ਖੇਤੀਬਾੜੀ ਵਿਭਾਗ ਨਾਲ ਮੰਡੀ ਬੋਰਡ, ਬਾਗਵਾਨੀ ਅਤੇ ਭੂਮੀ ਰੱਖਿਆ ਵਿਭਾਗ ਲਗਾਇਆ
ਪੰਜਾਬ ਅੰਦਰ 12 ਲੱਖ ਹੈਕਟੇਅਰ ਰਕਬੇ ਅੰਦਰ ਸਿੱਧੀ ਬਿਜਾਈ ਦਾ ਟੀਚਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਅੰਦਰ ਡੂੰਘੇ ਹੋ ਰਹੇ ਪਾਣੀ ਕਾਰਨ ਮਾਨ ਸਰਕਾਰ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਪੂਰੀ ਤਰ੍ਹਾਂ ਪੱਬਾਂ ਭਾਰ ਹੈ। ਇਸ ਵਾਰ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਅੰਦਰ ਸਿੱਧੀ ਬਿਜਾਈ ਹੇਠ 12 ਲੱਖ ਹੈਕਟੇਅਰ ਰਕਬੇ ਦਾ ਟੀਚਾ ਮਿਥਿਆ ਗਿਆ ਹੈ। ਖੇਤੀਬਾੜੀ ਵਿਭਾਗ ਦੇ ਨਾਲ ਹੀ ਤਿੰਨ ਹੋਰ ਵਿਭਾਗਾਂ ਦੇ ਮੁਲਾਜ਼ਮ ਵੀ ਜੋੜ ਦਿੱਤੇ ਗਏ ਹਨ , ਜੋ ਕਿ ਪੰਜਾਬ ਦੇ ਪਿੰਡ-ਪਿੰਡ ਜਾਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨ ਦੇ ਨਾਲ ਹੀ ਤਕਨੀਕੀ ਤੌਰ ’ਤੇ ਵੀ ਜਾਣਕਾਰੀ ਦੇਣਗੇ। ਇਸ ਵਾਰ ਪੰਜਾਬ ਦੇ ਹਰ ਜ਼ਿਲ੍ਹੇ ਹੇਠ ਸਿੱਧੀ ਬਿਜਾਈ ਲਈ ਰਕਬਾ ਵਧਾਉਣ ਲਈ ਵੱਡੇ ਟਾਰਗੇਟ ਲਏ ਗਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਅੰਦਰ ਲਗਾਤਾਰ ਡੂੰਘੇ ਹੋ ਰਹੇ ਪਾਣੀ ਦਾ ਲੈਵਲ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਾਣੀ ਨੂੰ ਬਚਾਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੀ ਤਰ੍ਹਾਂ ਦ੍ਰਿੜ ਦਿਖਾਈ ਦੇ ਰਹੇ ਹਨ, ਜਿਸ ਕਾਰਨ ਹੀ ਉਨ੍ਹਾਂ ਵੱਲੋਂ ਇਸ ਵਾਰ ਪੰਜਾਬ ਅੰਦਰ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਪਿਛਲੀ ਵਾਰ ਸਿੱਧੀ ਬਿਜਾਈ ਹੇਠ ਝੋਨੇ ਦਾ 6 ਲੱਖ ਹੈਕਟੇਅਰ ਰਕਬਾ ਸੀ, ਜਿਸ ਨੂੰ ਕਿ ਵਧਾ ਕੇ 12 ਲੱਖ ਹੈਕਟੇਅਰ ਦਾ ਟੀਚਾ ਰੱਖਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ 20 ਮਈ ਤੋਂ ਸਿੱਧੀ ਬਿਜਾਈ ਦਾ ਸਮਾਂ ਤਹਿ ਕੀਤਾ ਗਿਆ ਹੈ। ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਸਰਕਾਰ ਵੱਲੋਂ ਖੇਤੀਬਾੜੀ ਵਿਭਾਗ ਦੇ ਨਾਲ ਹੀ ਮੰਡੀ ਬੋਰਡ, ਬਾਗਬਾਨੀ ਵਿਭਾਗ ਅਤੇ ਭੂਮੀ ਰੱਖਿਆ ਵਿਭਾਗ ਦੇ ਮੁਲਾਜ਼ਮ ਵੀ ਜੋੜ ਦਿੱਤੇ ਗਏ ਹਨ। ਪੰਜਾਬ ਅੰਦਰ ਇਨ੍ਹਾਂ ਵਿਭਾਗਾਂ ਦੇ 3 ਤੋਂ 4 ਹਜਾਰ ਦੇ ਕਰੀਬ ਮੁਲਾਜ਼ਮ ਪਿੰਡਾਂ ਅੰਦਰ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨਗੇ। ਇਨ੍ਹਾਂ ਮੁਲਾਜ਼ਮਾਂ ਦੀ ਬਕਾਇਦਾ ਟ੍ਰੇਨਿੰਗ ਵੀ ਹੋਵੇਗੀ ਅਤੇ ਸਿੱਧੀ ਬਿਜਾਈ ਸਬੰਧੀ ਇਨ੍ਹਾਂ ਨੂੰ ਹਰ ਨੁਕਤੇ ਸਬੰਧੀ ਤਕਨੀਕੀ ਤੌਰ ’ਤੇ ਜਾਣਕਾਰੀ ਵੀ ਦਿੱਤੀ ਜਾਵੇਗੀ ਤਾਂ ਜੋ ਅੱਗੇ ਪਿੰਡਾਂ ਦੇ ਕਿਸਾਨਾਂ ਨੂੰ ਪ੍ਰੇਰਿਤ ਕਰਨ ਦੇ ਨਾਲ ਹੀ ਤਕਨੀਕੀ ਪੱਖੋਂ ਗਿਆਨ ਦੇ ਕੇ ਸਿੱਧੀ ਬਿਜਾਈ ਨੂੰ ਸਫ਼ਲ ਬਣਾ ਸਕਣ।
ਪਤਾ ਲੱਗਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੂੰ ਕੁਝ-ਕੁਝ ਪਿੰਡ ਵੰਡੇ ਜਾਣਗੇ, ਜਿੱਥੇ ਇਨ੍ਹਾਂ ਵੱਲੋਂ ਹਰ ਪਿੰਡ ’ਤੇ ਆਪਣਾ ਫੋਕਸ ਕੀਤਾ ਜਾਵੇਗਾ। ਖੇਤੀਬਾੜੀ ਅਧਿਕਾਰੀਆਂ ਅਨੁਸਾਰ ਸਿੱਧੀ ਬਿਜਾਈ ਲਈ ਜ਼ਮੀਨ ਬੱਤਰ ਹੋਣੀ ਚਾਹੀਦੀ ਹੈ ਕਿ ਨਾ ਕਿ ਸੁੱਕੀ ਜ਼ਮੀਨ ਵਿੱਚ ਬਿਜਾਈ ਕਰਨੀ ਚਾਹੀਦੀ ਹੈ। ਸਿੱਧੀ ਬਿਜਾਈ ਭਾਰੀ ਜ਼ਮੀਨ ’ਤੇ ਕਾਮਯਾਬ ਹੈ ਅਤੇ ਰੇਤਲੇ ਇਲਾਕਿਆਂ ਵਿੱਚ ਇਹ ਬਿਜਾਈ ਲਾਭਦਾਇਕ ਨਹੀਂ ਹੈ। ਸਿੱਧੀ ਬਿਜਾਈ ਵਾਲੇ ਬੀਜ ਨੂੰ 24 ਘੰਟੇ ਪਹਿਲਾ ਪਾਣੀ ’ਚ ਭਿਆਉਣਾ ਚਾਹੀਦਾ ਹੈ ਤਾਂ ਜੋ ਇਸਦੀ ਉੱਗਣ ਵਾਲੀ ਪ੍ਰਕਿਰਿਆ ਸ਼ੁਰੂ ਹੋ ਜਾਵੇ।
ਕਿਸਾਨਾਂ ਨੂੰ ਹਰ ਜਾਣਕਾਰੀ ਹੋਵੇਗੀ ਮੁਹੱਈਆ : ਡਾਇਰੈਕਟਰ ਗੁਰਵਿੰਦਰ ਸਿੰਘ
ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਿੱਧੀ ਬਿਜਾਈ ਲਈ ਪੂਰੀ ਤਰ੍ਹਾਂ ਦਿ੍ਰੜ ਹੈ। ਉਨ੍ਹਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਪੋਰਟਲ ਬਣਾਇਆ ਗਿਆ ਹੈ ਅਤੇ ਸਿੱਧੀ ਬਿਜਾਈ ਸਬੰਧੀ ਕਿਸਾਨ ਖੇਤੀਬਾੜੀ ਦਫ਼ਤਰਾਂ ’ਚ ਸੰਪਰਕ ਕਰਕੇ ਰਜਿਸ਼ਟਰੇਸ਼ਨ ਕਰਵਾ ਸਕਦੇ ਹਨ। ਉਂਜ ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਨੂੰ ਅਖ਼ਬਾਰਾਂ ਜਰੀਏ ਵੀ ਜਾਣਕਾਰੀ ਅਗਲੇ ਦਿਨਾਂ ਵਿੱਚ ਦੇ ਦਿੱਤੀ ਜਾਵੇਗੀ। ਉਨ੍ਹਾਂ ਪੁਸਟੀ ਕੀਤੀ ਕਿ ਖੇਤੀਬਾੜੀ ਵਿਭਾਗ ਤੋਂ ਇਲਾਵਾ ਮੰਡੀ ਬੋਰਡ, ਬਾਗਵਾਨੀ ਅਤੇ ਭੁੂਮੀ ਰੱਖਿਆ ਵਿਭਾਗ ਦੇ ਲਗਭਗ 4 ਹਜਾਰ ਕਰਮਚਾਰੀ ਪਿੰਡਾਂ ਵਿੱਚ ਪੁੱਜਣਗੇ ਅਤੇ ਕਿਸਾਨਾਂ ਨੂੰ ਹਰ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 12 ਲੱਖ ਹੈਕਟੇਅਰ ਟੀਚੇ ਤੱਕ ਪੁੱਜਣ ਲਈ ਪੂਰਾ ਜੋਰ ਲਾਇਆ ਜਾਵੇਗਾ।
ਜ਼ਿਲ੍ਹੇ ਅੰਦਰ 70 ਹਜਾਰ ਹੈਕਟੇਅਰ ਦਾ ਟੀਚਾ : ਡਾ. ਜਸਵੰਤ ਰਾਏ
ਪਟਿਆਲਾ ਜ਼ਿਲ੍ਹੇ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 70 ਹਜਾਰ ਹੈਕਟੇਅਰ ਰਕਬੇ ਹੇਠ ਸਿੱਧੀ ਬਿਜਾਈ ਦਾ ਟੀਚਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਸਿੱਧੀ ਬਿਜਾਈ ਸਬੰਧੀ ਤਕਨੀਕੀ ਤੌਰ ’ਤੇ ਜਾਣਕਾਰੀ ਜ਼ਰੂਰੀ ਹੈ। ਪਟਿਆਲਾ ਜ਼ਿਲ੍ਹੇ ਅੰਦਰ ਰਾਜਪੁਰਾ ਅਤੇ ਪਾਤੜਾਂ ਵਾਲਾ ਇਲਾਕਾ ਥੋੜ੍ਹਾ ਰੇਤਲਾ ਹੈ ਅਤੇ ਸਿੱਧੀ ਬਿਜਾਈ ਲਈ ਭਾਰੀ ਜ਼ਮੀਨ ਕਾਮਯਾਬ ਹੈ। ਉਨ੍ਹਾਂ ਕਿਹਾ ਕਿ ਨਦੀਨਨਾਸ਼ਕਾਂ ਲਈ ਤਾਂ ਹੁਣ ਬਹੁਤ ਚੰਗੀਆਂ ਦਵਾਈਆਂ ਹਨ, ਪਰ ਇਸ ਸਬੰਧੀ ਜਾਗਰੂਕਤਾਂ ਵਧੇਰੇ ਜ਼ਰੂਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ