ਟੈਕਸੀ ਅਤੇ ਸਾਇਕਲ ਰਿਕਸ਼ਾ ਨੂੰ ਇਸ ਪਾਬੰਦੀ ਤੋਂ ਦਿੱਤੀ ਛੋਟ, ਆਟੋ ਰਿਕਸ਼ਾ ਨੂੰ ਨਹੀਂ ਹੋਏਗੀ ਛੁੱਟ
10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ
ਵਿਆਹ ਸਮਾਗਮ ਅਤੇ ਅੰਤਿਮ ਸੰਸਕਾਰ ਦੌਰਾਨ ਇਕੱਠ ਨੂੰ 20 ਵਿਅਕਤੀਆਂ ਤੱਕ ਕੀਤਾ ਸੀਮਿਤ
ਵਿਦੇਸ਼ੀ ਯਾਤਰਾਂ ਤੋਂ ਪਰਤੇ ਲੋਕਾਂ ਲਈ ਘਰ ਵਿੱਚ ਅਲੱਗ ਰਹਿਣਾ ਲਾਜ਼ਮੀ
ਚੰਡੀਗੜ, (ਅਸ਼ਵਨੀ ਚਾਵਲਾ)। ਕਰੋਨਾ ਵਾਇਰਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸਰਕਾਰ ਅਤੇ ਪ੍ਰਾਈਵੇਟ ਬੱਸਾਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਇਸ ਨਾਲ ਹੀ ਸੜਕਾਂ ‘ਤੇ ਹੁਣ ਬੱਸਾਂ ਨਹੀਂ ਦੌੜਗੀਆਂ ਅਤੇ ਬੱਸ ਅੱਡੇ ‘ਤੇ ਤਾਲੇ ਜੜ ਦਿੱਤੇ ਜਾਣਗੇ। ਆਮ ਲੋਕਾਂ ਜਿਹੜੇ ਆਪਣੇ ਘਰਾਂ ਤੋਂ ਬਾਹਰ ਕਿਥੇ ਵੀ ਗਏ ਹੋਏ ਹਨ, ਉਨਾਂ ਦੀ ਵਾਪਸੀ ਨੂੰ ਦੇਖਦੇ ਹੋਏ 20 ਮਾਰਚ ਅੱਧੀ ਰਾਤ ਤੱਕ ਬੱਸਾ ਚਲਣਗੀਆ, ਇਸ ਤੋਂ ਬਾਅਦ ਇਨਾਂ ਬੱਸਾ ਨੂੰ ਬੰਦ ਕਰ ਦਿੱਤਾ ਜਾਏਗਾ।
ਇਸੇ ਤਰ੍ਹਾਂ ਪ੍ਰਾਈਵੇਟ ਟੈਕਸੀ, ਜਿਸ ਵਿੱਚ ਸਿਰਫ਼ ਇੱਕੋਂ ਹੀ ਪਰਿਵਾਰ ਦੇ ਮੈਂਬਰ ਸਫ਼ਰ ਕਰਨ ਜਾਂ ਫਿਰ ਸਾਇਕਲ ਰਿਕਸ਼ਾ ਨੂੰ ਹੀ ਚਲਣ ਦੀ ਇਜ਼ਾਜਤ ਦਿੱਤੀ ਗਈ ਹੈ, ਜਦੋਂ ਕਿ ਆਟੋ ਰਿਕਸ਼ਾ ‘ਤੇ ਪਾਬੰਦੀ ਰਹੇਗੀ। ਇਸ ਨਾਲ ਹੀ ਹੁਣ ਹਸਪਤਾਲਾਂ ਵਿੱਚ ਰੋਜ਼ਾਨਾ ਓ.ਪੀ.ਡੀ. ਨਹੀਂ ਹੋਵੇਗੀ ਅਤੇ ਰੂਟੀਨ ਚੈਕਅਪ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।
ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ, ਐਸਐਸਪੀਜ਼, ਸੀਐਮਓਜ਼, ਐਸਐਮਓਜ਼ ਨੂੰ ਸਟੇਸ਼ਨ ਨਾ ਛੱਡਣ ਹਦਾਇਤ ਕੀਤੀ ਗਈ ਹੈ। ਇਥੇ ਹੀ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਰੀਆਂ ਬੋਰਡ ਪ੍ਰੀਖਿਆਵਾਂ ਨੂੰ 31 ਮਾਰਚ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸਰਕਾਰੀ ਦਫਤਰਾਂ ਵਿੱਚ ਸਾਰੇ ਪ੍ਰਕਾਰ ਦੀਆਂ ‘ਪਬਲਿਕ ਡਿਲਿੰਗ’ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸੂਬੇ ਵਿੱਚ ਸ਼ੱਕੀ ਮਾਮਲਿਆਂ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ, ਮੰਤਰੀ ਸਮੂਹ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਇਹ ਮੀਟਿੰਗ ਕੀਤੀ। ਉਨਾਂ ਕਿਹਾ ਕਿ ਮੰਤਰੀ ਸਮੂਹ ਨੇ ਫੈਸਲਾ ਲਿਆ ਕਿ ਲੋਕਾਂ ਨੂੰ ਐਡਵਾਈਜ਼ਰੀ ਜਾਰੀ ਕਰਨ ਦਾ ਸਮਾਂ ਲੰਘ ਚੁੱਕਾ ਹੈ ਅਤੇ ਹੁਣ ਸਖ਼ਤ ਕਦਮ ਚੁੱਕਣ ਦਾ ਸਮਾਂ ਹੈ।
ਮੰਤਰੀ ਸਮੂਹ ਨੇ ਫੈਸਲਾ ਕੀਤਾ ਕਿ ਲੋਕਾਂ ਨੂੰ ਬਿਨਾਂ ਕਿਸੇ ਐਮਰਜੈਂਸੀ ਤੋਂ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਣਾ ਸਖ਼ਤ ਜ਼ਰੂਰੀ ਹੈ। ਇਸ ਲਈ ਮੰਤਰੀ ਸਮੂਹ ਨੇ 20 ਮਾਰਚ ਦੀ ਅੱਧੀ ਰਾਤ ਤੋਂ ਸਾਰੇ ਸਰਕਾਰੀ ਟਰਾਂਸਪੋਰਟ ਦੀ ਆਵਾਜਾਈ (ਸਰਕਾਰੀ ਤੇ ਪ੍ਰਾਈਵੇਟ ਬੱਸਾਂ) ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ ਪਰ ਟੈਕਸੀ ਅਤੇ ਸਾਇਕਲ ਰਿਕਸ਼ਾ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਗਈ ਹੈ।
ਮੰਤਰੀ ਸਮੂਹ ਵੱਲੋਂ ਇਕ ਹੋਰ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਜਿਸ ਵਿੱਚ ਵੱਖ-ਵੱਖ ਸਰਕਾਰੀ/ਪ੍ਰਾਈਵੇਟ ਹਸਪਤਾਲਾਂ ਅਤੇ ਮੈਡੀਕਲ ਅਦਾਰਿਆਂ ਵਿਚ ਨਿਰਧਾਰਤ ਆਈਸੋਲੇਸ਼ਨ ਵਾਰਡਾਂ ਦੀ ਗਿਣਤੀ ਵਿੱਚ ਵਾਧਾ ਕਰਨਾ ਅਤੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ ਦੀ ਉਪਲਬਧਤਾ ਅਤੇ ਦਵਾਈਆਂ ਦੇ ਢੁਕਵੇਂ ਸਟਾਕ ਦੀ ਉਪਲੱਬਧਤਾ ਨੂੰ ਯਕੀਨੀ ਬਣਾ ਕੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨਾ ਸ਼ਾਮਲ ਹੈ।
ਇਸੇ ਮੰਤਰੀ ਸਮੂਹ ਨੇ ਸਾਰੇ ਡੈਂਟਲ ਕਾਲਜਾਂ ਅਤੇ ਹਸਪਤਾਲਾਂ ਨੂੰ 31 ਮਾਰਚ ਤੱਕ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮੈਡੀਕਲ ਕਾਲਜਾਂ ਵਿੱਚ ਪਹਿਲੇ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ ਜਦਕਿ ਤੀਜੇ ਅਤੇ ਚੌਥੇ ਸਾਲ ਦੀਆਂ ਕਲਾਸਾਂ ਜਾਰੀ ਰੱਖੀਆਂ ਜਾਣਗੀਆ।
ਇਸੇ ਤਰਾਂ ਨਰਸਿੰਗ ਕਾਲਜਾਂ ਵਿੱਚ ਪਹਿਲੇ ਸਾਲ ਦੇ ਵਿਦਿਆਰਥੀਆਂ ਦੀਆਂ ਕਲਾਸਾਂ 31 ਮਾਰਚ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ ਪਰ ਦੂਜੇ ਸਾਲ ਤੋਂ ਨਰਸਿੰਗ ਵਿਦਿਆਰਥੀਆਂ ਦੀਆਂ ਕਲਾਸਾਂ ਜਾਰੀ ਰੱਖੀਆਂ ਜਾਣਗੀਆਂ। ਵਿੱਚ ਮੈਡੀਕਲ ਕਾਲਜਾਂ ਦੇ ਤੀਜੇ ਅਤੇ ਚੌਥੇ ਸਾਲ ਦੇ ਵਿਦਿਆਰਥੀਆਂ ਨੂੰ ਕੋਵਿਡ-19 ਦੇ ਪੀੜਤਾਂ ਦੀ ਦੇਖ-ਭਾਲ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਮੰਤਰੀ ਨੇ ਕਿਹਾ ਕਿ ਮੰਤਰੀ ਸਮੂਹ ਨੇ ਵਿਆਹ ਅਤੇ ਅੰਤਿਮ ਸੰਸਕਾਰ ਵਰਗੇ ਕਿਸੇ ਵੀ ਸਮਾਗਮ ਲਈ ਇਕੱਠ ਨੂੰ 20 ਵਿਅਕਤੀਆਂ ਤੱਕ ਦੇ ਸੀਮਤ ਕਰਨ ਦਾ ਫੈਸਲਾ ਕੀਤਾ ਹੈ।
ਅਜਿਹੇ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਹੈਂਡ ਵਾਸ਼ਿੰਗ ਪ੍ਰੋਟੋਕੋਲ ਦੀ ਪਾਲਣਾ ਕਰਨ ਅਤੇ ਢੁਕਵੀਂ ਸਫਾਈ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਸੀ.ਬੀ.ਐਸ.ਸੀ. ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਦੇਖਦਿਆਂ ਮੰਤਰੀ ਸਮੂਹ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਰੀਆਂ ਬੋਰਡ ਪ੍ਰੀਖਿਆਵਾਂ 31 ਮਾਰਚ ਤੱਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ
ਮੰਤਰੀ ਸਮੂਹ ਨੇ ਸਾਰੇ ਪ੍ਰਵਾਸੀ ਭਾਰਤੀਆਂ ਅਤੇ ਪਿਛਲੇ 15 ਦਿਨਾਂ ਦੌਰਾਨ ਕਿਸੇ ਵੀ ਦੇਸ਼ ਤੋਂ ਪਰਤੇ ਯਾਤਰੀਆਂ ਲਈ 14 ਦਿਨਾਂ ਤੱਕ ਆਪਣੇ ਘਰਾਂ ਵਿਚ ਅਲੱਗ ਰਹਿਣ ਸਬੰਧੀ ਹੋਮ ਕੁਆਰੰਟੀਨ ਪ੍ਰੋਟੋਕੋਲ ਨੂੰ ਸਖਤੀ ਨਾਲ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਅਜਿਹੇ ਸਾਰੇ ਪ੍ਰਵਾਸੀ ਭਾਰਤੀਆਂ ਅਤੇ ਯਾਤਰੀਆਂ ‘ਤੇ ਅਮਿੱਟ ਸਿਆਹੀ ਨਾਲ ਲਾਜ਼ਮੀ ਮੋਹਰ ਲਗਾਉਣ ਦਾ ਵੀ ਫੈਸਲਾ ਲਿਆ ਗਿਆ ਹੈ ਤਾਂ ਜੋ ਬਾਹਰ ਨਿਕਲਣ ਦੀ ਸੂਰਤ ਵਿੱਚ ਉਨਾਂ ਦੀ ਪਛਾਣ ਕੀਤੀ ਜਾ ਸਕੇ ਸੂਬਾ ਸਰਕਾਰ ਨੇ ਸੂਬੇ ਦੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਪ੍ਰਵਾਸੀ ਭਾਰਤੀ ਅਤੇ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਨਜ਼ਰ ਰੱਖਣ ਅਤੇ ਉਨਾਂ ਬਾਰੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰਨ ਤਾਂ ਜੋ ਲੋਕਾਂ ਦੀ ਸੁਰੱਖਿਆ ਹਿੱਤ ਉਹਨਾਂ ਨੂੰ ਨਿਗਰਾਨੀ ਹੇਠ ਰੱਖਿਆ ਜਾ ਸਕੇ
ਮੀਟਿੰਗ ਦੌਰਾਨ ਮੰਤਰੀ ਸਮੂਹ ਦੇ ਮੈਂਬਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ ਅਤੇ ਭਾਰਤ ਭੂਸ਼ਣ ਆਸ਼ੂ ਅਤੇ ਸਾਰੇ ਕੈਬਨਿਟ ਮੰਤਰੀਆਂ ਦੇ ਨਾਲ ਨਾਲ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਆਰੀ ਹਾਜਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।