ਪ੍ਰਧਾਨ ਬਣਾਉਣ ’ਤੇ ਕਾਂਗਰਸ ਹਾਈਕਮਾਂਡ ਦਾ ਵੀ ਕੀਤਾ ਧੰਨਵਾਦ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਅੱਜ ਵੀ ਤਿੰਨ ਟਵੀਟ ਕੀਤੇ ਗਏ। ਪਰ ਅੱਜ ਦੇ ਟਵੀਟਾਂ ’ਚ ਸਿੱਧੂ ਵੱਲੋਂ ਆਪਣੀ ਸਰਕਾਰ ’ਤੇ ਕੋਈ ਉਂਗਲ ਨਹੀਂ ਚੁੱਕੀ ਗਈ। ਇੱਕ ਟਵੀਟ ’ਚ ਸਿੱਧੂ ਵੱਲੋਂ ਆਪਣੇ ਪਿਤਾ ਦੀ ਫੋਟੋ ਸੇਅਰ ਕੀਤੀ ਗਈ ਹੈ ਜੋ ਕਿ ਪੰਡਤ ਜਵਾਹਰ ਲਾਲ ਨਹਿਰੂ ਨਾਲ ਖੜ੍ਹੇ ਹਨ। ਇਸ ਤੋਂ ਪਹਿਲਾ ਸਿੱਧੂ ਵੱਲੋਂ ਕਾਂਗਰਸ ਪਾਰਟੀ ਦਾ ਪ੍ਰਧਾਨ ਨਿਯੁਕਤ ਕਰਨ ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਪਿ੍ਰਅੰਕਾ ਗਾਂਧੀ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਹਾਈ ਕਮਾਨ ਨੇ ਜੋ ਭਰੋਸਾ ਜਿਤਾਇਆ ਹੈ ਅਤੇ ਨਵੀਂ ਜਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਉਹ ਧੰਨਵਾਦੀ ਹਨ। ਇਸ ਤੋਂ ਇਲਾਵਾ ਸਿੱਧੂ ਵੱਲੋਂ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਲ ਆਪਣੇ ਪਿਤਾ ਦੀ ਤਸਵੀਰ ਸ਼ੇਅਰ ਕੀਤੀ ਗਈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਖੁਸ਼ਹਾਲੀ, ਸਹੂਲਤਾਂ ਕੁਝ ਲੋਕਾਂ ਵਾਸਤੇ ਹੀ ਨਹੀਂ ਸਗੋਂ ਸਾਰਿਆਂ ਵਿਚ ਵੰਡਣ ਲਈ ਕਾਂਗਰਸ ਵਰਕਰ ਵਜੋਂ ਮੇਰੇ ਪਿਤਾ ਨੇ ਰੱਜਿਆ-ਪੁੱਜਿਆ ਘਰ ਛੱਡ ਕੇ ਆਜ਼ਾਦੀ ਦੇ ਸੰਘਰਸ਼ ਵਿਚ ਹਿੱਸਾ ਲਿਆ।
ਉਨ੍ਹਾਂ ਦੇ ਪਿਤਾ ਕਾਫ਼ੀ ਸਮੇਂ ਤੱਕ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ, ਮੈਂਬਰ ਵਿਧਾਨ ਸਭਾ, ਮੈਂਬਰ ਵਿਧਾਨ ਪ੍ਰੀਸ਼ਦ ਤੇ ਪੰਜਾਬ ਦੇ ਐਡਵੋਕੇਟ ਜਨਰਲ ਬਣੇ। ਉਨ੍ਹਾਂ ਕਿਹਾ ਕਿ ਅੱਜ ਮੇਰਾ ਮਿਸ਼ਨ ਉਸੇ ਸੁਪਨੇ ਨੂੰ ਪੂਰਾ ਕਰਨਾ ਤੇ ਕੁੱਲ ਹਿੰਦ ਕਾਂਗਰਸ ਦੇ ਇਸ ਅਜੇਤੂ ਕਿਲ੍ਹੇ ਨੂੰ ਹੋਰ ਮਜ਼ਬੂਤ ਕਰਨ ਲਈ ਅਣਥੱਕ ਕੰਮ ਕਰਨਾ ਹੈ। ਕਾਂਗਰਸ ਦਾ ਨਿਮਾਣਾ ਵਰਕਰ ਹੁੰਦਿਆਂ ਮੈਂ ਮਿਸ਼ਨ ਜਿੱਤੇਗਾ ਪੰਜਾਬ ਨੂੰ ਪੂਰਾ ਕਰਨ ਲਈ ਹਾਈ ਕਮਾਂਡ ਦੇ 18 ਨੁਕਾਤੀ ਏਜੰਡੇ ਰਾਹੀਂ ਲੋਕਾਂ ਦੀ ਤਾਕਤ ਲੋਕਾਂ ਤਕ ਵਾਪਸ ਪਹੁੰਚਾਉਣ ਖ਼ਾਤਰ ਪੰਜਾਬ ਚ ਕਾਂਗਰਸ ਪਰਿਵਾਰ ਦੇ ਹਰ ਮੈਂਬਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਾਂਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ














