ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਪ੍ਰਾਈਵੇਟ ਕੰਪਨੀ ਦਾ ਪ੍ਰੋਜੈਕਟ ਬੰਦ ਕਰਕੇ ਅਧਿਆਪਕਾਂ ਨੂੰ ਵਧੇਰੇ ਖੁਦਮੁਖਤਿਆਰੀ ਦੇਣ ਦੀ ਮੰਗ

ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਪ੍ਰਾਈਵੇਟ ਕੰਪਨੀ ਦਾ ਪ੍ਰੋਜੈਕਟ ਬੰਦ ਕਰਕੇ ਅਧਿਆਪਕਾਂ ਨੂੰ ਵਧੇਰੇ ਖੁਦਮੁਖਤਿਆਰੀ ਦੇਣ ਦੀ ਮੰਗ

ਕੋਟਕਪੂਰਾ , (ਸੁਭਾਸ਼ ਸ਼ਰਮਾ)। ਡਾਇਰੈਕਟਰ ਸਿੱਖਿਆ ਵਿਭਾਗ ( ਸੈ.ਸਿ.) ਪੰਜਾਬ ਨੇ ਮਿਤੀ 6 ਅਗਸਤ ਨੂੰ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਇੱਕ ਪੱਤਰ ਜਾਰੀ ਕਰਕੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਪ੍ਰਾਈਵੇਟ ਖਾਨ ਅਕੈਡਮੀ ਦੇ ਨਾਲ ਸਹਿਯੋਗ ਕਰਨ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਆਨਲਾਈਨ ਲਰਨਿੰਗ ਪ੍ਰੋਗਰਾਮ ਕਰਾਉਣ ਸਬੰਧੀ ਆਦੇਸ਼ ਜਾਰੀ ਕੀਤੇ ਹਨ, ਜਿਸ ਅਨੁਸਾਰ ਸਕੂਲਾਂ ਵਿਚ ਗਣਿਤ ਵਿਸ਼ੇ ਸਬੰਧੀ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਨਲਾਈਨ ਵੈੱਬ ਸਾਈਟ ’ਤੇ ਰਜਿਸਟਰ ਕਰਕੇ ਸਟੱਡੀ ਮਟੀਰੀਅਲ ਮੁਹਈਆ ਕਰਵਾਏਗੀ ।

ਸਿੱਖਿਆ ਵਿਭਾਗ ਪੰਜਾਬ ਦੇ ਇਸ ਫ਼ੈਸਲੇ ’ਤੇ ਟਿੱਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਰਨਲ ਸਕੱਤਰ ਬਲਕਾਰ ਵਲਟੋਹਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ, ਕਾਰਜਕਾਰੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਾੜੀ ਮੇਘਾ, ਵਿੱਤ ਸਕੱਤਰ ਨਵੀਨ ਕੁਮਾਰ ਸਚਦੇਵਾ , ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਤੇ ਪ੍ਰਵੀਨ ਕੁਮਾਰ ਲੁਧਿਆਣਾ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਸਰਕਾਰੀ ਸਕੂਲ ਖਾਨ ਅਕੈਡਮੀ ਵਰਗੀਆਂ ਪ੍ਰਾਈਵੇਟ ਕੰਪਨੀਆਂ ਦੀ ਦਖ਼ਲਅੰਦਾਜੀ ਸੰਬੰਧੀ ਲਾਗੂ ਕੀਤੇ ਹੁਕਮ, ਗੈਰ-ਵਾਜਿਬ ਤੇ ਗੈਰ ਸਿਧਾਂਤਕ ਹਨ । ਉਨ੍ਹਾਂ ਕਿਹਾ ਕਿ ਸਕੂਲਾਂ ਵਿਚ ਅਧਿਆਪਕਾਂ ਵੱਲੋਂ ਜ਼ਮੀਨੀ ਹਾਲਤਾਂ ਦੇ ਅਨੁਸਾਰ ਤੇ ਮਨੋਵਿਗਿਆਨਕ ਢੰਗ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਐਨ .ਸੀ. ਈ ਆਰ .ਟੀ . ਵੱਲੋਂ ਵਿੱਦਿਅਕ ਮਾਹਿਰਾਂ ਦੀ ਸਲਾਹ ਨਾਲ ਤਿਆਰ ਕੀਤੇ ਗਏ ਪਾਠਕ੍ਰਮ ਅਨੁਸਾਰ ਪੜ੍ਹਾਇਆ ਜਾਂਦਾ ਹੈ।

ਸਿੱਖਿਆ ਵਿਭਾਗ ਦੇ ਉਪਰੋਕਤ ਫੈਸਲੇ ਅਨੁਸਾਰ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ। ਸਕੂਲਾਂ ਵਿੱਚ ਅਧਿਆਪਕ ਆਪਣੇ ਕੂੋਲ ਪੜਦੇ ਵਿਦਿਆਰਥੀਆਂ ਦੀਆਂ ਲੋਗਿਨ ਆਈਡੀਜ਼ ਬਣਾਉਣ ਵਿਚ ਰੁੱਝ ਗਏ ਹਨ। ਕੰਮ ਦਾ ਸਾਰਾ ਬੋਝ ਅਧਿਆਪਕਾਂ ਸਿਰ ਮੜ੍ਹ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਸਰਬ-ਪ੍ਰਮਾਣਿਤ ਤੇ ਅਸਲੀ ਜਮਾਤ ਦੇ ਕਮਰੇ ਵਿਚਲੀ ਪੜ੍ਹਾਉਣ ਸਿੱਖਣ ਪ੍ਰਕਿਰਿਆ ਤੋਂ ਦੂਰ ਕਰ ਕੇ ਇਕਤਰਫਾ ਅਤੇ ਮਸ਼ੀਨੀ ਕਰਨ ਵਾਲੀ ਸਿੱਖਿਆ ਪ੍ਰਫੁੱਲਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਜਿਸ ਨਾਲ ਵਿਦਿਆਰਥੀ ਦੇ ਸਰਬਪੱਖੀ ਵਿਕਾਸ ਭਾਵ ਸਰੀਰਕ, ਮਾਨਸਿਕ, ਸਮਾਜਿਕ, ਮਨੋਵਿਗਿਆਨਿਕ, ਭਾਵਨਾਤਮਕ ਆਦਿ ਦੇ ਰਸਤੇ ਵਿਚ ਵੱਡੇ ਅੜਿਕੇ ਪੈਦਾ ਹੋਣਗੇ।

ਗ਼ੈਰ ਜ਼ਰੂਰੀ ਪ੍ਰਾਜੈਕਟਾਂ ਨੂੰ ਤੁਰੰਤ ਬੰਦ ਕਰ ਕੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਪੜ੍ਹਾਉਣ ਦਿੱਤਾ ਜਾਵੇ

ਅਧਿਆਪਕ ਅਤੇ ਵਿਦਿਆਰਥੀ ਮਸ਼ੀਨ ਦੇ ਇਕ ਪੁਰਜੇ ਵਾਂਗ ਕੰਮ ਕਰਨ ਲਈ ਮਜਬੂਰ ਹੋ ਜਾਣਗੇ । ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਔਨਲਾਈਨ ਮੀਟਿੰਗਾਂ ਕਰਕੇ ਬਾਕੀ ਸਾਰੇ ਪਾਠਕ੍ਰਮ ਨੂੰ ਇੱਕ ਪਾਸੇ ਕਰਕੇ ਖਾਨ ਅਕੈਡਮੀ ਦੇ ਪਰੋਗਰਾਮ ਨੂੰ ਲਾਗੂ ਕਰਨ ਲਈ ਰੁੱਝ ਜਾਣਗੇ ।
ਜਥੇਬੰਦੀ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੋਂ ਮੰਗ ਕੀਤੀ ਹੈ ਕਿ ਖਾਨ ਅਕੈਡਮੀ ਵਰਗੇ ਗ਼ੈਰ ਜ਼ਰੂਰੀ ਪ੍ਰਾਜੈਕਟਾਂ ਨੂੰ ਤੁਰੰਤ ਬੰਦ ਕਰ ਕੇ ਅਧਿਆਪਕਾਂ ਨੂੰ ਸਕੂਲਾਂ ਦੇ ਵਿੱਚ ਪੜ੍ਹਾਉਣ ਦੀ ਵਧੇਰੇ ਖੁਦ-ਮੁਖਤਿਆਰੀ ਦਿੱਤੀ ਜਾਵੇ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਨੂੰ ਸੰਬੋਧਨ ਹੁੰਦਿਆਂ ਕਿਹਾ ਕਿਹਾ ਕਿ ਅਧਿਆਪਕ ਨੂੰ ਕੇਵਲ ਮਸ਼ੀਨ ਦਾ ਪੁਰਜਾ ਹੀ ਨਾ ਸਮਝਿਆ ਜਾਵੇ ਸਗੋਂ ਸਕੂਲ ਤੇ ਸਿੱਖਿਆ ਦਾ ਮਹੱਤਵਪੂਰਣ ਧੁਰਾ ਮੰਨਿਆ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ