ਮੁੁਫ਼ਤ ਸਫਰ ਸਹੂਲਤਾਂ ਦੇ 600 ਕਰੋੜ ਰੁਪਏ ਨਾ ਦੇਣ ਤੇ ਹੋਰ ਮੰਗਾਂ ਨੂੰ ਲੈ ਕੇ ਸਰਕਾਰ ਦੀ ਕੀਤੀ ਨਿੰਦਾ
Patiala Gate Rally: (ਸੱਚ ਕਹੂੰ ਨਿਊਜ) ਪਟਿਆਲਾ। ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵੱਲੋਂ ਗੇਟ ਰੈਲੀ ਕੀਤੀ ਗਈ। ਜਿਸ ’ਚ 200 ਤੋਂ ਵੱਧ ਸੇਵਾ ਮੁਕਤ ਕਰਮਚਾਰੀਆਂ ਨੇ ਭਾਗ ਲਿਆ। ਇਸ ਮੌਕੇ ਯੂਨੀਅਨ ਦੇ ਸਰਪ੍ਰਸਤ ਨਿਰਮਲ ਸਿੰਘ ਧਾਲੀਵਾਲ, ਪ੍ਰਧਾਨ ਉਤਮ ਸਿੰਘ ਬਾਗੜੀ, ਜਨਰਲ ਸਕੱਤਰ ਮੁਹੰਮਦ ਖਲੀਲ, ਡਿਪਟੀ ਜਨਰਲ ਸਕੱਤਰ ਰਮੇਸ਼ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਗੋਲਡੀ ਆਦਿ ਬੁਲਾਰਿਆਂ ਨੇ ਪੀ.ਆਰ.ਟੀ.ਸੀ. ਦੇ ਸਮੁੱਚੇ ਵਿੱਤੀ ਹਾਲਾਤ,
ਪੈਨਸ਼ਨ ਦਾ ਭੁਗਤਾਨ ਹਰ ਵਾਰ ਸਮੇਂ ਸਿਰ ਨਾ ਕਰਨਾ ਜਾਂ ਕਿਸ਼ਤਾਂ ਵਿੱਚ ਭੁਗਤਾਨ ਕਰਨਾ, ਸੇਵਾ ਮੁਕਤ ਵਰਕਰਾਂ ਦੇ ਬਕਾਏ ਅਦਾ ਨਾ ਕੀਤੇ ਜਾਣਾ, ਐਲ.ਟੀ.ਸੀ. ਦਾ ਮੁੱਦਾ ਹੱਲ ਨਾ ਕਰਨਾ, ਪੇ ਕਮਿਸ਼ਨ ਦੇ ਅਤੇ ਹੋਰ ਕਈ ਤਰ੍ਹਾਂ ਦੇ ਬਕਾਏ ਅਦਾ ਨਾ ਕਰਨਾ, ਪੰਜਾਬ ਸਰਕਾਰ ਵੱਲੋਂ ਮੁਫ਼ਤ ਸਫਰ ਸਹੂਲਤਾਂ ਦੇ 600 ਕਰੋੜ ਰੁਪਏ ਨਾ ਦਿੱਤੇ ਜਾਣਾ, ਨਵੀਆਂ ਬੱਸਾਂ ਪ੍ਰਾਈਵੇਟ ਬੱਸ ਮਾਫੀਆ ਦੇ ਦਬਾਅ ਥੱਲੇ ਨਾ ਪਾਉਣਾ, ਸਿਆਸੀ ਚੇਅਰਮੈਨ, ਵਾਈਸ ਚੇਅਰਮੈਨ ਅਤੇ ਬੋਰਡ ਮੈਂਬਰਾਂ ਵੱਲੋਂ ਅਦਾਰੇ ਦੀ ਬਿਹਤਰੀ ਲਈ ਕੋਈ ਕਦਮ ਨਾ ਚੁੱਕਣਾ ਆਦਿ ਵਰਗੇ ਗੰਭੀਰ ਮੁੱਦਿਆ ਤੇ ਆਗੂਆਂ ਨੇ ਖੁਲ੍ਹਕੇ ਆਪਣੇ ਵਿਚਾਰ ਰੱਖੇ ਗਏ।
ਨਵੀਆਂ 500 ਬੱਸਾਂ ਬਿਨ੍ਹਾਂ ਦੇਰੀ ਤੋਂ ਪਾਏ ਜਾਣ ਦੀ ਕੀਤੀ ਗਈ ਮੰਗ, ਨਹੀ ਤਾਂ ਹੋਵੇਗਾ ਸੰਘਰਸ਼ ਤੇਜ਼ : ਆਗੂ
ਇਸ ਮੌਕੇ ਆਗੂਆਂ ਵੱਲੋਂ ਪੰਜਾਬ ਸਰਕਾਰ ਅਤੇ ਪੀ.ਆਰ.ਟੀ.ਸੀ. ਦੇ ਪ੍ਰਬੰਧ ਵੱਲੋਂ ਵਰਕਰਾਂ ਪ੍ਰਤੀ ਅਪਣਾਈ ਜਾ ਰਹੀ ਨਜ਼ਰ ਅੰਦਾਜ ਕਰਨ ਵਾਲੀ ਪਹੁੰਚ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਪੀ.ਆਰ.ਟੀ.ਸੀ. ਵਿੱਚ ਇੱਕ ਵੀ ਬੱਸ ਨਵੀਂ ਨਾ ਪਾ ਸਕਣਾ ਪੂਰੇ ਪੀ.ਆਰ.ਟੀ.ਸੀ. ਪ੍ਰਬੰਧ ਨੂੰ ਕੰਟਰੋਲ ਕਰਨ ਵਾਲੇ ਸਿਆਸੀ ਚੇਅਰਮੈਨ ਦੀ ਨੁਕਸਾਨਦੇਹ ਨਾਕਾਮੀ ਦੱਸਿਆ ਅਤੇ ਸਰਕਾਰ ’ਤੇ ਦੋਸ਼ ਲਾਇਆ ਕਿ ਅਜਿਹਾ ਪ੍ਰਾਈਵੇਟ ਬੱਸ ਮਾਫੀਏ ਦੇ ਦਬਾਅ ਹੇਠ ਨਹੀਂ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: Yudh Nashe Virudh: ਨਸ਼ਿਆਂ ਤਸਕਰਾਂ ਖਿਲਾਫ ਫਰੀਦਕੋਟ ਪੁਲਿਸ ਦੀ ਵੱਡੀ ਕਾਰਵਾਈ
ਉਨ੍ਹਾਂ ਕਿਹਾ ਕਿ ਮੁਫ਼ਤ ਸਫਰ ਦੀ ਭੱਲ ਅਤੇ ਵਾਹ ਵਾਹ ਸਰਕਾਰ ਵਰਕਰਾਂ ਦੀਆਂ ਅਦਾਇਗੀਆਂ ਦੀ ਕੀਮਤ ’ਤੇ ਖੱਟ ਰਹੀ ਹੈ। ਭਾਵ ਕਿ ਔਰਤਾਂ ਦੇ ਮੁਫ਼ਤ ਸਫਰ ਦਾ ਖਮਿਆਜਾ ਪੀ.ਆਰ.ਟੀ.ਸੀ. ਦੇ ਕਰਮਚਾਰੀ ਭੁਗਤ ਰਹੇ ਹਨ। ਆਗੂਆਂ ਨੇ ਮੰਗ ਕੀਤੀ ਕਿ ਪੈਨਸ਼ਨ ਹਰ ਮਹੀਨੇ ਸਮੇਂ ਸਿਰ ਮਿਲਣੀ ਯਕੀਨੀ ਬਣਾਈ ਜਾਵੇ, ਸਰਕਾਰ ਮੁਫ਼ਤ ਸਫਰ ਦੇ ਬਦਲੇ 600 ਕਰੋੜ ਰੁਪਏ ਪੀ.ਆਰ.ਟੀ.ਸੀ. ਨੂੰ ਤੁਰੰਤ ਦੇਵੇ। ਨਵੀਆਂ 500 ਬੱਸਾਂ ਬਿਨ੍ਹਾਂ ਦੇਰੀ ਤੋਂ ਪਾਈਆਂ ਜਾਣ, ਵਰਕਰਾਂ ਦੇ ਸਾਰੇ ਬਕਏ ਅਦਾ ਕੀਤੇ ਜਾਣ ਅਤੇ ਐਲ.ਟੀ.ਸੀ. ਲਾਗੂ ਕੀਤੀ ਜਾਵੇ। ਇਨ੍ਹਾਂ ਮੰਗਾਂ ਦਾ ਹੱਲ ਨਾ ਕੀਤਾ ਤਾਂ ਬੱਸ ਸਟੈਂਡਾਂ ’ਤੇ ਸਰਕਾਰ ਵਿਰੁੱਧ ਪ੍ਰਚਾਰ ਮੁਹਿੰਮ ਵਿੱਢੀ ਜਾਵੇਗੀ। Patiala Gate Rally