿਆ ਕਿਸਾਨਾਂ ਵਲੋਂ ਸੈਂਕੜੇ ਥਾਈੰ ਰੋਸ ਧਰਨੇ ਲਾ ਕੇ ਸੜਕੀ ਆਵਾਜਾਈ ਠੱਪ ਕੀਤੀ ਗਈ । ਮਾਝੇ ਦੁਆਬੇ ਵਿੱਚ ਸ਼ਹਿਰ ਤੇ ਕਸਬੇ ਮੁਕੰਮਲ ਬੰਦ ਰਹੇ। ਲੋਕ ਆਪ ਮੁਹਾਰੇ ਸੜਕਾਂ ‘ਤੇ ਕਿਸਾਨਾਂ ਦੇ ਹੱਕ ਵਿੱਚ ਨਿਕਲ ਆਏ।
ਹੋਲੀ ਸਿਟੀ ਫਾਰਮਰਜ਼ ਗਰੁੱਪ ਦੀ ਅਗਵਾਈ ਹੇਠ ਅੰਮ੍ਰਿਤਸਰ ਵਿੱਚ ਹਵਾਈ ਅੱਡਾ ਰੋਡ ‘ਤੇ ਜਲੰਧਰ ਅਟਾਰੀ ਰੋਡ ‘ਤੇ ਧਰਨਾ ਲਾ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਰਾਜਨ ਮਾਨ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਤੇਜਬੀਰ ਸਿੰਘ ਮਾਨ, ਗੁਰਦੇਵ ਸਿੰਘ ਮਾਹਲ, ਹਰਜੀਤ ਸਿੰਘ ਝੀਤਾ, ਰਣਜੀਤ ਸਿੰਘ ਰਾਣਾ, ਰਮਨਪ੍ਰੀਤ ਸਿੰਘ ਬਾਜਵਾ, ਹਰਚੰਦ ਸਿੰਘ ਧਾਲੀਵਾਲ, ਗੁਰਪ੍ਰਤਾਪ ਸਿੰਘ ਛੀਨਾ, ਦਿਲਬਾਗ ਸਿੰਘ ਨੌਸ਼ਿਹਰਾ ਨੇ ਕਿਹਾ ਕਿ ਦਿੱਲੀ ਬਾਰਡਰਾਂ ਤੇ 10 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਦੇ ਖਿਲਾਫ਼ ਸ਼ੰਘਰਸ ਦਰਮਿਆਨ ਸਿਆਸੀ ਪਾਰਟੀਆਂ ਤੇ ਕਾਰਪੋਰੇਟ ਦਾ ਗਠਜੋੜ ਜੱਗ ਜਾਹਰ ਹੋਇਆ ਹੈ,ਕਿ ਕਿਸ ਤਰ੍ਹਾਂ ਸਿਆਸਤ ਤੇ ਕਾਰਪੋਰੇਟ ਦੇ ਗੱਠਜੋੜ ਨੇ ਅੱਜ ਤੱਕ ਲੋਕ ਵਿਰੋਧੀ ਨੀਤੀਆਂ ਲਾਗੂ ਕੀਤੀਆਂ ਹਨ।ਉਹਨਾਂ ਕਿਹਾ ਕਿ ਖੇਤੀ ਕਾਨੂੰਨ ਲਿਆਉਣ ਦੇ ਪਿੱਛੇ ਮੋਦੀ ਸਰਕਾਰ ਦਾ ਮਨਸ਼ਾ ਸਾਮਰਾਜੀਆਂ ਦੀ ਸੇਵਾ ਕਰਨਾ ਅਤੇ ਲੋਕਾਂ ਨਾਲ ਧ੍ਰੋਹ ਕਮਾਉਣਾ ਹੈ। ਟੈਕਸ ਮੁਕਤ ਮੰਡੀ ਅਤੇ ਖੁੱਲ੍ਹੇ ਵਪਾਰ ਦਾ ਅਰਥ ਕਿਸਾਨਾਂ ਨੂੰ ਟੈਕਸ ਮੁਕਤ ਅਤੇ ਅਜ਼ਾਦ ਕਰਨਾ ਨਹੀਂ ਸਗੋਂ,ਖੇਤੀ ਖੇਤਰ ਵਿੱਚ ਦਾਖਲ ਪ੍ਰਾਈਵੇਟ ਕੰਪਨੀਆਂ ਨੂੰ ਟੈਕਸ ਤੋਂ ਛੋਟ ਅਤੇ ਖੁੱਲ੍ਹੇ ਵਪਾਰ ਦੀ ਇਜ਼ਾਜਤ ਦੇਣਾ ਹੈ।
ਧਰਨਾ ਲਾ ਕੇ ਮੋਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ
ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਪਹਿਲਾਂ ਹੀ ਗਹਿਰੀ ਦਲਦਲ ਵਿੱਚ ਡਿੱਗੀ ਕਿਸਾਨੀ ਦੀ ਹਾਲਤ ਹੋਰ ਪਤਲੀ ਹੋਣੀ ਹੈ,ਖੇਤੀ ਲਾਗਤ ਵਸਤਾਂ ਨੇ ਵਧਣਾ ਹੈ,ਕਰਜ਼ੇ ਹੋਰ ਵਧਣੇ ਹਨ,ਖੁਦਕੁਸ਼ੀਆਂ ਦੀ ਲਾਈਨ ਲੰਮੀ ਹੋਣੀ, ਇਸ ਸਾਰੇ ਦਾ ਨਤੀਜਾ ਕਿਸਾਨਾਂ ਕੋਲੋਂ ਜ਼ਮੀਨਾਂ ਖੁੱਸਣੀਆਂ ਹਨ, ਬੇਜ਼ਮੀਨੇ ਤੇ ਥੁੜ ਜ਼ਮੀਨੇ ਕਿਸਾਨਾਂ ਦੀ ਗਿਣਤੀ ਵਧਣੀ ਹੈ,ਕਿਸਾਨਾਂ ਤੇ ਜਾਗੀਰਦਾਰੀ ਦਾ ਜਕੜਪੰਜਾ ਹੋਰ ਮਜਬੂਤ ਹੋਣਾ ਹੈ,ਸਾਮਰਾਜੀ ਲੁੱਟ ਹੋਰ ਤੇਜ਼ ਹੋਣੀ ਹੈ।
ਉਹਨਾਂ ਕਿਹਾ ਕਿ ਅੰਦੋਲਨ ਦਾ ਧਰਮ-ਨਿਰਪੱਖ ਤੇ ਸਿਆਸੀ ਪਾਰਟੀਆਂ ਤੋਂ ਦੂਰੀ ਬਣਾ ਕੇ ਰੱਖਣਾ ਅੰਦੋਲਨ ਦੀ ਮੁੱਖ ਤਕੜਾਈ ਹੈ।ਉਹਨਾਂ ਕਿਹਾ ਕਿ ਅਖੌਤੀ ਵਿਕਾਸ ਦੇ ਨਾਮ ਤੇ ਨਿੱਜੀ ਨਿਵੇਸ਼ ਨੂੰ ਸੱਦਾ ਦੇਣ ਵਾਲੀਆਂ ਸਿਆਸੀ ਪਾਰਟੀਆਂ ਹੁਣ ਪੰਜਾਬ ਨੂੰ ਬਚਾਉਣ ਦਾ ਢੰਡੋਰਾ ਪਿੱਟ ਰਹੀਆਂ ਹਨ।ਉਹਨਾਂ ਕਿਹਾ ਕਿ ਕਿਸਾਨਾਂ-ਮਜਦੂਰਾਂ ਨੂੰ ਵੋਟ ਵਟੋਰੂ ਪਾਰਟੀਆਂ ਤੋਂ ਭਲੇ ਦੀ ਝਾਕ ਛੱਡ ਕੇ ਆਪਣੀ ਜਮਾਤੀ ਏਕਤਾ ਮਜਬੂਤ ਕਰਨੀ ਚਾਹੀਦੀ ਹੈ, ਆਪਣੀਆਂ ਮੰਗਾਂ ਲਈ ਸ਼ੰਘਰਸ ਤੇਜ਼ ਕਰਨਾ ਚਾਹੀਦਾ।
ਵਿਸ਼ਵ ਵਪਾਰ ਸੰਸਥਾ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ
ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਵੇਲੇ ਤੋਂ ਸ਼ੁਰੂ ਹੋਈ ਸਾਮਰਾਜ ਵਿਰੋਧੀ ਲੜ੍ਹਾਈ ਅੱਜ ਵੀ ਜਾਰੀ ਹੈ,ਖੇਤੀ ਕਾਨੂੰਨਾਂ ਖਿਲ਼ਾਫ ਘੋਲ ਦੌਰਾਨ ਕਿਸਾਨਾਂ ਨੇ ਸਾਮਰਾਜ ਦੇ ਅਦਾਰੇ ਘੇਰਿਆ, ਸ਼ੌਪਿੰਗ ਮਾਲ,ਟੋਲ ਪਲਾਜੇ,ਪੈਟਰੋਲ ਪੰਪ,ਸੀਲੋ ਗੁਦਾਮ ਘੇਰੇ ਹੋਏ ਹਨ।ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਦੀ ਮੰਗ ਦੇ ਨਾਲ-ਨਾਲ ਇਹ ਮੰਗਾਂ ਵਿਚ ਕਰਨੀਆਂ ਚਾਹੀਦੀਆਂ ਹਨ ਕਿ ਵਿਸ਼ਵ ਵਪਾਰ ਸੰਸਥਾ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ,ਸੰਸਾਰ ਬੈਂਕ ਨਾਲੋਂ ਨਾਤਾ ਤੋੜਿਆ ਜਾਵੇ ਤਾਂ ਹੀ ਕਿਸਾਨਾਂ ਦੀ ਖੇਤੀ ਬਚ ਸਕਦੀ ਹੈ,ਮਜਦੂਰਾਂ ਦਾ ਰੁਜ਼ਗਾਰ ਬਚ ਸਕਦਾ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇਥੇ ਜੀਟੀ ਰੋਡ ਤੇ ਗੋਲਡਨ ਗੇਟ ਨੇੜੇ ਧਰਨਾ ਲਾ ਕੇ ਆਵਾਜਾਈ ਰੋਕੀ ਗਈ ਹੈ। ਇਸ ਤੋਂ ਇਲਾਵਾ ਜੰਡਿਆਲਾ ਨੇੜੇ ਦੇਵੀਦਾਸਪੁਰਾ ਵਿਖੇ ਰੇਲ ਪਟੜੀਆਂ ਤੇ ਧਰਨਾ ਲਾ ਕੇ ਰੇਲ ਆਵਾਜਾਈ ਰੋਕੀ ਗਈ ਹੈ .ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ ਵਿੱਚ 30 ਥਾਵਾਂ ਤੇ ਧਰਨੇ ਦਿੱਤੇ ਗਏ ਹਨ ਅਤੇ ਆਵਾਜਾਈ ਰੋਕੀ ਗਈ ਹੈ । ਕਿਸਾਨਾਂ ਵਲੋਂ ਬੈਂਕ ਬੰਦ ਕਰਵਾਏ ਗਏ। ਸੰਯੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਹੋਰ ਬਾਕੀ ਜਥੇਬੰਦੀਆਂ ਨੇ ਵੀ ਵੱਖ ਵੱਖ ਥਾਵਾਂ ਤੇ ਧਰਨੇ ਲਾਏ ਹਨ ਅਤੇ ਆਵਾਜਾਈ ਰੋਕੀ ਗਈ ਹੈ .ਕਿਸਾਨ ਆਗੂ ਰਤਨ ਸਿੰਘ ਰੰਧਾਵਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਦਾਖ਼ਲੇ ਦੀਆਂ ਦੱਸ ਪ੍ਰਮੁੱਖ ਥਾਵਾਂ ਤੇ ਧਰਨੇ ਦੇ ਕੇ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਦੁਕਾਨਾਂ ਅਤੇ ਹੋਰ ਕਾਰੋਬਾਰੀ ਅਦਾਰੇ ਵਧੇਰੇ ਕਰਕੇ ਬੰਦ ਹਨ । ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਤੇ ਵੀ ਸੁੰਨ ਪਸਰੀ ਹੋਈ ਰਹੀ।
ਇਸ ਮੌਕੇ ‘ਤੇ ਸਾਬਕਾ ਵਾਈਸ ਚਾਂਸਲਰ ਡਾ ਅੈਮ ਪੀ ਅੈਸ ਈਸ਼ਰ , ਸਿਕੰਦਰ ਸਿੰਘ ਗਿੱਲ, ਮਨਜੀਤ ਸਿੰਘ ਭੁੱਲਰ, ਡਾ ਅੈਨ ਪੀ ਸਿੰਘ ਸੈਣੀ, ਡਾ ਦਲਬੀਰ ਸਿੰਘ ਸੋਗੀ ਸਮੇਤ ਅਨੇਕਾਂ ਆਗੂ ਸ਼ਾਮਿਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ