ਬੇਰੁਜ਼ਗਾਰ ਬੀ. ਐੱਡ. ਟੈੱਟ ਪਾਸ ਅਧਿਆਪਕਾਂ ਤੇ ਪੁਲਿਸ ਲਾਠੀਚਾਰਜ ਦੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤੀ ਸਖ਼ਤ ਨਿਖੇਧੀ
ਕੋਟਕਪੂਰਾ (ਸੁਭਾਸ਼ ਸ਼ਰਮਾ)। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਮੀਡੀਏ ਵਿੱਚ ਪੰਜਾਬ ਦੇ 1 ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਐਲਾਨ ਕਰ ਰਹੇ ਹਨ। ਦੂਸਰੇ ਪਾਸੇ ਪਿਛਲੇ ਕਈ ਮਹੀਨਿਆਂ ਤੋਂ ਆਪਣਾ ਰੁਜ਼ਗਾਰ ਲੈਣ ਦੀ ਖਾਤਰ ਪੰਜਾਬ ਦੇ ਸੈਂਕੜੇ ਬੇਰੁਜ਼ਗਾਰ ਬੀ .ਐੱਡ. ਟੈੱਟ ਪਾਸ ਅਧਿਆਪਕ ਪੰਜਾਬ ਦੇ ਸਿੱਖਿਆ ਮੰਤਰੀ ਸ. ਪ੍ਰਗਟ ਸਿੰਘ ਤੇ ਇਸ ਤੋਂ ਪਹਿਲਾਂ ਦੇ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਘਰਾਂ ਸਾਹਮਣੇ ਪੱਕੇ ਧਰਨੇ ਲਾ ਕੇ ਅੰਦੋਲਨ ਦੇ ਰਾਹ ਪਏ ਹੋਏ ਹਨ ਤੇ ਹਰ ਰੋਜ਼ ਪੰਜਾਬ ਪੁਲੀਸ ਦੀਆਂ ਡਾਂਗਾਂ ਖਾ ਰਹੇ ਹਨ ।
ਅੱਜ ਫਿਰ ਜਲੰਧਰ ਪੁਲਿਸ ਵੱਲੋਂ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਤੇ ਕੀਤੇ ਗਏ ਅੰਨ੍ਹੇਵਾਹ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਬਲਕਾਰ ਵਲਟੋਹਾ , ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਨਿੱਜੀ ਪਹਿਲ ਕਦਮੀ ਕਰਦੇ ਹੋਏ ਤੁਰੰਤ ਸਾਰੇ ਯੋਗ ਬੇਰੁਜ਼ਗਾਰ ਅਧਿਆਪਕਾਂ ਨੂੰ ਪੱਕਾ ਰੁਜਗਾਰ ਦਿੱਤਾ ਜਾਵੇ । ਅਧਿਆਪਕ ਆਗੂਆਂ ਨੇ ਅਫ਼ਸੋਸ ਜ਼ਾਹਰ ਕੀਤਾ ਕਿ ਸਿੱਖਿਆ ਵਿਭਾਗ ਪੰਜਾਬ ਦੀ ਅਫਸ਼ਰਸ਼ਾਹੀ ਦੀ ਨਲਾਇਕੀ ਕਾਰਨ ਪ੍ਰਾਇਮਰੀ ਕਾਡਰ ਦੇ 2364 ਅਧਿਆਪਕਾਂ ਦੀ ਭਰਤੀ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਚੱਲ ਰਹੀ ਸਾਰੀ ਪ੍ਰਕਿਰਿਆ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਰੱਦ ਕਰ ਦਿੱਤਾ ਗਿਆ ਹੈ ।
ਅਧਿਆਪਕ ਆਗੂਆਂ ਨੇ ਇਹ ਮੰਗ ਵੀ ਕੀਤੀ ਕਿ 8393 ਅਧਿਆਪਕਾਂ ਦੀ ਭਰਤੀ ਕਰਨ ਲਈ ਬੇਰੁਜ਼ਗਾਰ ਅਧਿਆਪਕਾਂ ਦਾ ਲਿਆ ਜਾਣ ਵਾਲਾ ਟੈਸਟ ਰੱਦ ਕਰਕੇ ਮੈਰਿਟ ਅਨੁਸਾਰ ਅਤੇ ਸਿੱਖਿਆ ਵਿਭਾਗ ਪੰਜਾਬ ਵਿੱਚ ਵੱਖ ਵੱਖ ਅਸਾਮੀਆਂ ਤੇ ਕੀਤੇ ਗਏ ਕੰਮ ਅਤੇ ਤਜਰਬੇ ਅਨੁਸਾਰ ਤੁਰੰਤ ਇਨ੍ਹਾਂ ਸਾਰੇ ਕੱਚੇ ਅਧਿਆਪਕਾਂ ਦੀ ਸਿੱਖਿਆ ਵਿਭਾਗ ਵਿਚ ਰੈਗੂਲਰ ਭਰਤੀ ਕੀਤੀ ਜਾਵੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ