ਮਾਤਾ ਪਿਤਾ ਦੀ ਹਾਲਤ ਗੰਭੀਰ
ਸੁਨੀਲ ਚਾਵਲਾ, ਸਮਾਣਾ: ਸਥਾਨਕ ਨਾਭਾ ਕਾਲੋਨੀ ਵਿਖੇ ਜ਼ਹਿਰੀਲਾ ਖਾਣਾ ਖਾਣ ਕਾਰਨ 16 ਸਾਲਾਂ ਲੜਕੀ ਦੀ ਮੌਤ ਹੋ ਗਈ ਜਦਕਿ ਲੜਕੀ ਦੇ ਮਾਤਾ ਪਿਤਾ ਜਿੰਦਗੀ ਅਤੇ ਮੌਤ ਨਾਲ ਲੜਾਈ ਲੜ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਸਥਾਨਕ ਨਾਭਾ ਕਾਲੋਨੀ ਵਿਖੇ ਟੇਲਰ ਦਾ ਕੰਮ ਕਰਦੇ ਗੁਰਮੀਤ ਸਿੰਘ (36) ਆਪਣੀ ਪਤਨੀ ਜਸਵਿੰਦਰ ਕੌਰ, 16 ਸਾਲਾ ਲੜਕੀ ਮੋਨਾ ਅਤੇ ਇੱਕ 3 ਸਾਲਾ ਲੜਕੀ ਨਾਲ ਰਹਿੰਦਾ ਸੀ। ਗੁਆਂਢੀਆਂ ਦੇ ਦੱਸੇ ਅਨੁਸਾਰ ਅੱਜ ਸਵੇਰੇ ਗੁਰਮੀਤ ਸਿੰਘ ਦੀ 3 ਸਾਲਾ ਲੜਕੀ ਨੇ ਉਨ੍ਹਾਂ ਦੇ ਘਰ ਆ ਕੇ ਦੱਸਿਆ ਕਿ ਉਸਦੇ ਮਾਤਾ ਪਿਤਾ ਅਤੇ ਵੱਡੀ ਭੈਣ ਸੁੱਤੇ ਪਏ ਹਨ ਤੇ ਉੱਠ ਨਹੀਂ ਰਹੇ। ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਲੜਕੀ ਮੋਨਾ ਦਮ ਤੋੜ ਚੁੱਕੀ ਸੀ ਜਦੋਂਕਿ ਗੁਰਮੀਤ ਸਿੰਘ ਅਤੇ ਜਸਵਿੰਦਰ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਸੀ।
ਉਹ ਤੁਰੰਤ ਉਨ੍ਹਾਂ ਨੂੰ ਸਥਾਨਕ ਇੱਕ ਪ੍ਰਾਈਵੇਟ ਹਸਪਤਾਲ ‘ਚ ਲੈ ਗਏ ਜਿੱਥੇ ਦੋਵੇਂ ਪਤੀ ਪਤਨੀ ਜਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਹਸਪਤਾਲ ‘ਚ ਇਲਾਜ ਦੌਰਾਨ ਗੁਰਮੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਖੁਦ ਨਹੀਂ ਪਤਾ ਕਿ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਅਜਿਹਾ ਕੀ ਹੋਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ।
ਪਤੀ-ਪਤਨੀ ਦਾ ਇਲਾਜ ਕਰ ਰਹੇ ਪ੍ਰਾਈਵੇਟ ਹਸਪਤਾਲ ਦੀ ਡਾਕਟਰ ਡਾ.ਜੌਹਰੀ ਨੇ ਦੱਸਿਆ ਕਿ ਇਨ੍ਹਾਂ ਨੇ ਜਰੂਰ ਜ਼ਹਿਰੀਲਾ ਖਾਣਾ ਖਾਧਾ ਸੀ ਜਿਸ ਕਾਰਨ ਇਨ੍ਹਾਂ ਦੀ ਹਾਲਤ ਅਜਿਹੀ ਹੋਈ। ਇਸ ਬਾਰੇ ਜਦੋਂ ਸਿਟੀ ਪੁਲਿਸ ਦੇ ਸਬ ਇੰਸਪੈਕਟਰ ਭਿੰਦਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਲੜਕੀ ਦੇ ਮਾਤਾ-ਪਿਤਾ ਹਸਪਤਾਲ ਵਿਚ ਦਾਖਲ ਹਨ ਤੇ ਉਨ੍ਹਾਂ ਦੀ ਹਾਲਤ ਠੀਕ ਨਾ ਹੋਣ ਕਾਰਨ ਫਿਲਹਾਲ ਉਹ ਕੁੱਝ ਵੀ ਦੱਸਣ ਤੋਂ ਅਸਮਰਥ ਹਨ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰ ਵਿਚ ਕੋਈ ਵੱਡਾ ਨਾ ਹੋਣ ਕਾਰਨ ਹਾਲੇ ਤੱਕ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।