ਸਰਕਾਰੀ ਤੇ ਅਰਧ ਸਰਕਾਰੀ ਕਰਮਚਾਰੀਆਂ ਸਾੜੀ ਪੰਜਾਬ ਸਰਕਾਰ ਦੀ ਅਰਥੀ

Protest Sachkahoon

ਰੈਲੀ, ਮੁਜਾਹਰੇ ਤੇ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ, ਮੁੱਖ ਸਕੱਤਰ ਦੇ ਨਾਮ ਸੌਂਪੇ ਯਾਦ ਪੱਤਰ

17 ਨੂੰ ਬਠਿੰਡਾ, 25 ਨੂੰ ਮੋਰਿੰਡਾ ਵਿਖੇ ਕੀਤੀ ਜਾਵੇਗੀ ਰੈਲੀ ਤੇ ਮੁਜਾਹਰਾ : ਆਗੂ

(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬ ਦੇ ਸਰਕਾਰੀ ਤੇ ਅਰਧ ਸਰਕਾਰੀ ਵਿਭਾਗ ਦੇ ਚੌਥਾ ਦਰਜਾ ਕਰਮਚਾਰੀਆਂ ਵੱਲੋਂ ਸ਼ੁਰੂ ਕੀਤੀ ਜਿਲ੍ਹਾ ਸਦਰ ਮੁਕਾਮਾਂ ’ਤੇ 24 ਘੰਟਿਆਂ ਦੀ ਭੁੱਖ ਹੜਤਾਲ ਪੰਜਾਬ ਸਰਕਾਰ ਦੀ ਅਰਥੀਆਂ ਸਾੜ ਕੇ ਖਤਮ ਕੀਤੀ ਗਈ। ਇਸ ਮੌਕੇ ਰੈਲੀ, ਮੁਜਾਹਰੇ ਤੇ ਮਾਰਚ ਕੀਤੇ ਗਏ ਅਤੇ ਆਪਣੀਆਂ ਮੰਗਾਂ ਦੇ ਮੈਮੋਰੰਡਮ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੁੱਖ ਸਕੱਤਰ ਅਨਿਰੁੱਧ ਤਿਵਾੜੀ ਦੇ ਨਾਮ ਤੇ ਯਾਦ ਪੱਤਰ ਵਜੋਂ ਸੌਂਪੇ ਗਏ ਅਤੇ ਐਲਾਨ ਕੀਤਾ ਗਿਆ ਕਿ 17 ਨਵੰਬਰ ਨੂੰ ਵਿੱਤ ਮੰਤਰੀ ਨੂੰ ਯਾਦ ਪੱਤਰ ਦੇਣ ਲਈ ਇਨ੍ਹਾਂ ਦੇ ਵਿਧਾਨ ਸਭਾ ਹਲਕਾ ਬਠਿੰਡਾ ਵਿਖੇ ਜੋਨਲ ਰੈਲੀ ਤੇ ਮੁਜਾਹਰਾ ਕੀਤਾ ਜਾਵੇਗਾ ਤੇ 25 ਨਵੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਮੋਰਿੰਡਾ ਵਿਖੇ ਰੈਲੀ ਤੇ ਮੁਜਾਹਰਾ ਕਰਕੇ ਵਿਧਾਨਕਾਰ ਡਿਪਟੀ ਮੁੱਖ ਮੰਤਰੀ ਤੇ ਮੰਤਰੀਆਂ ਦੇ ਵਿਧਾਨ ਸਭਾ ਹਲਕਿਆਂ ਵਿੱਚ ਝੰਡਾ ਮਾਰਚ ਕਰਨ ਦੀਆਂ ਮਿਤੀਆਂ ਦਾ ਐਲਾਨ ਕੀਤਾ ਜਾਵੇਗਾ।

ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੈਬਨਿਟ ਮੰਤਰੀ ਹੁੰਦਿਆਂ 27 ਮਈ 2021 ਨੂੰ ਮੀਡੀਆ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਸੀ ਕਿ ਸਰਕਾਰ ਸਫਾਈ ਸੇਵਕਾਂ, ਸੀਵਰਮੈਨਾਂ, ਕੱਚੇ ਕਰਮੀਆਂ ਅਤੇ ਚੌਥਾ ਦਰਜਾ ਮੁਲਾਜਮਾਂ ਨਾਲ ਬੇਇਨਸਾਫੀ ਕਰ ਰਹੀ ਹੈ, ਮੈਂ ਇਸ ਦਾ ਵਿਰੋਧ ਕਰਦਾ ਹਾਂ ਅਤੇ ਇਨ੍ਹਾਂ ਦੀ ਹਮਾਇਤ ਕਰਦਾ ਹਾਂ ਪਰੰਤੂ ਹੁਣ ਉਹ ਆਪਣੇ ਬਿਆਨਾਂ ਨੂੰ ਭੁੱਲ ਗਏ ਹਨ ਤੇ ਇਸ ਵੇਲੇ ਸਭ ਤੋਂ ਵੱਧ ਬੇ-ਇਨਸਾਫੀ ਚੰਨੀ ਸਰਕਾਰ ਕਰ ਰਹੀ ਹੈ, ‘ਰੈਗੂਲਰਾਈਜੇਸ਼ਨ ਐਕਟ 2021’ ਵਿੱਚ ਬੇਇਨਸਾਫੀ ਕੀਤੀ ਗਈ ਹੈ। ਸਮੁੱਚੇ ਆਊਟ ਸੋਰਸ ਤੇ ਪਾਰਟ ਟਾਈਮ ਕਰਮਚਾਰੀਆਂ ਨੂੰ ਇਸ ਕਾਨੂੰਨ ਵਿੱਚੋਂ ਬਾਹਰ ਕੱਢ ਦਿੱਤਾ ਹੈ ਅਤੇ ਇਹ ਨਵਾਂ ਕਾਨੂੰਨ ਬੋਰਡਾਂ, ਕਾਰਪੋਰੇਸ਼ਨ, ਨਗਰ ਨਿਗਮ ਅਤੇ ਨਿਗਰ ਕੌਂਸਲਾਂ ਸਮੇਤ ਨਗਰ ਪਰਿਸ਼ਦਾਂ ਤੇ ਲਾਗੂ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨੌਕਰੀਆਂ ਤੋਂ ਫਾਰਗ ਕੀਤੇ ‘ਕੋਰੋਨਾ ਯੋਧਿਆਂ’ ਨੂੰ ਕੰਮਾਂ ’ਤੇ ਵਾਪਸ ਨਹੀਂ ਲਿਆ ਜਦੋਂ ਕਿ ਪੰਜ ਵਾਰ ਮਾਮਲੇ ਮੁੱਖ ਮੰਤਰੀ ਤੇ ਮੰਤਰੀ ਦੇ ਧਿਆਨ ਵਿੱਚ ਲਿਆਂਦੇ ਗਏ। ਪੁਨਰਗਠਨ ਦੌਰਾਨ ਖਤਮ ਕੀਤੀਆਂ ਚੌਥਾ ਦਰਜਾ ਕਰਮਚਾਰੀਆਂ ਦੀਆਂ ਅਸਾਮੀਆਂ ਬਹਾਲ ਨਹੀਂ ਕੀਤੀਆਂ ਅਤੇ ਨਾ ਹੀ ‘ਡਾਇੰਗ ਕੇਡਰ’ ਪਈਆਂ ਅਸਾਮੀਆਂ ਨੂੰ ਬਹਾਲ ਕੀਤਾ ਅਤੇ ਨਾ ਹੀ ਮੋਦੀ ਸਰਕਾਰ ਪੈਟਰਨ ’ਤੇ ਸਥਾਪਤ ਕੀਤਾ ਨਵਾਂ ਅਹੁੱਦਾ ‘ਮਲਟੀਟਾਸਕ ਸਟਾਫ’ (ਆਊਟ ਸੋਰਸ) ਖਤਮ ਕੀਤਾ ਹੈ। ਉਨ੍ਹਾਂ ਕਿਹਾ ਕਿ ਚੌਥਾ ਦਰਜਾ ਮੁਲਾਜਮਾਂ ਦੀ ਨਵੀਂ ਭਰਤੀ ਕਰਨ ਦਾ ਪੱਤਰ 18 ਸਤੰਬਰ ਨੂੰ ਜਾਰੀ ਹੋਇਆ ਸੀ, ਵੀ ਬੁਝਾਰਤ ਬਣ ਕੇ ਰਹਿ ਗਿਆ ਹੈ। ਇਸ ਤਰ੍ਹਾਂ ਤਨਖਾਹ ਸੋਧਣ ਵਿੱਚ ਵੀ ਚੌਥਾ ਦਰਜਾ ਮੁਲਾਜਮਾਂ ਨਾਲ ਇਨਸਾਫ ਨਹੀਂ ਕੀਤਾ ਗਿਆ ਆਦਿ ਇਸ਼ੂ ਲਮਕਾ ਅਵਸਥਾ ਵਿੱਚ ਪਏ ਹਨ।

ਇਸੇ ਲੜੀ ਤਹਿਤ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਭੁੱਖ ਹੜਤਾਲੀ ਕੈਂਪ ਅੱਗੇ ਰੈਲੀ ਕਰਨ ਉਪਰੰਤ ਸਮੁੱਚੇ ਇਕੱਤਰ ਮੁਲਾਜਮਾਂ ਨੇ ਜਿਸ ਵਿੱਚ ਔਰਤ ਮੁਲਾਜਮਾਂ ਤੇ ਕੋਰੋਨਾ ਯੋਧੇ ਵੀ ਸ਼ਾਮਲ ਸੀ, ਪੰਜਾਬ ਸਰਕਾਰ ਦੀ ਅਰਥੀ ਚੁੱਕ ਕੇ ਪਟਿਆਲਾ-ਨਾਭਾ ਰੋਡ ’ਤੇ ਪਹੁੰਚ ਕੇ ਆਵਾਜਾਈ ਨੂੰ ਠੱਪ ਕਰਕੇ ਜੋਰਦਾਰ ਪਿੱਟ ਸਿਆਪਾ ਕੀਤਾ ਅਤੇ ਮੰਗਾਂ ਦਾ ਯਾਦ ਪੱਤਰ ਡਿਪਟੀ ਕਮਿਸ਼ਨਰ ਦਫਤਰ ਦੇ ਤਹਿਸੀਲਦਾਰ ਨੂੰ ਮੇਨ ਗੇਟ ’ਤੇ ਪਹੁੰਚ ਕੇ ਰੈਲੀ ਕਰਕੇ ਸੌਂਪਿਆ ਗਿਆ। ਇਨ੍ਹਾਂ ਆਗੂਆਂ ਨੇ ਘੱਟੋ ਘੱਟ ਉਜਰਤਾਂ ਵਿੱਚ ਵਾਧੇ ਨੂੰ ਨਿਗੂਣਾ ਦੱਸਿਆ ਅਤੇ ਇਹ ਉਜਰਤਾਂ 21000 ਰੁਪਏ ਕਰਨ ਦੀ ਮੰਗ ਕੀਤੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ