ਸਰਕਾਰ ਨੂੰ ਆਪਣੇ ਘਾਟੇ ਦੀ ਫਿਕਰ, ਜਲਦ ਵਧੇਗਾ ਬੱਸਾਂ ਦਾ ਕਿਰਾਇਆ

ਆਮ ਜਨਤਾ ਨੂੰ ਮੁੜ ਤੋਂ ਲੱਗੇਗਾ ਝਟਕਾ, ਮਹਿੰਗੇ ਬਸ ਸਫ਼ਰ ਕਾਰਨ ਦੇਣੇ ਪੈਣਗੇ ਜਿਆਦਾ ਪੈਸੇ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਨੂੰ ਕੋਰੋਨਾ ਕਾਲ ਦੇ ਦੌਰਾਨ ਆਪਣੇ ਘਾਟੇ ਦਾ ਫਿਕਰ ਖਾਈ ਜਾ ਰਿਹਾ ਹੈ, ਜਿਸ ਕਾਰਨ ਸਰਕਾਰ ਜਲਦ ਹੀ ਬੱਸ ਕਿਰਾਏ ਵਿੱਚ ਵਾਧਾ ਕਰੇਗੀ ਟਰਾਂਸਪੋਰਟ ਵਿਭਾਗ ਤਾਂ ਬੱਸ ਕਿਰਾਏ ‘ਚ 50 ਫੀਸਦੀ ਤੱਕ ਵਾਧਾ ਚਾਹੁੰਦਾ ਸੀ ਪਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਵਾਧੇ ਨੂੰ ਗਲਤ ਕਰਾਰ ਦਿੰਦੇ ਹੋਏ ਕੁਝ ਘੱਟ ਵਾਧੇ ਨੂੰ ਹਰੀ ਝੰਡੀ ਦੇ ਦਿੱਤੀ ਹੈ।

ਹਾਲਾਂਕਿ ਵਿਭਾਗ ਦੇ ਉੱਚ ਅਧਿਕਾਰੀ ਤੋਂ ਲੈ ਕੇ ਟਰਾਂਸਪੋਰਟ ਮੰਤਰੀ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਰਹੇ ਹਨ ਪਰ ਦੱਸਿਆ ਜਾ ਰਿਹਾ ਹੈ ਕਿ 20 ਫੀਸਦੀ ਤੱਕ ਬੱਸ ਕਿਰਾਏ ਵਿੱਚ ਵਾਧਾ ਹੋ ਸਕਦਾ ਹੈ। ਜਿਸ ਨਾਲ ਪੰਜਾਬ ਦੇ ਲੋਕਾਂ ਦੀ ਜੇਬ ‘ਤੇ ਹੋਰ ਜਿਆਦਾ ਬੋਝ ਪੈਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕੋਰੋਨਾ ਵਾਈਰਸ ਦੇ ਚਲਦੇ ਅਪਰੈਲ ਅਤੇ ਮਈ ਦੇ ਮਹੀਨੇ ਵਿੱਚ ਬੱਸਾਂ ਬੰਦ ਹੋਣ ਕਾਰਨ ਪੰਜਾਬ ਟਰਾਂਸਪੋਰਟ ਵਿਭਾਗ ਅਤੇ ਪ੍ਰਾਈਵੇਟ ਟਰਾਂਸਪੋਰਟ ਨੂੰ ਕਾਫ਼ੀ ਜਿਆਦਾ ਨੁਕਸਾਨ ਹੋਇਆ ਸੀ।

ਇਸ ਨਾਲ ਹੀ ਹੁਣ 1 ਜੂਨ ਤੋਂ ਬੱਸ ਸੇਵਾ ਤਾਂ ਸ਼ੁਰੂ ਕਰ ਦਿੱਤੀ ਪਰ ਹਰ ਬੱਸ ਵਿੱਚ 50 ਫੀਸਦੀ ਤੋਂ ਘੱਟ ਹੀ ਸਵਾਰੀਆਂ ਨੂੰ ਬਿਠਾਉਣ ਸ਼ਰਤ ਵੀ ਲਗਾਈ ਹੋਈ ਹੈ। ਕੋਰੋਨਾ ਦੀ ਦਹਿਸਤ ਕਾਰਨ ਆਮ ਲੋਕ ਵੀ ਬੱਸਾਂ ‘ਚ ਘੱਟ ਹੀ ਸਫ਼ਰ ਕਰ ਰਹੇ ਹਨ। ਜਿਸ ਕਾਰਨ ਸਰਕਾਰੀ ਤੇ ਗੈਰ ਸਰਕਾਰੀ ਟਰਾਂਸਪੋਰਟ ਨੂੰ ਕਾਫ਼ੀ ਜਿਆਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹੁਣ ਪਿਛਲੇ 10 ਦਿਨਾਂ ਤੋਂ ਲਗਾਤਾਰ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਨੂੰ ਹੋਰ ਵੀ ਜਿਆਦਾ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਸਰਕਾਰ ਦੇ ਸਰਕਾਰੀ ਟਰਾਂਸਪੋਰਟ ਮਹਿਕਮੇ ਨੂੰ ਹੀ ਰੋਜ਼ਾਨਾ 1 ਕਰੋੜ ਰੁਪਏ ਦਾ ਘਾਟਾ ਸਹਿਣਾ ਪੈ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਤਜਵੀਜ਼ ਰੱਖੀ ਗਈ ਸੀ ਕਿ ਬੱਸ ਕਿਰਾਏ ਵਿੱਚ 50 ਫੀਸਦੀ ਵਾਧਾ ਕੀਤਾ ਜਾਵੇ, ਕਿਉਂਕਿ 1 ਕਰੋੜ ਦੇ ਰੋਜ਼ਾਨਾ ਘਾਟੇ ਨੂੰ ਸਹਿਣਾ ਮੁਸ਼ਕਿਲ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਇਸ ਤਜਵੀਜ਼ ਨੂੰ ਰੱਦ ਕਰਦੇ ਹੋਏ

ਇੰਨਾ ਜਿਆਦਾ ਵਾਧਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਕਿਉਂਕਿ ਇਸ ਸਮੇਂ ਕਾਫ਼ੀ ਜਿਆਦਾ ਗਰੀਬ ਜਾਂ ਫਿਰ ਮਜਬੂਰੀ ਵਾਲੇ ਲੋਕ ਹੀ ਬੱਸ ਸਫ਼ਰ ਕਰ ਰਹੇ ਹਨ, ਇਨਾਂ ਲੋਕਾਂ ਕੋਲ ਕਮਾਈ ਦੇ ਸੀਮਤ ਸਾਧਨ ਹੋਣ ਕਰਕੇ ਇਨਾਂ ‘ਤੇ ਜਿਆਦਾ ਬੋਝ ਵੀ ਪਾਇਆ ਨਹੀਂ ਜਾ ਸਕਦਾ ਹੈ। ਇਸ ਲਈ ਮੁੱਖ ਮੰਤਰੀ ਵਲੋਂ 50 ਫੀਸਦੀ ਦੀ ਥਾਂ ‘ਤੇ ਘੱਟ ਵਾਧਾ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਹੁਣ ਟਰਾਂਸਪੋਰਟ ਵਿਭਾਗ ਜਲਦ ਹੀ 20 ਫੀਸਦੀ ਤੱਕ ਬੱਸ ਕਿਰਾਏ ਵਿੱਚ ਵਾਧਾ ਕਰਨ ਦਾ ਐਲਾਨ ਕਰ ਸਕਦਾ ਹੈ।

ਘਾਟਾ ਪੂਰਾ ਕਰਨ ਲਈ ਕਿਰਾਇਆ ਵਧਾਉਣਾ ਜਰੂਰੀ : ਸੁਲਤਾਨਾ

ਟਰਾਂਸਪੋਰਟ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਪੰਜਾਬ ਵਿੱਚ ਰੋਜ਼ਾਨਾ ਸਰਕਾਰੀ ਤੇ ਗੈਰ ਸਰਕਾਰੀ ਟਰਾਂਸਪੋਰਟ ਨੂੰ ਨੁਕਸਾਨ ਸਹਿਣਾ ਪੈ ਰਿਹਾ ਹੈ। ਇਸ ਲਈ ਬੱਸ ਕਿਰਾਏ ਵਿੱਚ ਵਾਧਾ ਜਰੂਰੀ ਹੈ, ਕਿਉਂਕਿ 1 ਕਰੋੜ ਰੁਪਏ ਦਾ ਘਾਟਾ ਰੋਜ਼ਾਨਾ ਸਹਿਣਾ ਵੀ ਮੁਸ਼ਕਲ ਹੈ। ਉਨਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਤੋਂ ਇਜਾਜ਼ਤ ਮਿਲ ਗਈ ਹੈ ਅਤੇ ਜਲਦ ਹੀ ਵਾਧੇ ਦਾ ਐਲਾਨ ਕੀਤਾ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।