Gold Price: ਕਦੇ 63 ਰੁਪਏ ਨੂੰ ਤੋਲ਼ਾ ਸੀ ਸੋਨਾ, ਹੁਣ ਅੰਬਰੀਂ ਚੜ੍ਹੇ ਭਾਅ, ਕੀ ਇੱਕ ਲੱਖ ਨੂੰ ਪਾਰ ਕਰੇਗਾ ਸੋਨਾ?, ਮਾਹਿਰਾਂ ਕੀ ਕਿਹਾ…

Gold Price
Gold Price: ਕਦੇ 63 ਰੁਪਏ ਨੂੰ ਤੋਲ਼ਾ ਸੀ ਸੋਨਾ, ਹੁਣ ਅੰਬਰੀਂ ਚੜ੍ਹੇ ਭਾਅ, ਕੀ ਇੱਕ ਲੱਖ ਨੂੰ ਪਾਰ ਕਰੇਗਾ ਸੋਨਾ?, ਮਾਹਿਰਾਂ ਕੀ ਕਿਹਾ...

Gold Price: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਸੋਨੇ ਦਾ ਭਾਅ ਤੇਜ਼ੀ ਨਾਲ ਵਧਣ ਕਾਰਨ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਣ ਲੱਗਿਆ ਹੈ, ਜਿਸ ਕਾਰਨ ਮੱਧ ਵਰਗੀ ਪਰਿਵਾਰਾਂ ਦੇ ਵਿਆਹਾਂ ’ਚ ਸਭ ਤੋਂ ਵੱਡੀ ਸਿਰਦਰਦੀ ਸੋਨਾ ਖਰੀਦਣ ਸਬੰਧੀ ਬਣੀ ਹੋਈ ਹੈ। ਕਿਸੇ ਵੇਲੇ ਸੋਨੇ ਦਾ ਰੇਟ 63 ਰੁਪਏ ਪ੍ਰਤੀ ਤੋਲਾ ਹੁੰਦਾ ਸੀ ਪਰ ਅੱਜ ਮੌਜ਼ੂਦਾ ਸਮੇਂ ਇਹ ਰੇਟ 95 ਹਜ਼ਾਰ ਪ੍ਰਤੀ ਤੋਲੇ ਤੋਂ ਉੱਪਰ ਪਹੁੰਚ ਗਿਆ ਹੈ। ਜਿਸ ਕਾਰਨ ਮੱਧ ਵਰਗੀ ਪਰਿਵਾਰਾਂ ਵਿੱਚ ਜਿਹੜਾ ਸੋਨਾ ਪਹਿਲਾਂ ਘਰ ਇਕੱਠਾ ਹੋਇਆ ਹੁੰਦਾ ਹੈ, ਉਸ ਨੂੰ ਸੁਨਿਆਰਿਆਂ ਤੋਂ ਨਵੇਂ ਰੂਪ ’ਚ ਗਹਿਣੇ ਤਿਆਰ ਕਰਵਾ ਕੇ ਆਪਣੀ ਗਰਜ਼ ਸਾਰੀ ਜਾ ਰਹੀ ਹੈ।

Read Also : Voter ID Card and Aadhaar: ਵੋਟਰ ਆਈਡੀ ਕਾਰਡ ਤੇ ਆਧਾਰ ਨਾਲ ਜੁੜਿਆ ਤਾਜ਼ਾ ਫ਼ੈਸਲਾ, ਹੁਣ ਕਰਨਾ ਪਵੇਗਾ ਇਹ ਕੰਮ

ਪਿਛਲੇ ਵਰ੍ਹੇ 2024 ਜੁਲਾਈ ਮਹੀਨੇ ਵਿੱਚ ਸਰਕਾਰ ਵੱਲੋਂ ਸੋਨੇ ਅਤੇ ਚਾਂਦੀ ’ਤੇ ਦਰਾਮਦ ਡਿਊਟੀ ਘਟਾਉਣ ਕਾਰਨ ਸੋਨੇ ਦੇ ਰੇਟਾਂ ਵਿੱਚ 2 ਹਜ਼ਾਰ ਰੁਪਏ ਪ੍ਰਤੀ ਤੋਲਾ ਕਮੀ ਹੋਈ ਸੀ, ਜਿਸ ਕਰਕੇ ਖਰੀਦਦਾਰੀ ਕਰਨ ਵਾਲਿਆਂ ਦੇ ਚਿਹਰਿਆਂ ’ਤੇ ਰੌਣਕਾਂ ਪਰਤ ਆਈਆਂ ਸਨ ਪਰ ਕੁਝ ਸਮਾਂ ਬੀਤ ਜਾਣ ਦੇ ਬਾਵਜ਼ੂਦ ਸੋਨੇ ਦੇ ਰੇਟ ਅਸਮਾਨੀ ਹੋਣ ਕਾਰਨ ਸੋਨੇ ਦੇ ਗਹਿਣੇ ਆਮ ਆਦਮੀ ਦੀ ਪਹੁੰਚ ਤੋਂ ਪਰੇ੍ਹ ਦੀ ਗੱਲ ਹੋ ਗਈ ਹੈ, ਕਿਉਂਕਿ ਇਸ ਦੇ ਰੇਟ ਬਹੁਤ ਜ਼ਿਆਦਾ ਹੋਣ ਕਰਕੇ ਹਰ ਕਿਸੇ ਦਾ ਸੋਨੇ ਦੇ ਗਹਿਣੇ ਪਹਿਨ ਕੇ ਸ਼ੌਂਕ ਪੂਰਾ ਕਰਨਾ ਇੱਕ ਸੁਫ਼ਨਾ ਬਣ ਕੇ ਰਹਿ ਗਿਆ ਹੈ।

Gold Price

1950 ’ਚ ਸੋਨੇ ਦਾ ਪ੍ਰਤੀ ਤੋਲਾ ਰੇਟ 99 ਰੁਪਏ ਸੀ ਤੇ ਅੱਠ ਸਾਲ ਤੱਕ ਇਹ ਰੇਟ 100 ਰੁਪਏ ਤੋਂ ਪ੍ਰਤੀ ਤੋਲਾ ਹੇਠਾਂ ਹੀ ਰਿਹਾ। 1959 ਵਿੱਚ ਸੋਨੇ ਦਾ ਪ੍ਰਤੀ ਤੋਲਾ ਰੇਟ 102 ਰੁਪਏ ਹੋ ਗਿਆ, 1971 ਤੱਕ 193 ਪ੍ਰਤੀ ਤੋਲਾ ਸੋਨਾ ਆਮ ਵਿਕਦਾ ਰਿਹਾ, 74 ਸਾਲਾਂ ਦੇ ਰਿਕਾਰਡ ਵਿੱਚ ਅੱਜ ਤੱਕ ਦਾ ਰਿਕਾਰਡ 1964 ’ਚ 63 ਰੁਪਏ ਪ੍ਰਤੀ ਤੋਲਾ ਸੋਨਾ ਸਭ ਤੋਂ ਘੱਟ ਰੇਟ ਸੋਨਾ ਵਿਕਿਆ। 1979 ਤੱਕ ਸੋਨੇ ਦਾ ਰੇਟ 1000 ਤੋਂ ਥੱਲੇ ਪ੍ਰਤੀ ਤੋਲਾ ਰਿਹਾ ਤੇ ਅਗਲੇ ਚਾਰ ਸਾਲਾਂ ਵਿੱਚ ਸੋਨੇ ਦਾ ਰੇਟ 2000 ਪ੍ਰਤੀ ਤੋਲਾ ਤੋਂ ਥੱਲੇ ਰਿਹਾ।

ਹੁਣ ਤੱਕ ਦਾ ਸੋਨੇ ਦੇ ਭਾਅ ’ਚ ਸਭ ਤੋਂ ਜ਼ਿਆਦਾ ਵਾਧਾ ਸਾਲ 2011 ਵਿੱਚ ਦਰਜ ਕੀਤਾ ਗਿਆ। 2011 ਤੋਂ ਪਹਿਲਾਂ ਜਿੱਥੇ ਸੋਨੇ ਦਾ ਭਾਅ 10800 ਪ੍ਰਤੀ ਤੋਲਾ ਰਿਹਾ ਉੱਥੇ 2011 ਵਿੱਚ ਇਹ ਵਾਧਾ 16 ਹਜ਼ਾਰ ਰੁਪਏ ਪ੍ਰਤੀ ਤੋਲੇ ਦੇ ਵਾਧੇ ਨਾਲ 26400 ਰੁਪਏ ’ਤੇ ਪਹੁੰਚ ਗਿਆ। ਮੌਜ਼ੂਦਾ ਸਮੇਂ ਇਹ ਰੇਟ ਸਾਢੇ 95 ਹਜ਼ਾਰ ਪ੍ਰਤੀ ਤੋਲਾ ਚੱਲ ਰਿਹਾ ਹੈ। ਜਦੋਂ ਇਸ ਸਬੰਧੀ ਸੁਨਿਆਰੇ ਪ੍ਰਤਾਪ ਸਿੰਘ ਨੰਗਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜਿਸ ਹਿਸਾਬ ਨਾਲ ਹਰ ਰੋਜ਼ 500 ਰੁਪਏ ਪ੍ਰਤੀ ਤੋਲਾ ਭਾਅ ਵਿੱਚ ਵਾਧਾ ਹੋ ਰਿਹਾ ਹੈ, ਇਸ ਹਿਸਾਬ ਨਾਲ ਸੋਨੇ ਦੇ ਭਾਅ ਕੁਝ ਦਿਨਾਂ ਵਿੱਚ ਹੀ ਇੱਕ ਲੱਖ ਰੁਪਏ ਪ੍ਰਤੀ ਤੋਲਾ ਹੋ ਜਾਵੇਗਾ, ਜਿਸ ਨਾਲ ਗਾਹਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਵਪਾਰੀਆਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ।

ਇਸ ਸਬੰਧੀ ਗੱਲਬਾਤ ਕਰਦਿਆਂ ਇੱਕ ਹੋਰ ਸੁਨਿਆਰੇ ਬਲਵੀਰ ਸਿੰਘ ਜਵੰਧਾ ਨੇ ਦੱਸਿਆ ਕਿ ਹੁਣ ਲੋਕ ਜ਼ਿਆਦਾ ਆਪਣੇ ਘਰਾਂ ’ਚ ਇਕੱਠੇ ਕੀਤੇ ਪੁਰਾਣੇ ਸੋਨੇ ਬਦਲੇ ਨਵੇਂ ਗਹਿਣੇ ਤਿਆਰ ਕਰਵਾ ਰਹੇ ਹਨ। ਅਸਮਾਨੀ ਚੜ੍ਹੇ ਸੋਨੇ ਦਾ ਭਾਅ ਕਾਰਨ ਨਵਾਂ ਸੋਨਾ ਖਰੀਦਣਾ ਅੱਜ-ਕੱਲ੍ਹ ਹਰੇਕ ਦੇ ਵੱਸ ਦੀ ਗੱਲ ਨਹੀਂ ਰਹੀ ਸਿਰਫ਼ ਸਰਦੇ-ਪੁੱਜਦੇ ਲੋਕ ਜਾਂ ਵਿਦੇਸ਼ਾਂ ਵਿੱਚ ਰਹਿਣ ਵਾਲੇ ਆਪਣੇ ਸ਼ੌਂਕ ਲਈ ਸੋਨੇ ਦੇ ਗਹਿਣੇ ਤਿਆਰ ਕਰਵਾਉਂਦੇ ਹਨ। ਮੱਧ ਵਰਗੀ ਪਰਿਵਾਰ ਸ਼ੌਕ ਨਾਲੋਂ ਆਪਣੇ ਧੀਆਂ ਪੁੱਤਰਾਂ ਦੇ ਵਿਆਹਾਂ ਵਿੱਚ ਗਰਜ ਸਾਰ ਰਹੇ ਹਨ।