ਸਾਡੇ ਨਾਲ ਸ਼ਾਮਲ

Follow us

13.8 C
Chandigarh
Sunday, February 1, 2026
More
    Home ਵਿਚਾਰ ਲੇਖ ਵਿਦਿਆਰਥੀਆਂ ਨੂ...

    ਵਿਦਿਆਰਥੀਆਂ ਨੂੰ ਪੰਜਾਬੀ ਨਾਲ ਜੋੜਨ ਦਾ ਚੰਗਾ ਉਪਰਾਲਾ

    GoodWay, Connecting, Students, Punjabi

    ਬਿੰਦਰ ਸਿੰਘ ਖੁੱਡੀ ਕਲਾਂ

    ਸੂਬੇ ਦਾ ਸਿੱਖਿਆ ਵਿਭਾਗ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ‘ਚ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦਾ। ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਇੱਕ ਬੂਟੇ ਵਾਂਗ ਜੜ੍ਹਾਂ ਨਾਲ ਜੁੜੇ ਰਹਿਣ ਤੋਂ ਬਿਨਾਂ ਵਿਦਿਆਰਥੀ ਦਾ ਵਿਕਾਸ ਵੀ ਵਿਰਸੇ ਨਾਲ ਜੁੜਨ ਤੋਂ ਬਿਨਾਂ ਮੁਸ਼ਕਲ ਹੀ ਨਹੀਂ ਅਸੰਭਵ ਹੈ। ਸਮੇਂ ਦੇ ਬਦਲਾਅ ਨਾਲ ਸਾਡੀ ਅਜੋਕੀ ਪੀੜ੍ਹੀ ਵਿਰਸੇ ਤੋਂ ਲਗਾਤਾਰ ਦੂਰ ਹੋ ਰਹੀ ਹੈ। ਵਿਰਾਸਤੀ ਸ਼ਬਦਾਂ ਦਾ ਪ੍ਰਚਲਨ ਇਸ ਹੱਦ ਤੱਕ ਘਟ ਰਿਹਾ ਹੈ ਕਿ ਬਹੁਗਿਣਤੀ ਸ਼ਬਦ ਅਲੋਪ ਹੋ ਗਏ ਹਨ ਤੇ ਕੁੱਝ ਹੋਣ ਕਿਨਾਰੇ ਹਨ। ਵਿਦਿਆਰਥੀਆਂ ਦੀ ਤਾਂ ਗੱਲ ਹੀ ਛੱਡੋ ਕਈ ਨਵੀਂ ਪੀੜ੍ਹੀ ਦੇ ਅਧਿਆਪਕ ਵੀ ਇਸ ਵਿਰਾਸਤੀ ਸ਼ਬਦ ਭੰਡਾਰ ਦੇ ਖਜ਼ਾਨੇ ਤੋਂ ਸੱਖਣੇ ਹਨ। ਵਿਭਾਗ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਸੱਭਿਆਚਾਰਕ ਸਾਂਝ ਨੂੰ ਗਹਿਰੀ ਕਰਨ ਲਈ ‘ਅੱਜ ਦਾ ਸ਼ਬਦ’ ਗਤੀਵਿਧੀ ਹੋਂਦ ਵਿੱਚ ਲਿਆਂਦੀ ਹੈ। ਇਸ ਤਹਿਤ ਵਿਦਿਆਰਥੀਆਂ ਦਾ ਵਿਰਾਸਤੀ ਸ਼ਬਦ ਭੰਡਾਰ ਅਮੀਰ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ ਹਨ।

    ਮੁੱਖ ਦਫਤਰ ਵੱਲੋਂ ਰੋਜ਼ਾਨਾ ਇੱਕ ਵਿਰਾਸਤੀ ਸ਼ਬਦ ਵਿਦਿਆਰਥੀਆਂ ਲਈ ਉਪਲੱਬਧ ਕਰਵਾਇਆ ਜਾਂਦਾ ਹੈ। ਇਸ ਸ਼ਬਦ ਦੀ ਪੁਰਾਤਨ ਜ਼ਿੰਦਗੀ ਵਿਚ ਅਹਿਮੀਅਤ ਤੋਂ ਲੈ ਕੇ ਇਸ ਦੇ ਇਸਤੇਮਾਲ ਤੱਕ ਦਾ ਸਾਰਾ ਇਤਿਹਾਸ ਵੀ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ। ਪਹਿਲੇ ਦਿਨ ਵਿਭਾਗ ਨੇ ਸ਼ਬਦ ‘ਉੱਖਲੀ’ ਵਿਦਿਆਰਥੀਆਂ ਦੇ ਇਸ ਤਰ੍ਹਾਂ ਰੂਬਰੂ ਕੀਤਾ ਕਿ ਇਹ ਸ਼ਬਦ ਜਿੰਦਗੀ ਭਰ ਲਈ ਵਿਦਿਆਰਥੀਆਂ ਦੇ ਚੇਤਿਆਂ ‘ਚ ਵੱਸਿਆ  ਰਹੇਗਾ। ‘ਉੱਖਲੀ’ ਦੇ ਨਾਲ ਹੀ ਜੁੜੇ ਸ਼ਬਦ ‘ਮੂਹਲੀ’ ਬਾਰੇ ਵੀ ਦੱਸਿਆ ਗਿਆ ਸੀ। ਪਹਿਲਾਂ ਤਾਂ ਸ਼ਬਦ ਕੋਸ਼ ਅਨੁਸਾਰ ਸ਼ਬਦੀ ਅਰਥਾਂ ਨਾਲ ਸਾਂਝ ਪੁਆਈ ਗਈ ਅਤੇ ਫਿਰ ਸੁੰਦਰ ਤਸਵੀਰ ਨਾਲ ‘ਉੱਖਲੀ ਅਤੇ ਮੂਹਲੀ’ ਤੋਂ ਜਾਣੂ ਕਰਵਾਇਆ ਗਿਆ ਸੀ। ਇਸ ਉੱਖਲੀ ਅਤੇ ਮੂਹਲੀ ਜਾਂ ਮੂਹਲੇ ਦੇ ਰੋਜ਼ਾਨਾ ਜਿੰਦਗੀ ‘ਚ ਇਸਤੇਮਾਲ ਬਾਰੇ ਵੀ ਦੱਸਿਆ ਗਿਆ ਸੀ ਕਿ ਕਿਵੇਂ ਪੁਰਾਤਨ ਸਮਿਆਂ ‘ਚ ਕਣਕ, ਬਾਜਰਾ, ਛੋਲੇ ਅਤੇ ਦਾਲਾਂ ਜਾਂ ਹੋਰ ਅਨਾਜ ਇਸ ਉੱਖਲੀ ‘ਚ ਪਾ ਕੇ ਮੂਹਲੇ ਨਾਲ ਕੁੱਟ ਕੇ ਬਾਰੀਕ ਕੀਤੇ ਜਾਂਦੇ ਸਨ। ਬੱਚੇ ਇਸ ਤਰ੍ਹਾਂ ਦੇ ਵਿਰਾਸਤੀ ਸ਼ਬਦਾਂ ਬਾਰੇ ਸੁਣ ਕੇ ਇਸ ਤਰ੍ਹਾਂ ਦੇ ਹਾਵ-ਭਾਵ ਪ੍ਰਗਟਾਉਂਦੇ ਹਨ ਜਿਵੇਂ ਉਹਨਾਂ ਨੂੰ ਕਿਸੇ ਹੋਰ ਦੁਨੀਆਂ ਦੇ ਸ਼ਬਦ ਦੱਸੇ ਜਾ ਰਹੇ ਹੋਣ।

    ਵਿਰਾਸਤੀ ਸ਼ਬਦਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਰੋਜ਼ਾਨਾ ਹੀ ਇੱਕ ਅੰਗਰੇਜੀ ਦੇ ਸ਼ਬਦ ਦੇ ਰੂਬਰੂ ਵੀ ਕਰਵਾਇਆ ਜਾਂਦਾ ਹੈ। ਅੰਗਰੇਜੀ ਦਾ ਇੱਕ ਸ਼ਬਦ ਰੋਜਾਨਾ ਭੇਜ ਕੇ ਉਸਦਾ ਸਹੀ ਉਚਾਰਨ ਅਤੇ ਸ਼ਬਦ ਦੇ ਜਨਮ ਤੱਕ ਦੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਜਾਂਦੀ ਹੈ। ਸ਼ਬਦ ਦੇ ਕਿਰਿਆ, ਨਾਂਵ ਜਾਂ ਹੋਰ ਰੂਪਾਂ ‘ਚ ਇਸਤੇਮਾਲ ਬਾਰੇ ਵੀ ਦੱਸਿਆ ਜਾਂਦਾ ਹੈ। ਭੇਜੇ ਸ਼ਬਦ ਦੇ ਨਾਲ ਦੇ ਹੋਰ ਸ਼ਬਦਾਂ ਬਾਬਤ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਕਹਿਣ ਨੂੰ ਕੁੱਝ ਕਹਿ ਲਿਆ ਜਾਵੇ ਪਰ ਵਿਦਿਆਰਥੀਆਂ ਦੀ ਸਫਲਤਾ ਦੇ ਪਰਾਂ ਨੂੰ ਉਡਾਨ ਦੇਣ ਲਈ ਅੰਗਰੇਜੀ ਦਾ ਆਪਣਾ ਹੀ ਮਹੱਤਵ ਹੈ। ਹੁਣ ਜਦੋਂ ਨੌਜਵਾਨਾਂ ‘ਚ ਪ੍ਰਵਾਸ ਦਾ ਰੁਝਾਨ ਵਧ ਰਿਹਾ ਹੈ ਤਾਂ ਅੰਗਰੇਜੀ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਅੰਗਰੇਜੀ ਦੇ ਇਸ ਵਧਦੇ ਮਹੱਤਵ ਦਾ ਲਾਹਾ ਹੀ ਨਿੱਜੀ ਸਕੂਲਾਂ ਨੇ ਬਾਖੂਬੀ ਖੱਟਿਆ ਹੈ। ਸਿੱਖਿਆ ਵਿਭਾਗ ਨੇ ਵੀ ਅੰਗਰੇਜੀ ਦੇ ਵਧਦੇ ਮਹੱਤਵ ਨੂੰ ਪਹਿਚਾਣਦਿਆਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜੀ ਵਿਸ਼ੇ ਦੀ ਮੁਹਾਰਤ ਪੱਖੋਂ ਉੱਚ ਪੱਧਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਖੜ੍ਹੇ ਕਰਨ ਦੀ ਧਾਰ ਲਈ ਹੈ।

    ਵਿਦਿਆਰਥੀਆਂ ‘ਚ ਅੰਗਰੇਜੀ ਬੋਲਣ ਦੀ ਮੁਹਾਰਤ ਪੈਦਾ ਕਰਨ ਲਈ ਸਕੂਲਾਂ ‘ਚ ਅੰਗਰੇਜੀ ਬੋਲਣ ਦੇ ਵਿਸ਼ੇਸ਼ ਅਭਿਆਸ ਕਰਵਾਏ ਜਾ ਰਹੇ ਹਨ। ਸਕੂਲਾਂ ‘ਚ ਅੰਗਰੇਜੀ ਕਲੱਬਾਂ ਦੀ ਸਥਾਪਨਾਂ ਤੋਂ ਲੈ ਕੇ ਅੰਗਰੇਜੀ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਵਿਦਿਆਰਥੀਆਂ ਵੱਲੋਂ ਸ਼ੁਰੂਆਤੀ ਦਿਨਾਂ ‘ਚ ਹੀ ਕਮਾਲ ਦਾ ਵਿਸ਼ਵਾਸ ਵਿਖਾਇਆ ਜਾ ਰਿਹਾ ਹੈ। ਅੰਗਰੇਜੀ ਬੋਲਦੇ ਵਿਦਿਆਰਥੀਆਂ ਨੂੰ ਵੇਖ ਕੇ ਯਕੀਨ ਨਹੀਂ ਆਉਂਦਾ ਕਿ ਇਹ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹਨ। ਵਿਭਾਗੀ ਹਦਾਇਤਾਂ ਅਨੁਸਾਰ ‘ਅੱਜ ਦਾ ਸ਼ਬਦ’ ਗਤੀਵਿਧੀ ਨੂੰ ਪ੍ਰਭਾਵੀ ਬਣਾਉਣ ਲਈ ਸਕੂਲ ਮੁਖੀ ਵੱਲੋਂ ਇਹ ਗਤੀਵਿਧੀ ਸਵੇਰ ਦੀ ਸਭਾ ਦੌਰਾਨ ਨੇਪਰੇ ਚਾੜ੍ਹੀ ਜਾਂਦੀ ਹੈ।

    ਵਿਦਿਆਰਥੀ ਰੋਜ਼ਾਨਾ ਸ਼ਬਦਾਂ ਨੂੰ ਧਿਆਨ ਨਾਲ ਸੁਣਨ ਤੋਂ ਇਲਾਵਾ ਸ਼ਬਦਾਂ ਨੂੰ ਕਾਪੀ ਵਿੱਚ ਨੋਟ ਵੀ ਕਰਦੇ ਹਨ। ਹੌਲੀ-ਹੌਲੀ ਵਿਦਿਆਰਥੀਆਂ ਕੋਲ ਵਿਰਾਸਤੀ ਅਤੇ ਅੰਗਰੇਜੀ ਸ਼ਬਦਾਂ ਦਾ ਇੱਕ ਅਮੀਰ ਸ਼ਬਦਕੋਸ਼ ਤਿਆਰ ਹੋ ਜਾਵੇਗਾ। ਚਾਹੀਦਾ ਤਾਂ ਇਹ ਹੈ ਕਿ ਸਕੂਲ ਮੁਖੀ ਤੇ ਸਮੂਹ ਸਟਾਫ ਵੀ ਇਹਨਾਂ ਸ਼ਬਦਾਂ ਨੂੰ ਆਪਣੀ ਡਾਇਰੀ ‘ਚ ਨੋਟ ਕਰੇ ਤਾਂ ਕਿ ਭਵਿੱਖ ‘ਚ ਇਹਨਾਂ ਸ਼ਬਦਾਂ ਦਾ ਮੁੜ ਤੋਂ ਆਸਾਨੀ ਨਾਲ ਇਸਤੇਮਾਲ ਕੀਤਾ ਜਾ ਸਕੇ। ਹੁਣ ਜਦੋਂ ਕਈ ਨਿੱਜੀ ਸਕੂਲਾਂ ਵੱਲੋਂ ਵਿਦਿਆਰਥੀਆਂ ਨੂੰ ਸਿਰਫ਼ ਤੇ ਸਿਰਫ਼ ਅੰਗਰੇਜੀ ਬੋਲਣ ਦੀਆਂ ਹਦਾਇਤਾਂ ਜਾਰੀ ਕਰਕੇ ਪੰਜਾਬੀ ਭਾਸ਼ਾ ਤੇ ਵਿਰਸੇ ਨੂੰ ਜਬਰਦਸਤ ਠੇਸ ਪਹੁੰਚਾਈ ਜਾ ਰਹੀ ਹੈ ਤਾਂ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਅੰਗਰੇਜੀ ਭਾਸ਼ਾ ‘ਚ ਨਿਪੁੰਨ ਬਣਾਉਣ ਦੇ ਨਾਲ-ਨਾਲ ਆਪਣੀ ਮਾਤ ਭਾਸ਼ਾ, ਵਿਰਸੇ ਅਤੇ ਸੱਭਿਆਚਾਰ ਨਾਲ ਜੋੜ ਕੇ ਰੱਖਣ ਦਾ ਕਾਬਲੇ ਤਾਰੀਫ ਹੰਭਲਾ ਮਾਰਿਆ ਹੈ।

    ਸਮੇਂ ਦੀ ਜਰੂਰਤ ਅੰਗਰੇਜੀ ਭਾਸ਼ਾ ‘ਚ ਮਾਹਿਰ ਬਣਾ ਕੇ ਸਫਲ ਜਿੰਦਗੀ ਵੱਲ ਤੋਰਨ ਤੇ ਵਿਰਾਸਤੀ ਸ਼ਬਦਾਂ ਨਾਲ ਸਾਂਝ ਪੁਆ ਕੇ ਵਿਰਸੇ ਦੇ ਪਹਿਰੇਦਾਰ ਪੈਦਾ ਕਰਨ ‘ਚ ਜੁਟੇ ਸਿੱਖਿਆ ਵਿਭਾਗ ਦੇ ਅਧਿਕਾਰੀ ਅਤੇ ਸਮੂਹ ਅਧਿਆਪਕ ਸਾਹਿਬਾਨ ਮੁਬਾਰਕਬਾਦ ਦੇ ਹੱਕਦਾਰ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here