ਅਸਾਮ (Assam) ਸਰਕਾਰ ਨੇ ਸਫ਼ਾਈ ਦੇ ਖੇਤਰ ’ਚ ਚੰਗੀ ਪਹਿਲ ਕੀਤੀ ਹੈ ਤੇ ਹੋਰਨਾਂ ਸੂਬਿਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਸਫ਼ਾਈ ’ਚ ਅੰਤਰ ਜਿਲ੍ਹਾ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ ਹੈ। ਸਫਾਈ ’ਚ ਅੱਵਲ ਆਉਣ ਵਾਲੇ ਜਿਲ੍ਹੇ ਨੂੰ ਵਿਕਾਸ ਲਈ 100 ਕਰੋੜ ਰੁਪਏ ਇਨਾਮ ਵਜੋਂ ਮਿਲਣਗੇ। ਇਹ ਇੱਕ ਚੰਗੀ ਮੁਕਾਬਲੇਬਾਜ਼ੀ ਹੈ ਜੋ ਸੂਬੇ ਦੇ ਲੋਕਾਂ ’ਚ ਸਫਾਈ ਲਈ ਇੱਕ ਸੋਚ ਤੇ ਸੱਭਿਆਚਾਰ ਪੈਦਾ ਕਰੇਗੀ। ਇਸ ਤੋਂ ਪਹਿਲਾਂ ਵੀ ਇਸ ਸੂਬੇ ’ਚ ਸਫਾਈ ’ਚ ਪਹਿਲੇ ਪੰਜ ਸਥਾਨ ਹਾਸਲ ਕਰਨ ਵਾਲੇ ਪਿੰਡਾਂ ਨੂੰ ਦੋ ਕਿਲੋਮੀਟਰ ਸੜਕ ਨਿਰਮਾਣ, 6 ਲੱਖ ਤੋਂ 16 ਲੱਖ ਤੱਕ ਦੀ ਵਿੱਤੀ ਮੱਦਦ ਦਿੱਤੀ ਜਾਂਦੀ ਹੈ।
ਬਿਨਾਂ ਸ਼ੱਕ ਸਫਾਈ ਦੀ ਬਹੁਤ ਮਹੱਤਤਾ ਹੈ ਸਫਾਈ ਸਰੀਰਕ ਤੰਦਰੁਸਤੀ ਅਤੇ ਵਿਚਾਰਾਂ ਦੀ ਖੂਬਸੂਰਤੀ ਨਾਲ ਜੁੜੀ ਹੋਈ ਹੈ। ਜੇਕਰ ਸਾਰੇ ਸੂਬੇ ਹੀ ਇਸ ਮੁਹਿੰਮ ਨੂੰ ਆਪਣਾ ਲੈਣ ਤਾਂ ਦੇਸ਼ ਦਾ ਨਕਸ਼ਾ ਹੀ ਬਦਲਾ ਜਾਵੇਗਾ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਗਵਾਈ ’ਚ 32 ਸ਼ਹਿਰਾਂ ’ਚੋਂ ਸੇਵਾਦਾਰਾਂ ਵੱਲੋਂ ਲੱਖਾਂ ਟਨ ਗੰਦਗੀ ਹੂੰਝ ਕੇ ਸ਼ਹਿਰਾਂ ਨੂੰ ਚਮਕਾ ਦਿੱਤਾ ਗਿਆ।
Assam ਦੀ ਚੰਗੀ ਪਹਿਲ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਸਫਾਈ ਪ੍ਰਤੀ ਅਜਿਹਾ ਜ਼ਜ਼ਬਾ ਵਿਖਾਇਆ ਜੋ ਪੂਰੀ ਦੁਨੀਆ ’ਚ ਮਿਸਾਲ ਹੈ। ਸਾਧ-ਸੰਗਤ ਨੇ ਹਰਿਆਣਾ ਅਤੇ ਰਾਜਸਥਾਨ ਪੂਰੇ ਦੇ ਪੂਰੇ ਸੂਬਿਆਂ ਦੇ ਹਜ਼ਾਰਾਂ ਸ਼ਹਿਰਾਂ, ਪਿੰਡਾਂ ਨੂੰ ਸਾਫ ਕਰਵਾ ਦਿੱਤਾ। ਲੱਖਾਂ ਸੇਵਾਦਾਰਾਂ ਨੇ ਕੁਝ ਘੰਟਿਆਂ ’ਚ ਹੀ ਦੋਵਾਂ ਸੂਬਿਆਂ ਨੂੰ ਚਮਕਾ ਦਿੱਤਾ। ਅਸਲ ’ਚ ਇਹ ਸੂਬੇ ਸਿਰਫ਼ ਸਾਫ ਹੀ ਨਹੀਂ ਹੋਏ ਸਗੋਂ ਇੱਕ ਨਵੀਂ ਸੋਚ ਦਾ ਵੀ ਆਗਾਜ਼ ਹੋਇਆ ਹੈ। ਜਿਹੜੇ ਲੋਕਾਂ ਨੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੂੰ ਸਫਾਈ ਕਰਦਿਆਂ ਤੇ ਬਦਹਾਲ ਸ਼ਹਿਰਾਂ ਨੂੰ ਨਿੱਖਰਦੇ ਹੋਏ ਵੇਖਿਆ ਹੈ ਉਹ ਸਫਾਈ ਦੇ ਮਹੱਤਵ ਤੋਂ ਚੰਗੀ ਤਰ੍ਹਾਂ ਜਾਣੂ ਹੋ ਗਏ।
ਸਰਕਾਰ ਕੋਲ ਵੱਡਾ ਬਜਟ ਹੈ। ਬੱਸ ਜ਼ਰੂਰਤ ਹੈ ਇੱਛਾ-ਸ਼ਕਤੀ ਦੀ। ਜੇਕਰ ਆਸਾਮ ਵਰਗੇ ਪੱਛੜੇ ਸੂਬੇ ਸਫਾਈ ’ਚ ਮਿਸਾਲ ਬਣ ਸਕਦੇ ਹਨ ਤਾਂ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੇ ਖੁਸ਼ਹਾਲ ਸੂਬਿਆਂ ਨੂੰ ਵੀ ਢਿੱਲ ਨਹੀਂ ਕਰਨੀ ਚਾਹੀਦੀ। ਸਫਾਈ ਕੋਈ ਮਿਹਣਾ ਨਹੀਂ। ਹਰ ਕਿਸੇ ਨੂੰ ਸਫਾਈ ਰੱਖਣੀ ਚਾਹੀਦੀ ਹੈ। ਗੁਜਰਾਤ ਦੇ ਰਾਜਪਾਲ ਵੀ ਸਫਾਈ ’ਚ ਸਿਆਸੀ ਖੇਤਰ ’ਚ ਵੱਡੀ ਮਿਸਾਲ ਹਨ। ਉਹਨਾਂ ਨੇ ਲਗਾਤਾਰ ਸੱਤ ਦਿਨ ਮਹਾਤਮਾ ਗਾਂਧੀ ਨਾਲ ਜੁੜੀ ਵਿੱਦਿਆ ਪੀਠ ਦੀ ਸਫਾਈ ’ਚ ਹਿੱਸਾ ਲਿਆ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਅੰਦਰ ਸਫਾਈ ਲਈ ਇੱਕ ਜ਼ਜ਼ਬਾ ਪੈਦਾ ਕੀਤਾ। ਇਸ ਦੌਰਾਨ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਰੋਜ਼ਾਨਾ ਇੱਕ ਘੰਟਾ ਸਫਾਈ ਲਈ ਕੱਢਣ ਦਾ ਸੰਕਲਪ ਲਿਆ। ਜੇਕਰ ਰਾਜਪਾਲ ਜਿਹੇ ਵੱਡੇ ਅਹੁਦੇ ’ਤੇ ਬੈਠੀਆਂ ਹਸਤੀਆਂ ਸਫਾਈ ਕਰਨ ਨੂੰ ਮਾਣ ਸਮਝਦੀਆਂ ਹਨ ਤਾਂ ਆਮ ਆਦਮੀ ਨੂੰ ਸਫਾਈ ਤੋਂ ਝਿਜਕ ਕਿਉਂ?