ਗ੍ਰਹਿ ਵਿਭਾਗ ਦੇ ਅਨੁਸਾਰ ਦੋਵੇਂ ਡੋਜ਼ ਲੱਗੀ ਹੋਣੀ ਜਰੂਰੀ, ਵੱਡੀ ਗਿਣਤੀ ’ਚ ਸਟਾਫ਼ 1 ਡੋਜ਼ ਵਾਲਾ ਹੀ
- ਸਕੂਲਾਂ ਵਿੱਚ ਸੀਮਤ ਕਮਰੇ ਤਾਂ ਦੂਰੀ ਬਣਾਉਣ ਲਈ ਕਿਵੇਂ ਇੱਕ ਬੈਂਚ ’ਤੇ ਬਿਠਾਏ ਜਾ ਸਕਣੇ ਵਿਦਿਆਰਥੀ
- 2 ਸ਼ਿਫ਼ਟਾਂ ਵਿੱਚ ਸਕੂਲ ਚਲਾਉਣ ਦੀ ਥਾਂ ’ਤੇ ਇੱਕ ਸ਼ਿਫਟ ‘ਚ ਹੋਏਗੀ ਹਰ ਤਰਾਂ ਦੇ ਨਿਯਮ ਦੀ ਉਲੰਘਣਾ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਸੋਮਵਾਰ ਤੋਂ ਕਾਗਜ਼ੀ ਤਿਆਰੀ ਨਾਲ ਹੀ ਖੁੱਲਣ ਜਾ ਰਹੇ ਹਨ। ਗ੍ਰਹਿ ਵਿਭਾਗ ਵੱਲੋਂ ਤਿਆਰ ਕੀਤੇ ਗਏ ਨਿਯਮਾਂ ਵਿੱਚੋਂ ਕੋਈ ਵੀ ਨਿਯਮ ਇਸ ਸਮੇਂ ਸਰਕਾਰੀ ਜਾਂ ਫਿਰ ਗੈਰ ਸਰਕਾਰੀ ਸਕੂਲ ਪੂਰੇ ਹੀ ਨਹੀਂ ਕਰਦੇ ਹਨ। ਜਿਸ ਕਾਰਨ ਅੱਜ ਖੁੱਲ੍ਹਣ ਜਾ ਰਹੇ ਵੱਡੀ ਗਿਣਤੀ ਵਿੱਚ ਸਕੂਲ ਸਰਕਾਰੀ ਨਿਯਮਾਂ ਦੀ ਹੀ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਉਣਗੇ ਅਤੇ ਇਸ ਨਾਲ ਵਿਦਿਆਰਥੀਆਂ ਨੂੰ ਵੀ ਵੱਡੇ ਸੰਕਟ ਵਿੱਚ ਪਾਇਆ ਜਾ ਸਕਦਾ ਹੈ।
ਪੰਜਾਬ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਸੀਮਤ ਹੀ ਕਮਰੇ ਤਿਆਰ ਕੀਤੇ ਹੋਏ ਹਨ, ਜਿਨਾਂ ਵਿੱਚ ਤੈਅ ਦੂਰੀ ਵਿੱਚ ਬਿਠਾਉਣ ਲਈ 50 ਫੀਸਦੀ ਤੋਂ ਜਿਆਦਾ ਵਿਦਿਆਰਥੀ ਸੱਦੇ ਹੀ ਨਹੀਂ ਜਾ ਸਕਦੇ ਹਨ। ਜੇਕਰ ਕਲਾਸ ਵਿੱਚ ਪੂਰੇ ਵਿਦਿਆਰਥੀ ਆ ਜਾਂਦੇ ਹਨ ਤਾਂ ਵਿਦਿਆਰਥੀਆਂ ’ਚ ਤੈਅ ਦੂਰੀ ਨਹੀਂ ਰੱਖੀ ਜਾ ਸਕਦੀ ਹੈ, ਇਥੇ ਹੀ ਵੱਡੀ ਗਿਣਤੀ ਵਿੱਚ ਅਧਿਆਪਕ ਅਤੇ ਸਕੂਲ ਦੇ ਦੂਜੇ ਸਟਾਫ਼ ਨੂੰ ਸਿਰਫ਼ ਇੱਕ ਡੋਜ਼ ਹੀ ਵੈਕਸੀਨ ਲਗੀ ਹੈ। ਜਿਸ ਕਾਰਨ ਅਧਿਆਪਕ ਅਤੇ ਸਟਾਫ਼ ਨਿਯਮਾਂ ਅਨੁਸਾਰ ਸਕੂਲ ਵਿੱਚ ਆ ਹੀ ਨਹੀਂ ਸਕਦੇ ਹਨ ਪਰ ਇਨਾਂ ਨਿਯਮਾਂ ਨੂੰ ਅੱਜ ਪੰਜਾਬ ਭਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਟੁੱਟਦੇ ਹੋਏ ਦੇਖਿਆ ਜਾ ਸਕਦਾ ਹੈ।
ਜਾਣਕਾਰੀ ਅਨੁਸਾਰ ਪਿਛਲੇ 13 ਮਾਰਚ 2020 ਨੂੰ ਪੰਜਾਬ ਸਰਕਾਰ ਨੇ ਕੋਰੋਨਾ ਦੀ ਮਹਾਂਮਾਰੀ ਕਾਰਨ ਸਕੂਲਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ। ਜਿਸ ਤੋਂ ਬਾਅਦ ਪਿਛਲੇ ਸਾਲ ਕੁਝ ਸਮੇਂ ਲਈ 8 ਤੋਂ 12 ਤੱਕ ਦੇ ਸਕੂਲ ਖੋਲੇ ਤਾਂ ਗਏ ਸਨ ਪਰ ਦੂਜੀ ਲਹਿਰ ਆਉਣ ਦੇ ਚਲਦੇ ਸਾਰੇ ਸਕੂਲਾਂ ਨੂੰ ਮੁੜ ਤੋਂ ਬੰਦ ਕਰ ਦਿੱਤਾ ਗਿਆ। ਹੁਣ ਲੰਬੇ ਅਰਸੇ ਤੋਂ ਬਾਅਦ ਪੰਜਾਬ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਖੁੱਲਣ ਜਾ ਰਹੇ ਹਨ। ਜਿਸ ਨੂੰ ਲੈ ਕੇ ਗ੍ਰਹਿ ਵਿਭਾਗ ਵਲੋਂ ਬੀਤੇ ਹਫ਼ਤੇ ਹਦਾਇਤਾਂ ਜਾਰੀ ਕੀਤੀ ਗਈਆਂ ਸਨ।
ਇਨਾਂ ਹਦਾਇਤਾਂ ਨੂੰ ਹੀ ਮੱਦੇ ਨਜ਼ਰ ਰਖਦੇ ਹੋਏ ਸਿੱਖਿਆ ਵਿਭਾਗ ਵਲੋਂ ਪੰਜਾਬ ਭਰ ਦੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਨੂੰ ਖੋਲਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸਿੱਖਿਆ ਵਿਭਾਗ ਦੇ ਪੰਜਾਬ ਭਰ ਦੇ ਜਿਲਾ ਸਿੱਖਿਆ ਅਧਿਕਾਰੀਆਂ ਅਤੇ ਪ੍ਰਿੰਸੀਪਲਾਂ ਨੂੰ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਿਸ ਦੇ ਚਲਦੇ ਇਨਾਂ ਨਿਯਮਾਂ ਦੀ ਜੇਕਰ ਪਾਲਣਾ ਨਹੀ ਹੁੰਦੀ ਹੈ ਤਾਂ ਉਸ ਦੀ ਸਾਰੀ ਜਿੰਮੇਵਾਰੀ ਸਕੂਲ ਦੇ ਅਧਿਆਪਕਾਂ ਅਤੇ ਜਿਲਾ ਸਿੱਖਿਆ ਅਧਿਕਾਰੀਆਂ ’ਤੇ ਛੱਡ ਦਿੱਤੀ ਗਈ ਹੈ।
ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਜਾਣਦੇ ਹਨ ਕਿ ਪੰਜਾਬ ਭਰ ਵਿੱਚ ਵੱਡੀ ਗਿਣਤ ਵਿੱਚ ਅਧਿਆਪਕਾਂ ਨੂੰ ਦੋਵੇਂ ਡੋਜ਼ ਨਹੀਂ ਲੱਗੀਆ ਹਨ ਤਾਂ ਸਕੂਲਾਂ ਦਾ ਸਟਾਫ਼ ਵੀ ਦੋਵੇਂ ਡੋਜ਼ ਨਹੀਂ ਲਵਾ ਸਕਿਆ ਹੈ, ਇਸ ਨਾਲ ਹੀ ਸਕੂਲਾਂ ਵਿੱਚ ਕਮਰੇ ਵੀ ਸੀਮਤ ਹਨ ਤਾਂ ਗ੍ਰਹਿ ਵਿਭਾਗ ਦੇ ਆਦੇਸ਼ਾਂ ਦੀ ਕਿਵੇਂ ਪਾਲਣਾ ਹੋ ਸਕਦੀ ਹੈ ਪਰ ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਦਾ ਕੋਈ ਰਾਹ ਲੱਭਣ ਦੀ ਥਾਂ ’ਤੇ ਅਧਿਆਪਕਾਂ ‘ਤੇ ਹੀ ਸਾਰਾ ਕੁਝ ਸੁੱਟਣ ਦੀ ਤਿਆਰੀ ਵਿੱਚ ਹਨ। ਜੇਕਰ ਭਵਿੱਖ ਵਿੱਚ ਕੋਈ ਉਲੰਘਣਾ ਹੋਈ ਤਾਂ ਅਧਿਆਪਕ ਅਤੇ ਪ੍ਰਿੰਸੀਪਲ ਸਣੇ ਜਿਲਾ ਸਿੱਖਿਆ ਅਧਿਕਾਰੀ ਜਿੰਮੇਵਾਰ ਹੋਏਗਾ। ਸਿਖਿਆ ਵਿਭਾਗ ਵਲੋਂ ਸਕੂਲਾਂ ਨੂੰ 2 ਸ਼ਿਫ਼ਟਾਂ ਵਿੱਚ ਲਗਾਉਣ ਦੀ ਥਾਂ ’ਤੇ ਇੱਕ ਸ਼ਿਫਟ ਵਿੱਚ ਹੀ 6 ਘੰਟੇ ਲਗਾਉਣ ਦਾ ਫੈਸਲਾ ਕੀਤਾ ਹੈ, ਜਿਹੜਾ ਕਿ ਛੋਟੇ ਵਿਦਿਆਰਥੀਆਂ ਲਈ ਘਾਤਕ ਸਾਬਤ ਹੋ ਸਕਦਾ ਹੈ।
ਸਕੂਲ ਆਏ ਤਾਂ ਨਿਯਮਾਂ ਦੀ ਉਲੰਘਣਾ, ਨਹੀਂ ਆਏ ਤਾਂ ਲੱਗੇਗੀ ਗੈਰ ਹਾਜ਼ਰੀ
ਗ੍ਰਹਿ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਦੇ ਵਿਚਕਾਰ ਅਧਿਆਪਕਾਂ ਨੂੰ ਪਿਸਣਾ ਪਏਗਾ। ਗ੍ਰਹਿ ਵਿਭਾਗ ਦੇ ਨਿਯਮਾਂ ਦੀ ਜੇਕਰ ਅਧਿਆਪਕ ਅਤੇ ਸਕੂਲ ਸਟਾਫ਼ ਪਾਲਣਾ ਕਰਦਾ ਹੈ ਤਾਂ ਸਕੂਲ ਨਹੀਂ ਆਉਣ ’ਤੇ ਉਨਾਂ ਦੀ ਗੈਰ ਹਾਜ਼ਰੀ ਲਗ ਜਾਏਗੀ। ਇਥੇ ਹੀ ਜੇਕਰ ਉਹ ਗੈਰ ਹਾਜ਼ਰੀ ਲਗਣ ਦੀ ਡਰ ਤੋਂ ਸਕੂਲ ਵਿੱਚ ਹਾਜ਼ਰ ਹੁੰਦੇ ਹਨ ਤਾਂ ਗ੍ਰਹਿ ਵਿਭਾਗ ਦੇ ਆਦੇਸ਼ਾਂ ਦੀ ਉਲੰਘਣਾ ਹੋ ਜਾਏਗੀ। ਹੁਣ ਇਸ ਮਾਮਲੇ ਵਿੱਚ ਅਧਿਆਪਕ ਕੀ ਕਰਨ, ਇਹ ਦੱਸਣ ਜਾਂ ਫਿਰ ਸਲਾਹ ਦੇਣ ਵਾਲਾ ਕੋਈ ਵੀ ਉਨਾਂ ਨੂੰ ਲੱਭ ਨਹੀਂ ਰਿਹਾ ਹੈ।
ਮਹਾਂਮਾਰੀ ਦਾ ਰਹੇਗਾ ਡਰ, ਤੈਅ ਦੂਰੀ ਜਰੂਰੀ
ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਵਿੱਚ ਕਮਰੇ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਤੈਅ ਦੂਰੀ ਵਿੱਚ ਬਿਠਾਉਣ ਮੁਸ਼ਕਿਲ ਦਾ ਕੰਮ ਹੋਏਗਾ। ਇਸ ਵਿੱਚ ਜੇਕਰ ਇੱਕ ਬੈਂਚ ’ਤੇ ਪਹਿਲਾਂ ਵਾਂਗ 2-2 ਵਿਦਿਆਰਥੀ ਬਿਠਾਏ ਜਾਂਦੇ ਹਨ ਤਾਂ ਉਨਾਂ ਵਿੱਚ ਮਹਾਂਮਾਰੀ ਫੈਲਣ ਦਾ ਡਰ ਰਹੇਗਾ। ਵਿਦਿਆਰਥੀਆਂ ਦੀ ਕਲਾਸ ਦਾ ਸਮਾਂ ਵੀ ਪਹਿਲਾਂ ਵਾਂਗ ਸਵੇਰੇ 8 ਵਜੇ ਤੋਂ 2 ਵਜੇ ਤੱਕ ਰਹੇਗਾ। ਜਿਸ ਕਾਰਨ 6 ਘੰਟੇ ਲੰਬੀ ਕਲਾਸ ਵਿੱਚ ਵਿਦਿਆਰਥੀ ਬਿਨਾਂ ਤੈਅ ਦੂਰੀ ਤੋਂ ਮਾਸਕ ਪਾ ਕੇ ਕਿਵੇਂ ਬੈਠ ਸਕਣਗੇ, ਇਨਾਂ ਵਿੱਚ ਖ਼ਾਸ ਕਰਕੇ ਪ੍ਰਾਈਮਰੀ ਕਲਾਸ ਦੇ ਛੋਟੇ ਵਿਦਿਆਰਥੀ ਵੀ ਸ਼ਾਮਲ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ